ਆਪਣੀ ਬੋਲੀ, ਆਪਣਾ ਮਾਣ

ਅਧਕ ਵਿਚਾਰਾ ਕੀ ਕਰੇ!

ਅੱਖਰ ਵੱਡੇ ਕਰੋ+=
ਵੈਸੇ ਤਾਂ ਪੰਜਾਬੀ ਦੇ ਸ਼ਬਦ ਜੋੜਾਂ ਵਿਚ ਐਸੀ ਆਪਾ ਧਾਪੀ ਪਈ ਹੋਈ ਹੈ ਕਿ ਗਿਆਨੀ ਗਿਆਨ ਸਿੰਘ ਦੇ ਸ਼ਬਦਾਂ ਵਿਚ ‘ਅੰਨ੍ਹੀ ਕਉ ਬੋਲ਼ਾ ਘੜੀਸੈ॥ ਨ ਉਸ ਸੁਣੈ ਨ ਉਸ ਦੀਸੈ॥’  ਵਾਲ਼ੀ ਹਾਲਤ ਹੀ ਹੈ। ਇੰਟਰਨੈਟ ਤੇ ਕੰਪਿਊਟਰ ਦੇ ਸਦਕਾ ਬਹੁਤ ਸਾਰੇ ਪਰਚੇ ਲਿਖਾਰੀਆਂ ਦੇ ਸ਼ਬਦ ਜੋੜਾਂ ਨੂੰ ਬਦਲਣ ਦੀ ਜ਼ਹਿਮਤ ਉਠਾਏ ਬਿਨਾ ਹੀ, ਜਿਵੇਂ ਉਹ ਲਿਖ ਕੇ ਘੱਲਦੇ ਹਨ ਓਵੇਂ ਹੀ ਛਾਪ ਦਿੰਦੇ ਹਨ। ਹਰੇਕ ਵਿਦਵਾਨ ਆਪਣੇ ਸ਼ਬਦ ਜੋੜਾਂ ਨੂੰ ਸਹੀ ਤੇ ਦੂਸਰੇ ਦਿਆਂ ਨੂੰ ਇਮਾਨਦਾਰੀ ਨਾਲ਼ ਗ਼ਲਤ ਸਮਝਦਾ ਹੈ। ਪਹਿਲਾਂ ਲੇਖਕ ਹੱਥ ਲਿਖਤ ਰਚਨਾਵਾਂ ਪਰਚਿਆਂ ਦੇ ਸੰਪਾਦਕਾਂ ਨੂੰ ਭੇਜਿਆ ਕਰਦੇ ਸਨ। ਇਸ ਤਰ੍ਹਾਂ ਪ੍ਰੋਫੈਸ਼ਨਲ ਕੰਪੋਜ਼ਰ, ਕੰਪੋਜ਼ ਕਰਨ ਸਮੇ ਉਹਨਾਂ ਨੂੰ ਸੋਧ ਕੇ ਦਰੁਸਤ ਹੋਣ ਦੇ ਵਾਹਵਾ ਨੇੜੇ ਲੈ ਆਇਆ ਕਰਦੇ ਸਨ। ਉਸ ਸਮੇ ਹੁਣ ਨਾਲ਼ੋਂ ਕਿਤੇ ਘਟ ਇਹ ‘ਘੀਚਮਚੋਲ਼ਾ’ ਪੈਂਦਾ ਸੀ।
ਇਸ ਸਾਰੇ ਕੁਝ ਨੂੰ ਪਾਸੇ ਵੀ ਛੱਡ ਦਈਏ ਤੇ ਇਕੱਲੇ ਅਧਕ ( ੱ ) ਦੀ ਹੀ ਗੱਲ ਕਰੀਏ ਤਾਂ ਸਾਨੂੰ ਪਤਾ ਲੱਗੂਗਾ ਕਿ ਅਧਕ ਇਕ ਅਜਿਹਾ ਗਰੀਬ ਚਿੰਨ੍ਹ ਹੈ ਜਿਸ ਦੀ, ਪੰਜਾਬੀ ਦੇ ਲੇਖਕ, ਕੰਪੋਜ਼ਰ, ਪ੍ਰਕਾਸ਼ਕ ਆਦਿ ਸਭ ਤੋਂ ਵਧ ਦੁਰਵਰਤੋਂ ਕਰਦੇ ਹਨ। ਜਿਥੇ ਇਸ ਦੀ ਲੋੜ ਹੋਵੇ ਓਥੇ ਇਸ ਨੂੰ ਲਾਉਣਾ ਨਹੀ ਤੇ ਜਿਥੇ ਨਾ ਲੱਗਦਾ ਹੋਵੇ ਓਥੇ ਜ਼ਰੂਰ ਲਾ ਦਿੰਦੇ ਹਨ। ਖਾਸ ਕਰਕੇ ਪੱਛਮੀ ਪੰਜਾਬ ਤੋਂ ਆਏ ਹੋਏ ਲੇਖਕ ਸੱਜਣਾਂ ਨੇ ਤਾਂ ਜਿਵੇਂ ਕਿਤੇ ਤਹੱਈਆ ਹੀ ਕੀਤਾ ਹੋਇਆ ਹੋਵੇ ਇਸ ਵਿਚਾਰੇ ਅਧਕ ( ੱ ) ਦੀ ਮਿੱਟੀ ਪਲੀਤ ਕਰਨ ਦਾ। ਦਿੱਲੀ ਯੂਨੀਵਰਸਿਟੀ ਦੇ ਇਕ ਸਾਬਕ ਪ੍ਰੋਫ਼ੈਸਰ ਸਾਹਿਬ ਜੀ ਤੋਂ ਪਤਾ ਲਗਾ ਕਿ ਪੋਠੋਹਾਰ ਦੇ ਇਲਾਕੇ ਵਿਚੋਂ ਆਉਣ ਵਾਲ਼ੇ ਲੇਖਕਾਂ ਦਾ ਨਾਂ ਹੀ ਉਹਨਾਂ ਵਿੱਦਿਅਕ ਅਦਾਰੇ ਵਿਚ, ਮਖੌਲ ਵਜੋਂ ਅਧਕਾਂ ਪਾਇਆ ਹੋਇਆ ਸੀ; ਕਿਉਂਕਿ ਉਹ ਅਕਸਰ ਹੀ ਇਸ ਦੀ ਬੇਲੋੜੀ ਤੇ ਵਾਧੂ ਵਰਤੋਂ ਕਰਦੇ ਸਨ/ਹਨ। ਉਹਨਾਂ ਦੀਆਂ ਲਿਖਤਾਂ ਪੜ੍ਹ ਕੇ ਵੇਖੋ; ਜਿਥੇ ਲੋੜ ਹੋਵੇਗੀ ਓਥੇ ਇਸ ਨੂੰ ਨਹੀ ਲਾਉਣਗੇ ਤੇ ਜਿਥੇ ਨਹੀ ਲੋੜ ਹੋਵੇਗੀ ਓਥੇ ਜ਼ਰੂਰ ਹੀ ਇਸ ਵਿਚਾਰੇ ਨੂੰ ਟਾਂਕਣਗੇ। ਅਸੀਂ ਅਜੇ ਤੱਕ ਇਹ ਨਹੀ ਜਾਣ ਸਕੇ ਕਿ ਅਧਕ ਕੇਵਲ ਜਿਸ ਅੱਖਰ ਦਾ ਦੋਹਰਾ ਜਾਂ ਡੇੜ੍ਹਾ ਉਚਾਰਣ ਹੋਵੇ, ਉਸ ਤੋਂ ਪਹਿਲੇ ਅੱਖਰ ਉਪਰ ਹੀ ਲਾਇਆ ਜਾਂਦਾ ਹੈ; ਹੋਰ ਕਿਤੇ ਨਹੀ। ਜਿਥੇ ਸ਼ੱਕ ਹੋਵੇ ਅਰਥਾਤ ਪੂਰਾ ਯਕੀਨ ਨਾ ਹੋਵੇ ਓਥੇ ਲਾਉਣ ਦੀ ਕੋਈ ਲੋੜ ਨਹੀ; ਇਸ ਤੋਂ ਬਿਨਾ ਵੀ ਸਰ ਸਕਦਾ ਹੈ। ਮਿਸਾਲ ਵਜੋਂ: ਵਰਤਮਾਨ ਸਮੇ ਅੰਦਰ ਪੱਤਰਾਂ ਦੇ ਸੰਪਾਦਕ ਸ਼ਬਦ ‘ਕੁਝ’ ਦੇ ਉਪਰ ਬੇਲੋੜਾ ਅਧਕ ਲਾ ਕੇ ਇਸਨੂੰ ‘ਕੁੱਝ’ ਬਣਾਉਣ ਵਿਚ ਅਣਗਹਿਲੀ ਨਹੀ ਕਰਦੇ। ਅਸੀਂ ਪੇਂਡੂ ਮਝੈਲ ਇਸ ‘ਕੁਝ’ ਨੂੰ ‘ਕੁਸ਼’ ਬੋਲਦੇ ਹਾਂ ਤੇ ਉਰਦੂ ਹਿੰਦੀ ਵਾਲ਼ੇ ਵੀ ਏਸੇ ਤਰ੍ਹਾਂ ਹੀ ਬੋਲਦੇ ਹਨ। ਹਿੰਦੀ ਵਿਚ ਇਸਨੂੰ ‘ਕੁਛ’ ਲਿਖਿਆ ਜਾਂਦਾ ਹੈ। ਕਈ ਸੱਜਣ ਸ਼ ਤੇ ਛ ਦਾ ਉਚਾਰਨ ਨਾ ਕਰ ਸੱਕਣ ਕਾਰਨ, ਇਸਨੂੰ ‘ਕੁਸ’ ਵੀ ਉਚਾਰਦੇ ਹਨ। ਕੇਂਦਰੀ ਪੰਜਾਬ ਦੇ, ਪ੍ਰੋਫੈਸਰ ਸਾਹਿਬ ਸਿੰਘ ਜੀ, ਸਰਦਾਰ ਗੁਰਬਖ਼ਸ਼ ਸਿੰਘ ਜੀ ਆਦਿ ਸਿੱਖ ਲਿਖਾਰੀਆਂ ਨੇ ਇਸ ਨੂੰ ‘ਕੁਝ’ ਲਿਖਣਾ ਸ਼ੁਰੂ ਕਰ ਦਿਤਾ ਤੇ ਛਾਪੇ ਵਿਚ ਏਹੋ ਹੀ ਪ੍ਰਚੱਲਤ ਹੋ ਗਿਆ ਜਿਸਦਾ ਇਹ ਛਪੇ ਸਾਹਿਤ ਵਿਚ ਪ੍ਰਵਾਨਿਆ ਜਾ ਚੁੱਕਾ ਰੂਪ ਬਦਲ ਕੇ, ਹੁਣ ਭੰਬਲ਼ਭੂਸੇ ਵਿਚ ਹੋਰ ਵਾਧਾ ਕਰਨ ਦੀ ਕੋਈ ਤੁਕ ਨਹੀ ਬਣਦੀ; ਪਰ ਇਹ ਮੈਨੂੰ ਸਮਝ ਨਹੀ ਆਉਂਦੀ ਕਿ ਤਕਰੀਬਨ ਹਰੇਕ ਸੰਪਾਦਕ ਹੀ ਇਸ ਉਪਰ ਬੇਲੋੜਾ ਅਧਕ ਲਾਉਣੋ ਕਿਉਂ ਨਹੀ ਉਕਦਾ! ਵੈਸੇ ਗੁਰਬਾਣੀ ਵਿਚ ਇਸ ਅਰਥ ਵਾਸਤੇ, ਇਹ ਸ਼ਬਦ ਇਹਨਾਂ ਰੂਪਾਂ ਵਿਚ ਵੀ ਆਇਆ ਹੈ: ਕਛ, ਕਛੁ, ਕਛੂ, ਕਛੂਅ, ਕਛੂਅਕ, ਕਿਛ, ਕਿਛੁ, ਕਿਛੂ, ਕਿਛੂਅ, ਕਿਛਹੂ, ਕਿਝੁ, ਕਿਝ; ਜਿਨ੍ਹਾਂ ਨੂੰ ਅਜੋਕੇ ਸਮੇ ਦੇ ਛਾਪੇਖਾਨੇ ਵਿਚ ਲਿਆ ਕੇ, ਪਹਿਲਾਂ ਹੀ ਵਲ਼ਗਣੋ ਬਾਹਰੀਆਂ ਹੋ ਚੁੱਕੀਆਂ ਉਲ਼ਝਣਾਂ ਵਿਚ ਹੋਰ ਵਾਧਾ ਕਰਨ ਦੀ ਕੋਈ ਲੋੜ ਨਹੀ। ਹੁਣ ਇਸ ਦਾ ਪ੍ਰਚੱਲਤ ਰੂਪ ‘ਕੁਝ’ ਹੀ ਠੀਕ ਹੈ। ਯਾਦ ਰਹੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਾ ਤੇ ‘ਕੁਝ’ ਸ਼ਬਦ ਆਇਆ ਹੈ ਤੇ ਨਾ ਹੀ ‘ਕੁਛ’।

ਪੰਜਾਬੀ ਵਿਚ ਇਹਨਾਂ ਕੁਝ ਗਿਣਵੇ ਚੁਣਵੇਂ ਥਾਂਵਾਂ ਤੋਂ ਬਿਨਾ, ਹੋਰ ਥਾਂਵਾਂ ਤੇ ਅਧਕ ਨਾ ਵੀ ਲੱਗੇ ਤਾਂ ਅਰਥਾਂ ਵਿਚ ਫਿਰ ਵੀ ਕੋਈ ਫਰਕ ਨਹੀ ਪੈਂਦਾ: 


ਪਦ (ਪਦਵੀ)      ਪੱਦ (ਅਸ਼ੁਧ ਹਵਾ)              ਪੱਤਣ (ਪੋਰਟ)      ਪਤਨ (ਗਿਰਾਵਟ)
ਕਦ (ਕਦੋਂ)        ਕੱਦ (ਸਾਈਜ਼)                  ਗੁਦਾ (ਪਿੱਠ)       ਗੁੱਦਾ (ਪਲਪ)
ਪਤ (ਇਜ਼ਤ)      ਪੱਤ (ਪੱਤੇ)                     ਜਤ (ਸੰਜਮ)       ਜੱਤ (ਵਾਲ਼)
ਭਲਾ (ਚੰਗਾ)       ਭੱਲਾ (ਖਾਣ ਵਾਲ਼ਾ)               ਧੁਪ (ਧੋਣਾ)        ਧੁੱਪ (ਸੂਰਜ ਦੀ)
ਪਤਾ (ਸਿਰਨਾਵਾਂ)  ਪੱਤਾ (ਦਰੱਖ਼ਤ ਦਾ ਪੱਤਾ)         ਸਦਾ (ਹਮੇਸ਼ਾਂ)     ਸੱਦਾ (ਬੁਲਾਵਾ)
ਬੱਚਾ (ਬਾਲਕ)     ਬਚਾ (ਬਚਾਉਣਾ)                ਸਜਾ (ਜੁਰਮਾਨਾ)   ਸੱਜਾ (ਰਾਈਟ)

-‌ਗਿਆਨੀ ਸੰਤੋਖ ਸਿੰਘ, ਸਿਡਨੀ 

(ਨੋਟ: ਇਸ ਲੇਖ ਦਾ ਇਕ ਅੱਖਰ ਵੀ ਸੰਪਾਦਿਤ ਨਹੀਂ ਕੀਤਾ ਗਿਆ। ਇਸ ਲੇਖ ਦਾ ਸੰਪਾਦਕ ਖੁਦ ਲੇਖਕ ਹੈ)

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com