ਚਿਹਰੇ ਉਪਰ ਇਲਾਹੀ ਨੂਰ, ਸਾਦਾ-ਸਾਫ਼ ‘ਤੇ ਬੇਦਾਗ ਬਾਣਾ, ਉੱਚ-ਸੁੱਚ ਜਾਪਦੀਆ ਸਖਸ਼ੀਅਤਾਂ!ਸਚਿਓਂ ਕਿਸੇ ਲੇਖਕ ਦੀ ਕ਼ਲਮ ਜਾਂ ਪਾਠਕ ਦੀ ਦਿਲਚਸਪੀ ਇਨਸਾਨ ਨੂੰ ਇਸ ਕਦਰ ਵੀ ਪ੍ਰਭਾਵਿਤ ਕਰ ਸਕਦੀ ਹੈਂ? ਸੁਣ ਕੇ ਮੰਨ ਨੂੰ ਇਕ ਅਚੰਭਾ ਹੀ ਹੁੰਦਾ ਹੈ!
ਦਾਸ ਅਰਜ਼ ਕਰ ਰਿਹਾ ਹੈ ਓਹਨਾ ਦੋ ਕਿਤਾਬੀ-ਆਸ਼ਿਕਾਂ ਦੀ; ਜੋ ਰਹਿਣ ਵਾਲੇ ਤਾਂ ਅਨੂਪਗੜ੍ਹ, ਰਾਜਸਥਾਨ ਦੇ ਹਨ ਪ੍ਰੰਤੂ ਸਿੱਖ ਲਿਖਾਰੀ ਭਾਈ ਵੀਰ ਸਿੰਘ ਜੀ ਦੀਆ ਰਚਨਾਵਾਂ ਦਾ ਓਹਨਾ ਉੱਪਰ ਇਸ ਕਦਰ ਰੰਗ ਚੜ੍ਹਿਆ ਕਿ ਅੱਜ ਉਨ੍ਹਾ ਨੇ ਭਾਈ ਵੀਰ ਸਿੰਘ ਜੀ ਦੀਆ ਰਚਨਾਵਾਂ ਨੂੰ ਦੁਨਿਆ ਭਰ ਦੇ ਕੋਨੇ-ਕੋਨੇ ਵਿਚ ਬੈਠੇ ਪਾਠਕਾਂ ਤਕ ਪਹੁੰਚਾਉਣ ਦਾ ਟੀਚਾ ਮਿੱਥ ਲਿਆ ਹੈ । ਇਸੇ ਉੱਤਮ ਕਾਰਜ ਹਿੱਤ ਓਹ ਵੱਖ-ਵੱਖ ਜਗਾਹਾਂ ਉਪਰ ਪਹੁੰਚ ਕਰ ਕੇ ਅਧ-ਮੁੱਲ ਉਪਰ ਭਾਈ ਸਾਹਿਬ ਦੀਆਂ ਰਚਨਾਵਾਂ ਦੀ ਵਿਕਰੀ ਲਈ ਪ੍ਰਦਰਸ਼ਨੀ ਲਗਾਓਦੇਂ ਹਨ।
ਇਸੇ ਸਿਲਸਿਲੇ ਵਿਚ ਜਦੋ ਓਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਲੱਗਣ ਵਾਲੇ ਛਿਮਾਹੀ ਕਿਸਾਨ ਮੇਲਿਆਂ ਵਿਚੋ ਪੰਜਾਵੀ ਵਰੇਗੰਢ ‘ਤੇ ਲਗੇ ਸਿਤੰਬਰ, 2012 ਦੇ ਖ਼ਾਸ ਮੇਲੇ ਵਿਚ ਪਹੁੰਚੇ ਤਾਂ ਦਾਸ ਦਾ ਓਹਨਾ ਨਾਲ ਸਬੱਬੀ ਮੇਲ ਹੋਇਆ। ਉਸੇ ਅਨੁਭਵ ਨੂੰ ਦਾਸ ਆਪ ਸਭ ਜੀ ਨਾਲ ਸਾਂਝਾ ਕਰਨ ਜਾ ਰਿਹਾ ਹੈ-
ਹਉਮੈਂ ਆਸ-ਪਾਸ ਨਹੀ; ਕੱਦ ਵਿਚ ਖੂਬ ਲੰਬੇ; ਮੁਖ ਵਿਚ ਵਾਹਿਗੁਰੂ ਦਾ ਨਾਮ ‘ਤੇ ਭਾਈ ਵੀਰ ਸਿੰਘ ਜੀ ਦੀਆ ਰਚਨਾਵਾਂ ਲਗਭਗ ਸਾਰੀਆਂ ਜੁਬਾਨੀ ਯਾਦ!! ਇਵੇਂ ਲੱਗੇ ਜਿਵੇਂ ਓਹਨਾ ਦੇ ਜੀਵਨ ਦੇ ਕਣ-ਕਣ ਵਿਚ ਭਾਈ ਵੀਰ ਸਿੰਘ ਜੀ ਵੱਸ ਰਹੇ ਹੋਣ। ਮੰਨੋ ਜੀਵਨ ਜਿਓਣ ਦੀ ਜਾਚ ਅਤੇ ਵਿਓਂਤਬੰਦੀ ਓਹਨਾ ਨੇ ਭਾਈ ਸਾਹਿਬ ਜੀ ਦੇ ਸਾਹਿਤ ਵਿਚੋਂ ਹੀ ਲਈ ਹੋਵੇ!
ਨਿੱਜੀ ਜੀਵਨ ਬਾਰੇ ਗੱਲ ਕਰੀਏ ਤਾਂ ਜੀਤ ਸਿੰਘ ਅਨੂਪਗੜ, ਰਾਜਸਥਾਨ ਦੇ ਹਨ। ਪਹਿਲਾਂ ਸਿਹਤ ਵਿਭਾਗ ਵਿਚ ਓਹਨਾ ਨੇ ਚਾਕਰੀ ਕੀਤੀ ਪ੍ਰੰਤੂ ਫਿਰ ਪੁਸ਼ਤੈਨੀ ਧੰਦੇ ਖੇਤੀ ਵੱਲ ਆ ਗਏ। ਓਹਨਾ ਦੇ ਸਾਥੀ ਗੁਰਦੇਵ ਸਿੰਘ ਵੀ ਰਹਿਣ ਵਾਲੇ ਉਸੇ ਇਲਾਕੇ ਦੇ ਹਨ ਅਤੇ ਓਹਨਾ ਪਹਿਲੋਂ ਪੀ.ਡਬਲਿਉ.ਡੀ. ਵਿਭਾਗ, ਰਾਜਸਥਾਨ ਵਿਚ ਬਤੌਰ ਐਕਸੀਅਨ ਸੇਵਾ ਮੁਕਤੀ ਲਈ। ਦੋਨਾਂ ਸਾਥੀਆਂ ਨੇ ਲਗਭਗ ’94 ਵਿਚ ਪਹਿਲੀ ਵਾਰੀ ਸਿੱਖ ਲਿਖਾਰੀ ਭਾਈ ਵੀਰ ਸਿੰਘ ਜੀ ਨੂੰ ਪੜ੍ਹਿਆ ਅਤੇ ਨਿਰਅੰਤਰ ਹੁਣ ਤੱਕ ਪੜ੍ਹ ਰਹੇ ਹਨ। ਓਹ ਭਾਈ ਸਾਹਿਬ ਜੀ ਦੇ ਪਾਠਕ ਵੱਜੋਂ ਹੀ ਇਕ ਦੂਜੇ ਨੂੰ ਮਿਲੇ ਅਤੇ ਇੱਕ-ਦੂਜੇ ਦੇ ਚੰਗੇ ਸੰਗੀ-ਸਾਥੀ ਬਣ ਗਏ।
ਦੋਨਾਂ ਹੀ ਸਿੰਘਾ ਉੱਪਰ ਭਾਈ ਸਾਹਿਬ ਜੀ ਦੇ ਸਾਹਿਤ ਦਾ ਇੰਨਾ ਡੂੰਘਾ ਪ੍ਰਭਾਵ ਪਿਆ ਕਿ ਓਹਨਾ ਸੰਨ ’95 ‘ਚ ਆਪਣੇ ਆਪਣੇ ਜੱਦੀ ਜਾਂ ਨਿੱਜੀ ਕੰਮਾਂ-ਕਾਰਾਂ ਤਰਫੋਂ ਸੇਵਾ-ਮੁਕਤੀ ਲੈਣ ਉਪਰੰਤ ਭਾਈ ਵੀਰ ਸਿੰਘ ਜੀ ਦੀਆਂ ਅਮੁੱਲ ਰਚਨਾਵਾਂ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚ ਕਰ ਕੇ ਪ੍ਰਚਾਰਿਤ ਕਰਨ ਦਾ ਟੀਚਾ ਮਿੱਥ ਲਿਆ।
ਭਾਈ ਸਾਹਿਬ ਜੀ ਦੇ ਸਾਹਿਤ ਉਪਰ ਓਹਨਾ ਚਾਨਣਾ ਪਾਉਂਦਿਆਂ ਦੱਸਿਆ ਕਿ ਭਾਈ ਸਾਹਿਬ ਜੀ ਦੀਆਂ ਪੁਸਤਕਾਂ ਗੁਰੂ, ਗੁਰ-ਇਤਿਹਾਸ, ਗੁਰੂਆਂ ਦੇ ਜੀਵਨ-ਸਾਰ, ਸੰਤਾਂ, ਮਹਾਂ-ਪੁਰਖਾਂ ਦੀਆਂ ਗਾਥਾਵਾਂ ਅਤੇ ਗੁਰਬਾਣੀ ਵਿਆਖਿਆ ਆਦਿ ਦੇ ਇਰਧ-ਗਿਰਧ ਹੀ ਘੁੰਮਦੀਆਂ ਹਨ। ਨਿਰੋਲ ਧਰਮ-ਪ੍ਰਚਾਰ ਹਿੱਤ ਓਹਨਾ ਦੀਆਂ ਲਿਖਤਾਂ ਸਰਵੋਤੱਮ, ਸੁਖੈਨ ਅਤੇ ਕਾਰਗਰ ਸਾਧਨ ਹਨ। ਪਾਠਕ ਨੂੰ ਪ੍ਰੇਰਨ ਲਈ ਓਹ ਪਹਿਲੀ ਵਾਰੀ ਵਿਚ ਪਾਠਕ ਨੂੰ ਭਾਈ ਸਾਹਿਬ ਦੀ ਕੋਈ ਛੋਟੀ ਕਿਤਾਬ ਪੜ੍ਹਨ ਵਾਸਤੇ ਦਿੰਦੇ ਹਨ; ਫਿਰ ਪਾਠਕ ਨੂੰ ਆਪਣੇ ਆਪ ਹੀ ਇਸ ਕਦਰ ਚੇਟਕ ਲਗਦੀ ਹੈ ਕਿ ਓਹ ਆਪਣੇ ਆਪ ਵਿਚ ਭਾਈ ਸਾਹਿਬ ਦਾ ਸਾਹਿਤ ਪੜ੍ਹਨ ਵਾਲੀ ਇਕ ਸੰਸਥਾ ਬਣ ਜਾਂਦਾ ਹੈ ‘ਤੇ ਵੱਧ ਤੋਂ ਵੱਧ ਭਾਈ ਸਾਹਿਬ ਜੀ ਦਾ ਰਚਿਤ ਸਾਹਿਤ ਪੜ੍ਹਦਾ ਹੈ।
ਓਹਨਾ ਇਹ ਵੀ ਦੱਸਿਆ ਕਿ ਭਾਈ ਸਾਹਿਬ ਦਾ ਰਚਨਾ ਖੇਤਰ ਬਹੁਤ ਵੱਡਾ ਹੈ ਪ੍ਰੰਤੂ ਇਸ ਦੇ ਬਾਵਜੂਦ ਓਹਨਾ ਨੇ ਕਿਸੇ ਦੀ ਆਲੋਚਨਾ ਨਹੀਂ ਕੀਤੀ। ਓਹਨਾ ਸਦਾ ਆਪਣੇ ਆਲੋਚਕਾਂ ਨੂੰ ਪੂਰਨ ਗੱਲ ਕਹਿਣ ਦਾ ਮੌਕਾ ਦਿੱਤਾ ਤਾਂ ਕਿ ਵੱਧ ਤੋਂ ਵੱਧ ਆਪਣੇ ਬਾਰੇ ਜਾਣਿਆ ਜਾ ਸਕੇ ਅਤੇ ਖ਼ਾਮੀਆਂ ਨੂੰ ਦੂਰ ਕੀਤਾ ਜਾ ਸਕੇ। 1872 ਤੋਂ 1957 ਤੱਕ ਦੇ ਜੀਵਨ ਕਾਲ ‘ਚ ਭਾਈ ਸਾਹਿਬ ਜੀ ਨੂੰ ਪਦਮਸ਼੍ਰੀ ਅਤੇ ਭਾਰਤ-ਭੂਸ਼ਣ ਵਰਗੇ ਗੌਰਤਲਬ ਪੁਰਸਕਾਰ ਵੀ ਮਿਲੇ ਪਰ ਓਹਨਾ ਹਲੀਮੀ ਅਤੇ ਨਿਮਰਤਾ ਨਹੀਂ ਛੱਡੀ! ਮੰਚ ਉਪਰ ਜਾਣ ਤੋਂ ਸਦਾ ਗੁਰੇਜ਼ ਕੀਤਾ ਅਤੇ ਛਿਪੇ ਰਹਿੰਦੇ। ਭਾਈ ਸਾਹਿਬ ਜੀ ਦੀ ਉਸੇ ਹਲੀਮੀ ‘ਤੇ ਨਿਮਰਤਾ ਦਾ ਪ੍ਰਭਾਵ ਦੋਨਾਂ ਸੱਜਣਾ ਉਪਰ ਸਾਰਥਕ ਨਜ਼ਰ ਆਓਂਦਾ ਹੈ।
ਭਾਈ ਸਾਹਿਬ ਜੀ ਦੇ ਪਾਠਕ ਤੋਂ ਪ੍ਰਚਾਰਕ ਬਣੇ ਦੋਨੋ ਸਿੰਘ ਹੁਣ ਤਕ ਸੁਹਾਣੇ (ਮੁਹਾਲੀ), ਜਲੰਧਰ, ਪਟਿਆਲਾ, ਚੀਮਾਂ-ਸਾਹਿਬ, ਬੜੂ ਸਾਹਿਬ ਅਤੇ ਬੀਕਾਨੇਰ ਆਦਿ ਸ਼ਹਿਰਾਂ ਵਿਚ ਭਾਈ ਸਾਹਿਬ ਜੀ ਦੀਆਂ ਰਚਨਾਵਾਂ ਦੀ ਵਿਕਰੀ ਲਈ ਅੱਧ ਮੁੱਲ ਉੱਪਰ ਸਟਾਲ ਲਗਾ ਚੁੱਕੇ ਹਨ। ਖੇਤੀਬਾੜੀ ਯੂਨੀਵਰਸਿਟੀ ਵਿਚਲੇ ਕਿਸਾਨ ਮੇਲੇ ਉੱਪਰ ਭਾਰੀ ਇਕੱਠ ਅਤੇ ਮੂਲ ਪੇਂਡੂ ਖਰੀਦਦਾਰਾਂ ਦੀ ਉਪਲਬਧੀ ਨੂੰ ਦੇਖਦਿਆਂ ਓਹਨਾ ਇਥੇ ਅਗਾਂਹ ਤੋ ਵੀ ਆਉਣ ਦਾ ਮਨ ਬਣਾਇਆ ਹੈ। ਓਹਨਾ ਦੱਸਿਆ ਕਿ ਇਥੇ ਵੀ ਭਾਈ ਸਾਹਿਬ ਦੀਆਂ ਰਚਨਾਵਾਂ ਪ੍ਰਤੀ ਪੇਂਡੂ-ਕਿਰਸਾਨੀ ਵਿਚ ਭਾਰੀ ਉਤਸ਼ਾਹ ਹੈ।
ਓਹਨਾ ਕੋਲ ਭਾਈ ਸਾਹਿਬ ਦੀਆਂ ਸਭ ਰਚਨਾਵਾਂ ਭਾਈ ਵੀਰ ਸਿੰਘ ਸਾਹਿਤ ਸਦਨ, ਦਿੱਲੀ ਵੱਲੋ ਪ੍ਰਕਾਸ਼ਿਤ ਹੁੰਦੀਆਂ ਹਨ। ਭਾਈ ਸਾਹਿਬ ਤੋ ਇਲਾਵਾ ਹੋਰ ਸਿੱਖ ਲਿਖਾਰੀਆਂ ਵਿਚੋਂ ਓਹ ਪ੍ਰੋਫੈਸਰ ਪੂਰਨ ਸਿੰਘ, ਡਾਕਟਰ ਬਲਬੀਰ ਸਿੰਘ, ਰਘੁਬੀਰ ਸਿੰਘ ਬੀਰ, ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਆਦਿ ਨੂੰ ਵੀ ਪਾਠਕਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ; ਪ੍ਰੰਤੂ ਓਹਨਾ ਦੁਆਰਾ ਲਗਾਈ ਜਾਂਦੀਆ ਪ੍ਰਦਰਸ਼ਨੀਆ ਵਿਚ ਭਾਈ ਵੀਰ ਸਿੰਘ ਜੀ ਦੀ ਹੀ ਰਚਿਤ ਸਮੱਗਰੀ ਹੁੰਦੀ ਹੈ ਕਿਓਂਕਿ ਭਾਈ ਸਾਹਿਬ ਦੇ ਸਾਹਿਤ ਪ੍ਰਤੀ ਓਹਨਾ ਦੀ ਦੀਵਾਨਗੀ ਪਹੁੰਚ ਹੀ ਕੁਝ ਇਸ ਪੱਧਰ ਤੱਕ ਚੁੱਕੀ ਹੈ।
ਓਹਨਾ ਕਿਹਾ ਕਿ ਭਾਈ ਸਾਹਿਬ ਅਤੇ ਓਹਨਾ ਵਰਗੇ ਹੋਰ ਮਹਾਨ ਲੇਖਕਾਂ ਦੀਆਂ ਰਚਨਾਵਾਂ ਨੂੰ ਸੰਭਾਲਣਾ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਿੱਖ-ਜਗਤ ਨਾਲ ਜੁੜੇ ਹਰ ਵਿਅਕਤੀ ਦੀ ਨਿੱਜੀ ਜਿੰਮੇਵਾਰੀ ਹੈ। ਓਹਨਾ ਕਿਹਾ ਕਿ ਓਹਨਾ ਦੀ ਜ਼ਿੰਦਗੀ ਦਾ ਇਹੋ ਮਨੋਰਥ ਹੈ ਕਿ ਭਾਈ ਵੀਰ ਸਿੰਘ ਜੀ ਦਾ ਸਾਹਿਤ ਵੱਧ ਤੋਂ ਵੱਧ ਪ੍ਰਚਲਿਤ ਹੋਵੇ ਅਤੇ ਦੁਨੀਆ ਭਰ ਵਿਚ ਬੈਠੇ ਵੀਰ-ਭਾਈ ਅਤੇ ਭੈਣਾਂ ਤੱਕ ਪਹੁੰਚੇ। ਇਸੇ ਉੱਦਮ ਨਾਲ ਹੀ ਵਾਹਿਗੁਰੂ ਦੇ ਨਾਮ ਨਾਲ ਚੱਲਦੀ ਓਹਨਾ ਦੇ ਜੀਵਨ ਦੀ ਗੱਡੀ ਖੁਸ਼ਹਾਲ ਅਤੇ ਸੰਤੁਸ਼ਟ ਹੈ। ਪ੍ਰਮਾਤਮਾ ਦੋਨਾਂ ਸਿੰਘਾ ਨੂੰ ਅਪਾਰ ਸ਼ਕਤੀ ‘ਤੇ ਸਮਰਥਾ ਬਖਸ਼ੇ ਅਤੇ ਓਹ ਆਪਣੇ ਇਸ ਨੇਕ- ਸੁਚੱਜੇ ਕਾਰਜ ਵਿਚ ਸਫਲ ਹੋਣ।
-ਜਸਪ੍ਰੀਤ ਸਿੰਘ, ਬਠਿੰਡਾ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply