ਜਦੋਂ ਗਾਰਗੀ ਦੀ ਗੱਲ ਹੁੰਦੀ ਹੈ ਤਾਂ ਬਠਿੰਡੇ ਦਾ ਵੀ ਜ਼ਿਕਰ ਹੁੰਦਾ ਹੈ। ਬਠਿੰਡੇ ਦਾ ਗਾਰਗੀ ਨਾਲ ਗਹਿਰਾ ਰਿਸ਼ਤਾ ਹੈ ਇਸੇ ਰਿਸ਼ਤੇ ਦੀ ਸ਼ਾਹਦੀ ਭਰਦਾ ਹੈ ‘ਬਲਵੰਤ ਗਾਰਗੀ ਓਪਨ ਏਅਰ ਥੀਏਟਰ’ ਇਸ ਸਟੇਜ ‘ਤੇ ਮੰਚਿਤ ਹੋਇਆ ਗਾਰਗੀ ਦਾ ਨਾਟਕ ਪੱਤਣ ਦੀ ਬੇੜੀ ਜਿਸ ਦਾ ਨਿਰਦੇਸ਼ਨ ਬਲਰਾਜ ਸਾਗਰ ਦੁਆਰਾ ਕੀਤਾ ਗਿਆ ।
ਕਈ ਕਲਾਵਾਂ ਦਾ ਮੇਲ ਨਾਟਕ
ਨਾਟਕ ਕਈ ਕਲਾਵਾਂ ਦਾ ਮੇਲ ਹੈ: ਅਦਾਕਾਰੀ, ਮੰਚਸੱਜਾ, ਸੰਗੀਤ ਤੇ ਰੌਸ਼ਨੀ ਜਦ ਇਹਨਾਂ ਸਾਰਿਆਂ ਪੱਖਾਂ ਤੋਂ ਪੂਰਾ ਹੁੰਦਾ ਤਾਂ ਉਸ ਦੇ ਸਮੁੱਚੇ ਪ੍ਰਭਾਵ ਨੂੰ ਸਫ਼ਲ ਪੇਸ਼ਕਾਰੀ ਦਾ ਦਰਜਾ ਦਿੱਤਾ ਜਾਂਦਾ ਹੈ। ਸਾਗਰ ਦਾ ਨਾਟਕ ਨੂੰ ਠੀਕ-ਠਾਕ ਜਿਹੀ ਪੇਸ਼ਕਾਰੀ ਕਿਹਾ ਜਾ ਸਕਦਾ ਹੈ। ਬਤੌਰ ਨਿਰਦੇਸ਼ਕ ਉਸ ਨੇ ਕਾਫ਼ੀ ਹੱਦ ਤੱਕ ਆਪਣੀ ਭੂਮਿਕਾ ਨਿਭਾਈ ਪਰ ਕਈ ਪੱਖ ਉਹ ਫੜ ਨਹੀਂ ਸਕਿਆ। ਸੈੱਟ ‘ਤੇ ਕੀਤੀ ਮਿਹਨਤ ਨਜ਼ਰ ਆਉਂਦੀ ਸੀ। ਪੁਤਲੀਆਂ ਦੇ ਨਾਚ ਨੂੰ ਜਿਵੇਂ ਪ੍ਰਤੀਕਾਤਮਕ ਢੰਗ ਨਾਲ ਕਹਾਣੀ ਕਹਿਣ ਲਈ ਵਰਤਿਆ ਉਹ ਦ੍ਰਿਸ਼ਕਾਰੀ ਖ਼ੂਬਸੂਰਤ ਸੀ ਪਰ ਇਸ ਵਿਚ ਇਕਸੁਰਤਾ ਦੀ ਕੁਝ ਘਾਟ ਰੜਕਦੀ ਸੀ। ਪਿੱਠਵਰਤੀ ਸੰਗੀਤ ਬਹੁਤ ਵਧੀਆ ਸੀ।
ਅਦਾਕਾਰੀ
ਮੁੱਖ ਅਦਾਕਾਰਾ ਦੀਪੋ ਨੂੰ ਸ਼ਾਇਦ ਨਿਰਦੇਸ਼ਕ ਵਲੋਂ ਗਾਰਗੀ ਦੀਆਂ ਵੇਗਮੱਤੀਆਂ, ਬੇਬਾਕ (ਬੋਲਡ) ਤੇ ਸਮਾਜਿਕ ਵਰਜਨਾਵਾਂ ਉਲੰਘ ਜਾਣ ਵਾਲੀਆਂ ਹੋਰ ਨਾਇਕਾਵਾਂ ਬਾਰੇ ਨਹੀਂ ਦੱਸਿਆ ਗਿਆ। ਚਾਹੇ ਉਹ ਧੂਣੀ ਦੀ ਅੱਗ ਦੀ ਰੀਟਾ ਹੋਵੇ ਜਾਂ ਲੋਹਾ ਕੁੱਟ ਦੀ ਸੰਤੀ ਹੋਵੇ ਜਾਂ ਬੈਣੌ ਚਾਹੇ ਸੌਂਕਣ ਦੀ ਮਾਂ ਹੋਵੇ। ਦੀਪੋ ਵੀ ਅਜਿਹਾ ਹੀ ਪਾਤਰ ਹੈ, ਦੋ ਮਰਦਾਂ ਦੇ ਦਵੰਦ ‘ਚ, ਬੀਤੇ ਦੀ ਲਾਸ਼ ਪਿੱਠ ‘ਤੇ ਧਰ ਕੇ ਅੱਜ ਦੀਆਂ ਬਾਹਵਾਂ ਲੋਚਦੀ। ਬੱਸ ਇਹੀ ਵੇਗ ਤੇ ਦਵੰਦ ਦੀਪੋ ਦਿਖਾਉਣ ‘ਚ ਨਾਕਾਮ ਰਹੀ।
ਲਾਜੋ ਕਾਫੀ ਹੱਦ ਤੱਕ ਆਪਣੇ ਕਿਰਦਾਰ ਨਾਲ ਨਿਆਂ ਕਰ ਗਈ ਪਰ ਜੋ ਤੀਬਰਤਾ ਦੀਪੋ ਨਾਲ ਸੰਵਾਦ ਦੌਰਾਨ ਬਣਨੀ ਚਾਹੀਦੀ ਸੀ ਉਹ ਨਹੀਂ ਬਣੀ। ਦੀਪੋ ਜਾਲ, ਆਟੇ, ਰੋਟੀਆਂ ਬਣਾਉਣ ਦੌਰਾਨ ਕੁਝ ਪ੍ਰਤੀਕਾਂ ਨੂੰ ਜ਼ਿਆਦਾ ਨਹੀਂ ਉਭਾਰ ਸਕੀ। ਮੁਕਦੀ ਗੱਲ ਕੋਸ਼ਿਸ਼ ਬਹੁਤ ਵਧੀਆ ਕੀਤੀ ਪਰ ਜਜ਼ਬਾਤਾਂ ਨਾਲ ਲਬਰੇਜ਼ ਅਦਾਕਾਰੀ ਦੇ ਮਾਮਲੇ ਵਿਚ ਊਣੀ ਰਹੀ।
ਸੁੰਦਰ ਦੇ ਸਟੇਜ ‘ਤੇ ਆਉਣ ਤੇ ਆਵਾਜ਼ ਵਿੱਚ ਜਾਂ ਗਲੇ ਦਾ ਰੁਦਨ ਸਮਝ ਨਹੀਂ ਆਇਆ। ਇਹ ਅਦਾਕਾਰ ਦੀ ਕਮਜ਼ੋਰੀ ਹੁੰਦੀ ਹੈ ਜਦੋਂ ਉਸ ਕੋਲੋਂ ਜਜ਼ਬਾਤੀ ਵਹਿਣ ਨੂੰ ਨਿਖੇੜਿਆ ਨਹੀਂ ਜਾਂਦਾ ਤੇ ਵੇਗਾਂ ਦੀ ਬਹੁਲਤਾ ਨੂੰ ਰੁਦਨ ‘ਚ ਤਬਦੀਲ ਕਰ ਦਿੰਦਾ ਹੈ। ਇਹ ਦੀਪੋ, ਲਾਜੋ, ਸੁੰਦਰ ਤੇ ਸੁਰਜੀਤ ਸਭ ਨੇ ਕੀਤਾ।
ਸੁਰਜੀਤ ਰੌਣ ‘ਚ ਹੀ ਸਾਰਾ ਕੁਝ ਸਮੇਟ ਗਿਆ ਜਦ ਕਿ ਉਥੇ ਸਭ ਕੁਝ ਰੌਣ ‘ਚ ਨਹੀਂ ਸੀ। ਸੁਰਜੀਤ ਤੇ ਸੁੰਦਰ ਦੋਹੇਂ ਆਪਣੇ ਕਿਰਦਾਰ ਵਿਚ ਨਹੀਂ ਸਨ। ਸੁੰਦਰ ਔਰਤ ਦੇ ਕਾਮੁਕ ਵੇਗ ਨੂੰ ਤੇ ਸੁਰਜੀਤ ਔਰਤ ਦੀ ਬੇਵਫ਼ਾਈ ਨੂੰ ਮਹਿਸੂਸ ਨਹੀਂ ਕਰ ਸਕਿਆ।
ਸਭ ਤੋਂ ਮਾੜਾ ਤੇ ਬਚਕਾਨਾ ਭਾਗ ਯੁਵਕ ਮੇਲਿਆਂ ਦੇ ਅੰਦਾਜ਼ ਵਿੱਚ ਲਾਲਟੈਨ ਫੜ ਕੇ ਨਾਟਕ ਦੀ ਭੂਮਿਕਾ ਬੰਨਣਾ ਸੀ। ਜਿਸ ਵਿੱਚ ਲੇਖਕ ਬਾਰੇ ਤੇ ਏਥੋਂ ਤੱਕ ਉਸ ਨੇ ਨਾਟਕ ਕਦੋਂ ਲਿਖਿਆ ਇਹ ਦੱਸਿਆ ਗਿਆ। ਇਸ ਤਰ੍ਹਾਂ ਸਟੇਜ ਉਤੇ ‘ਮੁੱਖ ਬੰਦ’ ਗ਼ੈਰ ਜ਼ਰੂਰੀ ਸੀ।
ਨਿਰਦੇਸ਼ਨ
ਨਿਰਦੇਸ਼ਕ ਨੇ ਨਾਟਕ ਨੂੰ ਡਿਜ਼ਾਇਨ ਕਰਨ ਚ ਕੋਈ ਕਸਰ ਨਹੀਂ ਛੱਡੀ, ਦ੍ਰਿਸ਼ਕਾਰੀ ਦੀ ਸੁਹਜਾਤਮਕਤਾ ਗੌਰ ਕਰਨ ਵਾਲੀ ਸੀ। ਲੋਕ ਗੀਤ ਸੰਗੀਤ ਦੀ ਸੁਚੱਜੀ ਵਰਤੋਂ ਸੀ ਪਰ ਨਾਟਕ ਅਦਾਕਾਰੀ ਖੁਣੋਂ ਪਿੱਛੜ ਗਿਆ, ਅਦਾਕਾਰਾਂ ਨੇ ਮਨੁੱਖੀ ਅੰਤਰਮਨ ਦੀਆਂ ਪਰਤਾਂ, ਜਜ਼ਬਿਆਂ ਦੀ ਟੱਕਰ, ਗ਼ੈਰ ਮਰਦ ਲਈ ਉਬਲਦੇ ਵੇਗ ਨਹੀਂ ਸਮਝਿਆ ਤੇ ਕਿਤੇ-ਕਿਤੇ ਉਹ ਏਨੇ ਕੁ ਸਪਾਟ ਸਨ ਕਿ ਲਗਦਾ ਜਿਵੇਂ ਬੱਸ ਸਕ੍ਰਿਪਟ ਹੀ ਪੜ੍ਹ ਰਹੇ ਹੋਣ। ਇਸ ਪਾਸੇ ਵੀ ਨਿਰਦੇਸ਼ਕ ਦਾ ਧਿਆਨ ਲੋੜੀਂਦਾ ਹੈ।
ਬਾਕੀ ਗਾਉਣ ਵਾਲੇ ਸੁਲਤਾਨ ਨੇ ਬਹੁਤ ਅੱਛਾ ਗਾਇਆ ਤੇ ਸੰਗੀਤ ਵੀ ਬਹੁਤ ਵਧੀਆ ਸੀ।
ਪੋਸਟ ਸਕ੍ਰਿਪਟ
ਇਹ ਰਿਵਿਊ ਕਰਨ ਦਾ ਸਿਲਸਿਲਾ ਮੇਰੇ ਸਬੱਬੀ ਲਿਖੇ ਨਾਟਕ ‘ਦੀਵਾਰ’ ਤੋਂ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ ਨਾਟਕ ਬਾਰੇ ਫੇਸਬੁੱਕ, ਫੋਨ ਤੇ ਆਹਮੋ-ਸਾਹਮਣੇ ਬੈਠ ਕੇ ਸੰਵਾਦ ਚੱਲਿਆ ਜਿਸ ਨਾਲ ਸਾਰਥਕ ਗੱਲਬਾਤ ਸ਼ੁਰੂ ਹੋਈ। ਇਸ ਤਰ੍ਹਾਂ ਦੀ ਗੱਲਬਾਤ ਅਕਸਰ ਹੁੰਦੀ ਨਹੀਂ, ਕਿਉਂਕਿ ਸਾਡੇ ਥੀਏਟਰ ਵਾਲੇ ਸਿਰਫ਼ ਤਾਰੀਫ਼ ਸੁਨਣ ਦੇ ਆਦੀ ਨੇ ਪਰ ਇਸ ਗੱਲਬਾਤ ਤੋਂ ਮੈਂ ਬਹੁਤ ਕੁਝ ਸਿੱਖਿਆ, ਜਾਣਿਆ। ਇਸ ਤਰੀਕੇ ਦੀ ਸਾਰਥਕ ਬਹਿਸ/ਗੱਲਬਾਤ ਸਾਡੇ ਨਾਟਕਾਂ ਵਾਲਿਆਂ ਦਾ ਵਿਸ਼ਾ ਜਾਂ ਸ਼ੌਕ ਨਹੀਂ ਰਿਹਾ ਪਰ ਮੇਰੇ ਖ਼ਿਆਲ ਨਾਲ ਜੇਕਰ ਵਿਚਾਰ ਚਰਚਾ ਚਲਦੀ ਰਹੇ ਤਾਂ ਕੁਝ ਨਵਾਂ ਜ਼ਰੂਰ ਨਿਕਲ ਕੇ ਆਉਂਦਾ ਹੈ। ਜਿਨ੍ਹਾਂ ਦੋਸਤਾਂ ਨੇ ਇੱਕ ਰਿਵਿਊ ਲਿਖਣ ਤੋਂ ਬਾਅਦ ਹੋਰ ਲਿਖਣ ਲਈ ਹੱਲਾਸ਼ੇਰੀ ਦਿੱਤੀ ਤੇ ਗੱਲਬਾਤ ਕੀਤੀ ਉਹਨਾਂ ਦਾ ਧੰਨਵਾਦ।
-ਸੈਮ ਗੁਰਵਿੰਦਰ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply