ਝੌਂਪੜੀਆਂ ਨੇ ਰੋਣਾ ਏਂ ਬਰਸਾਤਾਂ ਨੂੰ,
ਮਹਿਲਾਂ ਨੇ ਖੁਸ਼ ਹੋਣਾ ਏਂ ਬਰਸਾਤਾਂ ਨੂੰ।
ਕੱਚੇ ਘਰ ਨੇ ਚੋਣਾ ਏਂ ਬਰਸਾਤਾਂ ਨੂੰ,
ਜਲ-ਥਲ-ਜਲ ਹੋਣਾ ਏਂ ਬਰਸਾਤਾਂ ਨੂੰ।
ਖੂੰਜੇ ਲੱਗ ਕੇ ਸਾਰੀ ਰਾਤ ਗੁਜ਼ਾਰਾਂਗੇ,
ਸਾਡਾ ਘਰ ਵੀ ਚੋਣਾ ਏਂ ਬਰਸਾਤਾਂ ਨੂੰ।
ਕਾਲੇ ਬੱਦਲਾਂ ‘ਚੋਂ ਜਦ ਬਿਜਲੀ ਚਮਕੇਗੀ,
ਦਿਲ ਵਿਚ ਕੁਛ-ਕੁਛ ਹੋਣਾ ਏਂ ਬਰਸਾਤਾਂ ਨੂੰ।
ਉਹਨਾਂ ਨੇ ਕੀ ਲੈਣਾ ਘੋਰ ਘਟਾਵਾਂ ਤੋਂ?
ਜਿਹਨਾਂ ਬੇ-ਘਰ ਹੋਣਾ ਏਂ ਬਰਸਾਤਾਂ ਨੂੰ।
ਸੁੱਕਿਆਂ ਬੁਲ੍ਹਾਂ ਵਾਲੀਆਂ ਨੀਲੀਆਂ ਝੀਲਾਂ ਦਾ,
ਰੂਪ ਅਲੱਗ ਹੀ ਹੋਣਾ ਏਂ ਬਰਸਾਤਾਂ ਨੂੰ।
ਜਦੋਂ ਪਪੀਹੇ ਨੇ ਸੁਣਨੀ ਹੈ ਛਮ-ਛਮ-ਛਮ,
ਸ਼ਹਿਦ ਲਬਾਂ ‘ਚੋਂ ਚੋਣਾ ਏਂ ਬਰਸਾਤਾਂ ਨੂੰ।
ਦੋਹਰੀਆਂ ਪੀਂਘਾਂ ਨੇ ਜਦ ਪੈਣਾ ਸ਼ਾਮ ਢਲੇ,
ਖ਼ੂਬ ਨਜ਼ਾਰਾ ਹੋਣਾ ਏ ਬਰਸਾਤਾਂ ਨੂੰ।
ਦਿਲ ਦੀਆਂ ਕੰਧਾਂ ਤੀਕ ਸਲ੍ਹਾਬਾ ਚੜ੍ਹ ਜਾਣਾ,
ਭਿੱਜਣਾ ਹਰ ਇਕ ਕੋਣਾ ਏਂ ਬਰਸਾਤਾਂ ਨੂੰ।
ਦਿਲ ਦੀ ਕੋਇਲ ਕੂਕੇ ਹੁਣ ਤਾਂ ਇਕਲਾਪਾ,
ਸਹਿਣਾ ਮੁਸ਼ਕਿਲ ਹੋਣਾ ਏਂ ਬਰਸਾਤਾਂ ਨੂੰ।
ਬੰਦ ਲਿਫ਼ਾਫੇ ਦੇ ਵਿਚ ਛਤਰੀ ਕੀ ਜਾਣੇ,
ਉਸ ਦਾ ਹਾਲ ਕੀ ਹੋਣਾ ਏਂ ਬਰਸਾਤਾਂ ਨੂੰ।
ਇਕ ਦੂਜੇ ਦੇ ਪਿੱਛੇ ਨੱਸਣਾ ਬੱਦਲਾਂ ਨੇ,
ਖ਼ੂਬ ਤਮਾਸ਼ਾ ਹੋਣਾ ਏਂ ਬਰਸਾਤਾਂ ਨੂੰ।
ਜਿਸਦੀ ਪਿਆਸ ਬੁਝੀ ਨਾ ਸਾਉਣ ਮਹੀਨੇ ਵੀ,
ਉਸ ਬਿਰਹਨ ਨੇ ਰੋਣਾ ਏਂ ਬਰਸਾਤਾਂ ਨੂੰ।
ਇਸ ਮਹਿਫ਼ਿਲ ਵਿਚ ਜੋ-ਜੋ ਕਹਿਣਾ ਮੁਸ਼ਕਲ ਹੈ,
ਉਹ-ਉਹ ਕੁਛ ਵੀ ਹੋਣਾ ਏਂ ਬਰਸਾਤਾਂ ਨੂੰ।
ਧੂੜ ‘ਚ ਲਥ-ਪਥ ਅਪਣਾ ਰੂਪ ਸੰਵਾਰਨ ਲਈ,
ਸੜਕਾਂ ਨੇ ਮੂੰਹ ਧੋਣਾ ਏਂ ਬਰਸਾਤਾਂ ਨੂੰ।
ਮੋਰਾਂ ਨੇ ਤੇ ਮੋਰਨੀਆਂ ਨੇ ‘ਇਕਵਿੰਦਰ’,
ਢੁਕ-ਢੁਕ ਨੇੜੇ ਹੋਣਾ ਏਂ ਬਰਸਾਤਾਂ ਨੂੰ
–ਇਕਵਿੰਦਰ ਪੁਰਹੀਰਾਂ
Leave a Reply