ਆਉ ਕੈਨੇਡਾ ਦੇ ਪੰਜਾਬੀਆਂ ਤੋਂ ਸਬਕ ਸਿੱਖੀਏ!

ਪੂਰੀ ਦੁਨੀਆਂ ਵਿਚ ਇਹ ਗੱਲ ਬੜੇ ਮਾਣ ਨਾਲ ਪੜ੍ਹੀ/ਸੁਣੀ ਗਈ ਕਿ ਪੰਜਾਬੀ ਕੈਨੇਡਾ ਦੀ ਤੀਸਰੀ ਭਾਸ਼ਾ ਬਣ ਗਈ ਹੈ। ਇਹ ਖ਼ਬਰ ਇਸ ਤਰ੍ਹਾਂ ਸੁਣਾਈ ਅਤੇ ਪੇਸ਼ ਕੀਤੀ ਗਈ ਜਿਵੇਂ ਕੈਨੇਡਾ ਦੀ ਸਰਕਾਰ ਨੇ ਕੋਈ ਕਾਨੂੰਨ ਬਣਾ ਕੇ ਜਾਂ ਕੋਈ ਰਸਮੀ ਐਲਾਨ ਕਰਕੇ ਇਸ ਗੱਲ ਤੇ ਮੋਹਰ ਲਾਈ ਹੋਵੇ। ਅਸਲੀਅਤ ਇਹ ਹੈ ਕਿ ਕੈਨੈਡਾ ਵਿਚ 2011 ਵਿਚ ਹੋਏ ‘ਨੈਸ਼ਨਲ ਹਾਊਸਹੋਲਡ ਸਰਵੇ’ (ਜਨਗਣਨਾ) ਵਿਚ ਹੋਰ ਗੱਲਾਂ ਦੇ ਨਾਲ-ਨਾਲ ਮਾਤ-ਭਾਸ਼ਾ ਬਾਰੇ ਵੀ ਸਵਾਲ ਪੁੱਛਿਆ ਗਿਆ ਜਿਸਦੇ ਜਵਾਬ ਵਿਚ 4, 30, 705 ਕੈਨੇਡਾ ਵਾਸੀਆਂ ਨੇ ਆਪਣੀ ਮਾਤ-ਭਾਸ਼ਾ ਪੰਜਾਬੀ ਲਿਖਵਾਈ।ਕੈਨੇਡਾ ਰਹਿੰਦੇ ਲੇਖਕ ਕੁਲਜੀਤ ਮਾਨ ਮੁਤਾਬਿਕ ਪਹਿਲਾਂ ਚੀਨੀ ਭਾਸ਼ਾ ਦੇ ਦੋ ਰੂਪਾਂ ਨੂੰ ਇਕੱਠੇ ਕਰਕੇ ਗਿਣਿਆ ਜਾਂਦਾ ਸੀ, ਉਦੋਂ ਪੰਜਾਬੀ ਚੌਥੇ ਨੰਬਰ ਤੇ ਹੁੰਦੀ ਸੀ। ਇਸ ਵਾਰ ਇੰਝ ਨਹੀਂ ਕੀਤਾ ਗਿਆ ਤਾਂ ਇਹ ਤੀਜੇ ਨੰਬਰ ਤੇ ਆ ਗਈ। ਯਾਨਿ ਕਿ ਸਰਕਾਰੀ ਪੱਧਰ ਤੇ ਪੰਜਾਬੀ ਦੇ ਸਥਾਨ ਬਾਰੇ ਕੋਈ ਸਿਧਾਂਤਕ ਪ੍ਰਾਪਤੀ ਤਕਨੀਕੀ ਤੌਰ ‘ਤੇ ਨਹੀਂ ਹੋਈ।
punjabi writer deep jagdeep singh
ਦੀਪ ਜਗਦੀਪ ਸਿੰਘ
ਦੂਜੀ ਚਰਚਾ ਹਾਊਸ ਆਫ਼ ਕਾਮਨਸ ਵਿਚ ਪੰਜਾਬੀ ਦੇ ਸਥਾਨ ਬਾਰੇ ਹੈ, ਕਿਉਂਕਿ ਕੈਨੇਡਾ ਵਿਚ ਹੁਣੇ ਹੋਈਆਂ ਚੋਣਾਂ ਵਿਚ ਚੁਣੇ ਗਏ 20 ਨੇਤਾ ਪੰਜਾਬੀ ਬੋਲੀ ਨੂੰ ਆਪਣੀ ਮਾਤ-ਭਾਸ਼ਾ ਮੰਨਦੇ ਹਨ ਇਸ ਲਈ ਹਾਊਸ ਆਫ਼ ਕਾਮਨਸ ਵਿਚ ਆਮ ਤੌਰ ‘ਤੇ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਵਿਚ ਇਹ ਤੀਸਰੇ ਨੰਬਰ ‘ਤੇ ਆ ਗਈ। ਪੂਰੀ ਗੱਲ ਦਾ ਨਿਚੋੜ ਇਹ ਹੈ ਕਿ ਕਿਸੇ ਵੀ ਤਰ੍ਹਾਂ ਕੈਨੇਡਾ ਸਰਕਾਰ ਨੇ ਜਾਂ ਉੱਥੋਂ ਦੇ ਸਰਕਾਰੀ ਢਾਂਚੇ ਨੇ ਪੰਜਾਬੀ ਨੂੰ ਕੋਈ ਨਵਾਂ, ਵੱਖਰਾ ਅਤੇ ਸਿਧਾਂਤਕ ਦਰਜਾ ਆਪਣੇ ਕਾਨੂੰਨ ਜਾਂ ਸਵਿੰਧਾਨ ਵਿਚ ਨਹੀਂ ਦਿੱਤਾ। ਇਹ ਜੋ ਤੀਸਰੇ ਨੰਬਰ ‘ਤੇ ਆਉਣ ਦੀ ਚਰਚਾ ਚੱਲ ਰਹੀ ਹੈ, ਉਹ ਪੰਜਾਬੀਆਂ ਨੇ ਆਪ ਦਿਵਾਇਆ ਹੈ। ਸਲਾਮ ਹੈ ਉਨ੍ਹਾਂ ਪੰਜਾਬੀਆਂ ਨੂੰ ਜਿਨ੍ਹਾਂ ਨੇ ਕੈਨੇਡਾ ਵਿਚ ਰਹਿੰਦੇ ਹੋਏ ਆਪਣੀ ਮਾਤ-ਭਾਸ਼ਾ ਪੰਜਾਬੀ ਲਿਖੀ ਅਤੇ ਮੰਨੀ। ਸਲਾਮ ਹੈ ਕੈਨੇਡਾ ਦੇ ਉਨ੍ਹਾਂ ਪੰਜਾਬੀ ਸਿਆਸਤਦਾਨਾਂ ਨੂੰ ਜਿਨ੍ਹਾਂ ਨੇ ਹਾਊਸ ਆਫ਼ ਕਾਮਨਸ ਵਿਚ ਚੁਣੇ ਜਾਣ ਦੇ ਬਾਵਜੂਦ ਆਪਣੀ ਮਾਤ-ਭਾਸ਼ਾ ਤੋਂ ਮੂੰਹ ਨਹੀਂ ਫ਼ੇਰਿਆ।
ਇਹ ਗੱਲ ਵੀ ਸਪੱਸ਼ਟ ਕਰਨ ਵਾਲੀ ਹੈ ਕਿ ਇਨ੍ਹਾਂ ਪੰਜਾਬੀਆਂ ਨੂੰ ਕੇਵਲ ਪੰਜਾਬੀ ਹੋਣ ਕਰਕੇ ਹਾਊਸ ਆਫ਼ ਕਾਮਨਸ ਵਿਚ ਜਾਣ ਦਾ ਮੌਕਾ ਨਹੀਂ ਮਿਲਿਆ ਬਲਕਿ ਪੰਜਾਬੀਆਂ ਦੇ ਨਾਲ-ਨਾਲ ਇਨ੍ਹਾਂ ਦੇ ਹਲਕਿਆਂ ਵਿਚ ਰਹਿੰਦੇ ਗ਼ੈਰ-ਪੰਜਾਬੀ ਬਾਸ਼ਿੰਦਿਆਂ ਨੇ ਇਨ੍ਹਾਂ ਦੀ ਸਿਆਸੀ ਕਾਰਜਸ਼ੈਲੀ, ਹੁਨਰ ਅਤੇ ਸਮਾਜ ਲਈ ਕੀਤੇ ਇਨ੍ਹਾਂ ਦੇ ਕੰਮਾਂ ਕਰਕੇ ਇਨ੍ਹਾਂ ਨੂੰ ਵੋਟਾਂ ਪਾਈਆਂ ਹਨ। ਹਾਂ, ਗੱਲ ਸਾਡੇ ਲਈ ਮਾਣ ਵਾਲੀ ਹੈ ਕਿ ਉਹ ਪੰਜਾਬੀ ਹਨ ਅਤੇ ਉੱਥੋਂ ਦੇ ਬਾਸ਼ਿੰਦਿਆਂ ਨੇ ਉਨ੍ਹਾਂ ਵਿਚ ਭਰੋਸਾ ਜਤਾਇਆ ਹੈ। ਉਮੀਦ ਹੈ ਕਿ ਜਿਵੇਂ ਜਿੱਤ ਕੇ ਇਨ੍ਹਾਂ ਨੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ, ਉਵੇਂ ਹੀ ਆਪਣੇ ਕਾਰਜਕਾਲ ਦੌਰਾਨ ਉਹ ਆਪਣੇ-ਆਪਣੇ ਇਲਾਕਿਆਂ ਵਿਚ ਉਨ੍ਹਾਂ ਸਾਰੀਆਂ ਉਮੀਦਾਂ ਤੇ ਖ਼ਰੇ ਉਤਰਨਗੇ ਜੋ ਇਨ੍ਹਾਂ ਤੋਂ ਲਾਈਆਂ ਗਈਆਂ ਹਨ।
ੲਿਸ ਖ਼ਬਰ ਨੇ ਇਹ ਗੱਲ ਪੱਕੀ ਕਰ ਦਿੱਤੀ ਕਿ ਅਪਣੀ ਭਾਸ਼ਾ ਦੀ ਥਾਂ ਬਣਾੳੁਣ ਲੲੀ ਅਾਪਣੀ ਭਾਸ਼ਾ ਨੂੰ ਅਪਣਾੳੁਣਾ ਅਤੇ ੳੁਸ ਨੂੰ ਜਨਤਕ ਤੌਰ ‘ਤੇ ਮਾਣ ਨਾਲ ਤਸਲੀਮ ਕਰਨਾ ਜ਼ਰੂਰੀ ਹੈ। ਤੁਸੀਂ ਜਿਸ ਵੀ ਖੇਤਰ ਵਿਚ ਹੋਵੋ ਆਪਣੇ ਕੰਮ ਈਮਾਨਦਾਰੀ ਨਾਲ ਕਰਨ ਨਾਲ ਤੁਸੀਂ ਸਭ ਦੀਆਂ ਨਜ਼ਰਾਂ ਵਿਚ ਆਉਂਦੇ ਹੋ ਅਤੇ ਇਸ ਨਾਲ ਤੁਹਾਡੀ ਸਭਿਆਚਾਰ ਪਛਾਣ ਦਾ ਸਾਮਾਜਿਕ ਰੁਤਬਾ ਵੀ ਵੱਧਦਾ ਹੈ। ਜੇ ਸਾਰੇ ਪੰਜਾਬੀ ਇਸ ਤਰ੍ਹਾਂ ਆਪਣੀ ਮਾਂ-ਬੋਲੀ ਨੂੰ ਮਾਣ ਨਾਲ ਆਪਣੀ ਭਾਸ਼ਾ ਕਹਿਣਾ, ਲਿਖਣਾ ਅਤੇ ਮੰਨਣਾ ਸ਼ੁਰੂ ਕਰ ਦੇਈਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਕਿਸੇ ਸਰਕਾਰ ਤੋਂ ਮਾਨਤਾ ਹਾਸਲ ਕਰਨ ਦੀ ਲੋੜ ਨਹੀਂ ਪਵੇਗੀ। ਸਾਡੀ ਪਛਾਣ ਹੀ ਸਾਡੀ ਮਾਂ-ਬੋਲੀ ਨੂੰ ਉਹ ਰੁਤਬਾ ਦੇ ਦੇਵੇਗੀ, ਜੋ ਅਸੀਂ ਸਰਕਾਰਾਂ ਤੋਂ ਉਮੀਦਾਂ ਲਾ ਕੇ ਹਾਲੇ ਤੱਕ ਹਾਸਲ ਨਹੀਂ ਕਰ ਸਕੇ। ਜਾਂਦੇ-ਜਾਂਦੇ ਮੈਂ ਇਹ ਸਵਾਲ ਤੁਹਾਡੇ ਸਾਰਿਆਂ ਲਈ ਛੱਡ ਜਾਂਦਾ ਹਾਂ ਕਿ ਕੀ ਪੰਜਾਬ ਜਾਂ ਭਾਰਤ ਦੇ ਹੋਰ ਸੂਬਿਆਂ ਵਿਚ ਰਹਿੰਦੇ ਆਮ ਪੰਜਾਬੀਆਂ ਤੋਂ ਲੈ ਕੇ ਲੇਖਕਾਂ ਅਤੇ ਵਿਦਵਾਨਾਂ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਜਨਤਕ ਤੌਰ ‘ਤੇ ਅਤੇ ਆਪਣੇ ਘਰਾਂ ਵਿਚ, ਆਪਣੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਸਾਹਮਣੇ ਇਹ ਮਾਣ ਨਾਲ ਤਸਲੀਮ ਕਰਨ ਕੇ ਪੰਜਾਬੀ ਉਨ੍ਹਾਂ ਦੀ ਮਾਂ-ਬੋਲੀ ਹੈ ਅਤੇ ਉਹ ਇਸ ਨੂੰ ਬੋਲਣ ਵਿਚ ਮਾਣ ਮਹਿਸੂਸ ਕਦਰੇ ਹਨ। ਧੰਨਵਾਦ!
 


by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com