ਜਲ੍ਹਿਆਂਵਾਲ਼ੇ ਬਾਗ਼ ਦਾ ਖੂਹ
ਅੱਜ ਵੀ ਭਰਦਾ ਹੈ,
ਆਜ਼ਾਦ ਵਤਨ ਦਾ ਪਾਣੀ ਹੀ
ਜਦ ਕੈਂਸਰ ਕਰਦਾ ਹੈ।
ਨਫ਼ਰਤ ਦੀਆਂ ਤਰੰਗਾਂ ਨਾਲ਼
ਹਵਾ ਵੀ ਭਰ ਜਾਂਦੀ
ਟੀ. ਵੀ. ਦੀ ਸਕਰੀਨ ਵੀ
ਸ਼ਰਮੋ-ਸ਼ਰਮੀ ਸੜ ਜਾਂਦੀ
ਜਦੋਂ ਵਰਦੀਧਾਰੀ ਅਧਿਕਾਰੀ ਹੀ
ਦੰਗਾ ਕਰਦਾ ਹੈ
ਜਲ੍ਹਿਆਂਵਾਲ਼ੇ ਬਾਗ਼ ਦਾ ਖੂਹ……..
ਇੱਲ੍ਹ ਤੋਂ ਡਰਦੀ ਕੋਇਲ
ਮੌਤ ਦਾ ਗੀਤ ਸੁਣਾਓਂਦੀ ਹੈ
ਡੈਮੋਕਰੇਸੀ ਸਹਿਮ ਕੇ
ਫਿਰਕੂ ਸਾਜ਼ ਵਜਾਓਂਦੀ ਹੈ
ਜਦੋਂ ਭਗਤ ਸਿੰਘ ਦਾ ਕਾਤਲ ਬਣਿਆ
ਬੰਦਾ ਘਰ ਦਾ ਹੈ
ਜਲ੍ਹਿਆਂਵਾਲ਼ੇ ਬਾਗ਼ ਦਾ ਖੂਹ……..
ਪੁਲ਼ਸ ਵਾਲਾ ਲਾਸ਼ ਦੀ ਪਹਿਲਾਂ
ਘੜੀ ਲਾਹੁੰਦਾ ਹੈ
ਜਾਂ ਚੌਰਾਹੇ ਵਿਚ ਮਰੇ ਦਾ
ਮੁਕਾਬਲਾ ਬਣਾਉਂਦਾ ਹੈ
ਤਾਂ ਮੇਰੇ ਅੰਦਰ ਗ਼ੁਲਾਮੀ ਦਾ
ਦੀਵਾ ਜਗਦਾ ਹੈ
ਜਲ੍ਹਿਆਂਵਾਲ਼ੇ ਬਾਗ਼ ਦਾ ਖੂਹ……..
ਚੋਰ ਅਤੇ ਕਾਤਲ ਹੀ
ਤਿਰੰਗਾ ਲਹਿਰਾਉਂਦੇ ਨੇ
ਬਗਲੇ ਬਣ-ਬਣ ਸੁਬਹ ਸ਼ਾਮ
ਜਨ ਗਨ ਮਨ ਗਾਉਂਦੇ ਨੇ
ਜਦ ਸੂਰਜ ਵੀ ਵਿਹੜੇ ਵਿੱਚ
ਜ਼ਾਤ ਪੁੱਛ ਕੇ ਚੜ੍ਹਦਾ ਹੈ
ਜਲ੍ਹਿਆਂਵਾਲ਼ੇ ਬਾਗ਼ ਦਾ ਖੂਹ
ਅੱਜ ਵੀ ਭਰਦਾ ਹੈ,
ਆਜ਼ਾਦ ਵਤਨ ਦਾ ਪਾਣੀ ਹੀ
ਜਦ ਕੈਂਸਰ ਕਰਦਾ ਹੈ।
-ਗੁਰਿੰਦਰਜੀਤ
Leave a Reply