ਆਪਣੀ ਬੋਲੀ, ਆਪਣਾ ਮਾਣ

ਔਰਤ ਦਿਵਸ ਤੇ ਅੱਜ ਦੀ ਔਰਤ ਦਾ ਮੁਹਾਂਦਰਾ

ਅੱਖਰ ਵੱਡੇ ਕਰੋ+=
ਸਦੀਆਂ ਪਹਿਲਾਂ ਜਦੋਂ ਆਦਿ ਮਨੁੱਖ ਨੇ ਜਨਮ ਲਿਆ ਤਾਂ ਔਰਤ ਤੇ ਪੁਰਸ਼ ਦੋਨੋਂ ਹੋਂਦ ਵਿੱਚ ਆਏ। ਕੁਦਰਤੀ ਵਿਕਾਸ ਨੂੰ ਅੱਗੇ ਲੈ ਕੇ ਜਾਣ ਲਈ ਦੋਹਾਂ ਦੇ ਪ੍ਰਸਪਰ ਸਬੰਧਾਂ ਤਹਿਤ ਮਨੁੱਖ ਦਾ ਵਿਕਾਸ ਹੋਣਾ ਸੰਭਵ ਹੋਇਆ ਹੈ। ਬੇਸ਼ੱਕ ਜ਼ਿੰਦਗੀ ਦੀ ਜੱਦੋ-ਜਹਿਦ ਵਿੱਚ ਔਰਤ ਬਰਾਬਰ ਦੀ ਭਾਈਵਾਲ ਹੋਣ ਸਦਕਾ ਵੀ 19ਵੀਂ ਸਦੀ ਵਿੱਚ 1869 ਈਸਵੀ ਵਿੱਚ ਬ੍ਰਿਟਿਸ਼ ਐਮ. ਪੀ. ਜੋਹਨ ਸਟੂਰਟ ਮਿੱਲ ਪਹਿਲਾਂ ਇਨਸਾਨ ਸੀ ਜਿਸਨੇ ਪਾਰਲੀਮੈਂਟ ਵਿੱਚ ਔਰਤ ਨੂੰ ਵੋਟ ਦਾ ਹੱਕ ਦੇਣ ਦੀ ਗੱਲ ਕੀਤੀ ਸੀ ਅਤੇ 19 ਸਤੰਬਰ, 1893 ਵਿੱਚ ਨਿਊਜ਼ੀਲੈਂਡ ਸੰਸਾਰ ਵਿੱਚ ਸਭ ਤੋਂ ਪਹਿਲਾ ਦੇਸ਼ ਸੀ ਜਿਸ ਵਿੱਚ ਔਰਤ ਨੂੰ ਵੋਟ ਦਾ ਹੱਕ ਮਿਲਿਆ।
    1910 ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਕੋਪਨਹੈਗਨ ਵਿੱਚ ਹੋਈ।  ਸ਼ੋਸ਼ਲ ਡੈਮੋਕਰੈਟਿਕ ਪਾਰਟੀ ਜਰਮਨੀ ਲੀਡਰ ਕਲਾਰਾ ਜੈਟਕਿਨ ਨੇ ਇਸ ਮੀਟਿੰਗ ਵਿੱਚ ਅੰਤਰਰਾਸ਼ਟਰੀ ਔਰਤ ਦਿਵਸ ਦਾ ਵਿਚਾਰ ਦਿੱਤਾ ਸੀ ਅਤੇ ਉਸਨੇ ਕਿਹਾ ਕਿ ਹਰ ਸਾਲ ਹਰ ਦੇਸ਼ ਇੱਕੋ ਹੀ ਦਿਨ ਔਰਤ ਦਿਵਸ ਮਨਾਇਆ ਕਰੇ ਤੇ ਉਹ ਆਪਣੀਆਂ ਮੰਗਾਂ ਦੱਸ ਸਕਿਆ ਕਰਨਗੀਆਂ। ਇਸ ਕਾਨਫਰੰਸ ਵਿੱਚ 17 ਦੇਸ਼ਾਂ ਦੀਆਂ
100 ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਤੇ ਕਲਾਰਾ ਜੈਟਕਿਨ ਦੇ ਸੁਝਾਅ ਨੂੰ ਕਬੂਲਦਿਆਂ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣ ਲਈ ਹਾਮੀ ਭਰ ਦਿੱਤੀ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਔਰਤ ਦਿਵਸ 1911 ਵਿੱਚ 19 ਮਾਰਚ ਦਾ ਦਿਨ ਮਿੱਥਿਆ ਗਿਆ। ਇਸ ਤਰੀਕ ਨੂੰ 1848 ਦੇ ਇਨਕਲਾਬ ਸਮੇਂ, ਪਰਸ਼ੀਅਨ ਰਾਜੇ ਨੇ ਹਥਿਆਰਬੰਦ ਲੋਕਾਂ ਦੇ ਰੋਹ ਤੋਂ ਡਰ ਕੇ ਉਹਨਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਜਿਨ੍ਹਾਂ ਵਿੱਚ ਔਰਤਾਂ ਨੂੰ ਵੋਟ ਦਾ ਹੱਕ ਵੀ ਸੀ, ਪਰ ਬਾਅਦ ਵਿੱਚ ਮੁੱਕਰ ਗਿਆ ਸੀ। ਇਸ ਕਰਕੇ ਇਹ ਦਿਨ ਬਦਲ ਕੇ 8 ਮਾਰਚ ਦਾ ਦਿਨ ਅੰਤਰਰਾਸ਼ਟਰੀ ਔਰਤ ਦੇ ਦਿਵਸ ਨਾਲ ਮਨਾਉਣਾ ਸ਼ੁਰੂ ਕੀਤਾ। ਪਹਿਲਾਂ ਪਹਿਲ ਔਰਤਾਂ ਨੂੰ ਕੰਮ ਦੇ 8 ਘੰਟਿਆਂ ਦੀ ਮਜ਼ਦੂਰੀ ਤੇ ਔਰਤਾਂ ਨੂੰ ਵੋਟ ਦੇ ਹੱਕ ਦੀਆਂ ਮੰਗਾਂ ਨੂੰ ਪੇਸ਼ ਕੀਤਾ ਗਿਆ।
    ਔਰਤਾਂ ਘਰੋਂ ਨਿਕਲ ਕੇ, ਬੱਚੇ ਪਾਲਣ ਦੀ ਫੁਰਸਤ ਤੋਂ ਬਿਨ੍ਹਾਂ, ਘਰ ਦੇ ਕੰਮ ਕਰਨ ਤੋਂ ਬਿਨ੍ਹਾਂ ਜੀਵਨ ਨਿਰਬਾਹ, ਘਰੋਂ ਬਾਹਰ ਨਿਕਲ ਕੇ ਸਰਕਾਰੀ ਕੰਮਾਂ ਦੇ ਫੈਸਲਿਆਂ ਵਿੱਚ ਹਿੱਸਾ ਲੈ ਸਕਦੀਆਂ ਹਨ, ਵਰਗੀਆਂ ਗੱਲਾਂ ਅਖ਼ਬਾਰਾਂ ਵਿੱਚ ਲੋਕਾਂ ਨੂੰ ਪਹਿਲੀ ਵਾਰ ਸੁਣਨ ਨੂੰ ਮਿਲੀਆਂ। ਜਦੋਂ 30,000 ਔਰਤਾਂ ਹੱਥਾਂ  ਵਿੱਚ ਬੈਨਰ ਫੜ੍ਹ ਕੇ, ਪੁਲੀਸ ਦਾ ਟਾਕਰਾ ਕਰਦੀਆਂ ਹੋਈਆਂ ਵੱਡੀਆਂ ਸੜਕਾਂ ਤੇ ਵੱਡੇ ਹਜ਼ੂਮ ਵਿੱਚ ਆਈਆਂ ਤਾਂ ਉਹਨਾਂ ਦੇ ਹੌਂਸਲੇ ਨੂੰ ਦੇਖਦਿਆਂ ਸਰਕਾਰ ਨੂੰ ਮਜ਼ਬੂਰਨ ਉਨ੍ਹਾਂ ਦੀ ਗੱਲ ਸੁਣਨੀ ਪਈ। ਬਾਅਦ ਵਿੱਚ 1913 ਵਿੱਚ 8 ਮਾਰਚ ਦਾ ਦਿਨ ਬਹੁਤ ਸਾਰੇ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਦਿਵਸ ਦੇ ਨਾਂ ਨਾਲ ਮਨਾਇਆ ਜਾਣ ਲੱਗਿਆ ਤੇ
ਚੀਨ, ਰੂਸ, ਬੇਲਾਰਸ, ਬਲਗਾਰੀਆ, ਕਜ਼ਾਕਿਸਤਾਨ, ਕਰਿਗਿਸਤਾਨ, ਮੈਸੇਡੋਨੀਆ, ਤਾਜ਼ਕਿਸਤਾਨ, ਮੰਗੋਲੀਆ, ਯੂਕਰੇਨ, ਮਾਲਡੋਵਾ, ਅਰਮੀਨੀਆ, ਊਜ਼ਬੇਕਿਸਤਾਨ ਤੇ ਵੀਅਤਨਾਮ ਸਮੇਤ ਕਈ ਦੇਸ਼ਾਂ ਵਿੱਚ ਇਸ ਦਿਨ ਦੀ ਸਰਕਾਰੀ ਛੁੱਟੀ ਵੀ ਹੁੰਦੀ ਹੈ।  ਦੁਨੀਆਂ ਦੇ ਸਭ ਤੋਂ ਅਮੀਰ ਤੇ ਵਿਕਸਿਤ ਦੇਸ਼ ਅਮਰੀਕਾ ਨੇ ਵੀ ਅੰਤਰਰਾਸ਼ਟਰੀ ਔਰਤ ਦਿਵਸ ਨੂੰ 1975 ਵਿੱਚ ਰਸਮੀ ਤੌਰ ਤੇ ਮਾਨਤਾ ਦੇ ਦਿੱਤੀ।
    19ਵੀਂ ਤੇ 20ਵੀਂ ਸਦੀ ਦੇ ਸੰਘਰਸ਼ ਦਾ ਇਤਿਹਾਸ ਦੇਖਣ ਤੋਂ ਬਾਅਦ ਸਾਡੇ ਮਨਾਂ ਵਿੱਚ 21ਵੀਂ ਸਦੀ ਦੀ ਔਰਤ ਦੀ ਅੱਜ ਦੀ ਸਥਿਤੀ ਕੀ ਹੈ? ਕੀ ਉਹ ਅਜ਼ਾਦ ਹੈ? ਉਸਦੀ ਅੱਜ ਦੀ ਦਸ਼ਾ ਤੇ ਦਿਸ਼ਾ ਕੀ ਹੈ? ਕੀ ਉਸਨੂੰ ਸਾਰੇ ਹੱਕ ਹਾਸਲ ਹਨ? ਕੀ ਉਸਦੀ ਲੜਾਈ ਖਤਮ ਹੋ ਗਈ ਹੈ? ਕੀ ਅੱਜ ਦੀ “ਪਾਵਰ ਵੂਮੈਨ” ਆਪਣੀ ਮੰਜ਼ਲ ਤੇ ਪਹੁੰਚ ਗਈ ਹੈ? ਇਹੋ ਜਿਹੇ ਅਨੇਕਾਂ ਸਵਾਲ ਖੜ੍ਹੇ ਹੁੰਦੇ ਹਨ।
    ਅੱਜ ਜਦੋਂ ਅਸੀਂ ਸਰਸਰੀ ਨਜ਼ਰ ਮਾਰਦੇ ਹਾਂ ਤਾਂ ਦੇਖਣ ਨੂੰ ਲੱਗਦਾ ਹੈ ਕਿ ਔਰਤ ਅਜ਼ਾਦ ਹੋ ਗਈ ਹੈ ਸਗੋਂ ਕਈ ਥਾਵਾਂ ਤੇ ਮਰਦਾਂ ਨਾਲੋਂ ਵੀ ਅੱਗੇ ਲੰਘ ਚੁੱਕੀ ਹੈ। ਪੂੰਜੀਪਤੀ ਸਮਾਜ ਨੇ ਇਸਨੂੰ ਕਿਸੇ ਹੱਦ ਤੱਕ ਸਮਾਜਿਕ ਤੇ ਰਾਜਨੀਤਿਕ ਪੜਾਵਾਂ ਤੇ ਮਰਦ ਦੇ ਬਰਾਬਰ ਲਿਆਂਦਾ ਹੈ, ਇਸਦੇ ਜਨਮ ਦੀ ਦਸ਼ਾ ਨੂੰ ਸੁਧਾਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਬਹੁਤ ਸਾਰੇ ਨਾਰੀ ਸੰਗਠਨਾਂ ਨੇ ਇਸਨੂੰ ਵਸਤਾਂ ਵਾਂਗ ਨਿੱਜੀ ਜਾਇਦਾਦ ਦੇ ਚੁੰਗਲ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਸਾਡੇ ਸਮਾਜ ਦੀ ਸੰਕੀਰਣ ਤੇ ਪ੍ਰੰਪਰਾਵਾਦੀ ਸੋਚ ਅਜੇ ਉੱਥੇ ਹੀ ਖੜ੍ਹੀ ਹੈ ਤਾਂ ਹੀ ਤਾਂ ਅੱਜ ਦੇ ਯੁੱਗ ਵਿੱਚ ਵੀ ਭਰੂਣ ਹੱਤਿਆ, ਬਲਾਤਕਾਰਾਂ ਦੀ ਗਿਣਤੀ, ਹਿੰਸਾ ਦੀਆਂ ਵੱਧ ਰਹੀਆਂ ਵਾਰਦਾਤਾਂ, ਵਿਆਹ ਵੇਲੇ ਖਰਚੇ ਦੀ ਬਹੁਤਾਤ, ਮੂੰਹ ਮੰਗੀਆਂ ਦਾਜ ਦੀਆਂ ਲਿਸਟਾਂ ਅਤੇ ਔਰਤ ਦਾ ਬਾਜ਼ਾਰੀਕਰਣ ਔਰਤ ਦੀ ਤਰੱਕੀ ਦੇ ਦਾਅਵਿਆਂ ਨੂੰ ਝੂਠਾ ਸਾਬਿਤ ਕਰਕੇ ਉਸ ਦੇ ਸ਼ੋਸ਼ਣ ਦੀਆਂ ਮਿਸਾਲਾਂ ਪੇਸ਼ ਕਰਦਾ ਹੈ। ਸ਼ੋਸ਼ਣ ਤੇ ਅਧਾਰਤ ਸਮਾਜ ਕਦੇ ਵੀ ਬਰਾਬਰਤਾ ਦਾ, ਲੁੱਟ ਰਹਿਤ ਸਮਾਜ ਨਹੀਂ ਹੋ ਸਕਦਾ ਜਿਸ ਸਮਾਜ ਵਿੱਚ ਇਹੋ ਜਿਹੀਆਂ ਘਟਨਾਵਾਂ ਸਮਾਜ ਦੀ ਲੱਗਭੱਗ ਅੱਧੀ ਅਬਾਦੀ ਨਾਲ ਵਾਪਰ ਰਹੀਆਂ ਹੋਣ ਉਹ ਸਮਾਜ ਦਾ ਅਜ਼ਾਦ ਹੋਣਾ ਨਾਮੁਮਕਿਨ ਹੈ। ਇਹ ਮਸਲਾ ਇਕੱਲੀ ਔਰਤ ਦੀ ਅਜ਼ਾਦੀ ਦਾ ਨਹੀਂ ਸਗੋਂ ਮਨੁੱਖ ਦੀ ਅਜ਼ਾਦੀ ਦਾ ਹੈ ਕਿਉਂ ਕਿ ਇਹ ਸਮਾਜ ਦੋ ਜਮਾਤਾਂ ਵਿੱਚ ਵੰਡਿਆ ਹੋਇਆ ਹੈ ਇੱਕ ਲੁੱਟਣ ਵਾਲੀ ਜਮਾਤ ਤੇ ਦੂਸਰੀ ਲੁੱਟੀ ਜਾਣ ਵਾਲੀ ਜਿਨ੍ਹਾਂ ਚਿਰ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਖ਼ਤਮ ਨਹੀਂ ਹੁੰਦੀ ਉਦੋਂ ਤੱਕ ਔਰਤ ਵੀ ਅਜ਼ਾਦ ਨਹੀਂ ਹੋ ਸਕਦੀ। ਰਾਜਨੀਤੀ, ਧਰਮ, ਪ੍ਰੰਪਰਾ ਤੇ ਸਮਾਜ ਨੇ ਔਰਤ ਨੂੰ ਇਸ ਤਰ੍ਹਾਂ ਗੁੰਮਰਾਹ ਕੀਤਾ ਹੈ ਕਿ ਉਹ ਨਿੱਜੀ ਜਾਇਦਾਦ ਤੋਂ ਬਦਲ ਕੇ ਪਬਲਿਕ ਪ੍ਰਾਪਰਟੀ ਬਣ ਕੇ ਰਹਿ ਗਈ ਹੈ, ਜਿਸ ਨੁੰ ਹਰ ਕੋਈ ਵਰਤ ਸਕਦਾ ਹੈ। ਇਸਦਾ ਪ੍ਰਮਾਣ ਇਹ ਹੈ ਕਿ ਉਸਦੇ ਸਿਰ ਜੁੰਮੇਵਾਰੀਆਂ ਦੀ ਪੰਡ ਵੱਧ ਗਈ ਹੈ ਤੇ ਉਹ ਨਵੇਂ ਢੰਗ ਦੀ ਗੁਲਾਮੀ ਵਿੱਚ ਖੁੱਬਣ ਲੱਗੀ ਹੈ।
    ਪਹਿਲਾਂ ਪਹਿਲ ਔਰਤ ਨੇ ਆਪਣੀ ਸੂਝ, ਸਿਆਣਪ, ਸਹਿਣਸ਼ੀਲਤਾ, ਜੱਦੋ-ਜਹਿਦ ਤੇ ਰਚਨਾਤਮਿਕ ਸ਼ਕਤੀ ਨਾਲ ਇਸ ਧਰਤੀ ਨੂੰ ਸੰਵਾਰਿਆ। ਉਹ ਘਰ ਦੀ ਚਾਰਦੀਵਾਰੀ ਵਿੱਚ ਕੰਮ ਕਰਦੀ, ਬੱਚੇ ਪਾਲਦੀ ਤੇ ਸੰਤੁਸ਼ਟ ਜੀਵਨ ਬਸਰ ਕਰਦੀ, ਪਰ ਅੱਜ ਦੀ ਔਰਤ ਦੀ ਕਿਰਤ ਸ਼ਕਤੀ ਦੇ ਮੁਆਵਜ਼ੇ ਨੂੰ ਹੀ ਔਰਤ ਦੀ ਅਜ਼ਾਦੀ ਦਾ ਨਾਂ ਦਿੱਤਾ ਜਾ ਰਿਹਾ ਹੈ ਜਦ ਕਿ ਉਹ ਹੁਣ ਦੂਹਰਾ ਸੰਤਾਪ ਹੰਢਾਉਂਦੀ ਹੈ। ਜੇ ਬਾਹਰ ਜਾ ਕੇ ਕੰਮ ਕਰਨ ਨੂੰ ਅਜ਼ਾਦੀ ਕਹੀਏ ਤਾਂ ਮਜ਼ਦੂਰ ਔਰਤਾਂ ਮੁੱਢ ਤੋਂ ਹੀ ਖੇਤਾਂ ਵਿੱਚ, ਸੜਕਾਂ ਤੇ ਰੋੜੀ ਕੁੱਟਦੀਆਂ, ਇਮਾਰਤਾਂ ਲਈ ਇੱਟਾਂ, ਗਾਰਾਂ ਢੋਂਹਦੀਆਂ ਦੇਖੀਆਂ ਜਾ ਸਕਦੀਆਂ ਹਨ। ਕੀ ਇਹ ਵੀ ਉਹਨਾਂ ਦੀ ਅਜ਼ਾਦੀ ਹੈ?
    ਅੱਜ ਦੀ ਔਰਤ ਇਕੱਲੇ ਪੁਰਸ਼ ਸਮਾਜ ਦੀ ਗੁਲਾਮ ਨਹੀਂ ਜਿਵੇਂ ਕਿ ਭੁਲੇਖਾ ਪਾਇਆ ਜਾਂਦਾ ਹੈ ਸਗੋਂ ਪੂੰਜੀਵਾਦ ਪ੍ਰਬੰਧ ਦੀ ਗੁਲਾਮ ਹੈ ਜਿਸ ਵਿੱਚ ਉਸਦੇ ਪਰਿਵਾਰ ਦੇ ਨਾਲ-ਨਾਲ ਉਹਨਾਂ ਵਾਂਗ ਕੰਮ ਕਰਨ ਵਾਲੇ ਸਾਰੇ ਗਰੀਬ ਲੋਕ ਵੀ ਉਸੇ ਦਾਇਰੇ ਵਿੱਚ ਆਉਂਦੇ ਹਨ। ਇਸ ਕਰਕੇ ਸਾਨੂੰ ਕਹਿਣਾ ਪਵੇਗਾ ਕਿ ਔਰਤ ਸਿਰਫ਼ ਪੁਰਸ਼ ਸੱਤਾ ਦੀ ਗੁਲਾਮ ਨਹੀਂ ਸਗੋਂ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਭਿਆਚਾਰਕ ਸੱਤਾ ਦੀ ਗੁਲਾਮ ਹੈ।
    ਭਰੂਣ ਹੱਤਿਆ ਦੇ ਅੰਕੜੇ ਪਿਛਲੇ ਸਾਲਾਂ ਵਿੱਚ 1000 ਮਰਦਾਂ ਪਿੱਛੇ 777 ਹੋ ਜਾਣ ਦਾ ਮਤਲਬ ਸਾਡੀਆਂ ਪ੍ਰੰਪਰਕ ਕਹਾਵਤਾਂ ਜੋ ਵੈਦਿਕ ਕਾਲ ਤੋਂ ਸ਼ੁਰੂ ਹੋਈਆਂ ਸਨ ਜਿਵੇਂ ਕਿ ਅਥਰਵਵੇਦ ਵਿੱਚ ਕਿਹਾ ਗਿਆ ਹੈ ਕਿ ਪੁੱਤਰੀ ਦਾ ਜਨਮ ਕਿਧਰੇ ਹੋਰ ਹੋ ਜਾਵੇ ਇੱਥੇ ਤਾਂ, ਹੇ ਦੇਵਤਾ, ਪੁੱਤਰ ਹੀ ਭੇਜੀਂ। ਪੁੱਤਰ ਦੀ ਕਾਮਨਾ ਦੀ ਸੋਚ ਦੀ ਤਬਦੀਲੀ ਹੋਣ ਦੀ ਬਜਾਇ ਇਸ ਉਪਭੋਗਤਾਵਾਦੀ ਸਮਾਜ ਵਿੱਚ ਔਰਤ ਨੂੰ ਮੁਹਰਾ ਬਣਾ ਕੇ ਇਸ ਬਾਜ਼ਾਰਵਾਦ ਦਾ ਹਿੱਸਾ ਬਣਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ ਜਾਂਦੇ ਹਨ। ਜਿਵੇਂ ਕਿ ਆਪਣੀ ਲਾਲਸਾ ਪੂਰੀ ਕਰਨ ਲਈ ਨੂੰਹ ਤੋਂ ਹੀ ਦਾਜ ਲੈ ਕੇ ਆਪਣਾ ਰੁਤਬਾ ਉੱਚਾ ਕਰਕੇ ਇਸ ਬਾਜ਼ਾਰਵਾਦ ਦੇ ਸਮਾਜ ਵਿੱਚ ਬਰਾਬਰ ਖੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਦਾਜ ਦੇਣ ਦੀ ਤਕਲੀਫ ਤੋਂ ਮਾਪਿਆਂ ਨੂੰ ਬਚਾਉਣ ਲਈ ਅਜਿਹੀਆਂ ਵਿਗਿਆਨਕ ਤਕਨੀਕਾਂ ਜੋ ਬੱਚੇ ਦੀ ਸਿਹਤਮੰਦ ਸਿਹਤ ਦਾ ਅਨੁਮਾਨ ਲਾਉਣ ਲਈ ਵਰਤੀ ਜਾਣੀ ਸੀ ਦਾ ਵੱਡੀ ਪੱਧਰ ਤੇ ਦੁਰਉਪਯੋਗ ਕੰਨਿਆ ਭਰੂਣ ਹੱਤਿਆ ਦੇ ਤੌਰ ਤੇ ਕੀਤਾ ਜਾਂਦਾ ਹੈ।
    ਔਰਤਾਂ ਦੀਆਂ ਦੋ ਪੀੜ੍ਹੀਆਂ ਦੀ ਜੱਦੋ-ਜਹਿਦ ਨਾਲ ਨਵੀਂ ਪੀੜ੍ਹੀ ਨੂੰ ਸੁਤੰਤਰਤਾ ਦੀ ਚੇਤਨਾ ਨਾਲ ਪਰਿਵਾਰਕ ਜਕੜਬੰਦੀ ਤੋਂ ਮੁਕਤੀ ਮਿਲੀ ਹੈ ਪਰ ਉਹ ਵੀ ਸਾਰੀ ਮਨੁੱਖਤਾ ਵਾਂਗ ਭੁਮੰਡਲੀਕਰਣ ਦੇ ਦਬਾਅ ਹੇਠਾਂ ਮੰਡੀ ਦੁਆਰਾ ਅਨੁਸ਼ਾਸਤ ਤੇ ਵਿਸਥਾਪਤ ਹੋਣ ਲਈ ਮਜ਼ਬੂਰ ਹੈ। ਇਸਨੂੰ ਕਿਹਾ ਤਾਂ ਇਹ ਜਾ ਰਿਹਾ ਹੈ ਕਿ ਸਾਰੀ ਦੁਨੀਆਂ ਦੀ ਨਾਰੀ ਨੂੰ ਵਿਅਕਤੀਗਤ ਅਜ਼ਾਦੀ ਮਿਲੇਗੀ ਤੇ ਕਾਨੂੰਨੀ ਤੌਰ ਤੇ ਮਾਨਤਾ ਦਿਵਾਉਣ ਲਈ ਨਾਰੀਵਾਦ ਦਾ ਮੁਲੰਮਾ ਚਾੜ੍ਹ ਕੇ ਉਪਰਾਲੇ ਵੀ ਕੀਤੇ ਜਾ ਰਹੇ ਹਨ, ਪਰ ਦੇਖਣ ਵਿੱਚ ਆਇਆ ਹੈ ਕਿ “ਦੇਹ ਵਿਉਪਾਰ” ਦਾ ਧੰਦਾ ਵਧਿਆ ਹੈ। ਉਸਨੂੰ “ਸੈਕਸ ਵਰਕਰ” ਦਾ ਨਾਂ ਦੇ ਕੇ ਵੇਸਵਾ ਨੂੰ ਸਨਮਾਨਜਨਕ ਢੰਗ ਨਾਲ ਰੋਜ਼ੀ ਕਮਾਉਣ ਵਾਲੀ, ਮਰਜ਼ੀ ਦੀ ਮਾਲਕ ਤੇ ਅਜ਼ਾਦ ਔਰਤ ਦੇ ਨਾਂ ਤੇ ਮੀਡੀਏ ਵਿੱਚ ਵੀ ਬਾਖੂਬੀ ਵੇਚਿਆ ਜਾ ਰਿਹਾ ਹੈ। ਦੁਨੀਆਂ ਵਿੱਚ ਸੈਕਸ ਇੰਡਸਟਰੀ ਦਾ ਧੰਦਾ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ 1998 ਵਿੱਚ 40 ਲੱਖ ਔਰਤਾਂ ਦਾ ਨਿਰਯਾਤ ਹੋਇਆ ਜਿਸ ਤੋਂ ਮਾਫੀਆ ਗ੍ਰੋਹਾਂ ਨੇ ਸੱਤ ਅਰਬ ਡਾਲਰ ਦਾ ਲਾਭ ਕਮਾਇਆ। ਪਿਛਲੇ ਕੁਝ ਸਾਲਾਂ ਤੋਂ ਜਪਾਨ ਦੀ ਸੈਕਸ ਇੰਡਸਟਰੀ ਲਗਭਗ 4.2 ਖਰਬ ਯੇਨ ਪ੍ਰਤੀ ਵਰ੍ਹਾ ਕਮਾ ਰਹੀ ਹੈ। ਸੈਕਸ ਉਦਯੋਗ ਵਿੱਚ ਯੁਕਰੇਨੀ ਤੇ ਰੂਸੀ ਔਰਤਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਉਹਨਾਂ ਦੀ ਸਮੱਗਲਿੰਗ ਕਰਕੇ ਅਪਰਾਧੀ ਗ੍ਰੋਹ ਪੰਜ ਸੌ ਤੋਂ ਹਜ਼ਾਰ ਡਾਲਰ ਪ੍ਰਤੀ ਔਰਤ ਕਮਾਉਂਦੇ ਹਨ। ਇਹਨਾਂ ਔਰਤਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਇੱਕ ਦਿਨ ਵਿੱਚ 15 ਗਾਹਕ ਭੁਗਤਾ ਕੇ ਆਪਣੇ ਗ੍ਰੋਹ ਲਈ 21500 ਡਾਲਰ ਹਰ ਮਹੀਨੇ ਕਮਾਉਣਗੀਆਂ। ਇਸ ਧੰਦੇ ਵਿੱਚ ਜ਼ਿਆਦਾਤਰ ਨਾਬਾਲਗ ਬੱਚੀਆਂ ਨੂੰ ਝੋਕਿਆ ਜਾਂਦਾ ਹੈ ਤੇ ਦਲਾਲ ਉਹਨਾਂ ਦੀ ਖ੍ਰੀਦ ਵੇਚ ਵਿੱਚੋਂ ਹੀ ਅੰਨ੍ਹਾਂ ਮੁਨਾਫਾ ਲੈ ਜਾਂਦੇ ਹਨ। ਇੱਕ ਉਮਰ ਤੋਂ ਬਾਅਦ ਉਸਦੀ ਪੁੱਛ ਪੜਤਾਲ ਖ਼ਤਮ ਹੋ ਜਾਂਦੀ ਹੈ ਤੇ ਤਾਕਤ ਖਤਮ ਹੋਣ ਤੋਂ ਬਾਅਦ ਉਸ ਵਿੱਚ ਸੈਕਸ ਵਰਕਰ ਦੇ ਤੌਰ ਤੇ ਕੰਮ ਕਰਨ ਦੀ ਯੋਗਤਾ ਖਤਮ ਹੋ ਜਾਂਦੀ ਹੈ ਜਾਂ ਫਿਰ ਉਹ ਬਹੁਤ ਸਾਰੀਆਂ ਮਾਨਸਿਕ ਤੇ ਸਰੀਰਕ ਬਿਮਾਰੀਆਂ ਦੀ ਸ਼ਿਕਾਰ ਹੋ ਜਾਂਦੀ ਹੈ, ਇਸ ਤਰ੍ਹਾਂ ਦੀਆਂ ਔਰਤਾਂ ਮੰਗਤੀਆਂ ਜਾਂ ਨਸ਼ਿਆਂ ਵਿੱਚ ਗਲਤਾਨ ਵੱਡੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਰੁਲ਼ਦੀਆਂ ਦੇਖੀਆਂ ਜਾ ਸਕਦੀਆਂ ਹਨ।
    ਕੰਮ ਦੀ ਚੋਣ ਸਮੇਂ ਵੀ ਪਹਿਲ ਮਰਦ ਨੂੰ ਦਿੱਤੀ ਜਾਂਦੀ ਹੈ, ਦੂਸਰੇ ਨੰਬਰ ਤੇ ਉਹ ਔਰਤ ਆਉਂਦੀ ਹੈ ਜੋ ਕੁਆਰੀ ਹੈ। ਖਿਆਲ ਕੀਤਾ ਜਾਂਦਾ ਹੈ ਕਿ ਉਹ ਕੰਮ ਤੋਂ ਛੁੱਟੀ ਘੱਟ ਲਵੇਗੀ ਅਤੇ ਉਹ ਓਵਰਟਾਈਮ ਵੀ ਵੱਧ ਕਰ ਸਕਦੀ   ਹੈ। ਕੰਮਾਂ ਤੇ ਵੀ ਔਰਤਾਂ ਦਾ ਬਹੁਤ ਸ਼ੋਸ਼ਣ ਕੌੀਤਾ ਜਾਂਦਾ ਹੈ। ਉਸਨੂੰ ਕੰਮ ਤੋਂ ਕੱਢਣ ਦਾ ਡਰਾਵਾ ਦਿੱਤਾ ਜਾਂਦਾ ਹੈ। ਬਹੁਤੀ ਵਾਰੀ ਉਸ ਨੂੰ ਵੱਧ ਤਨਖਾਹ ਦਾ ਲਾਲਚ ਦੇ ਕੇ ਜਾਂ ਤਰੱਕੀ ਤੇ ਕੈਰੀਅਰ ਵਿੱਚ ਵਾਧੇ ਦਾ ਭਰੋਸਾ ਦੇ ਕੇ ਮਾਲਕ ਆਪਣੀ ਜੀ ਹਜ਼ੂਰੀ ਕਰਵਾਉਂਦੇ ਹਨ। ਬਹੁਤ ਵਾਰੀ ਉਹ ਸ਼ਰੀਰਿਕ ਸ਼ੋਸ਼ਣ, ਛੇੜਖਾਨੀ, ਫਿਕਰੇਬਾਜ਼ੀ ਸੁਣਨ ਲਈ ਤੇ ਸੰਭੋਗ ਕਰਨ ਲਈ ਵੀ ਮਜਬੂਰ ਕੀਤੀ ਜਾਂਦੀ ਹੈ। ਅੱਜ ਦੀ ਔਰਤ ਇਹ ਸਭ ਚੁਪ ਚਪੀਤਾ ਸਹਿਣ ਕਰ ਰਹੀ ਹੈ ਤਾਂ ਕਿ ਉਹ ਪੈਸੇ ਦੀ ਦੌੜ ਵਿੱਚ ਪਿੱਛੇ ਨਾ ਰਹਿ ਜਾਵੇ। ਬਹੁਤੀ ਵਾਰ ਦੇਖਦੇ ਹਾਂ ਕਿ ਦੋਨੋਂ ਪਤੀ ਪਤਨੀ ਕੰਮ ਤੋਂ ਥੱਕੇ ਆਉਂਦੇ ਹਨ,  ਔਰਤ ਆਉਂਦੀ ਸਾਰ ਰਸੋਈ ਦੇ ਕੰਮਾਂ ਵਿੱਚ ਜੁੱਟ ਜਾਂਦੀ ਹੈ ਜਾਂ ਬੱਚਿਆਂ ਦੀ ਪੜ੍ਹਾਈ ਜਾਂ ਸਿਹਤ ਦਾ ਖਿਆਲ ਰੱਖਦੀ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ “ਪਾਵਰ ਵੂਮੈਨ” ਆਪਣੀਆਂ ਪ੍ਰਾਪੰਰਿਕ ਜੁੰਮੇਵਾਰੀਆਂ ਤੋਂ ਮੁਕਤ ਨਹੀਂ ਹੋ ਸਕੀ। ਬਜ਼ਾਰ ਕੋਲ ਨਰ-ਨਾਰੀ ਦੀ ਕਿਰਤ ਵੰਡ ਨੂੰ ਤੋੜਨ ਦਾ ਨਾ ਕੋਈ ਔਜ਼ਾਰ ਹੈ ਤੇ ਨਾ ਹੀ ਇੱਛਾ। ਕੰਮ ਦੇ ਨਾਂ ਤੇ ਇਸ ਨੂੰ ਅਸਿੱਧੇ ਤੌਰ ਤੇ ਬਲਾਤਕਾਰ ਹੀ ਕਿਹਾ ਜਾ ਸਕਦਾ ਹੈ, ਜਿਨ੍ਹਾਂ ਦਾ ਰੰਗ ਢੰਗ ਬਦਲ ਗਿਆ ਹੈ।
    ਇਸ ਭੁਮੰਡਲੀਕਰਣ ਦੇ ਯੁੱਗ ਵਿੱਚ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਉਪਭੋਗੀ ਵਸਤਾਂ ਦੇ ਇਸ਼ਤਿਹਾਰ ਦੇ ਕੇ ਬਹੁਤ ਸ਼ੋਸ਼ਣ ਕਰ ਰਹੀਆਂ ਹਨ। ਇਲੈਕਟਰਾਨਿਕ ਮੀਡੀਏ ਵਿੱਚ ਅੱਜ ਉਸ ਮਾਡਲ ਦਾ ਜ਼ਮਾਨਾ ਹੈ ਕਿ ਅਗਰ ਫਲਾਣੀ ਕੰਪਨੀ ਦਾ ਪ੍ਰਫਿਊਮ, ਕੀਮਤੀ ਸਮਾਨ ਜਾਂ ਬਰੈਂਡੇਡ ਚੀਜ਼ਾਂ, ਮਰਦ ਵਰਤੇਗਾ ਤਾਂ ਔਰਤ ਸਭ ਕੁਝ ਉਸ ਤੇ ਨਿਛਾਵਰ ਕਰ ਦੇਵੇਗੀ।
ਸਿਰਫ ਆਪਣਾ ਮਾਲ ਵੇਚਣ ਲਈ ਉਸਦੀ ਨਗਨਤਾ ਨੂੰ ਸ਼ਰੇਆਮ ਬਜ਼ਾਰ ਵਿੱਚ ਵੇਚਿਆ ਜਾਂਦਾ ਹੈ। ਇਹ ਸੋਚੀ ਸਮਝੀ ਯੋਜਨਾ ਦੇ ਅਧੀਨ ਹੁੰਦਾ ਹੈ। ਔਰਤ ਦੇ ਕੁਦਰਤੀ ਸੁਹੱਪਣ ਨੂੰ ਅੱਖੋਂ ਪਰੋਖੇ ਕਰਕੇ ਬਾਹਰੀ ਸੁੰਦਰਤਾ ਦੇ ਸਬਜ਼ਬਾਗ ਦਿਖਾਉਂਦੇ ਹੋਏ ਅਨੇਕਾਂ ਹੀ ਵਾਲਾ ਸੁਆਰਨ, ਮੈਨੀਕਿਊਰ, ਪੈਡੀਕਿਊਰ ਤੇ ਫੇਸ਼ੀਅਲ ਕਰਨ ਦੇ ਤਰੀਕੇ ਤੇ ਉਸਦੇ ਫਾਇਦੇ ਦੱਸੇ ਜਾਂਦੇ ਹਨ ਤੇ ਇਸ਼ਤਿਹਾਰਬਾਜ਼ੀ ਵੀ ਨਾਮਵਰ ਔਰਤਾਂ ਜਿਵੇਂ ਵਿਸ਼ਵ ਸੁੰਦਰੀਆਂ, ਪ੍ਰਸਿੱਧ ਮਾਡਲ ਜਾਂ ਫਿਲਮੀ ਸਿਤਾਰਿਆਂ ਤੋਂ ਕਰਵਾ ਕੇ ਔਰਤਾਂ ਨੂੰ ਇਸ ਸੁੰਦਰਤਾ ਵਿੱਚ ਗਲਤਾਨ ਹੋਣ ਲਈ ਪ੍ਰਭਾਵਤ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕਾਰਪੋਰੇਟ ਅਦਾਰਿਆਂ ਦਾ ਮਕਸਦ ਅਸਿੱਧੇ ਢੰਗ ਨਾਲ ਉਪਭੋਗਵਾਦ ਫੈਲਾ ਕੇ ਲੋਕਾਂ ਦੀ ਅੰਨ੍ਹੀ ਲੁੱਟ ਕਰਨਾ ਹੈ।
    ਇਹ ਕਾਰਪੋਰੇਟ ਸਮਾਜ ਨੇ ਇੱਕ ਹੋਰ ਨਵਾਂ ਟਰੈਂਡ ਔਰਤ ਦੀ ਸੁੰਦਰਤਾ ਦੀ ਮਿੱਥ ਨਾਲ ਜੋੜ ਕੇ ਕਾਰਗਰ ਸਿੱਧ ਕਰ ਲਿਆ ਹੈ ਕਿ ਮੀਡੀਏ ਵਿੱਚ ਇਹੋ ਜਿਹੇ ਪ੍ਰਸਾਰਣ ਕੀਤੇ ਜਾਂਦੇ ਹਨ ਕਿ ਕੁੜੀਆਂ ਸਿਰਫ ਤੇ ਸਿਰਫ ‘ਬਾਰਬੀ ਡੌਲ’ ਬਣਨਾ ਲੋਚਦੀਆਂ ਹਨ। ਇਸ ਗੱਲ ਦਾ ਅੰਦਾਜ਼ਾ ਹਜ਼ਾਰਾਂ ਅਰਬ ਡਾਲਰ ਦੀ “ਡਾਈਟਿੰਗ ਇੰਡਸਟਰੀ” ਤੇ “ਕਾਸਮੈਟਿਕ ਇੰਡਸਟਰੀ” ਤੋਂ ਲਗਾਇਆ ਜਾ ਸਕਦਾ ਹੈ। ਇਸ ਧੰਦੇ ਦੀ ਮਿੱਥ ਨਾਲ ਦਿਨੋ ਦਿਨ ਹਜ਼ਾਰਾਂ ਲੜਕੀਆਂ ਇਹਦੀ ਗ੍ਰਿਫਤ ਵਿੱਚ ਆ ਰਹੀਆਂ ਹਨ ਜੋ ਪੜ੍ਹੀਆਂ ਲਿਖੀਆਂ ਔਰਤਾਂ, ਜੋ ਨਾਰੀ ਮੁਕਤੀ ਦਾ ਝੰਡਾ ਬੁਲੰਦ ਕਰ ਸਕਦੀਆਂ ਸਨ ਤੇ ਸਮਾਜ ਵਿੱਚ ਫੈਲੇ ਸ਼ੋਸ਼ਣ ਦੇ ਖਿਲਾਫ ਉੱਠ ਸਕਦੀਆਂ ਸਨ ਪਰ ਅੱਜ ਉਹ ਘਰੋਂ ਘਰੀ ਟੀ. ਵੀ., ਕੰਮਪਿਊਟਰ ਜਾਂ ਚੁਰਾਹਿਆਂ ਦੇ ਪਰਦੇ ਦੇ ਉੱਤੇ ਐਹੋ ਜਿਹੀਆਂ ਵਸਤਾਂ ਨੂੰ ਵੇਚ ਜਾਂ ਖ੍ਰੀਦ ਰਹੀਆਂ ਨਜ਼ਰ ਆਉਂਦੀਆਂ ਹਨ।
    ਔਰਤਾਂ ਪ੍ਰਤੀ ਵੱਧ ਰਹੀ ਹਿੰਸਾ ਦੇ ਵੀ ਕਈ ਕਾਰਣ ਹਨ ਜੋ ਕਿ ਮਨੁੱਖ ਦੀ ਆਰਥਿਕਤਾ ਨਾਲ ਜੁੜੇ ਹੋਏ ਹਨ। ਪੰਜਾਬੀ ਭਾਈਚਾਰੇ ਵਿੱਚ ਕਿੰਨੀਆਂ ਹੀ ਔਰਤਾਂ ਹਿੰਸਾ ਦਾ ਸ਼ਿਕਾਰ ਹੋ ਕੇ ਮਾਰੀਆਂ ਗਈਆਂ ਜਾਂ ਹਰ ਰੋਜ਼ ਹਿੰਸਾ ਦਾ ਸੰਤਾਪ ਹੰਢਾਉਂਦੀਆਂ ਹਨ। ਇਸਦੇ ਕਾਰਣ ਹਨ ਦਾਜ ਦੇਣ ਲੈਣ ਪਿੱਛੇ, ਬਾਹਰਲੇ ਦੇਸ਼ਾਂ ਨੂੰ ਜਾਣ ਦੇ ਸੁਪਨੇ ਪੂਰੇ ਕਰਨ ਲਈ ਅਣਜੋੜ ਰਿਸ਼ਤੇ ਜਾਂ ਲੋਕਾਂ ਵਿੱਚ ਨਸ਼ਿਆਂ ਦੇ ਸੇਵਨ ਵਧਣ ਨਾਲ ਖਰਚਿਆਂ ਦਾ ਵਧਣਾ ਤੇ ਆਮਦਨ ਦੇ ਘਟਣ ਨਾਲ ਆਪਸੀ ਤਣਾਓ ਦਾ ਵੱਧਣਾ ਹੀ ਹਿੰਸਾ ਦਾ ਕਾਰਣ ਹੈ।
    ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਸਦੀ ਤੋਂ ਵੀ ਵੱਧ ਸਮਾਂ ਬੀਤਣ ਤੇ ਵੀ ਕਲਾਰਾ ਜੈਟਕਿਨ ਵਲੋਂ ਚਲਾਇਆ ਨਾਰੀ ਮੁਕਤੀ ਦਾ ਅੰਦੋਲਨ ਕਮਜ਼ੋਰ ਨਜ਼ਰ ਆਉਂਦਾ ਹੈ। ਉਦੋਂ ਦੀ ਔਰਤ ਨੂੰ ਆਪਣੀ ਕਿਰਤ ਸ਼ਕਤੀ ਦੀ ਲੁੱਟ ਸਾਹਮਣੇ ਨਜ਼ਰ ਆਉਂਦੀ ਸੀ ਪਰ ਹੁਣ ਕਾਰਪੋਰੇਟ ਸਮਾਜ ਨੇ ਇਸਦੇ ਅਰਥ ਬਦਲ ਦਿੱਤੇ ਹਨ। ਅੱਜ ਦੁਨੀਆਂ ਦੀ ਕੁੱਲ ਕਿਰਤ ਸ਼ਕਤੀ ਵਿੱਚ 45 ਫੀ ਸਦੀ ਔਰਤਾਂ ਦਾ ਹਿੱਸਾ ਹੈ ਤੇ ਭੂਮੰਡਲੀਕਰਣ ਵਿਚੋਂ ਨਿਕਲੀ ਇਹ “ਪਾਵਰ ਵੂਮੈਨ” ਇਹਨਾਂ ਕਰੋੜਾਂ ਔਰਤਾਂ ਦੇ ਇੱਕ ਪ੍ਰਤੀਸ਼ਤ ਦੀ ਵੀ ਪ੍ਰਤੀਨਿੱਧਤਾ ਕਿਉਂ ਨਹੀਂ ਕਰ ਰਹੀ ? ਔਰਤ ਵਿਚੋਂ ਉਸਦੀ ਸੰਵੇਦਨਸ਼ੀਲਤਾ, ਮਮਤਾ, ਸ਼ਹਿਣਸ਼ੀਲਤਾ ਤੇ ਉਸਦਾ ਵਿਅਕਤੀਤਵ ਖੋਹਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਹੁਣ ਔਰਤ ਨੂੰ ਨਵੇਂ ਸਿਰੇ ਤੋਂ ਆਪਣੇ ਹੱਕਾਂ ਤੇ ਫਰਜ਼ਾਂ ਨੂੰ ਪਛਾਣਦੇ ਹੋਏ ਪੂੰਜੀਵਾਦੀ ਸਮਾਜ ਦੀ ਚੁੰਗਲ ਵਿੱਚੋਂ ਨਿਕਲਣ ਲਈ ਆਪਣੈ ਸ਼ੋਸ਼ਣ ਰਾਂਹੀ ਹੋ ਰਹੀ ਅਸਿੱਧੀ ਲੁੱਟ ਨੂੰ ਅੱਖਾਂ ਤੋਂ ਪੱਟੀ ਲਾਹ ਕੇ ਦੇਖਣ ਦੀ ਲੋੜ ਹੈ। ਕੁਝ ਲੋਕਾਂ ਵਲੋਂ ਔਰਤ ਦੀ ਅਜ਼ਾਦੀ ਦੀ ਲੜਾਈ ਨੂੰ ਸਿਰਫ ਮਰਦ ਤੋਂ ਅਜ਼ਾਦੀ ਦੀ ਲੜਾਈ ਦਰਸਾ ਕੇ ਔਰਤ ਮਰਦ ਨੂੰ ਇੱਕ ਦੂਜੇ ਦੇ ਸਾਹਮਣੇ ਲਿਆ ਖੜ੍ਹਾਇਆ ਗਿਆ ਹੈ ਪਰ ਔਰਤ  ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਔਰਤ ਮਰਦ ਦੋਨੋਂ ਇੱਕ ਦੂਜੇ ਬਿਨ੍ਹਾਂ ਅਧੂਰੇ ਹਨ ਸੋ ਉਹਨਾਂ ਨੂੰ ਕਦਮ ਨਾਲ ਕਦਮ ਮਿਲਾ ਕੇ ਸਮਾਜ ਵਿੱਚ ਫੈਲ ਰਹੇ ਕੂੜ ਨੂੰ ਖਤਮ ਕਰਨ ਲਈ ਇਕੱਠੇ ਹੋ ਕੇ ਚੱਲਣਾ ਪਵੇਗਾ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਅਗਰ ਪੂੰਜੀਵਾਦ ਦਾ ਖਾਤਮਾ ਹੋਵੇ ਤੇ ਸਾਰੇ ਲੋਕਾਂ ਦਾ ਰਹਿਣ ਸਹਿਣ ਬਰਾਬਰ ਹੋਵੇ, ਲੋਕਾਂ ਵਿੱਚ ਅਮੀਰ ਗਰੀਬ ਵਰਗੇ ਸ਼ਬਦ ਨਾ ਹੋਣ ਤੇ ਬਰਾਬਰਤਾ ਦਾ ਸਮਾਜ ਉਤਪੰਨ ਹੋਵੇ ਤਾਂ ਹੀ ਔਰਤ ਦੀ ਮੁਕਤੀ ਸੰਭਵ ਹੋਵੇਗੀ।

-ਪਰਮਿੰਦਰ ਕੌਰ ਸਵੈਚ

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ


Posted

in

,

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com