ਵਿਸ਼ਾ ਬਾਤਾਂ ਪਿਆਰ ਦੀਆਂ
ਵਿਸ਼ਾ ਭੇਜਿਆ ਜਸਦੀਪ/ਗੁਰਿੰਦਰਜੀਤ
ਦੋਸਤੋ ਪਹਿਲੇ ਅੰਕ ਵਾਂਗ ਕਾਵਿ-ਸੰਵਾਦ ਦੇ ਦੂਸਰੇ ਅੰਕ ਲਈ ਵੀ ਸਿਰਜਣਸ਼ੀਲ ਸਾਥੀਆਂ ਦਾ ਭਰਪੂਰ ਸਹਿਯੋਗ ਮਿਲਿਆ। ਬਾਤਾਂ ਪਿਆਰ ਦੀਆਂ ਜਿਹੇ ਕੋਮਲ ਵਿਸ਼ੇ ‘ਤੇ ਕਵਿਤਾਵਾਂ, ਗੀਤ, ਗਜ਼ਲਾਂ ਮਿਲੇ। ਇਸ ਵਾਰ ਪਿਛਲੇ ਅੰਕ ਵਾਲੇ ਪੁਰਾਣੇ ਸਾਥੀਆਂ ਦਾ ਯੋਗਦਾਨ ਤਾਂ ਹੈ ਹੀ, ਨਵੇਂ ਸਾਥੀਆਂ ਨੇ ਵੀ ਆਪਣੀ ਹਾਜ਼ਿਰੀ ਲਵਾਈ ਹੈ। ਇਹਨਾਂ ਵਿੱਚੋਂ ਕੁਝ ਸਾਥੀ ਉਹ ਵੀ ਹਨ, ਜੋ ਲਿਖ ਤਾਂ ਅਰਸੇ ਤੋਂ ਰਹੇ ਹਨ ਪਰ ਪ੍ਰਕਾਸ਼ਿਤ ਪਹਿਲੀ ਵਾਰ ਹੋ ਰਹੇ ਹਨ। ਲਫ਼ਜ਼ਾਂ ਦਾ ਪੁਲ ਉਨ੍ਹਾਂ ਨੂੰ ਸਾਹਿੱਤ ਸਾਗਰ ਦੀ ਇਸ ਬੇੜੀ ‘ਤੇ ਖੁਸ਼ਾਅਮਦੀਦ ਆਖਦਾ ਹੈ। ਇਕ ਹੋਰ ਖਾਸ ਗੱਲ ਇਸ ਅੰਕ ਵਿੱਚ ਹੈ ਬੂਟਾ ਸਿੰਘ ਚੌਹਾਨ ਦੀ ਸੰਗੀਤਬੱਧ ਗਜ਼ਲ ਦਾ ਸ਼ਾਮਿਲ ਹੋਣਾ। ਆਸ ਹੈ ਪਾਠਕ ਹੌਸਲਾ ਅਫਜ਼ਾਈ ਕਰਕੇ ਅੱਗੇ ਵੱਧਣ ਦੀ ਹੱਲਾਸ਼ੇਰੀ ਦੇਣਗੇ। ਆਉ ਫਿਰ ਲਫ਼ਜ਼ਾਂ ਦੇ ਪੁਲ ‘ਤੇ ਅੱਜ ਤੋਰੀਏ ਬਾਤਾਂ ਪਿਆਰ ਦੀਆਂ। ਆਪਣੀਆਂ ਵੱਡਮੁਲੇ ਵਿਚਾਰ ਟਿੱਪਣੀਆਂ ਦੇ ਰੂਪ ਵਿੱਚ ਜ਼ਰੂਰ ਦਰਜ ਕਰਨਾ।
ਬਾਤਾਂ ਪਿਆਰ ਦੀਆਂ ਦੇ ਕਵੀ
ਜਸਵੰਤ ਜ਼ਫਰ|ਇੰਦਰਜੀਤ ਨੰਦਨ|ਬੂਟਾ ਸਿੰਘ ਚੌਹਾਨ|ਮੀਨਾ|ਗੁਰਿੰਦਰਜੀਤ|ਸੁਧੀਰ|ਜੀਐਨ ਪਨੇਸਰ|ਜਸਵਿੰਦਰ ਮਹਿਰਮ|ਚਰਨਜੀਤ ਮਾਨ|
————-
ਮੈਂ ‘ਤੇ ਨਦੀ
————-
ਜਸਵੰਤ ਜ਼ਫਰ
ਨਦੀਏ ਨੀ ਪਿਆਰੀਏ ਨਦੀਏ
ਮਿਲਣ ਤੈਨੂੰ ਜਦ ਆਵਾਂ
ਮੈਂ ਤੇਰੇ ਤੋਂ ਤੈਨੂੰ ਮੰਗਾਂ
ਤੂੰ ਮੈਥੋਂ ਸਿਰਨਾਵਾਂ
ਨਾ ਹਿਰਖਾਂ ਨਾ ਚੀਕ ਪੁਕਾਰਾਂ
ਨੀਰ ਤੇਰੇ ਦੇ ਛਿੱਟੇ ਮਾਰਾਂ
ਚੋਭੀ ਅੱਖ ਹਵਾਵਾਂ
ਹਰ ਥਲ ਦਾ ਕੋਈ ਤਲ ਹੋਣਾ
ਮੇਰਾ ਆਪਾ ਜਲ ਥਲ ਹੋਣਾ
ਜਦ ਤੇਰੇ ਵਿਚ ਨ੍ਹਾਵਾਂ
ਬਦਨ ਤੇਰੀ ਰੂਹ ਦਾ ਪਹਿਰਾਵਾ
ਇਹ ਪਹਿਰਾਵਾ ਨਹੀਂ ਦਿਖਾਵਾ
ਹੱਥ ਲਾਵਾਂ ਕਿ ਨਾ ਲਾਵਾਂ
ਤੂੰ ਤੇ ਮੈਂ ਨਾ ਭਾਵੇਂ ਹਾਣੀ
ਪਾਣੀ ਜੇਡ ਪਿਆਸ ਪੁਰਾਣੀ
ਪੀਵਾਂ ਕਿ ਮਰ ਜਾਵਾਂ
ਕੀ ਲੈਣਾ ਜਾ ਪਰਲੇ ਕੰਢੇ
ਹਰ ਕੰਢਾ ਜੋੜੇ ਤੇ ਵੰਡੇ
ਮੈਂ ਵਿੱਚ ਡੁੱਬਣਾ ਚਾਹਵਾਂ
ਆਦਿ ਅੰਤ ਬਿਨ ਤੂੰ ਲੰਮੇਰੀ
ਡੂੰਘੀ ਰਾਤ ਦੇ ਵਾਂਗ ਡੂੰਘੇਰੀ
ਮੈਂ ਇਕ ਕਿਣਕਾ ਗਾਵਾਂ
ਨਦੀਏ ਨੀ ਪਿਆਰੀਏ ਨਦੀਏ
ਮਿਲਣ ਤੈਨੂੰ ਜਦ ਆਵਾਂ
ਮੈਂ ਤੇਰੇ ਤੋਂ ਤੈਨੂੰ ਮੰਗਾਂ
ਤੂੰ ਮੈਥੋਂ ਸਿਰਨਾਵਾਂ
ਕਵੀ ਸੂਚੀ ‘ਤੇ ਜਾਓ
———–
ਲੋਅ
———–
ਇੰਦਰਜੀਤ ਨੰਦਨ
ਦੂਰ ਦੁਮੇਲ ‘ਤੇ
ਪਰਬਤ ਦੀ ਟੀਸੀ
ਟੀਸੀ ‘ਤੇ ਧੁਨੀ ਗੂੰਜਦੀ
ਗੂੰਜ ‘ਚੋਂ ਆਪਣਾ ਨਾਂਅ ਸੁਣ
ਮੈਂ ਉਧਰ ਨੂੰ ਹੋ ਤੁਰਦੀ
ਸਾਹਮਣੇ ਤਪੀ
ਅੱਖਾਂ ਬੰਦ
ਮਨ ਰਾਹੀਂ ਮੂਰਤ ਦੇਖਦਾ
ਮਨ ਹੀ ਮਨ
ਬੜੀਆਂ ਖੇਡਾਂ ਖੇਡਦਾ
ਪਰ ਅੱਖ ਨਹੀਂ ਖੋਲ੍ਹਦਾ
ਡਰਦਾ ਜਿਉਂ
ਕਿਤੇ ਭਰਮ ਤਾਂ ਨਹੀਂ
ਜੋ ਦੇਖ ਰਿਹਾ
ਬੰਦ ਅੱਖਾਂ ਸੰਗ
ਕਿਤੇ ਪਲਕਾਂ ‘ਤੇ
ਝੂਠੇ ਸੁਪਨੇ ਤਾਂ ਨਹੀਂ ਨੱਚ ਰਹੇ
ਕਿਤੇ ਅੱਖ ਖੁੱਲ੍ਹਦਿਆਂ
ਸਭ ਕੁਝ ਮੁੱਕ ਨਾ ਜਾਵੇ
ਆਸ ਦਾ ਸਮੁੰਦਰ
ਅੱਖ ਦਾ ਹੰਝੂ
ਸੁੱਕ ਨਾ ਜਾਵੇ
ਅੰਦਰਲਾ ਪਲ਼
ਰੁਕ ਨਾ ਜਾਵੇ…
ਪ੍ਰੇਮ ਦੀ ਲਾਟ ਜਗਦੀ ਹੈ
ਪਰ ਅੰਦਰ ਕੁਝ ਹਿੱਲਦਾ ਹੈ
ਉਸਦੀ ਅੱਖ ਖੁੱਲ੍ਹਦੀ ਹੈ…
ਸਾਹਮਣੇ ਮੁਹੱਬਤ ਖੜ੍ਹੀ ਹੈ
ਹਥੇਲੀ ਫੁੱਲ ਧਰਕੇ, ਬੁੱਲ੍ਹ ਫਰਕੇ
ਮਲਕੜੇ ਜਿਹੇ
ਉਸ ਕੋਲ ਆਈ ਤੇ ਆਖਣ ਲੱਗੀ-
”ਤੇਰਾ ਤਪ ਜਾਣਦੀ ਹਾਂ
ਮਨ ਦਾ ਸੰਸਾ ਵੀ ਪਛਾਣਦੀ ਹਾਂ
ਮੁਹੱਬਤ ਹਾਂ
ਇਕੋ ਭਾਸ਼ਾ ਜਾਣਦੀ ਹਾਂ
ਤੇਰਾ ਮੂਕ ਸੰਵਾਦ ਸੁਣ ਕੇ ਹੀ ਤਾਂ
ਇੱਥੇ ਪਹੁੰਚੀ ਹਾਂ
ਇਹ ਫੁੱਲ ਹਥੇਲੀ ‘ਤੇ ਧਰ
ਲਿਆਈ ਹਾਂ ਤੇਰੇ ਲਈ
ਇਸ ਦੀ ਮਹਿਕ
ਜਦ ਤੀਕ ਰਹੇਗੀ ਤੇਰੇ ਸੰਗ
ਸੂਹਾ ਹੀ ਰਹੇਗਾ ਮੁਹੱਬਤ ਦਾ ਰੰਗ…”
ਤਪੀ ਉੱਠ ਖਲੋਇਆ
ਡੁੰਘਾ ਡੂੰਘਾ ਤੱਕਿਆ
ਅੰਦਰ ਅੰਦਰ ਲੱਥਿਆ
ਤੇ ਹਥੇਲੀ ਤੋਂ ਫੁੱਲ ਚੁੱਕ
ਆਪਣੀ ਪਲਕ ਦਾ
ਇਕ ਸੁਪਨਾ ਧਰ ਦਿੱਤਾ
ਇਕ ਵਰ ਦਿੱਤਾ-
” ਇਹ ਸੁਪਨਾ ਜਦ ਤੀਕ
ਤੇਰੀਆਂ ਅੱਖਾਂ ‘ਚ ਰਹੇਗਾ
ਮੁਹੱਬਤ ਦਾ ਰੰਗ
ਗੂੜ੍ਹਾ ਹੀ ਰਹੇਗਾ….
ਅਸੀਂ ਮਨ ਨੂੰ ਮਨ ਦੀ
ਗੱਲ ਕਹਾਂਗੇ
ਅੱਜ ਤੋਂ ਇਕ ਦੂਜੇ ਦੇ
ਸਾਹਾਂ ‘ਚ ਰਹਾਂਗੇ…”
ਇਹ ਬੋਲ ਸ਼ਿ੍ਸ਼ਟੀ ਦੇ
ਹਰ ਕਣ ‘ਚ ਸਮਾ ਗਏ
ਤੇ ਜ਼ੱਰਾ ਜ਼ੱਰਾ ਲੋਅ ਨਾਲ
ਸੁਰਖ਼ ਸੰਧੂਰੀ ਹੋ ਗਿਆ
ਕਵੀ ਸੂਚੀ ‘ਤੇ ਜਾਓ
———–
ਗਜ਼ਲ
———–
ਬੂਟਾ ਸਿੰਘ ਚੌਹਾਨ
ਮੇਰਾ ਹਰ ਸਾਹ, ਮੇਰਾ ਪਲ ਪਲ ਤੇਰੇ ਨਾਂ
ਮੋਹ ਦੇ ਖੋਹ ‘ਚੋਂ ਉਠਦੀ ਹਰ ਛਲ ਤੇਰੇ ਨਾਂ
ਸਫਰ ਦਾ ਹਾਸਿਲ ਜੋ ਸੀ ਤੈਨੂੰ ਦੇ ਦਿੱਤਾ
ਪਰ ਨਾ ਕਰਿਆ ਮੈਂ ਆਪਣਾ ਥਲ ਤੇਰੇ ਨਾਂ
ਚੰਨ ਦਾ ਚਾਨਣ, ਤਾਰੇ ਜੁਗਨੂੰ, ਠੰਡੀ ਛਾਂ
ਸ਼ਬਨਮ, ਖੁਸ਼ਬੂ, ਨੀਰ ਦੀ ਕਲਕਲ ਤੇਰੇ ਨਾਂ
ਪੌਣਾਂ ਦੇ ਮੂੰਹ ਮੋੜੇ ਨਾਲ ਵਫਾ ਦੇ ਮੈਂ
ਚਾਨਣ ਕਰਿਆ ਮੈਂ ਖੁਦ ਬਲ ਬਲ ਤੇਰੇ ਨਾਂ
ਭਾਵੇਂ ਕੇਰਾਂ ਲਾ ਕੇ ਨਾ ਤੂੰ ਸਾਰ ਲਈ
ਪਰ ‘ਬੂਟੇ’ ਦੇ ਪੱਤੇ ਫੁੱਲ ਫਲ ਤੇਰੇ ਨਾਂ
ਕਵੀ ਸੂਚੀ ‘ਤੇ ਜਾਓ
———–
ਪਿਆਰ
———–
ਮੀਨਾ
ਤੈਨੂੰ ਦੇਣ ਲਈ ਮੇਰੇ ਕੌਲ ਕੁਝ ਵੀ ਨਹੀ
ਇਸ ਲਈ ਤੈਨੂੰ ਥੋੜਾ ਪਿਆਰ ਭੇਜ ਦੇਦਾਂ ਹਾਂ
ਨਾ ਕਿਸੇ ਤੋ ਮੈਂ ਉਧਾਰ ਲਿਆ ਹੈ
ਨਾ ਕਿਸੇ ਨੂੰ ਮੈਂ ਉਧਾਰ ਦੇਦਾਂ ਹਾਂ
ਇਹ ਪਿਆਰ ਜੋ ਮੈਂ ਤੈਨੂੰ ਭੇਜ ਰਿਹਾ ਹਾਂ
ਤੂੰ ਇਸ ਨੂੰ ਕਿਧਰੇ ਲੁਕਾਈਂ ਨਾ
ਕਦੇ ਦਿਖਾਵੇ ਲਈ ਨਾ ਵਰਤੀਂ
ਅਤੇ ਖੁਬਸੂਰਤੀ ਇਸ ਦੀ ਛੁਪਾਈ ਨਾ
ਹੋਰਨਾਂ ਨੂੰ ਵੀ ਮੈ ਦਿੱਤਾ ਸੀ
ਪਰ ਹਮੇਸ਼ਾ ਇਹ ਅਨੌਖਾ ਸੀ
ਹਰੇਕ ਦੀ ਉਮੀਦ ਦੇ ਮੁਤਾਬਕ
ਮਤਲਬ ਇਸ ਦਾ ਵੱਖਰਾ ਸੀ
ਕੋਈ ਇਸ ਦੀ ਕੀਮਤ ਨਹੀਂ
ਨਾ ਲੋੜ ਤੋ ਜਿਆਦਾ ਵਰਤਿਆ ਹੈ
ਵੰਡਿਆ ਤਾ ਮੈ ਬਹੁਤ ਸੀ
ਪਰ ਥੋੜਾ ਹੀ ਵਾਪਸ ਪਰਤਿਆ ਹੈ
ਇਸ ਨੂੰ ਤੂੰ ਸੰਭਾਲ ਕੇ ਰੱਖੀਂ
ਜਦ ਕਦੀ ਤੈਨੂੰ ਇਹਦੀ ਲੌੜ ਪਵੇ
ਰੱਜ ਰੱਜ ਕੇ ਤੂੰ ਵੰਡੀ ਇਹਨੂੰ
ਤਾਂ ਕਿ ਤੈਨੂੰ ਇਹਦੀ ਨਾ ਥੋੜ ਪਵੇ
ਕਵੀ ਸੂਚੀ ‘ਤੇ ਜਾਓ
——————
ਬਾਤਾਂ ਪਿਆਰ ਦੀਆਂ
——————
ਗੁਰਿੰਦਰਜੀਤ
ਮਾਰਕੀਟ ਕਰੈਸ਼,
ਕੰਪਨੀਆਂ ਦਾ ਨਿਕਲਿਆ ਦੀਵਾਲਾ,
ਬੇਰੋਜ਼ਗਾਰੀ ਅਸਮਾਨੀ ਚੜ੍ਹੀ
ਪਿੰਡਾਂ ਨੂੰ ਜਾਵਣ ਬੱਸਾਂ ਭਰੀਆਂ
ਸ਼ਹਿਰ ਨੂੰ ਜਾਵਣ ਖਾਲੀ
ਘਰ ਵਿੱਚ ਘੁਸਰ-ਮੁਸਰ
ਇਕੱਠੇ ਰਹਿਣ ਦੀਆਂ ਗੱਲਾਂ
ਪਰਸਨਲ ਬੈੱਡ ਰੂਮਾਂ ‘ਚ
ਸੌਣ ਵਾਲਿਆਂ, ਸੱਭ
ਤਾਰਿਆਂ ਦੀ ਛਾਂਵੇ
ਡਾਹੇ ਮੰਜੇ ..
ਹੌਲ਼ੇ-ਹੌਲ਼ੇ
ਸਹਿਜੇ-ਸਹਿਜੇ
ਮੁੜ ਪਾਈਆਂ
ਅੱਜ ਰਾਤੀਂ
ਬਾਤਾਂ ਪਿਆਰ ਦੀਆਂ…
ਕਵੀ ਸੂਚੀ ‘ਤੇ ਜਾਓ
—————–
ਇੱਕ ਕਹਾਣੀ ਪੁਰਾਣੀ
—————-
ਸੁਧੀਰ ਬੱਸੀ
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ,
ਉਹ ਮਰਜਾਣੀ ਅੱਜ ਫੇਰ ਮੈਨੂੰ ਰਵਾ ਗਈ
ਰੰਗ ਜਿਓਂ ਛਾਈ ਪੂੰਨਿਆ ਦੀ ਚਾਨਣੀ ਵਿਹੜੇ,
ਸਰੂ ਕੱਦ,ਗੁੰਦਵਾਂ ਸ਼ਰੀਰ, ਚਿਹਰਾ ਹਰਵੇਲੇ ਖਿੜੇ,
ਜ਼ਿਦ ਨਿਭਾਉਣ ਦਾ ਝੂਠਾ ਲਾਰਾ ਲਾ ਗਈ…
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ…..
ਸ਼ੌਂਕਣ ਉਹ ਸਜ ਸੰਵਰ ਕੇ ਰਹਿਣ ਦੀ,
ਨੱਕੀਂ ਕੋਕਾ, ਕੰਨੀ ਬੂੰਦੇ, ਪੈਰੀਂ ਝਾਂਜਰ ਪਾਉਣ ਦੀ,
ਨਿਸ਼ਾਨੀ ਦਿੱਤਾ ਛੱਲਾ ਵੀ ਜਾਂਦੀ ਹੱਥ ਫੜਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ…
ਦੱਸ ਦਿੰਦੀ, ਕੀ ਹੋਇਆ ਮੈਥੋਂ ਕਸੂਰ,
ਯਾ ਕਿਸ ਪੱਖੋਂ ਸੀ ਉਹ ਮਜ਼ਬੂਰ,
ਕਿਓਂ ਪਾਕ ਮੁਹਬੱਤ ਮੇਰੀ ਠੁਕਰਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ….
ਯਾਦਾਂ ਵਿੱਚ ਵਿਚਰਣ ਹੋਈਆਂ ਓ ਮੁਲਾਕਾਤਾਂ,
ਚੋਰੀ ਚੋਰੀ ਪਾਈਆਂ ਪਿਆਰ ਦੀਆਂ ਬਾਤਾਂ,
ਐਵੇਂ ਰੋਗ ਉਮਰਾਂ ਦਾ ਲਾ ਗਈ…
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ,
ਕਹਿੰਦੀ ਸੀ ਰਹੂੰਗੀ ਪਰਛਾਵਾਂ ਤੇਰਾ ਬਣਕੇ,
ਦੁਖ ਸੁਖ ਜਿੰਦੜੀ ਦੇ ਕੱਟਾਂਗੇ ਦੋਵੇਂ ਰਲਕੇ,
ਆਪ ਕੀਤੇ ਵਾਅਦੇ ਛੇਤੀ ਹੀ ਭੁਲਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ….
ਉਹ ਮਰਜਾਣੀ ਅੱਜ ਫੇਰ ਮੈਨੂੰ ਰਵਾ ਗਈ….
ਕਵੀ ਸੂਚੀ ‘ਤੇ ਜਾਓ
——————-
ਜਾਗਣਾ ਤਾਂ ਫ਼ਿਤਰਤ ਏ
——————-
ਜੀ. ਐਨ. ਪਨੇਸਰ
ਤੇਰੇ ਜਲਵੇ ਦਾ ਨੂਰ ਨਹੀਂ ਤਾਂ..
ਕਿਸੇ ਹੋਰ ਦੀ ਦੂਰੀ ਰੁਲਾ ਦਿੰਦੀ ਏ
ਮਿਲਨ ਲਈ ਜਿਨ੍ਹਾਂ ਨੂੰ ,
ਉੜੀਕਾਂ ਦੀਆਂ ਪੂਣੀਆਂ ਕੱਤੀਆਂ..
ਸਾਲਾਂ ਦੇ ਤਪ ਦੀ ਖੰਡਣਾ ਤੜਪਾ ਦਿੰਦੀ ਏ
ਸੋਣ ਦੀ ਕਰਦਾ ਹਾਂ ਬੜੀ ਕੌਸ਼ਿਸ਼…
ਰਾਤਾਂ ਨੂੰ ਜਾਗਣ ਦੀ ਆਦਤ ..
ਦਿਲ ‘ਚ ਵੱਸਿਆਂ ‘ਤੇ ਹੀ..
ਇਹਨੂੰ ਵਿੰਨਣ ਦਾ ਇਲਜ਼ਾਮ ਲਵਾ ਦਿੰਦੀ ਏ
ਹਰ ਇਕ ਨੂੰ ਦਿਲ ‘ਚ ਵਸਾਉਣ ਦੀ ਆਦਤ..
ਖੁਦ ਨੂੰ ਹੀ ਸਜ਼ਾ ਦਿੰਦੀ ਏ
ਟੁੱਟੇ ਦਿਲ ਦੀ ਨਾ ਕਰ ਨੁਮਾਇਸ਼..
ਟੋਟਿਆਂ ਤੇ ਵੀ ਰਗੜਾਂ ਪਵਾ ਦਿੰਦੀ ਏ
ਇੱਕ ਤੂੰ ਹੈਂ, ਇਕ ਓਹ ਏ..
ਇਕ ਓਹ ਵੀ ਸੀ…
ਯਾਦਾਂ ਦੀ ਟੀਸ ..
ਟਹਿਣੀ ਲੱਗਿਆਂ ਨੂੰ ਵੀ ਮੁਰਝਾ ਦਿੰਦੀ ਏ…
ਕਵੀ ਸੂਚੀ ‘ਤੇ ਜਾਓ
——-
ਗਜ਼ਲ
——-
ਜਸਵਿੰਦਰ ਮਹਿਰਮ
ਜਦ ਮੀਤ ਪਿਆਰੇ ਦੀ , ਤਸਵੀਰ ਵਸੇ ਦਿਲ ਵਿਚ
ਫਿਰ ਇਸ਼ਕ ਮੁਹੱਬਤ ਦਾ, ਇਕ ਦੀਪ ਜਗੇ ਦਿਲ ਵਿਚ
ਜੇ ਸਾਥ ਉਦਾ ਚਾਹੁਨੌ , ਵਿਸ਼ਵਾਸ ਬਣਾ ਏਨਾ,
ਉਹ ਤੋੜ ਲਵੇ ਯਾਰੀ , ਨਾ ਸੋਚ ਸਕੇ ਦਿਲ ਵਿਚ |
ਇਹ ਵਕਤ ਜਦੋਂ ਬਦਲੇ , ਇਤਫ਼ਾਕ ਬਣੇ ਐਸਾ ,
ਅਣਜਾਣ ਮੁਸਾਫ਼ਿਰ ਵੀ , ਮਹਿਮਾਨ ਬਣੇ ਦਿਲ ਵਿਚ |
ਐ ਯਾਰ ਨਸੀਬਾਂ ਬਿਨ , ਇਹ ਰਹਿਣ ਅਧੂਰੇ ਹੀ,
ਇਨਸਾਨ ਸਜਾ ਲੌਂਦੌ , ਅਰਮਾਨ ਬੜੇ ਦਿਲ ਵਿਚ |
ਅਨਮੋਲ ਘੜੀ ਓਦੋਂ , ਬੇਕਾਰ ਜਿਹੀ ਜਾਪੇ,
ਜਦ ਗਰਜ਼ ਬਣੇ ਭਾਰੂ , ਜ਼ਜਬਾਤ ਮਰੇ ਦਿਲ ਵਿਚ |
ਮਾਯੂਸ ਨਹੀਂ ਹੁੰਦਾ , ਜੇ ਯਾਰ ਨਹੀਂ ਦਿਸਦਾ ,
ਉਹ ਸੀਸ ਝੁਕਾ ਕੇ ਹੀ , ਦੀਦਾਰ ਕਰੇ ਦਿਲ ਵਿਚ |
ਬੇਦਰਦ ਜ਼ਮਾਨਾ ਤਾਂ , ਦੀਵਾਰ ਬਣੇ ਅਕਸਰ ,
ਮਿਲ ਪੌਣ ਦਿਲਾਂ ਵਾਲੇ , ਜੇ ਸਿਦਕ ਰਹੇ ਦਿਲ ਵਿਚ |
ਹਮਦਰਦ ਤਾਂ ਭੁੱਲ ਕੇ ਵੀ , ਨਾ ਸਿਫ਼ਤ ਕਰੇ ਝੂਠੀ ,
ਉਹ ਨੇਕ ਸਲਾਹ ਦੇ ਕੇ , ਵਿਸ਼ਵਾਸ ਭਰੇ ਦਿਲ ਵਿਚ |
ਐ ਯਾਰ ਨਹੀਂ ਕਰਦਾ, ਇਹ ਇਸ਼ਕ ਵਫ਼ਾ ਸਭ ਨੂੰ ,
ਅਕਸਰ ਹੀ ਵਿਛੋੜੇ ਦਾ , ਦਿਲ ਦਰਦ ਜਰੇ ਦਿਲ ਵਿਚ |
ਗੁਸਤਾਖ਼ ਬੜਾ ‘ ਮਹਿਰਮ ‘ , ਕੁਝ ਮਾਫ਼ ਨਹੀਂ ਕਰਦਾ ,
ਉਹ ਆਖ ਦਏ ਜੋ ਵੀ , ਮਹਿਸੂਸ ਕਰੇ ਦਿਲ ਵਿਚ |
ਕਵੀ ਸੂਚੀ ‘ਤੇ ਜਾਓ
—————–
ਸੁਗਾਤਾਂ ਪਿਆਰ ਦੀਆਂ
—————–
ਚਰਨਜੀਤ ਮਾਨ
‘ਕੱਠੇ ਹੋ ਸਰ ਕਰੀਏ ਵਾਟਾਂ ਪਿਆਰ ਦੀਆਂ
ਰਲ ਮਿਲ ਬੈਠ ਕੇ ਕਰੀਏ ਬਾਤਾਂ ਪਿਆਰ ਦੀਆਂ
ਇਕ ਪਰਿਵਾਰ ਮਨੁਖਤਾ ਝੰਜਟ ਕਾਹਦਾ ਫੇਰ
ਨਾ ਨਸਲਾਂ , ਨਾ ਕੁਨਬੇ-ਜਾਤਾਂ ਪਿਆਰ ਦੀਆਂ
ਦੀਨਾਂ ਧਰਮਾਂ ਨੇ ਤਾਂ ਸੁੱਚੇ ਹੋਣਾ ਸੀ
ਜੇ ਪੜ ਲੈਂਦੇ ਚਾਰ ਜਮਾਤਾਂ ਪਿਆਰ ਦੀਆਂ
ਕੱਲਮ-ਕੱਲੇ ਹੋ ਕੇ ਘਰ ਘਰ ਬਹਿ ਗਏ ਹਾਂ
ਕਿੱਥੇ ਸੱਥਰ,ਖੁੰਢ , ਸਵਾਤਾਂ ਪਿਆਰ ਦੀਆਂ
ਨਾਲ ਲਹੂ ਦੀਆਂ ਲੀਕਾਂ ਚਾਹੇ ਭੋਂ ਵੰਡੀ
ਬਿਆਸ , ਝਨਾਂ ਨੂੰ ਹੁਣ ਵੀ ਝਾਤਾਂ ਪਿਆਰ ਦੀਆਂ
ਅਪਣੇ ਅਪਣੇ ਰੰਗ ਚੜ੍ਹਾਈਏ ਰਾਤਾਂ ਨੁੰ
ਸਤ-ਰੰਗੀਆਂ ਹੋ ਜਾਣ ਪ੍ਰਭਾਤਾਂ ਪਿਆਰ ਦੀਆਂ
ਕੀ ਮਿਲਦਾ ਹੈ ਝਗੜੇ , ਝੇੜੇ, ਰੋਸਿਆਂ ਤੋਂ
ਖੁਸ਼ੀਆਂ , ਖੇੜੇ, ਭੰਗੜੇ ਦਾਤਾਂ ਪਿਆਰ ਦੀਆਂ
ਪੁੱਛ ਮਹੀਵਾਲਾਂ ਤੋਂ ਪ੍ਰੀਤਾਂ ਅਰਪਣ ਕੀ ?
ਭੁੰਨ ਪੱਟਾਂ ਦੇ ਮਾਸ ਸੁਗਾਤਾਂ ਪਿਆਰ ਦੀਆਂ
ਕਵੀ ਸੂਚੀ ‘ਤੇ ਜਾਓ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply