ਸਵਾਲਾਂ ਦੀਆਂ ਸੀਖਾਂ ‘ਚ
ਨਜ਼ਰਬੰਦ ਰੂਹ ਨੂੰ
ਦੇਵੋ ਆਜ਼ਾਦੀ
ਆਜ਼ਾਦੀ ਜੀਣ ਦੀ
ਰੁੰਡ-ਮੁੰਡ ਹੋ ਜਾਵਾਂ
ਜਾਂ ਜਟਾਧਾਰੀ
ਆਜ਼ਾਦੀ
ਸਿਰ ਬਚਾਉਣ ਦੀ
ਲਿਬਾਸਾਂ ਦੇ ਲੇਬਲ ਉਤਾਰ
ਘੁੰਮ ਸਕਾਂ ਨੰਗ-ਧੜੰਗ
ਮਰਦ
ਔਰਤ
ਜਾਂ ਕੁਝ ਹੋਰ ਹੋ ਜਾਵਾਂ
ਦਿਓ ਆਜ਼ਾਦੀ
ਉਹ ਟਾਪੂ ਦੱਸੋ
ਜਿੱਥੇ ਲਿੰਗ, ਰੰਗ, ਨਸਲ, ਕੌਮ ਦੀ
ਬਿਨ੍ਹਾਂ ਜੀ ਸਕਾਂ
ਵਾਦਾਂ ਦੀ ਕੈਦ ‘ਚੋਂ
ਕਰੋ ਆਜ਼ਾਦ ਮੈਨੂੰ
ਦਿਓ ਆਜ਼ਾਦੀ ਆਪਣੀ ਸੋਚ ਦਾ
ਮੁੱਕਾ ਕੱਸਣ ਦੀ
ਆਜ਼ਾਦੀ
ਅੱਗ ਠੰਡੀ ਕਰਨ
ਪੱਥਰ ਪਿਘਲਾਉਣ
ਪਾਣੀ ‘ਚ ਅੱਗ ਲਾਉਣ ਦੀ
ਬਰਫ ਹੋ ਚੁੱਕੇ ਲਹੂ ‘ਚ
ਉਬਾਲੇ ਲਿਆਉਣ ਦੀ
ਹੱਦਾਂ
ਸਰਹੱਦਾਂ…
…
ਹੁਣ ਮੇਰਾ ਨਹੀਂ ਸਰਨਾ
ਸਿਰਫ ਮੁਲਕ ਦੀ ਆਜ਼ਾਦੀ ਨਾਲ
ਮੈਨੂੰ ਦਿਓ
ਬ੍ਰਹਿਮੰਡ ਦੀ ਆਜ਼ਾਦੀ
-ਦੀਪ ਜਗਦੀਪ ਸਿੰਘ
Leave a Reply