ਪ੍ਰੋਫ਼ੈਸਰ ਤਿਆਗੀ ਵੱਲੋਂ ਵਿਦਿਆਰਥੀਆਂ ਦੇ ਨਾਂ ਖੁੱਲ੍ਹਾ ਖ਼ਤ

punjabi wrier manjit tyagi malerkotla how to be a winner
ਮਨਜੀਤ ਤਿਆਗੀ
“ਹਾਸ਼ਿਮ ਫਤਿਹ ਨਸੀਬ ਉਨ੍ਹਾਂ ਨੂੰ
ਜਿਨ੍ਹਾਂ ਹਿੰਮਤ ਯਾਰ ਬਣਾਈ।”

ਪਿਆਰੇ ਵਿਦਿਆਰਥੀਓ,
ਤੁਹਾਡੇ ਅੰਦਰ ਛੁਪੀ ਪ੍ਰਤਿਭਾ ਨੂੰ ਮੈਂ ਸਿਰ ਝੁਕਾਉਂਦਾ ਹਾਂ। ਲੰਮੇ ਸਮੇਂ ’ਚ ਸਫ਼ਲ ਉਹ ਵਿਅਕਤੀ ਹੁੰਦੇ ਹਨ ਜਿਹੜੇ ਰਾਤਾਂ ਨੂੰ ਦੀਵੇ ’ਚ ਚਰਬੀ ਬਾਲ ਕੇ ਪੜ੍ਹਦੇ ਹਨ ਭਾਵ ਕੁੱਝ ਪ੍ਰਾਪਤ ਕਰਨ ਲਈ ਸਾਧਨਾਂ ਤੋਂ ਮਹੱਤਵਪੂਰਨ ਸਾਧਨਾ ਦਾ ਹੋਣਾ ਜ਼ਰੂਰੀ ਹੈ।

ਭਾਵੇਂ ਆਰ. ਡੀ. ਐਕਸ. ਨੂੰ ਤਾਕਤਵਰ ਵਿਸਫੋਟਕ ਮੰਨਿਆ ਜਾਂਦਾ ਹੈ। ਪਰ ਮੇਰੀ ਸੋਚ ਅਨੁਸਾਰ ਵਿਚਾਰ ਸਭ ਤੋਂ ਤਾਕਤਵਰ ਹੁੰਦੇ ਹਨ। ਚੰਗੇ ਵਿਚਾਰ ਸਾਡੀ ਬੁੱਧੀ ਨੂੰ ਤਿੱਖਾ ਕਰਦੇ ਹਨ ਤੇ ਅਸੀ ਕੁਝ ਕਰਨ ਦੇ ਸਮਰੱਥ ਹੋ ਜਾਂਦੇ ਹਾਂ। ਅੱਜ ਵੀ ਹਰੇਕ ਖੇਤਰ ਵਿਚ ਵਿਦਵਤਾ ਦਾ ਹੀ ਬੋਲਬਾਲਾ ਹੈ। ਜਿਵੇਂ ਡਾ. ਮਨਮੋਹਨ ਸਿੰਘ ਜੋ ਕਿ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਇਕਨੋਮਿਕਸ ਦੇ ਪ੍ਰੋਫੈਸਰ ਸਨ। ਆਪਣੀ ਬੁੱਧੀ ਸਦਕਾ ਦੇਸ਼ ਦੇ ਦੋ ਵਾਰ ਪ੍ਰਧਾਨ ਮੰਤਰੀ ਬਣੇ। ਇਸ ਲਈ ਇਕਾਗਰ ਚਿੱਤ ਹੋ ਕੇ ਆਪਣੇ ਦਿਮਾਗ਼ੀ ਖੇਤਰਫਲ ਵਧਾਉਣ ਵੱਲ ਧਿਆਨ ਦਿਉ। ਵਿਕਾਸ ਜਿਉਂਦੇ ਜੀਵਨ ਦਾ ਪ੍ਰਤੀਕ ਹੈ। ਅੱਗੇ ਵੱਧਣ ਲਈ ਜ਼ਰੂਰੀ ਹੈ ਕਿ ਜਿਥੋਂ ਵੀ ਤੂਹਾਨੂੰ ਕੁੱਝ ਸਿੱਖਣ ਲਈ ਮਿਲਦਾ ਹੈ ਤੁਸੀ ਜ਼ਰੂਰ ਸਿੱਖੋ।

ਪੜ੍ਹਾਈ ਦਾ ਅਸਲੀ ਮੰਤਵ ਵਿਦਿਆਰਥੀ ਨੂੰ ਕਹਿਣੀ, ਬਹਿਣੀ ਅਤੇ ਸਹਿਣੀ ਦੇ ਗਿਆਨ ਨਾਲ ਲੈਸ ਕਰਕੇ ਆਦਰਸ਼ ਮਨੁੱਖ ਬਣਾਉਣਾ ਹੈ। ਪਰ ਜਿਹੜੇ ਵਿਅਕਤੀ ਉਪਰੋਕਤ ਕਦਰਾਂ-ਕੀਮਤਾਂ ਤੋਂ ਪਰ੍ਹੇ ਰਹਿ ਕੇ ਡਿਗਰੀਆਂ ਹਾਸਿਲ ਕਰਦੇ ਹਨ,  ਉਨ੍ਹਾ ਨੂੰ ਸੱਚੇ ਸਿਖਿਆਰਥੀ ਨਹੀ ਕਿਹਾ ਜਾ ਸਕਦਾ। ਤੁਸੀਂ ਬਹੁਤ ਖੁਸ਼ਕਿਸਮਤ ਹੋ ਕਿ ਤੁਹਾਡੇ ਮੋਢਿਆਂ ‘ਤੇ ਸਿਰ ਹੈ ਤੇ ਸਿਰ ਵਿਚ ਕਿਰਿਆ-ਸ਼ੀਲ ਤੇ ਜਗਿਆਸੂ ਦਿਮਾਗ਼ ਵੀ ਹੈ, ਜਿਹੜਾ ਆਮ ਲੋਕਾਂ ਕੋਲ ਨਹੀਂ ਹੁੰਦਾ। ਇਸ ਤੋਂ ਇਲਾਵਾ ਤੁਹਾਡੇ ਕੋਲ਼ ਤੀਜੀ ਅੱਖ (ਵਿਦਿਆ) ਵੀ ਹੈ, ਜਿਸ ਨਾਲ ਤੁਸੀਂ ਉਹ ਚੀਜ਼ਾਂ (ਕਲਾ, ਕਦਰਾਂ-ਕੀਮਤਾਂ, ਗਿਆਨ) ਵੀ ਦੇਖ ਸਕਦੇ ਹੋ, ਜਿਨ੍ਹਾਂ ਨੂੰ ਦੋ ਅੱਖਾਂ ਵਾਲਾ ਨਹੀਂ ਦੇਖ ਸਕਦਾ ਕਿਉਂਕਿ ਦੋ ਅੱਖਾਂ ਨਾਲ ਕਾਰ, ਕੋਠੀ, ਕੈਸ਼ ਤਾਂ ਦਿਖਾਈ ਦੇ ਸਕਦਾ ਹੈ ਪਰ ਕਦਰਾਂ-ਕੀਮਤਾਂ ਨਹੀ। ਅਫਸੋਸ ! ਅੱਜ ਜ਼ਿਆਦਾਤਰ ਲੋਕਾਂ ਦੀ ਤੀਜੀ ਅੱਖ ਨੂੰ ਅੰਧਰਾਤਾ ਹੋ ਗਿਆ ਹੈ। ਪਰ ਵਿਦਿਆਰਥੀਓ ਤੁਸੀਂ ਇਸ ਮਾਮਲੇ ’ਚ ਵੀ ਖੁਸ਼ਨਸੀਬ ਹੋ ਕਿਉਂਕਿ ਲੁੱਟ-ਖੋਹ ਦੇ ਯੁੱਗ ਵਿਚ ਵੀ ਤੁਸੀਂ ਆਪਣਾ ਬੌਧਿਕ ਪੱਧਰ ਉੱਚਾ ਕਰਨ ਲਈ ਲੱਗੇ ਹੋਏ ਹੋ। ਅੱਜ ਧਿਆਨ ਨੂੰ ਖਿੰਡਾਉਣ ਲਈ ਸਾਧਨਾਂ ਦੀ ਬਹੁਤਾਤ ਹੈ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿਚ ਲਾ ਕੇ ਆਪਣੇ ਪਰਿਵਾਰ ਦੀ ਦਸ਼ਾ ਸੁਧਾਰੋ।
ਪ੍ਰੀਖਿਆਵਾਂ ਦੇ ਸਮੇਂ ਤਨਾਅ ਦੂਰ ਕਰਨ ਲਈ ਜ਼ਰੂਰੀ ਹੈ ਕਿ ਰੋਜ਼ਾਨਾ ਹਲਕੀ ਕਸਰਤ ਕਰੋ, ਪੌਸ਼ਟਿਕ ਆਹਾਰ ਲਉ, ਗੂੜੀ ਨੀਂਦ ਦਾ ਆਨੰਦ ਮਾਣੋ ਅਤੇ ਹਮੇਸ਼ਾ ਉਤਸ਼ਾਹਿਤ ਰਹੋ। ਤੁਸੀਂ ਜਿਹੜਾ ਵੀ ਕੰਮ ਸ਼ੁਰੂ ਕਰਦੇ ਹੋ ਉਸ ਨੂੰ ਅਧੂਰਾ ਨਾ ਛੱਡੋ। ਅਧੂਰੇ ਕੰਮ ਕਰਨ ਵਾਲਿਆਂ ਨੂੰ ਕੁੱਝ ਵੀ ਨਹੀਂ ਮਿਲਦਾ। ਮਿੱਠੇ ਪਾਣੀ ਦਾ ਆਨੰਦ ਉਨ੍ਹਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਸਿਰ ਸਿੱਟ ਕੇ ਪਾਂਡੂ ਅਤੇ ਰੋੜ੍ਹਾਂ ਦੀ ਪਰਵਾਹ ਕੀਤੇ ਬਿਨਾ ਲਗਾਤਾਰ ਬੋਰ ਡੂੰਘਾ ਕਰਨ ਦਾ ਕੰਮ ਜ਼ਾਰੀ ਰੱਖਦੇ ਹਨ। ਕਈ ਵਾਰ ਤੁਹਾਡੇ ਪੂਰੀ ਵਾਹ ਲਾਉਣ ਦੇ ਬਾਵਜੂਦ ਵੀ ਨਤੀਜੇ ਸਾਰਥਿਕ ਨਹੀ ਆਉਂਦੇ ਤਾਂ ਹਿੰਮਤ ਹਾਰ ਕੇ ਹਥਿਆਰ ਨਾ ਸੁੱਟੋ ਕਿਉਂਕਿ ਵਾਰ-ਵਾਰ ਡਿੱਗ ਕੇ ਹਰ ਵਾਰ ਉੱਠਣਾ ਹੀ ਸਫ਼ਲਤਾ ਦਾ ਭੇਤ ਹੈ। ਤਬਦੀਲੀ ਕੁਦਰਤ ਦਾ ਸਦੀਵੀਂ ਨਿਯਮ ਹੈ ਕੁਦਰਤ ਹਮੇਸਾ ਗਤੀਸ਼ੀਲ ਰਹਿੰਦੀ ਹੈ ਜਿਵੇਂ ਸੂਰਜ ਕੋਣ ਬਦਲਦਾ-ਬਦਲਦਾ ਸ਼ਾਮ ਨੂੰ ਅਲੋਪ ਹੋ ਕੇ ਦੂਜੇ ਦਿਨ ਫਿਰ ਪ੍ਰਗਟ ਹੋ ਜਾਂਦਾ ਹੈ ਇਸ ਲਈ ਰਾਤ, ਦਿਨ ਦਾ ਸਫਰ ਚੱਲਦਾ ਰਹਿੰਦਾ ਹੈ। ਅੱਜ ਜੇ ਤੁਸੀਂ ਮੁਸੀਬਤਾਂ ਦੀ ਹਨੇਰੀ ਰਾਤ ’ਚ ਘਿਰੇ ਹੋਏ ਹੋ ਤਾਂ ਥੋੜ੍ਹੇ ਸਮੇਂ ਬਾਅਦ ਸਫਲਤਾ ਦਾ ਸੂਰਜ ਵੀ ਜ਼ਰੂਰ ਚੜ੍ਹੇਗਾ। ਬਸ ਲੋੜ ਹੈ ਧੀਰਜ ਦੀ। ਮੁਸੀਬਤਾਂ ਆਉਣ ‘ਤੇ ਵੀ ਆਸ਼ਾਵਾਦੀ ਬਣੇ ਰਹੋ ਤੇ ਡਟੇ ਰਹੋ। ਯਾਦ ਰੱਖੋ ਕਿ ਪਤਝੜ ਵਿਚ ਪੱਤੇ ਝੜਦੇ ਹਨ ਦਰਖ਼ਤ ਨਹੀ ਡਿੱਗਦੇ।
ਹਵਾ ਕੇ ਸਾਥ ਭੀ ਰਿਸ਼ਤੇ ਬੜੇ ਪੁਰਾਣੇ ਹੈਂ ,
ਮਗਰ ਚਿਰਾਗ਼ ਤੋ ਹਰ ਹਾਲ ਮੇਂ ਜਲਾਨੇ ਹੈਂ।
ਅਸਫਲਤਾ ਜਿੰਦਗੀ ਦਾ ਇਕ ਭਾਗ ਹੈ। ਅਸਫਲ ਹੋਣ ‘ਤੇ ਵਿਅਕਤੀ ਕੁਝ ਨਾ ਕੁਝ ਜ਼ਰੂਰ ਸਿੱਖਦਾ ਹੈ। ਇਸ ਨੂੰ ਹੀ ਤਜਰਬਾ ਕਿਹਾ ਜਾਂਦਾ ਹੈ। ਸਮੇਂ ਦੇ ਨਾਲ ਇਸ ਤਜਰਬੇ ਦਾ ਲਾਭ ਉਠਾਉਂਦੇ ਹੋਏੇ ਮਜ਼ਬੂਤ ਇਰਾਦੇ ਨਾਲ ਹੋਰ ਯਤਨ ਕਰਨਾ ਚਾਹੀਦਾ ਹੈ। ਜਿੰਦਗੀ ’ਚ ਹਾਂ ਪੱਖੀ ਸੋਚ ਆਪਣਾ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ ਜਿਹੜਾ ਵਿਅਕਤੀ ਆਪਣੀਆ ਘਾਟਾਂ ਜਾਂ ਕਮੀਆਂ ਤੋਂ ਦੁੱਖੀ ਹੋ ਕਿ ਹੱਥ ‘ਤੇ ਹੱਥ ਰੱਖ ਕੇ ਬੈਠ ਜਾਂਦਾ ਹੈ ਉਹ ਕਦੇ ਵੀ ਸਫਲ ਨਹੀਂ ਹੋ ਸਕਦਾ।
 
ਹਰ ਰੋਜ਼ ਕੁਝ ਨਵਾਂ ਪੜ੍ਹੋ, ਕਿਉਂਕਿ ਪੜ੍ਹੇ-ਲਿਖੇ ਹੋਣ ਦੇ ਨਾਲ-ਨਾਲ ਪੜ੍ਹਦੇ ਲਿਖਦੇ ਰਹਿਣਾ ਜ਼ਰੂਰੀ ਹੈ ਤਾਂ ਹੀ ਤੁਸੀਂ ਆਪਣੀ ਕਲਪਨਾ ਦਾ ਘੇਰਾ ਵਿਸ਼ਾਲ ਕਰ ਸਕੋਗੇ। ਵਿਕਾਸ ਅਤੇ ਵਿੱਦਿਆ ਦਾ ਸਿੱਧਾ ਸੰਬੰਧ ਹੈ ਤੇ ਤੁਸੀਂ ਸਹੀ ਰਾਹ ‘ਤੇ ਹੋ। ਲੀਕ ਤੋ ਹੱਟ ਕੇ ਪਰ ਊਸਾਰੂ ਕੰਮ ਕਰੋ। ਔਖਿਆਈਆਂ ਆਉਣ ‘ਤੇ ਮਾਯੂਸ ਨਾ ਹੋਵੋ ਕਿਉਂਕਿ ਸਮਾਂ ਬੀਤਣ ਨਾਲ ਤੁਹਾਡੀ ਪ੍ਰਸ਼ੰਸਾ ਹੋਣ ਲੱਗੇਗੀ। ਇਸ ਸੰਬੰਧੀ ਮੈਂ ਤੁਹਾਡੇ ਨਾਲ ਇਕ ਨਿੱਜੀ ਤਜਰਬਾ ਸਾਂਝਾ ਕਰਨਾ ਚਾਹਾਂਗਾ। ਅੱਜ ਤੋਂ 20 ਸਾਲ ਪਹਿਲਾਂ ਮਾਲੇਰਕੋਟਲਾ ਵਿਚ ਇੰਗਲਿਸ਼ ਸਪੀਕਿੰਗ ਕੋਰਸ ਅਤੇ ਪਰਸਨੈਲਿਟੀ-ਡਿਵੈਲਪਮੰਟ ਦੀਆ ਕਲਾਸਾਂ ਸ਼ੁਰੂ ਕੀਤੀਆਂ ਤਾਂ ਉਸ ਸਮੇਂ ਲੋਕਾਂ ਨੂੰ ਇਹ ਵਿਚਾਰ ਹਾਸੋਹੀਣਾ ਲੱਗਿਆ। ਪਰ ਅੱਜ ਜਦੋਂ ਮੈਨੂੰ ਪੰਜਾਬ ਸਰਕਾਰ ਵੱਲੋਂ ‘ਸਟੇਟ ਐਵਾਰਡ’ ਮਿਲ ਚੁੱਕਿਆ ਹੈ ਤਾਂ ਬਹੁਤ ਮਾਨ-ਸਨਮਾਨ ਮਿਲ ਰਿਹਾ ਹੈ। ਕਿਉਂਕਿ ਮੈਂ ਇਕਚਿੱਤ ਹੋ ਕੇ ਸੇਵਾ ਭਾਵਨਾ ਨਾਲ਼ ਹਜ਼ਾਰਾਂ ਬੀ.ਏ.,ਐਮ.ਏ ਵਿਦਿਆਰਥੀਆਂ, ਡਾਕਟਰਾਂ, ਵਕੀਲਾਂ ਅਤੇ ਅਧਿਆਪਕਾਂ ਨੂੰ ਅੰਗ਼ਰੇਜ਼ੀ ਪੜ੍ਹਾ ਚੁੱਕਿਆ ਹਾਂ। ਬਿਨਾਂ ਸ਼ੱਕ ਇਹ ਪ੍ਰਾਪਤੀਆਂ ਹੀ ਮੇਰੀ ਜ਼ਿੰਦਗੀ ਦਾ ਸਰਮਾਇਆ ਹਨ। ਜੇਕਰ ਮੈਂ 60 ਪ੍ਰਤੀਸ਼ਤ ਅੰਗਹੀਣ ਹੁੰਦੇ ਹੋਏ ਇੱਥੋ ਤੱਕ ਪਹੁੰਚ ਸਕਦਾ ਹਾਂ। ਕੀ ਤੁਸੀਂ ਇਸ ਤੋ ਅੱਗੇ ਪਹੁੰਚਣ ਦੇ ਹੱਕਦਾਰ ਨਹੀ ਹੋ?
 
ਤੁਹਾਡਾ ਆਪਣਾ, 
ਮਨਜੀਤ ਤਿਆਗੀ, ਮਾਲੇਰਕੋਟਲਾ

Comments

Leave a Reply


Posted

in

,

Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com