ਆਪਣੀ ਬੋਲੀ, ਆਪਣਾ ਮਾਣ

ਕਿਵੇਂ ਪੜ੍ਹੀਏ ਨਾਵਲ ਕੀ ਜਾਣਾ ਮੈਂ ਕੌਣ ? – ਮਨਮੋਹਨ

ਅੱਖਰ ਵੱਡੇ ਕਰੋ+=

ਮਨਮੋਹਨ

ਕੀ ਜਾਣਾ ਮੈਂ ਕੌਣ ?
ਕਾਮੁਕਤਾ ਤੇ ਲਿੰਗਕਤਾ ਦੀ ਪਛਾਣ ਦਾ ਪ੍ਰਵਚਨ

ਪੰਜਾਬੀ ਨਾਵਲ ਕੀ ਜਾਣਾ ਮੈਂ ਕੌਣ? ਹਰਪਿੰਦਰ ਰਾਣਾ
punjabi novel, punjabi novel to read, punjabi novels to read online, punjabi novels download., best punjabi novel.

ਹਰਪਿੰਦਰ ਰਾਣਾ ਪੰਜਾਬੀ ਸਾਹਿਤ ਜਗਤ ਦੀ ਸਥਾਪਿਤ ਹਸਤਾਖਰ ਹੈ। ਉਹ ਹੁਣ ਤੱਕ ਦੋ ਨਾਵਲ ਨਿਰਭਉ ਨਿਰਵੈਰ (2012) ਤੇ ਸ਼ਾਹਰਗ ਦੇ ਰਿਸ਼ਤੇ (201੫), ਕਵਿਤਾ ਸੰਗ੍ਰਹਿ ਬਿਨ ਪਰੋਂ ਪਰਵਾਜ਼ (2007), ਸਵੈ-ਜੀਵਨੀ ਟੁੱਟੇ ਖੰਭਾ ਵਾਲੀ ਤਿਤਲੀ (2013), ਸੰਪਾਦਿਤ ਕਿਤਾਬ ਸੁਖ਼ਨ ਸੁਨੇਹੇ ਵਾਰਸ਼ਿਕੀ (2013) ਅਤੇ ਹਿੰਦੀ ਬਾਲ ਕਹਾਣੀ ਸੰਗ੍ਰਹਿ ਕਯਾ ਵੋ ਜਲਪਰੀ ਥੀ (2013) ਸਾਹਿਤ ਜਗਤ ਨੂੰ ਦੇ ਚੁੱਕੀ ਹੈ।

ਹੁਣ ਹਰਪਿੰਦਰ ਰਾਣਾ ਨੇ ਪੰਜਾਬੀ ਸਾਹਿਤ ਜਗਤ ’ਚ ਨਾਵਲ ਕੀ ਜਾਣਾ ਮੈਂ ਕੌਣ ? (2019) ਲਿਖ ਕੇ ਅਜਿਹੇ ਸੰਵੇਦਨਸ਼ੀਲ, ਸਮਾਜਿਕ ਅਤੇ ਮਾਨਵੀ ਸੰਦਰਭ ਤੋਂ ਮਹੱਤਵਪੂਰਣ ਵਿਸ਼ੇ ਨੂੰ ਕੇਂਦਰੀਅਤਾ ਪ੍ਰਦਾਨ ਕੀਤੀ ਹੈ ਜੋ ਸਦਾ ਹੀ ਸਮਾਜ ’ਚ ਹਾਸ਼ੀਆਕ੍ਰਿਤ ਅਤੇ ਮੁੱਖ ਧਾਰਾ ਦੇ ਧਿਆਨ ਤੋਂ ਪਰ੍ਹੇ ਰਿਹਾ ਅਤੇ ਇਹ ਵਿਸ਼ਾ ਹੈ ਤੀਜੇ ਲਿੰਗ ਦੀ ਕਾਮੁਕਤਾ ਤੇ ਲਿੰਗਕਤਾ ਦੀ ਪਛਾਣ।

ਔਰਤ ਮਰਦ ਦਾ ਰਿਸ਼ਤਾ ਪ੍ਰਕਿਰਤਕ ਹੈ ਜੋ ਲਿੰਗ (gender) ਆਧਾਰਿਤ ਹੈ ਭਾਵ ਭਿੰਨਲਿੰਗਕ ਹੈ। ਭਿੰਨ-ਲਿੰਗਕਤਾ (heterosexual) ਤੋਂ ਭਾਵ ਹੈ ਕਿ ਔਰਤ ਮਰਦ ਦੋ ਵਿਪਰੀਤ ਲਿੰਗ ਹਨ ਜੋ ਇਕ ਦੂਜੇ ਵੱਲ ਕਾਮੁਕ ਤੌਰ ਤੇ ਖਿੱਚ ਰੱਖਦੇ ਹਨ। ਓਪਰੀ ਨਜ਼ਰੇ ਦੇਖਿਆਂ ਔਰਤ ਮਰਦ ਦੀ ਲਿੰਗਕਤਾ ਕੋਈ ਮਸਲਾ ਨਹੀਂ ਪਰ ਜਦੋਂ ਇਸਨੂੰ ਜ਼ਰਾ ਨੀਝ ਨਾਲ ਦੇਖੀਏ ਤਾਂ ਔਰਤ ਮਰਦ ਦੀ ਕਾਮੁਕਤਾ (sexuality) ਤੇ ਲਿੰਗਕਤਾ (genderness) ਬੜੇ ਸੂਖ਼ਮ ਤੇ ਗੁੰਝਲਦਾਰ ਵਰਤਾਰੇ ਹਨ। ਇਸਦਾ ਕਾਰਣ ਹੈ ਕਿ ਔਰਤ ਮਰਦ ਤੋਂ ਇਲਾਵਾ ਮਾਨਵੀ ਸਮਾਜ ’ਚ ਹੋਰ ਵੀ ਕਈ ਹੋਂਦਾਂ ਹਨ ਜਿਵੇਂ ਕਿ ਹਿਜੜੇ, ਖ਼ਸੁਰੇ, ਕਿੰਨਰ, ਉਭਯਲਿੰਗੀ, ਸਮਲਿੰਗੀ, ਦੋਲਿੰਗੀ, ਪਾਰਲਿੰਗੀ, ਐਂਡਰੋਸੈਕਸੁਅਲ ਤੇ ਗਾਇਨੋਸੈਕਸੁਅਲ ਆਦਿ। ਇਨ੍ਹਾਂ ਹੋਂਦਾਂ ਦੀ ਕਾਮੁਕਤਾ ਤੇ ਲਿੰਗਕਤਾ ਇਕ ਅਜਿਹਾ ਵਿਸ਼ਾ ਹੈ ਜੋ ਸਾਡੇ ਸਮਾਜ ’ਚ ਆਪਣੀ ਗੁੰਝਲਦਾਰ ਪ੍ਰਵਿਰਤੀ ਕਾਰਣ ਵਰਤਮਾਨ ਦੌਰ ’ਚ ਵੱਡੇ ਸਮੱਸਿਆਕਾਰ ਵਜੋਂ ਸਾਹਮਣੇ ਆਈ ਹੈ। ਇਹ ਸਾਰੀਆਂ ਹੋਂਦਾਂ ਸਾਡੇ ਹੀ ਸਮਾਜ ਦਾ ਹਿੱਸਾ ਹਨ ਪਰ ਇਨ੍ਹਾਂ ਬਾਰੇ ਸਾਡੀ ਸਮਝ ਬੜੀ ਊਣੀ ਹੈ ਭਾਵੇਂ ਕਿ ਇਨ੍ਹਾਂ ਬਾਰੇ ਸਾਡੇ ਸਾਹਿਤ, ਕਲਾ, ਸਭਿੱਆਚਾਰ, ਇਤਿਹਾਸ, ਮਿਥਿਹਾਸ ’ਚ ਬੜੇ ਪ੍ਰਸੰਗ ਮਿਲਦੇ ਹਨ।

ਹਰਪਿੰਦਰ ਰਾਣਾ ਦੇ ਨਾਵਲ ਕੀ ਜਾਣਾ ਮੈਂ ਕੌਣ ? ਦਾ ਬਿਰਤਾਂਤ ਨਾਇਕ ਪੁਲੀਸ ਕਰਮਚਾਰੀ ਕਰਨਜੀਤ ਦੀ ਆਪਣੀ ਮਾਂ ਦੀ ਡਾਇਰੀ ਪੜ੍ਹਨ ਤੋਂ ਆਰੰਭ ਹੁੰਦਾ ਹੈ ਜਿਸ ਤੋਂ ਉਸਨੂੰ ਜਾਣਕਾਰੀ ਮਿਲਦੀ ਹੈ ਕਿ ਛੰਨੋ ਨਾਮੀ ਉਸਦੀ ਇਕ ਭੈਣ ਸੀ ਜਿਸਨੂੰ ਕਿ ਤੀਜੇ ਲਿੰਗ ਨਾਲ ਸਬੰਧਿਤ ਭਾਵ ਕਿੰਨਰ ਹੋਣ ਕਾਰਣ ਉਸਦਾ ਪਿਤਾ ਮਾਂ ਨਾਲ ਧੋਖਾ ਕਰਕੇ ਖ਼ੁਸਰਿਆਂ/ਮਹੰਤਾਂ ਦੇ ਹਵਾਲੇ ਕਰ ਦਿੰਦਾ ਹੈ। ਉਹ ਛੰਨੋ ਨੂੰ ਉਸਦੀ ਲਿੰਗਕਤਾ ਕਾਰਣ ਢਾਈਮੀ ਜਾਤ (ਸਥਾਨਕ ਭਾਸ਼ਾ ’ਚ) ਕਹਿੰਦਾ ਹੈ। ਮਾਂ ਨੂੰ ਛੰਨੋ ਦੇ ਵਿਛੋੜੇ ਦਾ ਬਹੁਤ ਗ਼ਹਿਰਾ ਦੁੱਖ ਤੇ ਸਦਮਾ ਹੈ, ਜਿਸਨੂੰ ਰਾਣਾ ਨੇ ਡਾਇਰੀ ਦੀ ਨਾਵਲੀ ਜੁਗਤ ਰਾਹੀਂ ਬੜੇ ਮਾਰਮਿਕ ਅਤੇ ਦਿਲ ਟੁੰਬਵੀ ਭਾਸ਼ਾ ਰਾਹੀਂ ਬਿਰਤਾਂਤ ’ਚ ਬੰਨ੍ਹਿਆਂ ਹੈ ਅਤੇ ਇਸ ਦੇ ਨਿਭਾਓ ’ਚ ਲੋਕ ਸਾਹਿਤ ਤੇ ਲੋਕਯਾਨ ਦੀ ਭਾਸ਼ਾ ਦੀ ਪੁੱਠ ਬੜਾ ਸਟੀਕ ਪ੍ਰਭਾਵ ਸਿਰਜਦੀ ਦਿਖਾਈ ਦਿੰਦੀ ਹੈ। ਇਥੋਂ ਸ਼ੁਰੂ ਹੁੰਦਾ ਹੈ ਕਰਨਜੀਤ ਵੱਲੋਂ ਛੰਨੋ ਦੀ ਤਲਾਸ਼ ਦਾ ਬਿਰਤਾਂਤ ਅਤੇ ਨਾਲ-ਨਾਲ ਖੁੱਲ੍ਹਣ ਲਗਦੇ ਹਨ ਤੀਜੇ ਲਿੰਗ ਦੀ ਦੁਨੀਆ ਦੇ ਯਥਾਰਥ ਦੇ ਰਹੱਸ ਤੇ ਭੇਦ। ਹਰ ਪਾਤਰ ਦੇ ਜੀਵਨ ਯਥਾਰਥ ਦਾ ਬਿਰਤਾਂਤ ਏਨਾਂ ਸੰਘਣਾ ਤੇ ਗੁੰਝਲਦਾਰ ਹੈ ਕਿ ਕੀ ਜਾਣਾ ਮੈਂ ਕੌਣ ? ਦਾ ਬਿਰਤਾਂਤ ਲਕੀਰੀ ਨਹੀਂ ਰਹਿੰਦਾ ਬਲਕਿ ਇਸ ਵਿਚਲੀ ਕਾਲਿਕਤਾ ਅੱਗੇ ਪਿਛੇ ਚੱਲਦੀ ਹੈ ਕਿਉਂ ਕਿ ਇਸ ਦੇ ਮੁੱਖ ਬਿਰਤਾਂਤ ਦੇ ਅੰਦਰ ਕਈ ਸਹਿ-ਬਿਰਤਾਂਤ ਕਾਰਜਸ਼ੀਲ ਹੋਣ ਕਾਰਣ ਇਹ ਇਕ ਤਰ੍ਹਾਂ ਦਾ ਮਿਖਾਇਲ ਬਾਖ਼ਤਿਨ ਦੀ ਭਾਸ਼ਾ ’ਚ ਇਕ ਤਰ੍ਹਾਂ ਦੀ ਸ਼ਬਦ ਸੰਚਾਰੀ ਵੰਨਸੁਵੰਨਤਾ (heteroglossia) ਪੈਦਾ ਹੁੰਦੀ ਹੈ।

51 ਹਜ਼ਾਰ ਰੁਪਏ ਦਾ
ਬਾਬਾ ਫ਼ਰੀਦ ਗਲਪ ਸਨਮਾਨ
ਪ੍ਰਾਪਤ ਨਾਵਲ
ਕੀ ਜਾਣਾ ਮੈਂ ਕੌਣ?

Punjabi Novel Ki Jana Main Kon

ਕੀ ਜਾਣਾ ਮੈਂ ਕੌਣ ? ਦਾ ਬਿਰਤਾਂਤ ਪਾਠਕ ਨੂੰ ਇਹ ਅਹਿਸਾਸ ਸਹਿਵਨ ਹੀ ਕਰਾ ਦਿੰਦਾ ਹੈ ਕਿ ਸਾਡੇ ਸਮਾਜ ਦੀ ਤੀਜੇ ਲਿੰਗ ਦੀ ਹੋਂਦ ਨਾਲ ਜੁੜੇ ਯਥਾਰਥ ਦੀ ਸਮਝ ਬਹੁਤ ਊਣੀ ਹੈ। ਆਮ ਬੰਦਾ ਤਾਂ ਸਿਰਫ ਇਹੀ ਸਮਝਦਾ ਹੈ ਕਿ ਹਿਜੜੇ, ਖ਼ੁਸਰੇ, ਕਿੰਨਰ ਤੇ ਜਨਖੇ ਆਦਿ ਤ੍ਰਿਸਕਾਰੇ ਲੋਕ ਨੇ। ਆਮ ਬੰਦਾ ਇਨ੍ਹਾਂ ਨੂੰ ਬਜ਼ਾਰਾਂ, ਮੁਹੱਲਿਆਂ, ਵਿਆਹਾਂ ’ਚ ਜਾਂ ਨਵਜੰਮੇ ਮੁੰਡੇ ਵਾਲੇ ਘਰ ਅੱਗੇ ਗਾਉਂਦੇ, ਨੱਚਦੇ ਮੰਗਦੇ ਤੇ ਅਜੀਬ-ਅਸ਼ਲੀਲ ਹਰਕਤਾਂ ਕਰਦੇ ਦੇਖ ਜਾਂ ਤਾਂ ਸ਼ਰਮਿੰਦਾ ਜਿਹਾ ਮਹਿਸੂਸ ਕਰਦਾ ਜਾਂ ਮੁਸੀਬਤ ਸਮਝ ਕੇ ਪੱਲਾ ਛੁਡਾਉਣਾ ਚਾਹੁੰਦਾ ਹੈ। ਇਹ ਸਿਰਫ਼ ਮਰਦਾਂ ਦਾ ਹੀ ਨਹੀਂ ਸਗੋਂ ਔਰਤਾਂ ਦਾ ਰਵੱਈਆ ਵੀ ਕੁੱਝ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ। ਸਮਾਜ ਦੇ ਇਸ ਰੱਦੇ-ਅਮਲ ਨੂੰ ਹਿਜੜੇ ਤੇ ਖ਼ੁਸਰੇ ਚੰਗੀ ਤਰ੍ਹਾਂ ਜਾਣਦੇ ਨੇ। ਇਸੇ ਕਰਕੇ ਇਹ ਹੋਰ ਅਸ਼ਲੀਲ ਭਾਸ਼ਾ ਤੇ ਫ਼ਾਹਸ਼ ਮੁਦਰਾਵਾਂ ਰਾਹੀਂ ਬੰਦੇ ਨੂੰ ਜਿੱਚ ਕਰਨ ਤੱਕ ਜਾਂਦੇ। ਆਮ ਲੋਕ ਸਿਰਫ਼ ਹਿਜੜਿਆਂ-ਖ਼ੁਸਰਿਆਂ ਦੇ ਗਲੀਆਂ, ਬਜ਼ਾਰਾਂ ’ਚ ਸਾਹਮਣੇ ਆਏ ਵਿਵਹਾਰ ਤੋਂ ਹੀ ਵਾਕਿਫ਼ ਨੇ। ਉਨ੍ਹਾਂ ਦੇ ਜੀਵਨ ਦੇ ਬਹੁਤ ਸਾਰੇ ਲੁਕੇ ਪੱਖਾਂ ਤੋਂ ਜਾਣੂ ਨਹੀਂ ਇਸੇ ਕਰਕੇ ਇਹ ਆਮ ਸਧਾਰਣ ਬੰਦੇ ਲਈ ਜੀਵਤ ਪ੍ਰਾਣੀ ਹੋ ਕੇ ਵੀ ਓਪਰੇ ਹਨ।

ਮਾਂ ਦੀ ਡਾਇਰੀ ਪੜ੍ਹ ਕਰਨਜੀਤ ਬਹੁਤ ਭਾਵੁਕ ਹੋ ਜਾਂਦਾ ਹੈ ਤੇ ਉਹ ਛੰਨੋ ਨੂੰ ਲੱਭਣ ਬਾਰੇ ਸੋਚਣ ਲਗਦਾ ਹੈ।  ਉਸਦੀ ਸੋਚ ਨੂੰ ਉਦੋਂ ਹੋਰ ਵੀ ਬਲ ਮਿਲ ਜਾਂਦਾ ਹੈ ਜਦੋਂ ਸੁਪਰੀਮ ਕੋਰਟ ਵੱਲੋਂ ਸਮਲਿੰਗਕਤਾ ਨੂੰ ਭਾਰਤੀ ਦੰਡ ਸਹਿੰਤਾ ਦੇ ਧਾਰਾ 377 ਦੇ ਅੰਤਰਗਤ ਅਪਰਾਧ ਦੇ ਘੇਰੇ ਤੋਂ ਮੁਕਤ ਕਰਨ ਦੀ ਅਤੇ 1੫ ਅਪਰੈਲ 201੪ ਦੇ ਦਿਨ ਤੀਜੇ ਲਿੰਗ ਨੂੰ ਮਾਨਤਾ ਦੇਣ ਦਾ ਪਤਾ ਲਗਦਾ ਹੈ ਤਾਂ ਉਸ ਦੀ ਆਪਣੀ ਭੈਣ ਨੂੰ ਖੋਜਣ ਦੀ ਇੱਛਾ ਹੋਰ ਪ੍ਰਬਲ ਹੋ ਜਾਂਦੀ ਹੈ । ਉਸ ਦੁਆਰਾ ਛੰਨੋ ਦੀ ਚਾਲੀ ਬਤਾਲੀ ਸਾਲਾਂ ਬਾਅਦ ਤਲਾਸ਼ ਸ਼ੁਰੂ ਹੋਣ ਦੇ ਨਾਲ ਹੋਰ ਵੀ ਕਈ ਪਾਤਰਾਂ ਤੇ ਉਨ੍ਹਾਂ ਨਾਲ ਜੁੜੇ ਬਿਰਤਾਂਤ ਹਨ ਜਿਨ੍ਹਾਂ ਰਾਹੀਂ ਤੀਜੇ ਲਿੰਗ ਦੇ ਸਮਾਜ ਦੇ ਕਈ ਪਹਿਲੂ ਤੇ ਉਨ੍ਹਾਂ ਦੇ ਜੀਵਨ ਦੇ ਲੁਕੇ ਅਯਾਮ ਉਜਾਗਰ ਹੋਣੇ ਸ਼ੁਰੂ ਹੋ ਜਾਂਦੇ ਹਨ। ਕਰਨਜੀਤ ਦੀ ਤਲਾਸ਼ ਦੇ ਬਿਰਤਾਂਤ ਨਾਲ ਕਈ ਹੋਰ ਪਾਤਰਾਂ ਦੇ ਜੀਵਨ ਯਥਾਰਥ ਨਾਲ ਜੁੜੇ ਬਿਰਤਾਂਤ ਵੀ ਨਾਲ-ਨਾਲ ਕਦੇ ਅੱਗੜ-ਪਿੱਛੜ ਤੁਰਦੇ ਹਨ ਅਤੇ ਇਨ੍ਹਾਂ ਦਾ ਗਿਆਨ-ਸ਼ਾਸਤਰੀ ਪ੍ਰਗਟਾਵਾ ਕੀ ਜਾਣਾ ਮੈਂ ਕੌਣ ? ਦੇ ਪਾਠ ਨੂੰ ਮਿਖਾਇਲ ਬਾਖ਼ਤਿਨ ਅਨੁਸਾਰ  ਇਕ ਤਰ੍ਹਾਂ ਨਾਲ ਉਤਸਵੀ (carnivalesque) ਬਣਾਅ ਦਿੰਦਾ ਹੈ।

ਕੀ ਜਾਣਾ ਮੈਂ ਕੌਣ ? ਦੇ ਇਨ੍ਹਾਂ ਪਾਤਰਾਂ ਚੋਂ ਇਕ ਪਾਤਰ ਹੈ ਨਸੀਬੋ ਜੋ ਆਮ ਸਧਾਰਣ ਹਿਜੜਾ ਹੈ ਅਤੇ ਨੂਰਾ ਉਸਦੇ ਨਾਲ ਗਾਉਣ ਤੇ ਡਫਲੀ ਵਜਾਉਣ ਵਾਲਾ ਸਾਥੀ। ਇਨ੍ਹਾਂ ਨਾਲ ਜੁੜੀ ਕਥਾ ਵਿਚੋਂ ਹੀ ਗਿਆਤ ਹੁੰਦਾ ਹੈ ਕਿ ਤਾਮਿਲਨਾਡੂ ’ਚ ਇਨ੍ਹਾਂ ਨੂੰ ਜੋਗੱਪਾ ਜਾਂ ਇਰਾਵਨੀ ਕਹਿੰਦੇ ਹਨ ਅਤੇ ਕੁਵਾਗਾਮ ਨਾਮੀ ਸਥਾਨ ਤੇ ਇਨ੍ਹਾਂ ਦਾ ਹਰ ਸਾਲ ਵੱਡਾ ਤਿਓਹਾਰ ਮਨਾਇਆ ਜਾਂਦਾ ਹੈ ਜਿਸ ਦੇ ਮਿਥਿਹਾਸ ਨੂੰ ਹਰਪਿੰਦਰ ਰਾਣਾ ਬਿਰਤਾਂਤ ਦਾ ਹਿੱਸਾ ਬਣਾਉਂਦੀ ਹੈ- “ਆਛਿਆ ਜੀ ! ਮਾਈ ਗੱਲਾਂ ਜਿਹੀਆਂ ਤਾਂ ਕਰਦੀ ਹੁੰਦੀ ਸੀ ਕਿਸੇ ਨਾਗ ਕੰਨਿਆਂ ਤੇ ਪਾਂਡੂਆਂ ਦਾ ਪੁੱਤ ਹੁੰਦਾ ਸੀ ਅਰਾਵਣ ! ਹੁਣ ਆਈ ਸਮਝ ਜੀ।”

“ਜੀ ਬਿਲਕੁਲ ! ਨਾਗ ਕੰਨਿਆਂ ਉਲਪੀ ਜੀ ਔਰ ਪਾਂਡਵ ਰਾਜ ਕੁਮਾਰ ਅਰਜਨ ਜੀ ਦੇ ਸਪੁੱਤਰ ਥੇ ਇਰਾਵਨ ਗੌਡ। ਔਰ ਉਨਹੋਂ ਨੇ ਮਹਾਭਾਰਤ ਕੇ ਯੁੱਧ ਮੇਂ ਖ਼ੁਦ ਕੀ ਬਲੀ ਦੀ ਥੀ। ਮਰਨੇ ਸੇ ਪਹਿਲੇ ਉਨਹੋਂ ਨੇ ਸ਼ਰਤ ਰੱਖੀ ਕਿ ਮੇਰੀ ਸ਼ਾਦੀ ਕਰਾ ਦੋ ਤੋ ਕ੍ਰਿਸ਼ਨ ਜੀ ਨੇ ਹੀ ਮੋਹਨੀ ਰੂਪ ਧਾਰਨ ਕਰ, ਉਨ ਸੇ ਸ਼ਾਦੀ ਬਣਾਈ। ਫਿਰ ਦੂਸਰੇ ਦਿਨ ਉਸੀ ਰੂਪ ਮੇਂ ਉਨਕੇ ਸ਼ਵ ਪਰ ਰੁਦਨ ਭੀ ਕਿਆ ਥਾ।”

“ਨਸੀਬੋ ਸਿਰ ਮਾਰਦਿਆਂ ਬੋਲੀ ਅੱਛਾ ਜੀ ! ਪਰ ਬਾਈ ਜੀ ਇਕ ਗੱਲ ਸਮਝ ਨਹੀਂ ਆਉਂਦੀ, ਬਈ ਇਸ ਦੇਸ਼ ’ਚ ਕਹਿੰਦੇ ਆ ਕਈ ਦੇਵਤਿਆਂ ਨੇ ਔਰਤ ਦਾ ਰੂਪ ਧਾਰਨ ਕੀਤਾ। ਕ੍ਰਿਸ਼ਨ ਭਗਵਾਨ ਹੋਇਆ, ਵਿਸ਼ਣੂ ਦੇਵਤਾ ਹੋਇਆ, ਹੋਰ ਤਾਂ ਹੋਰ ਸ਼ਿਵ ਜੀ ਮਹਾਰਾਜ ਨੇ ਵੀ ਕਹਿੰਦੇ ਆ ਔਰਤ ਦਾ ਰੂਪ ਧਾਰਿਆ ਸੀ।”

“ਜੀ ਜੀ ! ਇਸੀ ਲੀਏ ਤੋ ਉਨਹੇਂ ਅਰਧਨਾਰੀਸ਼ਵਰ ਕਹਿਤੇ ਹੈਂ। ਆਧਾ ਪੁਰਸ਼ ਆਧੀ ਨਾਰੀ।”

“ਆਹੋ ਜੀ ! ਅਸੀਂ ਵੀ ਤਾਂ ਵਿਚ ਵਿਚਾਲੇ ਈ ਆ, ਅੱਧਾ ਬੰਦਾ ਅਤੇ ਅੱਧੀ ਬੁੜ੍ਹੀ। ਸਾਨੂੰ ਲੋਕ ਘਰੋਂ ਬਾਹਰ ਕੱਢ ਦਿੰਦੇ ਆ, ਤੇ ਉਨ੍ਹਾਂ ਦੀ ਪੂਜਾ ਕਰੀ ਜਾਣਗੇ !।”

ਤੀਜੇ ਲਿੰਗ ਦੇ ਸਭਿੱਆਚਾਰ, ਸਮਾਜ ਤੇ ਕਦਰਾਂ ਕੀਮਤਾਂ ਬਾਰੇ ਰੂਥ ਵਨੀਤਾ ਤੇ ਸਲੀਮ ਕਿਦਵਈ ਨੇ ਆਪਣੀ  ਕਿਤਾਬ ਸੇਮ ਸੈਕਸ ਇਨ ਇੰਡੀਆ (Same Sex Love in India) ’ਚ ਵਿਭਿੰਨ ਇਤਿਹਾਸਕ ਕਾਲਾਂ ਜਿਵੇਂ ਪੁਰਾਤਨ, ਮੱਧਕਾਲ ਤੇ ਆਧੁਨਿਕ ’ਚ ਇਸ ਵਿਸ਼ੇ ਦਾ ਵਿਸਤਾਰ ਸਹਿਤ ’ਚਰਚਾ ਹੈ । ਇਸ ’ਚ ਪੁਰਾਤਨ ਸਾਹਿਤ ਦੇ ਨਾਲ ਨਾਲ ਉਰਦੂ ਫ਼ਾਰਸੀ ’ਚ ਅਤੇ ਵਰਤਮਾਨ ਹਿੰਦੀ ਅੰਗਰੇਜ਼ੀ ਸਾਹਿਤ ਪ੍ਰਸੰਗਾਂ ਦਾ ਜ਼ਿਕਰ ਕੀਤਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਕਾਮੁਕਤਾ ਤੇ ਲਿੰਗਕਤਾ ਦਾ ਵਜੂਦ ਕਿਸੇ ਨਾ ਕਿਸੇ ਰੂਪ ’ਚ ਪ੍ਰਾਚੀਨ ਸਾਹਿਤ ਤੇ ਇਤਿਹਾਸ ’ਚ ਪ੍ਰਸੰਗਿਕ ਰਿਹਾ ਹੈ। ਤੀਜੇ ਲਿੰਗ ਬਾਰੇ ਮਿਥਿਹਾਸ ’ਚ ਕਈ ਤਰ੍ਹਾਂ ਦੇ ਬਿਰਤਾਂਤ ਪ੍ਰਾਪਤ ਹਨ ਜਿਵੇਂ ਕਿ ਬਨਵਾਸ ਜਾ ਰਹੇ ਰਾਮ ਨੂੰ ਤੋਰਨ ਆਏ ਅਯੋਧਿਆ ਵਾਸੀਆਂ ਨੂੰ ਰਾਮ ਨੇ ਕਿਹਾ- ਕਿ ਸਾਰੇ ਇਸਤਰੀ ਪੁਰਸ਼ ਆਪਣੇ ਘਰਾਂ ਨੂੰ ਪਰਤ ਜਾਣ। ਮੈਂ ਬਨਵਾਸ ਕੱਟ ਕੇ ਜਲਦੀ ਵਾਪਿਸ ਆਵਾਂਗਾ। ਇਸ ਆਦੇਸ਼ ਤੇ ਸਾਰੇ ਇਸਤਰੀ ਪੁਰਸ਼ ਤਾਂ ਘਰਾਂ ਨੂੰ ’ਚਲੇ ਗਏ ਪਰ ਹਿਜੜੇ ਨਹੀਂ ਪਰਤੇ ਕਿਉਂ ਕਿ ਉਹ ਨਾ ਤਾਂ ਮਰਦ ਸਨ ਨਾ ਔਰਤਾਂ । ਇਸ ਲਈ ਹਿਜੜੇ ਨਗਰ ਦੇ ਬਾਹਰ ਚੌਦਾਂ ਸਾਲ ਤੱਕ ਰਾਮ ਦੇ ਪਰਤਣ ਤੱਕ ਖੜ੍ਹੇ ਰਹੇ। ਇਹ ਦੇਖ ਰਾਮ ਨੇ ਹਿਜੜਿਆਂ ਨੂੰ ਵਰ ਦਿੱਤਾ ਕਿ ਹਿਜੜੇ ਦੀ ਅਸੀਸ ਤੇ ਸਰਾਪ ਹਮੇਸ਼ਾ ਸੱਚਾ ਹੋਵੇਗਾ । ਮਹਾਭਾਰਤ ’ਚ ਇਨ੍ਹਾਂ ਬਾਰੇ ਜ਼ਿਕਰ ਅਰਜੁਨ ਦੇ ਬ੍ਰਿਹਨਲਾ ਤੇ ਸ਼ੰਡਕ ਬਣਨ ਅਤੇ ਸ਼ਿਖੰਡੀ ਜਿਹੇ ਪਾਤਰ ਦੇ ਰੂਪ ’ਚ ਮਿਲਦਾ ਹੈ।

ਕੀ ਜਾਣਾ ਮੈਂ ਕੌਣ ? ਦਾ ਇਕ ਹੋਰ ਪਾਤਰ ਹੈ ਰੇਸ਼ਮ ਜੋ ਕਿ ਕਰਨਜੀਤ ਦਾ ਚੰਡੀਗੜ੍ਹ ’ਚ ਪੜ੍ਹਦੇ ਸਮਿਆਂ ਦਾ ਸਾਥੀ ਹੈ ਪਰ ਉਸਦਾ ਸੁਭਾਅ ਤੇ ਵਿਵਹਾਰ ਤੇ ਦੇਹ ਦੀ ਦਿੱਖ ਜਨਾਨਾ ਹੈ ਜਿਸ ਕਾਰਣ ਉਹ ਯੂਨੀਵਰਸਿਟੀ ਦੇ ਧੌਂਸ ਜਮਾਉਣ ਵਾਲੇ ਵਿਦਿਆਰਥੀਆਂ ਦੀ ਹਵਸ ਦਾ ਏਨਾਂ ਸ਼ਿਕਾਰ ਹੋ ਜਾਂਦਾ ਹੈ ਕਿ ਅੰਤ ਨੂੰ ਤੰਗ ਆ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲੈਂਦਾ ਹੈ।

ਇਵੇਂ ਹੀ ਕਿੰਦਰੀ ਮਹੰਤ, ਮੋਰਾਂ ਮਹੰਤ, ਵੀਰੋ ਮਹੰਤ, ਜੁਗਨੂੰ, ਲੈਲਾ, ਸਲਮਾ, ਬੱਬੂ, ਸੀਮਾ, ਬੋਵੀ, ਮਮਤਾ ਕਈ ਤੀਜੇ ਲਿੰਗ ਦੇ ਪਾਤਰ ਹਨ। ਹਰ ਪਾਤਰ ਦਾ ਆਪੋ ਆਪਣਾ ਯਥਾਰਥ ਹੈ ਜਿਸ ਨਾਲ ਇਸ ਲਿੰਗ ਨੂੰ ਮਿਲੇ ਤੀਜੇ ਦਰਜੇ ਨਾਲ ਜੁੜੇ ਕਈ ਗਿਆਨ-ਸ਼ਾਸਤਰੀ ਪੱਖ ਵੀ ਸਾਹਮਣੇ ਆਉਂਦੇ ਨੇ ਜੋ ਕਿ ਹਰਪਿੰਦਰ ਰਾਣਾ ਨੇ ਨਾਵਲ ਲਿਖਣ ਦੌਰਾਨ ਪ੍ਰਾਪਤ ਦਸਤਾਵੇਜ਼ੀ ਸਰੋਤਾਂ ਅਤੇ ਇਸ ਸਮਾਜ ਨਾਲ ਜੁੜੇ ਲੋਕਾਂ ਨਾਲ ਕੀਤੀਆਂ ਮੁਲਾਕਾਤਾਂ ਚੋਂ ਕਸ਼ੀਦ ਕੀਤੇ ।

ਜੁਗਨੂੰ ਨਾਮ ਦੀ ਪਾਤਰ ਹਮਰਾਜ ਨਾਮ ਦੀ ਐਨ ਜੀ ਓ ’ਚਲਾਉਂਦੀ ਹੈ ਅਤੇ ਤੀਜੇ ਲਿੰਗ ਦੇ ਹਿੱਤਾਂ ਲਈ ਸੰਘਰਸ਼ ਕਰਦੀ ਹੈ। ਉਸਦੀ ਆਪਣੇ ਸਾਥੀਆਂ ਨਾਲ ਕੀਤੀ ਇਹ ’ਚਰਚਾ ਬਿਰਤਾਂਤ ਦਾ ਹਿੱਸਾ ਬਣਦੀ ਹੈ ਕਿ ਤੀਜੇ ਲਿੰਗ ਦੇ ਲੋਕਾਂ ਦੀ ਪਹਿਲੇ ਤੇ ਦੂਜੇ ਲਿੰਗ ਦੇ ਸਮਾਜ ਬਾਰੇ ਕੀ ਨਜ਼ਰੀਆ ਹੈ-

ਦੇਖੋ ਮੈਅਮ। ਸਰਕਾਰ ਨੇ ਹਮੇਂ ਥਰਡ ਜੈਂਡਰ ਕਾ ਦਰਜਾ ਦੇ ਦੀਆ ਹੈ। ਬਰੋਬਰ।

ਸਾਰਿਆਂ ਨੇ ਸਿਰ ਹਿਲਾਏ।

ਤੋ ਇਸਕਾ ਮਤਲਬ ਕੋਈ ਦੂਸਰਾ ਦਰਜਾ ਭੀ ਹੈ। ਔਰ ਫਿਰ ਪਹਿਲਾ ਭੀ ਹੋਗਾ। ਹਮੇਂ ਤੋ ਤੀਸਰਾ ਦਰਜਾ ਸਰਕਾਰ ਨੇ ਤੈਅ ਕਰ ਦੀਆ। ਅਬ ਪਹਿਲਾ ਔਰ ਦੂਸਰਾ ਕਿਸ ਨੇ ਤੈਅ ਕੀਆ। ਅਗਰ ਯੇ ਮਾਨ ਲੇਂ ਕਿ ਪੁਰਸ਼ ਪਹਿਲਾ ਦਰਜਾ ਹੈ ਔਰ ਔਰਤ ਦੂਸਰਾ ਦਰਜਾ। ਤੋ ਅਬ ਤੱਕ ਤੋ ਦੂਸਰੇ ਕੋ ਭੀ ਸਮਾਨ ਅਧਿਕਾਰ ਔਰ ਆਜ਼ਾਦੀ ਨਹੀਂ ਮਿਲ ਪਾਈ ਤੋ ਹਮਾਰੇ ਲੀਏ ਤੋ ਯਹ ਔਰ ਭੀ ਦੂਰ ਹੋ ਜਾਏਗੀ? ਆਜ ਔਰਤ ਯਾਨਿ ਕਿ ਸੈਕਿੰਡ ਜੈਂਡਰ ਕੋ ਹੀ ਅਹਿਸਾਸ-ਏ-ਕਮਤਰੀਨ ਕਰਵਾਇਆ ਜਾਤਾ ਹੈ। ਉਸ ਕੀ ਕੋਈ ਸੁਰੱਕਸ਼ਾ ਨਹੀਂ, ਤੋ ਹਮਾਰੀ ਕਹਾਂ ?

ਇਵੇਂ ਹੀ ਸਿੰਮੀ ਨਾਮ ਦਾ ਇਕ ਪਾਰਲਿੰਗਕ ਪਾਤਰ ਹੈ ਜੋ ਕਰਨਜੀਤ ਦਾ ਫੇਸ ਬੁੱਕ ਫਰੈਂਡ ਹੈ ਅਤੇ ਕਰਨਜੀਤ ਨਾਲ ਆਪਣਾ ਨਿੱਜ ਸਾਂਝਾ ਕਰਦਾ ਹੈ ਕਿ ਉਹ ਪਹਿਲਾਂ ਮੁੰਡਾ ਸੀ ਪਰ ਉਸਨੂੰ ਆਪਣਾ ਆਪ ਔਰਤ ਹੋਣਾ ਮਹਿਸੂਸ ਹੁੰਦਾ ਸੀ ਅਤੇ ਮੁੰਡਿਆਂ ਨਾਲੋਂ ਕੁੜੀਆਂ ’ਚ ਉਠਣਾ ਬੈਠਣਾ, ਉਨ੍ਹਾਂ ਵਾਂਗ ਹੀ ਮਹਿਸੂਸ ਕਰਨਾ ਅਤੇ ਜੇਕਰ ਕੁੜੀਆਂ ਮਾਹਵਾਰੀ ਬਾਰੇ ਗੱਲ ਕਰਦੀਆਂ ਤਾਂ ਉਸਨੂੰ ਆਪਣੇ ਪੇਟ ਅੰਦਰ ਕੁਝ ਵਾਪਰਦਾ ਅਨੁਭਵ ਹੁੰਦਾ ਸੀ। ਸਿੰਮੀ ਆਪਣੇ ਬਾਰੇ ਗੱਲ ਕਰਦਿਆਂ ਦੱਸਦੀ ਹੈ; ਮੈਂ ਸੋਚਿਆ ਕਿ ਦੋ ਨੂੰ ਹਮੇਸ਼ਾ ਇਕ ਦਾ ਮੋਹਤਾਜ ਰਹਿਣਾ ਹੀ ਪਾਵੇਗਾ ਪਰ ਕੋਈ ਨਹੀਂ ਸਮਝ ਸਕਦਾ ਕਿ ਮੇਰੇ ਅੰਦਰਲੀ ਏ ਯਾਨੀ ਔਰਤ ਬਾਹਰਲੀ ਬੀ ਯਾਨੀ ਬੁਆਏ ਦੀ ਬਾਡੀ ’ਚ ਕੈਦ ਹੈ। ਜਿਸਦੀ ਰਿਹਾਈ ਨਹੀਂ ਹੋ ਸਕਦੀ ਪਰ ਮੈਨੂੰ ਅੰਦਰਲੀ ਏ ਤੇ ਬਹੁਤ ਮਾਣ ਹੈ ਆਖਿਰ ਮੈਂ ਨਿਰਵਾਣ ਪ੍ਰਾਪਤ ਕਰ ਹੀ ਲਿਆ। ਆਪਣੀ ਰੂਹ ਦਾ ਮਿਲਾਪ ਆਪਣੇ ਸਰੀਰ ਨਾਲ ਕਰਵਾ ਦਿੱਤਾ। ਭਾਵੇਂ ਕਿ ਇਹ ਸਫ਼ਰ ਬਹੁਤ ਪੀੜ ਭਰਿਆ ਸੀ ਪਰ ਮੈਂ ਬਹੁਤ ਖ਼ੁਸ਼ ਸਾਂ ਕਿ ਮੈਂ ਖ਼ੁਦ ਨੂੰ ਔਰਤ ਵਰਗਾ ਕਰ ਲਿਆ ਸੀ। ਜਿਸ ਆਕਰਸ਼ਣ ਦਾ ਔਰਤ ਨੂੰ ਮਾਣ ਹੁੰਦੈ, ਮੈਂ ਵੀ ਉਸ ਆਕਰਸ਼ਣ ਨੂੰ ਅਪਣਾ ਲਿਆ ਸੀ। ਪਰ ਜਨਾਬ ਸੁੱਥਣ ’ਚ ਪੈਰ ਪਾਉਣਾ ਹੀ ਸੌਖਾ ਹੈ। ਕੱਢਿਆ ਨਹੀਂ ਜਾ ਸਕਦਾ। ਸਿੰਮੀ ਅਕਸਰ ਆਪਣੇ ਬਾਰੇ ਇਕ ਕਹਾਵਤ ਕਹਿੰਦੀ ਹੈ, ਖੁਸਰਾ ਸਾੜੀ ਕਾ ਨਹੀਂ, ਖੁਸਰਾ ਦਾੜ੍ਹੀ ਕਾ ਨਹੀਂ, ਖੁਸਰਾ ਤਨ ਕਾ ਨਹੀਂ, ਖੁਸਰਾ ਤੋ ਮਨ ਕਾ ਹੋਤਾ ਹੈ।

ਸਿੰਮੀ ਜਿਹੇ ਪਾਰਲਿੰਗਕ ਵਿਅਕਤਿੱਤਵਾਂ ਬਾਰੇ ਮੀ ਹੀਜੜਾ, ਮੀ ਕਲਸ਼ਮੀ (Me Hijra, Me Laxmi) ਦੀ ਲੇਖਿਕਾ ਲਕਸ਼ਮੀ ਨਾਰਾਇਣ ਤ੍ਰਿਪਾਠੀ ਦਾ ਪੰਨਾ 180 ਤੇ ਵਿਚਾਰ ਹੈ ਕਿ ਕਈ ਹਿਜੜਿਆਂ ਨੂੰ ਪਾਰਲਿੰਗਕ (transgender) ਵੀ ਕਿਹਾ ਜਾਂਦਾ ਹੈ। ਪਾਰਲਿੰਗਕਤਾ ਤੋਂ ਭਾਵ ਹੈ ਕਿ ਲਿੰਗਕਤਾ ਤੋਂ ਪਾਰ ਜਾਣਾ। ਸਾਰੇ ਐਲ.ਜੀ.ਬੀ.ਟੀ/ਲੈਸਬੀਅਨ, ਗੇ, ਬਾਈਸੈਕਸੁਅਲ, ਟਰਾਂਸਜੈਂਡਰ ’ਚ ਸਿਰਫ਼ ਹਿਜੜਾ ਭਾਵ ਪਾਰਲਿੰਗਕ ਵਰਗ ਹੀ ਲਿੰਗਕਤਾ ਨਾਲ ਜੁੜਿਆ ਹੈ ਭਾਵ ਕਿ ਉਹ ਮਰਦ ਹੋ ਕੇ ਵੀ ਆਪਣੇ ਆਪ ਨੂੰ ਔਰਤ ਮਹਿਸੂਸ ਕਰਣ ਕਾਰਣ ਮਤਲਬ ਮਰਦ ਵੱਲ ਆਕਰਸ਼ਿਤ ਹੋਣ ਕਾਰਣ ਆਪਣੀ ਲਿੰਗਕਤਾ ਤੋਂ ਪਾਰ ਜਾਂਦਾ ਹੈ। ਇਸਦੇ ਉਲਟ ਐਲ.ਜੀ.ਬੀ.ਟੀ ਭਾਵ ਲੈਸਬੀਅਨ, ਗੇ, ਤੇ ਬਾਈਸੈਕਸੁਅਲ ਤਿੰਨੋਂ ਪ੍ਰਵਰਗ ਕਾਮੁਕਤਾ ਨਾਲ ਜੁੜੇ ਹਨ। ਇਹ ਤਿੰਨੋਂ ਆਪਣੀ ਕਾਮੁਕਤਾ ਦੀ ਤਲਾਸ਼ ਸਮਲਿੰਗੀ ਰਿਸ਼ਤਿਆਂ ਚੋਂ ਕਰਦੇ ਹਨ ਭਾਵ ਔਰਤ ਔਰਤ ਵੱਲ, ਮਰਦ ਮਰਦ ’ਚ ਰੁਚਿਤ ਹੁੰਦਾ ਹੈ। ਬਾਈਸੈਕਸੁਅਲ ਉਹ ਹੁੰਦੇ ਹਨ ਜੋ ਜੰਮੇ ਕਿਸੇ ਹੋਰ ਲਿੰਗ ’ਚ ਹੋਣ ਪਰ ਛਲਚਿਕਿਤਸਾ ਨਾਲ ਉਨ੍ਹਾਂ ਇੱਛਤ ਲਿੰਗ ਧਾਰਣ ਕੀਤਾ ਹੋਵੇ ।

ਹਰਪਿੰਦਰ ਰਾਣਾ ਦਾ ਵੀ ਤੀਜੇ ਲਿੰਗ ਦੀ ਲਿੰਗਕਤਾ ਤੇ ਕਾਮੁਕਤਾ ਦੇ ਵਿਸ਼ੇ ਤੇ ਨਿੱਠ ਤੇ ਕੀਤਾ ਅਧਿਐਨ ਉਸਦੇ ਇਸ ਐਪੀਸੋਡ ਚੋਂ ਦਿਖਾਈ ਦਿੰਦਾ ਹੈ ਜਦੋਂ ਕਰਨਜੀਤ ਪੰਦਰਾਂ ਅਗਸਤ ਦੀ ਪਰੇਡ ਤੋਂ ਪਰਤ ਰਿਹਾ ਹੈ ਕਿ ਰਸਤੇ ’ਚ ਐਲ ਜੀ ਬੀ ਟੀ ਵਾਲਿਆਂ ਦਾ ਜਲੂਸ ਨਿਕਲਦਾ ਦੇਖ ਉਹ ਸੋਚਣ ਲਗਦਾ ਹੈ- “ਕਿੰਨਾ ਸੁਚੇਤ ਹੋ ਰਹੇ ਨੇ ਇਹ ਲੋਕ। ਜਾਗਦੀਆਂ ਅੱਖਾਂ ਤੇ ਸੁਚੇਤ ਦਿਮਾਗ਼ਾਂ ਨੂੰ ਮੰਜ਼ਿਲ ਮਿਲਣੀ ਹੀ ਹੁੰਦੀ ਹੈ । ਕਰਨਾ ਹਰੇਕ ਚਿਹਰੇ ਨੂੰ ਘੋਖ ਰਿਹਾ ਸੀ। ਉਨ੍ਹਾਂ ’ਚ ਟਰਾਂਸਜੈਂਡਰ ਵੱਧ ਅਤੇ ਹਿਜੜੇ ਘੱਟ ਸਨ। ਹੁਣ ਤੱਕ ਉਹ ਚੰਗੀ ਤਰ੍ਹਾਂ ਸਮਝ ਗਿਆ ਸੀ ਕਿ ਹਰ ਹਿਜੜਾ ਤਾਂ ਟਰਾਂਸਜੈਂਡਰ ਹੁੰਦਾ ਹੈ ਪਰ ਹਰ ਟਰਾਂਸਜੈਂਡਰ ਹਿਜੜਾ ਨਹੀਂ ਹੁੰਦਾ। ਟਰਾਂਸਜੈਂਡਰ ਨੂੰ ਹਿਜੜਾ ਬਣਨ ਲਈ ਆਪਣੀਆਂ ਇੱਛਾਵਾਂ ਤੇ ਭਾਵਨਾਵਾਂ ਦੇ ਆਖੇ ਲੱਗ, ਸਮਾਜਿਕ ਨਿਯਮਾਂ ਨੂੰ ਹੱਥੀ ਚਵਾਤੀ ਲਾ ਕੇ ਨਿਰਵਾਣ ਵਰਗੇ ਅਥਾਹ ਸਰੀਰਕ ਕਸ਼ਟ ਦੀ ਭੱਠੀ ’ਚ ਤਪਣਾ ਪੈਂਦਾ ਹੈ। ਲੱਖਾਂ ਰੁਪਏ ਲਾ ਕੇ ਮੌਤ ਨੂੰ ਜੱਫੀ ਵਰਗਾ ਦੇਸੀ ਢੰਗ, ਜਿਹੜਾ ਹਰ ਵਾਰੀ ਕਿਸੇ ਦੇ ਵਸ ਨਹੀਂ ਹੁੰਦਾ, ਵਿਚੋਂ ਦੀ ਲੰਘ ਕੇ ਟਰਾਂਸਜੈਂਡਰ, ਹਿਜੜਾ ਬਣ ਸਕਦਾ ਪਰ ਫੇਰ ਵੀ ਉਹ ਮਹਿਜ਼ ਸ਼ਿਵਰੀ ਮੂਰਤ ਹੀ ਕਹਾਉਂਦਾ ਹੈ ਨਹੀਂ ਤਾਂ ਅਖਵਾ ਮੂਰਤਾਂ ਤਾਂ ਬਹੁਤ ਦਰ-ਦਰ ਭਟਕਦੀਆਂ ਫਿਰਦੀਆਂ ਨੇ।”

ਲਕਸ਼ਮੀ ਨਾਰਇਣ ਤ੍ਰਿਪਾਠੀ ਦਾ ਲਿੰਗਕਤਾ ਬਾਬਤ ਕਹਿਣਾ (ਪੰਨਾ 180) ਹੈ ਕਿ ਇਸਨੂੰ ਨੂੰ ਸਮਾਜਿਕ ਵਰਤਾਰਾ ਕਿਹਾ ਜਾ ਸਕਦਾ ਹੈ ਜੋ ਬਾਅਦ ’ਚ ਮਾਨਸਿਕ ਬਣ ਜਾਂਦਾ ਹੈ ਤੇ ਕਾਮੁਕਤਾ ਜੈਵਿਕ ਹੈ ਭਾਵ ਇਹ ਲੋਕ ਆਪਣੀ ਕਾਮੁਕਤਾ ਸਮਲਿੰਗਕਤਾ ਚੋਂ ਤਲਾਸ਼ ਕਰਦੇ ਹਨ। ਉਹ ਲਿੰਗਕਤਾ ਦੇ ਇਕ ਹੋਰ ਆਯਾਮ ਬਾਰੇ ਵੀ ਦੱਸਦਾ ਹੈ ਜਿਵੇਂ Andro-Sexual ਭਾਵ ਮਰਦ ਜੋ ਮਰਦਾਂ ਵੱਲ ਆਕਰਸ਼ਿਤ ਹੁੰਦੇ ਨੇ ਅਤੇ Gyno-Sexual ਭਾਵ ਔਰਤਾਂ ਜੋ ਔਰਤਾਂ ਵਲ ਆਕਰਸ਼ਿਤ ਹੁੰਦੀਆਂ ਹਨ।

ਕੀ ਜਾਣਾ ਮੈਂ ਕੌਣ ? ਵਿੱਚ ਖ਼ੁਦਾ ਬਖ਼ਸ਼ ਨਾਮ ਦਾ ਇਕ ਉਭਯਲਿੰਗੀ ਪਾਤਰ ਹੈ ਜਿਸ ਦੇ ਜੀਵਨ ਯਥਾਰਥ ਨਾਲ ਬਿਰਤਾਂਤ ’ਚ ਕਾਮੁਕਤਾ ਤੇ ਲਿੰਗਕਤਾ ਦਾ ਇਕ ਹੋਰ ਅਯਾਮ ਉਭਰਦਾ ਹੈ। ਉਸਦੇ ਬਚਪਨ ਦੀ ਇਕ ਘਟਨਾ ਨਾਲ ਉਸਦੀ ਕਥਾ ਦਾ ਆਰੰਭ ਇੰਝ ਹੁੰਦਾ ਹੈ-

ਸਮੇਂ ਤੋਂ ਪਾਰ ਕਿਤੋਂ ਦੂਰੋਂ ਧੁੰਦ ਚੋਂ ਬਾਹਾਂ ਖਿਲਾਰ ਕੇ ਅੰਮੀ ਅੰਮੀ ਕਰਦਾ ਭੱਜਿਆ ਆਉਂਦਾ ਖ਼ੁਦਾ ਬਖ਼ਸ਼ ਨਜ਼ਮਾਂ ਦੇ ਗਲ ਨੂੰ ਚੁੰਬੜ ਗਿਆ।

ਉਹ ਕਹਿੰਦਾ ਤੂੰ ਮੁਖ਼ਤਲਿਫ਼ ਏਂ ! ਘਰ ਅੰਦਰ ਰਿਹਾ ਕਰ। ਬਾਹਰ ਤਾਂ ਸ਼ੋਹਦੇ ਖੇਡਦੇ ਹੁੰਦੇ। ਮੈਂ ਕੋਈ ਸ਼ੋਹਦਾ ਅੰਮੀ?

ਹਾਂ ਮੇਰੀ ਜਾਨ ਮੁਖ਼ਤਲਿਫ਼ ਤਾਂ ਤੂੰ ਹੈਂ ਹੀ।

ਕਿੰਨਾ ਕੁ ਮੁਖ਼ਤਲਿਫ਼ ਅੰਮੀ ?

ਬੱਸ ਮੱਖੀ ਜਿੰਨਾ ?

ਅਨਵਰ ਤੋਂ ਵੀ ? ਬਾਨੋ ਤੋਂ ਵੀ ਮੁਖ਼ਤਲਿਫ਼ ?

ਆਹੋ ਅਨਵਰ ਤੋਂ ਮੱਖੀ ਜਿੰਨਾ ਮੁਖ਼ਤਲਿਫ਼ ਤੇ ਬਾਨੋਂ ਤੋਂ ਜੂੰ ਜਿੰਨਾ ਮੁਖ਼ਤਲਿਫ਼।

ਉਹ ਕਿਵੇਂ ਅੰਮੀ ? ਮੁਖ਼ਤਲਿਫ਼ ਕਿਵੇਂ ?

ਨਜ਼ਮਾਂ ਕੁਝ ਸੋਚਦਿਆਂ ਬੋਲੀ, ਆਹ ਤੇਰੀ ਫੁਲੋ ਬੱਸ ਮੱਖੀ ਜਿੰਨੀ ਛੋਟੀ ਏ ਅਨਵਰ ਤੋਂ।

ਲੈ ਫੇਰ ਕਾਹਦਾ ਮੁਖ਼ਤਲਿਫ਼ ਹੋਇਆ ?

ਬੱਸ ਤੈਨੂੰ ਪਿਸ਼ਾਬ ਕਰਨ ਲਈ ਬਾਨੋ ਵਾਂਗ ਬੈਠਣਾ ਪੈਂਦਾ। ਅਨਵਰ ਤਾਂ ਖੜ੍ਹ ਕੇ ਵੀ ਕਰ ਲੈਂਦਾ।

ਲੈ ਇਹ ਵੀ ਕੋਈ ਸ਼ੈਅ ਹੈ। ਮੁਖ਼ਤਲਿਫ਼ ਤਾਂ ਹੋਵਾਂ ਜੇ ਮੇਰੇ ਸਿੰਗ ਲੱਗੇ ਹੋਣ।

ਆਹੋ ਮੇਰੇ ਲਾਲ, ਮੇਰੀ ਜਾਨ ! ਖ਼ੁਦਾ ਦੇ ਹੱਥ ਏ ਕੋਈ ਸ਼ੈਅ ਵੱਡੀ ਦੇ ਤੀ। ਕੋਈ ਛੋਟੀ। ਜਿਵੇਂ ਕਿਸੇ ਦਾ ਕੱਦ ਵੱਡਾ ਕਿਸੇ ਦਾ ਛੋਟਾ।

ਇਸ ਸਬੰਧ ’ਚ ਲਕਸ਼ਮੀ ਨਾਰਾਇਣ ਤ੍ਰਿਪਾਠੀ ਦਾ ਪੰਨਾ 173 ਤੇ ਵਿਚਾਰ ਹੈ ਕਿ ਹਿਜੜਿਆਂ ਤੇ ਖ਼ੁਸਰਿਆਂ ਤੋਂ ਇਲਾਵਾ ਤੀਜੇ ਲਿੰਗ ਦਾ ਇਕ ਹੋਰ ਵੀ ਪ੍ਰਕਾਰ ਹੈ ਜਿਸਨੂੰ ਉਭਯਲਿੰਗੀ / ਹਰਮਾਫਰੋਡਾਈਟ ਕਿਹਾ ਜਾਂਦਾ ਹੈ। ਕੋਈ ਵੀ ਜਨਮ ਤੋਂ ਉਭਯਲਿੰਗੀ (Hermaphrodite) ਹੋ ਸਕਦਾ ਹੈ ਭਾਵ ਕਿ ਇਸ ਦੇ ਇਸਤਰੀ ਤੇ ਮਰਦ ਦੋਵੇਂ ਕਾਮ-ਅੰਗ ਹੁੰਦੇ ਹਨ ਜਾਂ ਕੋਈ ਵੀ ਕਾਮ ਅੰਗ ਨਹੀਂ ਹੁੰਦਾ । ਜਦਕਿ ਹਿਜੜਾ ਸਦਾ ਹੀ ਪੁਲਿੰਗ ਹੁੰਦਾ ਹੈ ਭਾਵੇਂ ਕਿ ਉਹ ਸਮਝਦਾ ਆਪਣੇ ਆਪਣੇ ਆਪ ਨੂੰ ਇਸਤਰੀ ਲਿੰਗ ਪਰ ਜੰਮਦਾ ਹੈ ਮਰਦ ਕਾਮ-ਅੰਗ ਲੈਕੇ।

ਲਕਸ਼ਮੀ ਨਾਰਾਇਣ ਤ੍ਰਿਪਾਠੀ ਆਪਣੀ ਇਸੇ ਕਿਤਾਬ ’ਚ ਇਹ ਵੀ ਵਿਸਥਾਰ ਸਹਿਤ ਦੱਸਦਾ ਹੈ ਕਿ ਸ਼ਬਦ ‘ਹਿਜ’ ਦਾ ਭਾਵ ਹੈ, ਆਤਮਾ। ਇਹ ਜਿਸ ਦੇਹ ’ਚ ਰਹਿੰਦੀ ਹੈ ਉਸਨੂੰ ਹਿਜੜਾ ਕਹਿੰਦੇ ਨੇ। ਹਿਜੜਾ ਸ਼ਬਦ ਦੀ ਨਿਰੁਕਤੀ ਹਿਜਰ ਤੋਂ ਵੀ ਹੋਈ ਹੈ। ਹਿਜਰ ਦਾ ਭਾਵ ਹੈ ਉਹ ਸ਼ਖ਼ਸ ਜੋ ਆਪਣੇ ਕਬੀਲੇ ਨੂੰ ਛੱਡ ਕੇ ਬਾਹਰ ਚਲਿਆ ਜਾਵੇ। ਇੰਝ ਹਿਜੜਾ ਉਹ ਵਿਅਕਤੀ ਹੈ ਜੋ ਔਰਤ-ਮਰਦ ਦੀ ਮੁੱਖ-ਧਾਰਾ ਤੋਂ ਬਾਹਰ ਹੋ ਚੁੱਕਾ ਹੁੰਦਾ ਹੈ। ਹਿਜੜਾ ਸ਼ਬਦ ਸਮਾਜਿਕ ਅਰਥਾਂ ’ਚ ਹੈ ਨਾ ਕਿ ਜੈਵਿਕ ਭਾਵ ਪ੍ਰਕਿਰਤਕ। ਕੋਈ ਵੀ ਹਿਜੜਾ ਜਨਮ ਤੋਂ ਹੀ ਨਹੀਂ ਹੁੰਦਾ ਬਲਕਿ ਸਮਾਜ ਜਾਂ ਸਮਾਜ ਤੋਂ ਉਪਜੀ ਮਾਨਸਿਕਤਾ/ਮਨੋਵਿਗਿਆਨ ਉਸਨੂੰ ਬਣਾ ਦਿੰਦਾ ਹੈ। ਹਿਜੜਾ ਉਹ ਹੈ ਜੋ ਹੈ ਤਾਂ ਮਰਦ ਪਰ ਉਹ ਔਰਤ ਵਾਂਗ ਮਹਿਸੂਸ ਕਰਦਾ ਹੈ, ਇਸ ਲਈ ਇਹ ਮਰਦ ਹੋ ਕੇ ਵੀ ਮਰਦ ਵੱਲ ਆਕਰਸ਼ਿਤ ਹੁੰਦਾ ਹੈ। ਕੋਈ ਹਿਜੜਈ ਪ੍ਰਵਿਰਤੀ ਵਾਲਾ ਮਰਦ ਜਦੋਂ ਜਵਾਨ ਹੋਣਾ ਸ਼ੁਰੂ ਹੁੰਦਾ ਹੈ ਜਾਂ ਇਹ ਕਹਿ ਲਵੋ ਜਦੋਂ ਉਸ ਅੰਦਰ ਕਾਮ ਉਤੇਜਨਾ ਜਾਗਣ ਲਗਦੀ ਹੈ ਤਾਂ ਉਹ ਔਰਤ ਵੱਲ ਖਿੱਚ ਮਹਿਸੂਸ ਕਰਨ ਦੀ ਬਜਾਏ ਮਰਦ ਤੇ ਰੀਝਣਾ ਸ਼ੁਰੂ ਕਰਦਾ ਹੈ। ਇਸ ਕਾਰਣ ਉਸਦੇ ਹਾਵ ਭਾਵ, ਮੁਦਰਾਵਾਂ, ਅੰਦਾਜ਼, ਭਾਸ਼ਾ ਤੇ ਝੁਕਾਓ ਔਰਤਾਂ ਵਾਲੇ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਕਾਰਣ ਉਹ ਆਪਣੇ ਪਰਿਵਾਰ ਤੇ ਸਮਾਜ ’ਚ ਵੱਖਰਾ ਤੇ ਹੋਰ/ਦੂਜਾ ਮਹਿਸੂਸ ਕਰਨ ਲਗਦਾ ਹੈ । ਉਹ ਆਪਣੇ ਵਰਗਿਆਂ ਦੀ ਤਲਾਸ਼ ਕਰਦਾ ਹੋਇਆ ਹਿਜੜਿਆਂ ਦੇ ਘਰਾਣਿਆਂ ’ਚ ਸ਼ਾਮਿਲ ਹੋ ਜਾਂਦਾ ਹੈ । ਇਸ ਸ਼ਾਮਿਲ ਹੋਣ ਦੀ ਰਸਮ ਨੂੰ ਜੋਗ-ਜਨਮ ਕਹਿੰਦੇ ਨੇ । ਇਸ ਰਸਮ ’ਚ ਨਵੇਂ ਹਿਜੜੇ ਨੂੰ ਹਰੇ ਰੰਗ ਦੇ ਭੋਸ਼ਣ ਦਿੱਤੇ ਜਾਂਦੇ ਹਨ । ਹਰ ਸ਼ਹਿਰ ’ਚ ਹਿਜੜਿਆਂ ਦੇ ਘਰਾਣੇ ਹੁੰਦੇ ਹਨ ਜਿਨ੍ਹਾਂ ਦਾ ਮੁੱਖੀ ਗੁਰੂ ਹੁੰਦਾ ਹੈ ਜੋ ਸਾਰਿਆਂ ਲਈ ਆਦਰਯੋਗ ਹੁੰਦਾ ਹੈ।

ਕਈ ਹਿਜੜੇ ਆਪਣੇ ਮਰਦ ਅੰਗ ਨੂੰ ਖ਼ੱਸੀ (castration) ਕਰਵਾ ਪੂਰੀ ਮਰਦਪਨ ਤੋਂ ਪੂਰੀ ਤਰ੍ਹਾਂ ਮੁਕਤ ਹੋਣਾ ਚਾਹੁੰਦੇ ਹਨ ਕਿਉਂ ਕਿ ਉਹ ਮਾਨਸਿਕ ਰੂਪ ’ਚ ਆਪਣੇ ਆਪ ਨੂੰ ਔਰਤ ਹੀ ਸਮਝਦੇ ਹਨ । ਇਸੇ ਖ਼ੱਸੀਕਰਣ ਦੀ ਪ੍ਰਕਿਰਿਆ ਤੋਂ ਸ਼ਾਇਦ ਸ਼ਬਦ ਬਣਿਆ ਹੈ ਖ਼ੁਸਰੇ (eunuch)। ਇਹ ਖੱਸੀਕਰਣ ਕਿਉਂ ਕਿ ਬਹੁਤ ਪੀੜਾਦਾਇਕ ਹੁੰਦਾ ਹੈ ਇਸ ਲਈ ਕਈ ਹਿਜੜੇ ਇਹ ਖ਼ੱਸੀਕਰਣ ਨਹੀਂ ਵੀ ਕਰਵਾਉਂਦੇ । ਹਿਜੜਿਆਂ ਦੇ ਇਸ ਖ਼ੱਸੀਕਰਣ ਤੋਂ ਹੀ ਇਨ੍ਹਾਂ ਖ਼ਵਾਜਾ ਸਰਾਹ ਵੀ ਕਿਹਾ ਜਾਂਦੈ ਹੈ। ਖ਼ਵਾਜਾ ਸਰਾਹ ਬਾਦਸ਼ਾਹਾਂ ਦੇ ਹਰਮਾਂ ਦੇ ਨਿਯੰਤਰਕ ਹੁੰਦੇ ਸਨ। ਖ਼ਵਾਜਾ ਸਰਾਹ ਇਸ ਲਈ ਰੱਖੇ ਜਾਂਦੇ ਸਨ ਕਿਉਂਕਿ ਉਨ੍ਹਾਂ ਤੋਂ ਹਰਮ ਦੀਆਂ ਬੇਗ਼ਮਾਂ ਨੂੰ ਕੋਈ ਖ਼ਤਰਾ ਨਹੀ ਸੀ ਹੁੰਦਾ।  ਮੁਗ਼ਲ ਬਾਦਸ਼ਾਹਾਂ ਦੇ ਹਰਮਾਂ ਤੇ ਉਨ੍ਹਾਂ ਦਾ ਕਰੀਬ ਰਹਿਣ ਵਾਲੇ ਕਈ ਖ਼ਵਾਜਾ ਸਰਾਹ ਬੜੀ ਵੱਡੀ ਹੈਸੀਅਤ ਵਾਲੇ ਵੀ ਸਨ । ਖ਼ਵਾਜਾ ਸਰਾਹ ਦਾ ਸ਼ਾਬਦਿਕ ਅਰਥ ਹੈ ਰੱਬ ਦੇ ਰਾਹ ਦਾ ਰਾਹਗੀਰ।

ਹਰਪਿੰਦਰ ਰਾਣਾ ਨੇ ਕੀ ਜਾਣਾ ਮੈਂ ਕੌਣ ? ’ਚ ਇਨ੍ਹਾਂ ਤੀਜੇ ਲਿੰਗ ਦੇ ਸਭਿਆਚਾਰ ਤੇ ਸੰਸਕ੍ਰਿਤੀ, ਜੀਵਨ ਤੇ ਸਮਾਜਿਕ ਵਿਵਹਾਰ ਨੂੰ ਆਪਣੇ ਬਿਰਤਾਂਤ ਦਾ ਹਿੱਸਾ ਬਣਾਉਣ ਦੇ ਨਾਲ-ਨਾਲ ਇਨ੍ਹਾਂ ਦੀ ਵਿਸ਼ੇਸ਼ ਭਾਸ਼ਾ ਨੂੰ ਵੀ ਵਾਰਤਾਲਾਪ ਦਾ ਹਿੱਸਾ ਬਣਾਇਆ ਹੈ। ਤੀਜੇ ਲਿੰਗ ਦੇ ਲੋਕਾਂ ਦਾ ਸਮਾਜ ਬੜਾ ਬੰਦ ਸਮਾਜ ਹੈ। ਇਸਦੇ ਟੈਬੂ ਅਤੇ ਟੋਟਮ ਬੜੇ ਸਪੱਸ਼ਟ ਹਨ ਇਸੇ ਕਾਰਣ ਇਨ੍ਹਾਂ ਦੇ ਸਮਾਜ ਨੇ ਆਪਣੀ ਅੰਦਰੂਨੀ ਭਾਸ਼ਾ ਵੀ ਵਿਕਸਤ ਕੀਤੀ ਹੈ ਜਿਸਨੂੰ ਬਾਹਰੀ ਬੰਦੇ ਲਈ ਸਮਝਣਾ ਔਖਾ ਹੈ ਜਿਵੇਂ-

ਦੀਕਰੀ ਭਾਵ ਬੇਟੀ, ਦੀਕਰਾ ਭਾਵ ਬੇਟਾ।

ਹੇ ਲੋਰੀ ਕੜੇ ਕੜਾਕ ਜੋ ਭਾਵ ਓਏ ਕੁੜੀਏ ਚੁੱਪ ਕਰ ਜਾ।

ਗਿਰਇਏ ਭਾਵ ਮਹਿਬੂਬ

ਖਮੜ ਚਾਮ ਭਾਵ ਸ਼ੀਸ਼ਾ

ਠੱਪਰ ਭਾਵ ਪੈਸੇ

ਚਾਮਨੀਆਂ ਭਾਵ ਅੱਖਾਂ

ਅੜੀਲ ਭਾਵ ਬਹੁਤ

ਚੀਸਾ ਭਾਵ ਖ਼ੂਬਸੂਰਤ

ਠੱਪ ਜਾ ਭਾਵ ਬੈਠ ਜਾਅ

ਇਸ ਤਰ੍ਹਾਂ ਇਨ੍ਹਾਂ ਲੋਕਾਂ ਦੀ ਭਾਸ਼ਾ ਦੀ ਵਰਤੋਂ ਕਾਰਣ ਇਹ ਪੂਰੀ ਤਰ੍ਹਾਂ ਸਥਾਪਿਤ ਹੁੰਦਾ ਹੈ ਕਿ ਇਨ੍ਹਾਂ ਦੀ ਦੁਨੀਆ, ਇਸ ਦੁਨੀਆ ਅੰਦਰ ਇਕ ਹੋਰ ਦੁਨੀਆ ਹੈ ਜਿਸਦੇ ਆਪਣੇ ਨਿਯਮ, ਵਿਹਾਰ ਕਾਨੂੰਨ ਤੇ ਈਥੋਸ ਹਨ। ਜਦੋਂ ਨਾਵਲਕਾਰਾ ਇਨ੍ਹਾਂ ਦੀ ਭਾਸ਼ਾ ਨੂੰ ਬਿਰਤਾਂਤ ਅੰਦਰ ਫੈਲਾਉਂਦੀ ਹੈ ਤਾਂ ਇਸਦੀ ਭਾਸ਼ਾ ਮਿਖਾਇਲ ਬਾਖ਼ਤਿਨ ਦੇ ਵਿਚਾਰ ਅਨੁਸਾਰ ਆਪਣੇ ਚਿਹਨਾਤਮਕਤਾ ’ਚ ਬਹੁ-ਧੁਨੀਆਤਮਕ (polyphonic) ਹੋ ਨਿਬੜਦੀ ਹੈ।

ਕੀ ਜਾਣਾ ਮੈਂ ਕੌਣ ? ਦਾ ਬਿਰਤਾਂਤ ਉਦੋਂ ਨਵਾਂ ਮੋੜ ਲੈਂਦਾ ਹੈ ਜਦੋਂ ਕਰਨਜੀਤ ਆਪਣੀ ਦੋਸਤ ਵਿਸ਼ਵ ਜੋ ਕਿ ਪੱਤਰਕਾਰ ਹੈ, ਸਿੰਮੀ ਅਤੇ ਬੋਵੀ ਦੀ ਸਹਾਇਤਾ ਨਾਲ ਛੰਨੋ ਨੂੰ ਲੱਭਣ ’ਚ ਸਫ਼ਲ ਹੋ ਜਾਂਦਾ ਹੈ ਕਿ ਇਹ ਛੰਨੋ ਉਹੋ ਜੁਗਨੂੰ ਹੀ ਹੈ ਜੋ ਹਮਰਾਜ਼ ਨਾਮ ਦੀ ਐਨ.ਜੀ.ਓ ਚਲਾਅ ਕੇ ਆਪਣੇ ਸਮਾਜ ਦੇ ਲੋਕਾਂ ਦੇ ਹਿੱਤਾਂ ਲਈ ਸੰਘਰਸ਼ ਕਰਦੀ ਹੈ। ਹਰਪਿੰਦਰ ਰਾਣਾ ਨੇ ਨਾਵਲ ਦੇ ਅੰਤ ’ਚ ਛੰਨੋ ਜਦੋਂ ਆਪਣੀ ਸਾਥਣ ਮਮਤਾ ਨਾਲ ਵਾਪਸ ਪਿੰਡ ਆਉਂਦੀ ਹੈ, ਉਦੋਂ ਉਸ ਦਾ ਆਪਣੀ ਮਾਂ ਨਾਲ ਮੁੜ ਮਿਲਾਪ ਦਾ ਬਿਰਤਾਂਤ ਏਨੀਂ ਸ਼ਿੱਦਤ ਨਾਲ ਚਿਤਰਿਆ ਹੈ ਕਿ ਪਾਠਕ ਸਹਿਵਨ ਹੀ ਇਸ ਭਾਵੁਕ ਪ੍ਰਵਾਹ ’ਚ ਬਹਿ ਜਾਂਦਾ ਹੈ ਪਰ ਹਰਪਿੰਦਰ ਰਾਣਾ ਨੇ ਤੀਜੇ ਲਿੰਗ ਦੀ ਅਸਮਿਤਾ, ਅਸਤਿੱਤਵ ਅਤੇ ਆਤਮ-ਪ੍ਰਭੁਤਾ ਨੂੰ ਕਾਇਮ ਰੱਖਦਿਆਂ ਨਾਵਲ ਦਾ ਅੰਤ ਛੰਨੋ ਤੇ ਮਾਂ ਦੇ ਇਨ੍ਹਾਂ ਵਾਰਤਲਾਪਾਂ ਨੂੰ ਗਿਆਨ-ਮੂਲਕ ਢੰਗ ਨਾਲ ਸ਼ਾਬਦਿਕਤਾ ਪ੍ਰਦਾਨ ਕੀਤੀ ਹੈ-

ਜਾਣਾ ਕਿੱਥੇ ਆ ਪੁੱਤ ਤੂੰ ? ਹੁਣ ਇਥੇ ਹੀ ਰਹਿਣਗੀਆਂ ਮੇਰੀਆਂ ਧੀਆਂ।

ਨਹੀਂ ਮਾਂ ਰਹੂੰਗੀ ਤਾਂ ਮੈਂ ਡੇਰੇ ਹੀ। ਉਹੀ ਮੇਰੀ ਕਰਮਭੂਮੀ ਆ। ਮੇਰੀ ਜ਼ਿੰਦਗੀ ਡੇਰੇ ਨਾਲ ਜੁੜੀ ਹੈ ਅਤੇ ਮੈਂ ਕਈਆਂ ਦੀ ਜ਼ਿੰਦਗੀ ਨਾਲ ਜੁੜੀ ਆਂ। ਉਹੀ ਮੇਰਾ ਅਸਲੀ ਘਰ ਹੈ, ਜਿੱਥੇ ਮੈਂ ਜ਼ਿੰਦਗੀ ਦੇ ਦੁੱਖ-ਸੁੱਖ ਕੱਟੇ ਆ।

ਪਿੰਡ ਦੀ ਜਨਾਨੀ ਮਾਸੀ ਦੇਬੋ ਦੇ ਪੁੱਛਣ ਤੇ ਕਿ ਨਾ ਵਿਆਹ ਨਾ ਮੰਗਣਾ ਇਹ ਖ਼ੁਸਰੇ ਕਿਉਂ ਆਏ ਨੇ ਤਾਂ ਮਾਂ ਛੰਨੋ ਦੀ ਹੋਂਦ ਨੂੰ ਸਾਰੇ ਪਿੰਡ ਸਾਹਮਣੇ ਇਨ੍ਹਾਂ ਸ਼ਬਦਾਂ ’ਚ ਸਵਿਕਾਰ ਕਰਦੀ ਹੈ-

ਪਿੰਡ ਆਲਿਓ ਜੀਹਨੂੰ ਤੁਸੀਂ ਖ਼ੁਸਰਾ ਸਮਝਦੇ ਸੀ ਨਾ ਇਸ ਨੂੰ ਮੈਂ ਹੀ ਜੰਮਿਆ ਹੈ ਪਰ ਮੈਂ ਆਪਣੇ ਘਰਦਿਆਂ ਤੋਂ ਅਤੇ ਮੇਰੇ ਘਰ ਦੇ ਸਮਾਜ ਤੋਂ ਡਰਦੇ ਸੀ ਤਾਂ ਹੀ ਹੱਥੀਂ ਫੜਾਈ ਸੀ ਮਹੰਤਾਂ ਨੂੰ। ਹੁਣ ਮੈਂ ਪ੍ਰਵਾਨ ਕਰਦੀ ਹਾਂ ਆਪਣੀ ਧੀ ਨੂੰ । ਜਿਵੇਂ ਮੇਰਾ ਪੁੱਤ ਕਰਨਾ ਉਵੇਂ ਹੀ ਮੇਰੀ ਧੀ ਛੰਨੋ।

ਹਰਪਿੰਦਰ ਰਾਣਾ ਨੇ ਕੀ ਜਾਣਾ ਮੈਂ ਕੌਣ ? ਦਾ ਬਿਰਤਾਂਤ ਘੜਨ ਲਈ ਨਾ ਸਿਰਫ਼ ਕਈ ਦਸਤਾਵੇਜ਼ਾਂ, ਕਿਤਾਬਾਂ, ਫਿਲਮਾਂ ਦੀ ਸਹਾਇਤਾ ਲਈ ਬਲਕਿ ਤੀਜੇ ਲਿੰਗ ਦੇ ਸਮਾਜ ਦੀਆਂ ਕਈ ਸ਼ਖ਼ਸੀਅਤਾਂ ਨਾਲ ਮੁਲਾਕਾਤਾਂ ਵੀ ਕੀਤੀਆਂ ਜਿਨ੍ਹਾਂ ਚੋਂ ਮੋਹਣੀ ਮਹੰਤ ਜੋ ਕੌਮੀ ਲੋਕ ਅਦਾਲਤ ਦੀ ਪਹਿਲੀ ਕਿੰਨਰ ਮੈਂਬਰ ਹੈ, ਦਾ ਕਹਿਣਾ ਹੈ- “ਵਿਕਾਸ ਦੇ ਲੱਖਾਂ ਦਾਅਵੇ ਕਰਨ ਵਾਲਾ ਭਾਰਤੀ ਸਮਾਜ ਅੱਜ ਵੀ ਇਸਤਰੀ ਪੁਰਸ਼ ਦੇ ਪਰੰਪਰਾਗਤ ਦਾਇਰੇ ਵਿਚ ਇਸ ਤਰ੍ਹਾਂ ਬੰਨ੍ਹਿਆਂ ਹੋਇਆ ਹੈ ਕਿ ਉਹ ਕਿੰਨਰਾਂ ਅਤੇ ਟਰਾਂਸਜੈਂਡਰ ਨੂੰ ਸਵਿਕਾਰ ਨਹੀਂ ਕਰ ਰਿਹਾ।” ਇਸੇ ਤਰ੍ਹਾਂ ਆਦਮਪੁਰ ਤੋਂ ਨੀਲੀ ਦਾ ਆਖਣਾ ਹੈ, “ਮਰਦ ਵਰਗੇ ਸਰੀਰ ਵਿੱਚ ਔਰਤ ਦੀ ਰੂਹ ਹੋਵੇ ਤਾਂ ਉਸ ਵਜੂਦ ਦਾ ਕੋਈ ਕਸੂਰ ਨਹੀਂ। ਰੱਬ ਦੇ ਇਸ ਰੂਪ ਨੂੰ ਦੇਖਣ ਲਈ ਨਜ਼ਰ ਦੀ ਨਹੀਂ ਨਬਜ਼ ਦੀ ਲੋੜ ਹੈ।” ਨਵੀਂ ਦਿੱਲੀ ਦੀ ਟ੍ਰਾਂਸਜੈਂਡਰ ਐਕਵਿਵਿਸਟ ਨਿਰਵੈਰ ਕੌਰ ਆਖਦੀ ਹੈ, “ਜਿਸ ਪਹਿਚਾਣ ਨੂੰ ਬਣਾਉਣ ਲਈ ਦੌਲਤ ਸ਼ੌਹਰਤ ਸੱਭ ਕੁਝ ਲੁੱਟ ਜਾਂਦਾ ਫਿਰ ਵੀ ਦੁਨੀਆਂ ਨੂੰ ਇਹ ਸਮਝਾਉਣਾ ਔਖਾ ਹੁੰਦਾ, ਮੇਰਾ ਸਰੀਰ, ਸਰੀਰ ਹੈ, ਕੋਈ ਸਰਾਏ ਨਹੀਂ ਰਾਤ ਬਿਤਾਨੇ ਕੋ।” ਮੁਕਤਸਰ ਦੇ ਚੱਕ ਬੀੜ ਸਰਕਾਰ ਦੀ ਨੂਰਾਂ ਕਹਿੰਦੀ ਹੈ, “ਮਹੰਤ ਕਹਿਣਾ ਹੀ ਸੌਖਾ ਪਰ ਮਹੰਤ ਹੋਣਾ ਬਹੁਤ ਔਖਾ। ਜਦ ਦਰਦ ਅੰਤ ਤੋਂ ਟੱਪ ਜਾਵੇ ਜਾਨੀ ਮਹਾਂ ਅੰਤ ਹੋ ਜਾਵੇ ਉਹ ਹੰਦਾ ਹੈ ਮਹੰਤ।” ਸਿਮਰਨ ਪ੍ਰੀਤ ਉਲਾਂਭਾ ਦਿੰਦੀ ਹੈ ਕਿ ਕੀ ਤੁਸੀਂ ਕਿਸੇ ਨੂੰ ਓਏ ਮਰਦਾ ਜਾਂ ਓਏ ਜਨਾਨੀਏ ਕਹਿ ਕੇ ਆਵਾਜ਼ ਮਾਰੀ ਹੈ ? ਫਿਰ ਮੇਰੀ ਵਾਰੀ ਓਏ ਖੁਸਰਿਆ ਕਿਉਂ?

ਕੀ ਜਾਣਾ ਮੈਂ ਕੌਣ ? ਦੇ ਬਿਰਤਾਂਤ ਦੇ ਆਰ ਪਾਰ ਫੈਲੀ ਤੀਜੇ ਲਿੰਗ ਨਾਲ ਜੁੜੀ ਸਾਰੀ ਸਭਿਆਚਾਰਕਤਾ ਅਤੇ ਸਮਾਜਿਕਤਾ ਦੀ ਭਾਸ਼ਾ ਤੇ ਗਿਆਨ-ਸ਼ਾਸਤਰੀਅਤਾ ਦੇ ਰੂ-ਬ-ਰੂ ਹੁੰਦਿਆਂ ਪਾਠਕ ਇਹ ਮਹਿਸੂਸ ਕਰਨ ਲਗਦਾ ਹੈ ਕਿ ਹਰਪਿੰਦਰ ਰਾਣਾ ਦਾ ਨਾਵਲ ਲਿਖਣ ਦਾ ਇਹ ਉਦੇਸ਼ ਪੂਰਣ ਹੋ ਗਿਆ ਹੈ ਕਿ ਇਹ ਸੰਵੇਦਨਾ ਪੈਦਾ ਕੀਤੀ ਜਾਵੇ ਕਿ ਸਮਾਜ ਦੇ ਆਮ ਲੋਕ ਇਨ੍ਹਾਂ ਤ੍ਰਿਸਕਾਰੇ, ਛੇਕੇ, ਨਿਓਟੇ, ਨਿਪੱਤੇ ਅਤੇ ਨਿਆਸਰੇ ਲੋਕਾਂ ਬਾਰੇ ਜੁੜੀਆਂ ਮਿੱਥਾਂ ਤੋਂ ਅਤੇ ਆਪਣੀਆਂ ਪੂਰਵ-ਧਾਰਣਾਵਾਂ ਤੋਂ ਮੁਕਤ ਹੋਣ। ਤੀਜੇ ਲਿੰਗ ਦੇ ਲੋਕਾਂ ਦੇ ਵਿਵਹਾਰ ਨੂੰ ਗ਼ਹਿਰਾਈ ਤੇ ਸਹਾਨੁਭੂਤੀ ਨਾਲ ਸਮਝਣ। ਇਨ੍ਹਾਂ ਲੋਕਾਂ ਦੇ ਅਸਤਿੱਤਵ ਅਤੇ ਦੂਜਤਾ/ਪਰਤਾ ਦੇ ਕਈ ਸਮਾਜਿਕ, ਸਭਿੱਆਚਾਰਕ, ਮਨੋਵਿਗਿਆਨਕ ਤੇ ਪ੍ਰਕਿਰਤਕ ਕਾਰਣ ਹਨ ਅਤੇ ਇਨ੍ਹਾਂ ਕਾਰਣਾਂ ਨੂੰ ਸਮਝ ਕੇ ਹੀ ਇਨ੍ਹਾਂ ਦੀ ਕਾਮੁਕਤਾ ਤੇ ਲਿੰਗਕਤਾ ਦੀ ਪਛਾਣ ਦੀਆਂ ਸੂਖ਼ਮਤਾਵਾਂ ਸਮਝਿਆ ਜਾ ਸਕਦਾ ਹੈ। ਦੂਜੇ/ਪਰ ਦੀ ਹੋਂਦ ਨੂੰ ਸਮਝਣ ਬਾਰੇ ਮਾਰਤਿਨ ਬੂਬਰ ਆਪਣੀ ਕਿਤਾਬ (I-Thuo) ’ਚ ਕਹਿੰਦਾ ਹੈ ਕਿ ਦੂਜੇ/ਪਰ ਨੂੰ ਸਮਝਣਾ ਦਰਅਸਲ ਆਪਣੇ ਆਪ ਨੂੰ ਹੀ ਸਮਝਣਾ ਹੈ। ਭਾਰਤੀ ਸੰਦਰਭ ’ਚ ਸੰਸਕ੍ਰਿਤ ਸ਼ਲੋਕ ਵੀ ਇਸ ਗੱਲ ਦੀ ਤਾਈਦ ਕਰਦਾ ਹੈ; ਨ ਤਤੋ ਵਿਜੁਗਪਤਸੇ ਭਾਵ ਜੋ ਦੂਜਿਆਂ ਨੂੰ ਆਪਣੀ ਤਰ੍ਹਾਂ ਜਾਣਦਾ ਹੈ, ਉਸਦਾ ਪ੍ਰਕਾਸ਼ ਹੁੰਦਾ ਹੈ।

51 ਹਜ਼ਾਰ ਰੁਪਏ ਦਾ
ਬਾਬਾ ਫ਼ਰੀਦ ਗਲਪ ਸਨਮਾਨ
ਪ੍ਰਾਪਤ ਨਾਵਲ
ਕੀ ਜਾਣਾ ਮੈਂ ਕੌਣ?

Punjabi Novel Ki Jana Main Kon
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com