ਤਿੰਨ ਸਾਲ ਪਹਿਲਾਂ 28 ਦਸੰਬਰ 2008 ਵਾਲੇ ਦਿਨ ਲਫ਼ਜ਼ਾਂ ਦਾ ਪੁਲ ਪੰਜਾਬੀ ਸਾਹਿਤ ਪ੍ਰੇਮਿਆਂ, ਲੇਖਕਾਂ ਅਤੇ ਪਾਠਕਾਂ ਵਿਚਾਲੇ ਵਿਸ਼ਵ-ਵਿਆਪੀ ਲਫ਼ਜ਼ਾਂ ਦੀ ਸਾਂਝ ਉਸਰਾਨ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਸੀ। ਇਨ੍ਹਾਂ ਤਿੰਨ ਸਾਲਾਂ ਵਿਚ ਭਾਵੇਂ ਅਸੀ ਬੜੀ ਧੀਮੀ ਰਫ਼ਤਾਰ ਨਾਲ ਤੁਰੇ, ਪਰ ਦੁਨੀਆਂ ਦੇ ਕੋਨੇ-ਕੋਨੇ ਵਿਚ ਪੰਜਾਬੀਆਂ ਨੂੰ ਨਵੀਂ ਤਕਨੀਕ ਰਾਹੀਂ ਪੰਜਾਬੀ ਬੋਲੀ ਨਾਲ ਜੁੜੇ ਰਹਿਣ ਵਾਸਤੇ ਹਲੂਣਾ ਦੇਣ ਦਾ ਸਫ਼ਲ ਯਤਨ ਕਰਦੇ ਰਹੇ। ਇਸ ਸਫ਼ਲਤਾ ਦਾ ਸਿਹਰਾ ਸਭ ਰਚਨਾਕਾਰਾਂ ਦੀਆਂ ਬੇਹਰਤਰੀਨ ਰਚਨਾਵਾਂ ਅਤੇ ਪਾਠਕਾਂ ਦੇ ਸਾਡੇ ਪ੍ਰਤਿ ਮੋਹ ਦੇ ਸਿਰ ਬੱਝਦਾ ਹੈ।
ਤਕਨੀਕੀ ਪੱਧਰ ਉੱਤੇ ਸੁਖਾਲੇ ਉਪਲੱਬਧ ਸਾਧਨਾਂ ਦੇ ਬਾਵਜੂਦ ਇੰਟਰਨੈੱਟ ‘ਤੇ ਪੰਜਾਬੀ ਰਸਾਲਾ ਚਲਾਉਣ ਵਿਚ ਸਭ ਤੋਂ ਵੱਡੀ ਮੁਸ਼ਕਿਲ ਚੰਗੀਆਂ ਰਚਨਾਵਾਂ ਦੀ ਚੌਣ ਕਰਨ ਵਿਚ ਆਉਂਦੀ ਹੈ। ਉਹ ਪੰਜਾਬੀ ਨੌਜਵਾਨ ਜਿਹੜੇ ਇੰਟਰਨੈੱਟ ਵਰਤਦੇ ਹਨ, ਉਹ ਸੋਚਦੇ ਹਨ ਕਿ ਉਹ ਜੋ ਵੀ ਲਿਖਦੇ ਹਨ ਉਹ ਮਿਆਰੀ ਹੈ ਅਤੇ ਉਸ ਦਾ ਤੁਰੰਤ ਛਪ ਜਾਣਾ ਲਾਜ਼ਮੀ ਹੈ। ਉਹ ਕਿਸੇ ਇਕ ਥਾਂ ‘ਤੇ ਰਚਨਾ ਛਪਣ ਦਾ ਇੰਤਜ਼ਾਰ ਨਹੀਂ ਕਰਦੇ, ਬਲਕਿ ਤੁਰੰਤ ਰਚਨਾਵਾਂ ਹੋਰ ਕਿਸੇ ਪਾਸੇ ਛਾਪ ਕੇ ਆਤਮ-ਸੰਤੁਸ਼ਟੀ ਹਾਸਿਲ ਕਰ ਲੈਂਦੇ ਹਨ। ਇਸ ਵਰਤਾਰੇ ਕਾਰਨ ਗੈਰ-ਮਿਆਰੀ ਰਚਨਾਵਾਂ ਦਾ ਖਲਾਰਾ ਇੰਟਰਨੈੱਟ ‘ਤੇ ਪੈਂਦਾ ਜਾ ਰਿਹਾ ਹੈ। ਚੰਗੀਆਂ ਅਤੇ ਮਿਆਰੀ ਰਚਨਾਵਾਂ ਲਿਖਣਵਾਉਣ ਅਤੇ ਛਾਪਣ ਵਿਚ ਕੁਝ ਵਕਤ ਲੱਗਦਾ ਹੈ, ਜਿਸ ਕਰ ਕੇ ਸਾਡੀ ਰਫ਼ਤਾਰ ਧੀਮੀ ਹੈ।
ਦੂਜੀ ਗੱਲ, ਜਿਆਦਾਤਰ ਪੰਜਾਬੀ ਹਾਲੇ ਵੀ ਗੁਰਮੁਖੀ ਵਿਚ ਟਾਈਪ ਕਰਨ ਦੀ ਬਜਾਇ ਅੰਗਰੇਜ਼ੀ ਵਿਚ ਪੰਜਾਬੀ ਟਾਇਪ ਕਰਨ ਵਿਚ ਯਕੀਨ ਰੱਖਦੇ ਹਨ। ਬਹੁਤੇ ਆਪਣੀਆਂ ਰਚਨਾਵਾਂ ਕਾਗਜ਼ ਤੇ ਲਿਖ ਕੇ ਫੋਟੋ ਖਿੱਚ ਕੇ ਭੇਜ ਦਿੰਦੇ ਹਨ। ਪੰਜਾਬੀ ਬੋਲੀ ਦਾ ਭਲਾ ਤਾਂ ਹੀ ਹੋ ਸਕਦਾ ਹੈ, ਜੇਕਰ ਨਵੇਂ ਸੂਚਨਾ ਮਾਧਿਅਮ ਵਰਤਣ ਵਾਲੇ ਲੇਖਕ ਨਵੀ ਤਕਨੀਕ ਦੇ ਹਿਸਾਬ ਨਾਲ ਪੰਜਾਬੀ ਲਿਖਣਾ (ਟਾਈਪ ਕਰਨਾ) ਸਿੱਖਣ ਅਤੇ ਉਹ ਕੰਮਪਿਊਟਰ ਅਤੇ ਇੰਟਰਨੈੱਟ ਨੂੰ ਪੰਜਾਬੀ ਵਿਚ ਵਰਤਣ ਦਾ ਜੇਰਾ ਕਰਨ। ਇਹ ਜੇਰਾ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ, ਸਿਰਫ਼ ਇੱਛਾ-ਸ਼ਕਤੀ ਅਤੇ ਥੋੜ੍ਹੀ ਜਿਹੀ ਮਿਹਨਤ ਦੀ ਲੋੜ ਹੈ।
ਇਕ ਹੋਰ ਚੁਣੌਤੀ ਪਾਠਕਾਂ ਨੂੰ ਉਤਸ਼ਾਹਿਤ ਕਰਨ ਦੀ ਹੈ। ਭਾਵੇਂ ਕਿ ਇਹ ਜਰੂਰੀ ਨਹੀਂ ਕਿ ਜਿਹੜਾ ਵੀ ਪਾਠਕ ਕੋਈ ਰਚਨਾ ਪੜ੍ਹੇ ਉਹ ਟਿੱਪਣੀ ਜਰੂਰ ਕਰੇ ਅਤੇ ਇਹ ਹਰ ਪਾਠਕ ਲਈ ਸੰਭਵ ਵੀ ਨਹੀਂ ਹੁੰਦਾ, ਪਰ ਘੱਟੋ-ਘੱਟ ਉਹ ਸੂਝਵਾਨ ਪਾਠਕ ਜੋ ਸਾਹਿਤ ਨੂੰ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਮਾਧਿਅਮ ਸਮਝਦੇ ਨੇ, ਉਹ ਜਰੂਰ ਆਪਣੀ ਅਲੋਚਨਾਤਮਕ ਅਤੇ ਸਮੀਖਿਆ ਆਧਾਰਿਤ ਟਿੱਪਣੀ ਸਮੂਹ ਪਾਠਕਾਂ ਨਾਲ ਸਾਂਝੀ ਕਰਨ। ਅਸਲ ਵਿਚ ਵਿਚਾਰਾਂ ਦੇ ਪ੍ਰਗਟਾਅ ਦਾ ਜੋ ਵਰਤਾਰਾ ਦੂਜੀਆਂ ਭਾਸ਼ਾਵਾਂ ਦੇ ਨਵੇਂ ਮੀਡੀਏ ਵਿਚ ਵਰਤ ਰਿਹਾ ਹੈ, ਉਸ ਪੱਖੋਂ ਪੰਜਾਬੀ ਪਾਠਕ ਹਾਲੇ ਅਵੇਸਲੇ ਹਨ। ਉਹ ਅਲੋਚਨਾਤਮਕ ਟਿੱਪਣੀਆਂ ਕਰਨ ਦੀ ਬਜਾਇ ਚੁੱਪ ਰਹਿਣਾ ਜਿਆਦਾ ਪਸੰਦ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਆਪ ਇੰਟਰਨੈੱਟ ਮਾਧਿਅਮਾਂ ਤੇ ਕਿਸੇ ਦਾ ਵਿਰੋਧ ਜਾਂ ਅਲੋਚਨਾ ਨਾ ਸਹਿਣੀ ਪਵੇ। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਬਹੁ-ਦਿਸ਼ਾਵੀ ਸੰਵਾਦ ਤੋਂ ਬਿਨ੍ਹਾਂ ਕਿਸੇ ਵੀ ਭਾਸ਼ਾ ਦੀ ਤਰੱਕੀ ਸੰਭਵ ਨਹੀਂ।
ਸੋ, ਅਸੀ ਸਮੂਹ ਪਾਠਕਾਂ ਅਤੇ ਲੇਖਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਮੂਹ ਵਾਦਾਂ, ਧਿਰਾਂ ਅਤੇ ਪੂਰਵ-ਨਿਰਧਾਰਿਤ ਸੋਚਾਂ ਦੇ ਦਾਇਰਿਆਂ ਤੋਂ ਉੱਪਰ ਉੱਠ ਕੇ ਇਸ ਖੁੱਲੇ ਮੰਚ ਤੇ ਬੇਬਾਕੀ ਨਾਲ ਸਾਹਮਣੇ ਆਉਣ ਅਤੇ ਇਸ ਸੰਵਾਦ ਦਾ ਹਿੱਸਾ ਬਣਨ। ਅਸੀ ਕਿਸੇ ਵੀ ਟਿੱਪਣੀ ਅਤੇ ਵਿਚਾਰ ਉੱਤੇ ਰੋਕ ਨਹੀਂ ਲਾਉਂਦੇ ਭਾਵੇਂ ਕਿ ਉਹ ਸਾਡੀ ਸੋਚ ਨਾਲ ਮੇਲ ਖਾਂਦੀ ਹੋਵੇ ਜਾਂ ਨਾ। ਅਸੀ ਵਿਚਾਰਾਂ ਦੀ ਆਜ਼ਾਦੀ ਦੀ ਖੁੱਲ ਦੇ ਪੂਰੀ ਤਰ੍ਹਾਂ ਹਾਮੀ ਹਾਂ ਅਤੇ ਆਪਣੇ ਵਿਰੋਧੀ ਵਿਚਾਰਾਂ ਦਾ ਵੀ ਖੁੱਲਾ ਸਵਾਗਤ ਕਰਦੇ ਹਾਂ।
ਵਾਅਦਾ ਕਰਦੇ ਹਾਂ, ਇਸ ਸਾਲ ਵਿਚ ਅਤੇ ਆਉਣ ਵਾਲੇ ਹਰ ਸਾਲ ਵਿਚ ਅਸੀ ਪੰਜਾਬੀ ਦੀ ਪ੍ਰਫੁੱਲਤਾ ਲਈ ਨਿਰਪੱਖ ਹੋ ਕੇ ਯਤਨਸ਼ੀਲ ਰਹਾਂਗੇ ਅਤੇ ਉਨ੍ਹਾਂ ਲੇਖਕਾਂ-ਪਾਠਕਾਂ ਨਾਲ ਸਾਡਾ ਸਾਥ ਹਮੇਸ਼ਾ ਰਹੇਗਾ, ਜੋ ਲੋਕ-ਪੱਖੀ ਵਿਚਾਰਾਂ ਨਾਲ ਸਾਡੇ ਰਚਨਾਤਮਕ ਹੰਭਲੇ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ, ਭਾਵੇਂ ਉਹ ਕਿਸੇ ਵੀ ਦੇਸ਼, ਖਿੱਤੇ ਵਰਗ ਜਾਂ ਧਰਮ ਨਾਲ ਵਾਸਤਾ ਰੱਖਦੇ ਹੋਣ। ਸਾਡਾ ਮੰਚ ਉਨ੍ਹਾਂ ਲਈ ਹਮੇਸ਼ਾ ਖੁੱਲਾ ਰਹੇਗਾ, ਜਿਨ੍ਹਾਂ ਦੇ ਲਫ਼ਜ਼ਾਂ ਵਿਚ ਡਾਂਗ ਵਰਗਾ ਖੜਾਕ ਹੈ, ਪਰ ਸਹੀ ਥਾਂ ਤੇ ਚੋਟ ਕਰਨ ਦਾ ਵਸੀਲਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਅਸੀ ਉਨ੍ਹਾਂ ਦਾ ਵਸੀਲਾ ਬਣਾਂਗੇ।
ਇਕ ਵਾਰ ਫੇਰ ਨਵੇਂ ਸਾਲ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ
ਦੀਪ ਜਗਦੀਪ ਸਿੰਘ
ਸੰਪਾਦਕ
lafzandapul@gmail.com
Leave a Reply