ਵਿਸ਼ਾ ਘਰ
ਵਿਸ਼ਾ ਭੇਜਿਆ ਜਸਵੰਤ ਜ਼ਫ਼ਰ
ਦੋਸਤੋ!!! ਕਾਵਿ-ਸੰਵਾਦ ਦੇ ਚੌਥੇ ਅੰਕ ਵਿੱਚ ਕਲਮਕਾਰਾਂ ਨੇ ਲਫ਼ਜ਼ਾਂ ਦੀਆਂ ਬਹੁਤ ਖੁਬਸੂਰਤ ਇੱਟਾਂ ਚਿਣ ਕੇ ਕਵਿਤਾ ਦਾ ਬਹੁਤ ਹੀ ਸੋਹਣਾ ਘਰ ਸਿਰਜਿਆ ਹੈ। ਅਸਲ ਵਿੱਚ ਘਰ ਬਣਾਉਣ ਲਈ ਪੁਰਸ਼ ਦੀ ਮਿਹਨਤ, ਖ਼ੂਨ ਅਤੇ ਪਸੀਨਾ ਲੱਗਿਆ ਹੁੰਦਾ ਹੈ, ਜਦਕਿ ਘਰ ਨੂੰ ਸਜਾਉਣ, ਸੰਵਾਰਨ ਅਤੇ ਸੰਭਾਲਣ ਵਿੱਚ ਸੁਆਣੀਆਂ ਦਾ ਕੋਈ ਸਾਨੀ ਨਹੀਂ। ਲਫ਼ਜ਼ਾਂ ਦਾ ਪੁਲ ਦੇ ਇਸ ਘਰ ਅੰਕ ਵਿੱਚ ਵੀ ਇਹ ਗੱਲ ਸਾਫ਼ ਜ਼ਾਹਿਰ ਹੋਈ। ਸ਼ਾਇਦ ਘਰ ਨਾਲ ਸੁਆਣੀਆਂ ਦਾ ਸੰਵੇਦਨਸ਼ੀਲ ਰਿਸ਼ਤਾ ਹੁੰਦਾ ਹੈ, ਸੋ ਇਸ ਵਾਰ ਨਾ ਸਿਰਫ ਕਵਿੱਤਰੀਆਂ ਨੇ ਵੱਧ ਚੜ੍ਹ ਕੇ ਇਸ ਅੰਕ ਵਿੱਚ ਯੋਗਦਾਨ ਦਿੱਤਾ ਹੈ, ਬਲਕਿ ਵੱਡੀ ਤਸੱਲੀ ਦੀ ਗੱਲ ਇਹ ਹੈ ਕਿ ਘਰ ਵਿਸ਼ੇ ਨੇ ਉਨ੍ਹਾਂ ਨੂੰ ਲਫ਼ਜ਼ਾਂ ਦਾ ਪੁਲ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ। ਇਸ ਵਾਰ ਵੀ ਬਹੁਤ ਸਾਰੇ ਨਵੇਂ ਸਾਥੀਆਂ ਨੇ ਆਪਣੀ ਹਾਜ਼ਿਰੀ ਲਵਾਈ ਹੈ। ਅਸੀ ਤਹਿ ਦਿਲ ਤੋਂ ਇਨ੍ਹਾਂ ਦਾ ਸਵਾਗਤ ਕਰਦੇ ਹਾਂ। ਪਾਠਕਾਂ ਨੂੰ ਬੇਨਤੀ ਹੈ ਕਿ ਨਵੇਂ ਸਾਥੀਆਂ ਨੂੰ ਦਿਲ ਖੋਲ ਕੇ ਹੱਲਾਸ਼ੇਰੀ ਦੇਣਾ। ਟਿੱਪਣੀਆਂ ਦੇ ਰਾਹੀਂ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ।
ਘਰ ਦੇ ਕਵੀ
ਸਵਰਨਜੀਤ ਕੌਰ ਗਰੇਵਾਲ|ਸੁਰਿੰਦਰ ਕੌਰ ‘ਸੁਰ’|ਸੀਮਾ ਸਚਦੇਵ|ਜਸਵੰਤ ਜ਼ਫ਼ਰ|ਗੁਰਿੰਦਰਜੀਤ|ਚਰਨਜੀਤ ਮਾਨ| ਗੁਰਮੀਤ ਬਰਾੜ|ਜਸਵਿੰਦਰ ਮਹਿਰਮ|ਐਚ. ਐਸ. ਡਿੰਪਲ
—————
ਘਰ-ਸੰਸਾਰ
—————
ਡਾ. ਸਵਰਨਜੀਤ ਕੌਰ ਗਰੇਵਾਲ
ਘਰ ਦੇ ਲਈ ਪਰਿਵਾਰ ਚਾਹੀਦੈ,
ਤੇ ਉਸ ਵਿਚ ਫੇਰ ਪਿਆਰ ਚਾਹੀਦੈ।
ਇੱਟਾਂ, ਸੀਮਿੰਟ, ਲੋਹਾ, ਲੱਕੜੀ,
ਇਕ ਮਕਾਨ ਬਣਾਉਂਦੇ ਨੇ,
ਐਪਰ ‘ਘਰ’ ਵਸਾਉਣ ਵਾਸਤੇ,
ਘਰ ਦਾ ਇਕ ਸੰਸਾਰ ਚਾਹੀਦੈ ।
ਈਰਖਾ,ਕੀਨਾ, ਵੈਰ ਤੇ ਸਾੜੇ,
ਸਾਜਿਸ਼ ਦਾ ਨਾ ਜਾਲ਼ ਕਿਤੇ,
ਘਰ ਨੂੰ ‘ਘਰ’ ਅਖਵਾਉਣ ਵਾਸਤੇ,
ਹਰ ਰਿਸ਼ਤਾ ਇਕ-ਤਾਰ ਚਾਹੀਦੈ ।
ਵੱਡੇ ਜਿੱਥੇ ਆਦਰ ਪਾਵਣ,
ਛੋਟਿਆਂ ਤਾਈਂ ਪਿਆਰ ਮਿਲੇ,
ਘਰ ਦਾ ਜਗਤ ਰਚਾਉਣ ਵਾਸਤੇ,
ਹਰ ਇਕ ਜੀਅ ਦਿਲਦਾਰ ਚਾਹੀਦੈ ।
ਮਾਂ-ਪਿਉ, ਬੱਚੇ, ਭਾਈ-ਭੈਣਾਂ,
ਜਿੱਥੇ ‘ਕੱਠੇ ਰਹਿੰਦੇ ਨੇ,
ਘਰ ਨੂੰ ਸਵਰਗ ਬਣਾਉਣ ਵਾਸਤੇ,
ਹਰ ਇਕ ਦਿਨ ਤਿਉਹਾਰ ਚਾਹੀਦੈ ।
ਸੁਹਣੀ ਪੌਦ ਸੰਵਾਰੀ ਹੋਵੇ,
ਰੌਣਕ ਭਰੀ ਕਿਆਰੀ ਹੋਵੇ,
ਘਰ ਦਾ ਬਾਗ ਸਜਾਉਣ ਵਾਸਤੇ,
ਮਾਲੀ ਵੀ ਹੁਸ਼ਿਆਰ ਚਾਹੀਦੈ ।
ਕਵੀ ਸੂਚੀ ‘ਤੇ ਜਾਓ
————————
ਘਰ, ਪਿਆਰ ‘ਤੇ ਡਰ
————————
ਸੁਰਿੰਦਰ ਕੌਰ ਸੁਰ
ਘਰ
ਇਹ ਜੋ ਲੋਹੇ, ਲੱਕੜ
ਸੀਮੈਂਟ ਅਤੇ ਇੱਟਾਂ ਤੋਂ
ਬਣੀ ਇਮਾਰਤ ਹੈ,
ਇਹ ਮੇਰਾ ਘਰ ਹੈ
ਜਿਸਨੇ ਮੈਨੂੰ ਬੜਾ ਕੁਝ ਦਿੱਤਾ,
ਜਿਸਦਾ ਮੈਂ ਹੱਕਦਾਰ ਸਾਂ/ਹਾਂ
ਤੇ ਨਹੀਂ ਹਾਂ/ਸਾਂ
ਇਸਦੀਆਂ ਕੰਧਾਂ ਅਤੇ ਛੱਤਾਂ
ਹੇਠ ਕਈ ਸੁਪਨੇ ਪਨਪੇ,
ਅਤੇ ਪੂਰੇ ਹੋਏ
ਅਤੇ ਕਈ ਕੰਧਾਂ ਅਤੇ ਛੱਤਾਂ ਨਾਲ ਹੀ
ਟਕਰਾ ਕੇ ਚੂਰ-ਚੂਰ ਹੋ ਗਏ
(ਕਿਉਂ ਕਿ ਇਨ੍ਹਾਂ ਦੇ ਪੂਰੇ ਹੋਣ ਲਈ,
ਘਰ ਛੱਡਣਾ ਜ਼ਰੂਰੀ ਸੀ
ਅਤੇ ‘ਘਰ’ ਵੀ ਜਲ਼ਰੂਰੀ ਸੀ)
ਇਹ ਉਹ ਥਾਂ ਹੈ,
ਜਿਥੇ ਮੈਂ ਆਪਣਿਆਂ ਨਾਲ ਲੜਦਾ ਹਾਂ
ਆਪਣੇ ਆਪ ਨਾਲ ਲੜਦਾ ਹਾਂ
ਤੂੜੀ ਦੀ ਪੰਡ ਵਾਂਗ
ਖਿੰਡ-ਪੁੰਡ ਜਾਂਦਾ ਹਾਂ
ਅਤੇ ਫਿਰ ਇਕੱਠਾ ਹੋ ਜਾਂਦਾ ਹਾਂ
‘ਤੇ ਘਰੋਂ ਨਿਕਲਣ ਤੋਂ ਪਹਿਲਾਂ
ਤਿਆਰ ਹੁੰਦਾ ਹਾਂ
ਵਾਰ ਕਰਨ ਲਈ ਜਾਂ ਸ਼ਿਕਾਰ ਕਰਨ ਲਈ
ਘਰ ਉਹ ਸ਼ੈਅ ਹੈ,
ਜਿਸਨੂੰ ਮੈਂ ਦੁਨੀਆਂ ਵਿੱਚ
ਸਭ ਤੋਂ ਵੱਧ ਪਿਆਰ ਕਰਦਾ ਹਾਂ
‘ਤੇ ਉਨਾਂ ਹੀ ਡਰਦਾ ਹਾਂ
ਕਵੀ ਸੂਚੀ ‘ਤੇ ਜਾਓ
—————–
ਘਰ ‘ਤੇ ਬਚਪਨ
—————–
ਸੀਮਾਂ ਸਚਦੇਵ
ਘਰ
ਕਦੇ ਪੈਰਾਂ ਤੇ ਰੇਤ ਥਪਥਪਾਂਦੇ ਸੀ
‘ਤੇ ਪਿਆਰਾ ਜੇਹਾ ਘਰ ਬਣਾਂਦੇ ਸੀ
ਫ਼ਿਰ ਤੀਲਿਆਂ ਨਾਲ ਸਜਾਉਣਾ
ਫੁੱਲ ਬੂਟੇ ਬਣਾਓਣਾ
ਇਕ ਦੂਜੇ ਨੂੰ ਸਮਝਾਓਣਾ
ਰੁੱਸਣਾ ਮਨਾਓਣਾ
ਗੁੱਡਾ-ਗੁੱਡੀ ਲਿਆਓਣਾ
ਵਿਆਹ ਰਚਾਓਣਾ
ਤੇ ਫ਼ਿਰ ਰੇਤ ਦੇ ਘਰੋਂਦੇ ਦਾ
ਤੋੜਣਾ ਤੁੜਾਓਣਾ
ਕਿੰਨਾ ਭੋਲਾ ਜਿਹਾ ਵਿਚਾਰ ਸੀ
ਤਦ ਹਰ ਦਿਨ ਤਿਓਹਾਰ ਸੀ
ਨਾ ਚਿੰਤਾ ਨਾ ਫ਼ਿਕਰ ਸੀ
ਨਾ ਫਾਲਤੂ ਦਾ ਡਰ ਸੀ
ਆਪੇ ਘਰ ਬਣਾਂਦੇ ‘ਤੇ
ਆਪੇ ਮਿਟਾਂਦੇ ਸੀ
ਮੁੜ-ਮੁੜ ਰੇਤ ਦੇ
ਟਿੱਲਿਆਂ ਤੇ ਜਾਂਦੇ ਸੀ
‘ਤੇ ਕਦੋਂ ਪੈਰਾਂ ‘ਤੇ ਬਣਾਏ ਹੋਏ ਘਰ ਲੁੱਟ ਗਏ
ਰੇਤ ਦੇ ਟਿਲੇ ਪਤਾ ਨਹੀਂ ਕਿਥੇ ਛੁੱਟ ਗਏ
ਗੁੱਡੇ ਗੁੱਡੀ ਨੇ ਪਤਾ ਨਹੀਂ
ਕਿਹੜਾ ਘਰ ਬਣਾਇਆ
‘ਤੇ ਉਹਨੂਂ ਕਿਵੇਂ ਸਜਾਇਆ
ਹੁਣ ਬਸ ਯਾਦਾਂ ਵਿੱਚ ਹੀ ਆਇਆ
ਫਿਰ ਤੋਂ ਇਕ ਘਰ ਦਾ ਸੁਫ਼ਨਾ ਸਜਾਇਆ
ਮਕਾਨ ਤਾਂ ਬਣਾਇਆ
ਪਰ ਘਰ ਕਦੇ ਬਣਨ ‘ਚ ਨਾ ਆਇਆ
ਕਵੀ ਸੂਚੀ ‘ਤੇ ਜਾਓ
———————
ਖੂਨ ਪਸੀਨਾ ਸਿਆਹੀ
———————
ਜਸਵੰਤ ਜ਼ਫਰ
ਮਜ਼ਦੂਰ ਇੱਟਾਂ ਵੱਟੇ ਢੋਅ ਰਹੇ
ਮਿਸਤਰੀ ਚਿਣ ਰਹੇ
ਮੇਰਾ ਸਿਆਹੀ ਦੀ ਕਮਾਈ ਨਾਲ
ਮਕਾਨ ਬਣ ਰਿਹਾ ਹੌਲੀ ਹੌਲੀ
ਨਾਲ ਨਾਲ ਮੈਂ ਵੀ ਬਣ ਰਿਹਾਂ
ਬਣਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ
ਬਣਦਾ ਮਕਾਨ ਬੰਦੇ ਨੂੰ ਨਵਾਂ ਗਿਆਨ ਦਿੰਦਾ
ਸਿਆਹੀ ਦੀ ਕਮਾਈ ਨਾਲ ਬਣਦੇ ਮਕਾਨ ਨੇ
ਮੈਨੂੰ ਦੱਸਿਆ
ਕਿ ਕਿਰਾਏ ਦੇ ਮਕਾਨ ਦੀ ਕੰਧ ਵਿੱਚ
ਮੇਰੇ ਕਿੱਲ ਠੋਕਣ ‘ਤੇ
ਮਾਲਕ ਮਕਾਨ ਦਾ ਸੀਨਾ ਕਿਓਂ ਪਾਟਦਾ ਸੀ
ਉਹਦਾ ਮਕਾਨ ਪਸੀਨੇ ਦੀ ਕਮਾਈ ਦਾ
ਮੇਰੇ ਬੱਚੇ ਦੇ ਮਾਮੂਲੀ ਸੱਟ ਲੱਗਣ ‘ਤੇ
ਪਤਨੀ ਦੀਆਂ ਅੱਖਾਂ ਚੋਂ
ਪਰਲ ਪਰਲ ਅੱਥਰੂ ਵਗਦੇ
ਮੈਂ ਖਿੱਝਦਾ
ਕਿ ਰੋਣ ਦੀ ਕਿਹੜੀ ਗੱਲ ਹੋਈ
ਪਰ ਹੁਣ ਮੈਂ ਖਿਝਦਾ ਤਾਂ ਮੈਨੂੰ ਸਮਝਾਉਂਦਾ
ਇਹ ਸਿਆਹੀ ਦੀ ਕਮਾਈ ਨਾਲ ਬਣਦਾ ਮਕਾਨ
ਕਿ ਖਿਝ ਨਾ ਭਲਿਆ ਮਾਣਸਾ
ਬੱਚੇ ਮਾਵਾਂ ਦੇ ਖੂਨ ਦੀ ਕਮਾਈ ਨਾਲ
ਬਣੇ ਹਨ
ਬਣਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ
ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ
ਕਵੀ ਸੂਚੀ ‘ਤੇ ਜਾਓ
———————
ਮੇਰੇ ਘਰ ਦਾ ਰਾਹ
———————
ਗੁਰਿੰਦਰਜੀਤ
ਮਿੱਟੀ ਘੱਟਾ, ਛੱਪੜੀਆਂ
ਟੋਇਆਂ, ਟਿੱਬਿਆਂ ਅਤੇ
ਕਿੱਕਰ ਦੇ ਕੰਡਿਆਂ ਭਰਿਆ
ਨਿਮਾਣਾ ‘ਤੇ ਗਰੀਬ ਜਿਹਾ
ਸਰਕਾਰੀ ਗ੍ਰਾਂਟਾਂ ਤੋਂ ਵਾਂਝਾ
ਕਦੇ ਸੁੱਕਾ ਧੂੜ ਭਰਿਆ
‘ਤੇ ਕਦੇ ਘਾਣੀ ਜਿਹਾ ਖੋਭਾ
ਹੁੰਦਾ ਸੀ ਉਹ ਰਾਹ
ਜੋ ਮੈਨੂੰ ਦਿਨੇ ਰਾਤੀਂ ਅਤੇ
ਮੀਂਹ ਕਣੀਂ ‘ਚ ਵੀ
ਸਿੱਧਾ ਘਰ ਪਹੁੰਚਾ ਦਿੰਦਾ
ਫਿਰ ਬੇ-ਕਦਰ ਹੋ ਗਿਆ ਸਾਂ
ਵਧੀਆ ਰਾਹ ਦੀ ਤਲਾਸ਼ ਕਰਦਾ ਕਰਦਾ
ਹੁਣ ਮੈਂ
ਲਿਸ਼ਕਦੇ ਰਾਹਾਂ ਦੀ ਭੀੜ ‘ਚ
ਆਪਣੇ ਘਰ ਦਾ
ਰਾਹ ਭੁੱਲ ਬੈਠਾਂ
ਮਹਾਂਮਾਰਗੋਂ, ਸੈਟੇਲਾਈਟੋਂ
ਜੀਪੀ ਐੱਸੋਂ, ਹਵਾਈ ਜਹਾਜ਼ੋਂ
ਮੈਂ ਤੁਹਾਡੀ ਬੜੀ ਤਾਰੀਫ ਸੁਣੀ ਹੈ
ਕੋਈ ਦਿਖਾ ਦੇਵੋ ਮੈਨੂੰ
ਮੇਰੇ ਘਰ ਦਾ ਰਾਹ
ਮੈ ਘਰ ਵਾਪਿਸ ਜਾਣਾ ਹੈ।
ਕਵੀ ਸੂਚੀ ‘ਤੇ ਜਾਓ
———————-
ਘਰ ਦੀ ਤਲਾਸ਼
———————-
ਚਰਨਜੀਤ ਮਾਨ
ਘਰ ਛੱਡ ਨਿਕਲ ਤੁਰਿਆ ਸੀ
ਯਤੀਮ ਇੱਕ ਖ਼ੂਨ
ਤਲਾਸ਼ ਵਿੱਚ
ਘਰ ਦੀ
ਆਪਣੇ ਲਈ
‘ਤੇ
ਟੁਕੜਿਆਂ ਲਈ
ਯਤੀਮ ਲਹੂ ਦੇ,
‘ਤੇ ਕੁਝ ਠੰਡੀਆਂ ਹਵਾਵਾਂ
ਵਿਲਕਦੀ ਮਮਤਾ ਦੇ ਲਈ,
ਬਿਜੜਿਆਂ ਦੀ ਚੁੰਝ ਬਣ
ਉਣੇ ਵੀ ਕੁਝ ਕੱਖ-ਪਰਾਲ
ਬੇਦਿਲੀ ਦੇ ਆਲਣੀਂ
ਅਧੂਰੇ ਸੁਫਨਿਆਂ ਵਰਗੇ,
ਮੋਹ ਦੇ ਮੋਢਿਆਂ ‘ਤੇ
ਢੋਂਵਦਾ ਰਿਹਾ ਕੰਧਾਂ
ਕਦੀ ਦਰਵਾਜ਼ੇ,
ਤੇ ਛੱਤ ਦੇ ਭਰਮ ਕਦੀ,
ਛਾਂ ਵੀ ਰਹੀ ਕੰਧਾਂ ਦੀ ਉਂਝ
‘ਤੇ ਛੱਤਾਂ ਵੀ ਨਿਭਾਇਆ
ਉਸ ਦੀ ਜਗ੍ਹਾ ਭਿੱਜ ਜਾਣ ਦਾ
ਫਰਜ਼
ਜੀਣ ਦਾ ਕੋਈ
ਰੰਗ ਐਪਰ
ਵਰਜਿਤ ਹੀ ਰਿਹਾ
ਕੰਧਾਂ ਤੋਂ,
ਮੁਸਕਰਾਂਦੀ ਕਿਸੇ ਰੌਸ਼ਨੀ
ਨੇ ਵੀ ਮੱਲਿਆ ਨਹੀਂ
ਕੋਨਾ ਕੋਈ
ਇਸ ਬਣਤਰ ਦਾ,
ਅਤੇ ਨਬਜ਼ ਰਹੀ ਗਾਇਬ
ਸਰਦਲ ਦੇ ਬੁੱਲਾਂ ‘ਤੇ
“ਜੀ ਆਇਆਂ ਦੇ”
ਬੋਲਾਂ ਦੀ
ਕੀ ਕੀ ਕਿਰ ਗਿਆ
ਇਸ ਅਰਸੇ ਵਿਚ ਲੇਕਿਨ
ਕੁਝ ਰੋਸੇ , ਸ਼ਿਕਵੇ ਕਈ
ਲਹੂ ਉਸ ਦੇ ਟੁਕੜਿਆਂ ਦੇ
ਗਲਤ ਵੀ ‘ਤੇ ਨਹੀਂ ਸਨ ਸਾਰੇ,
ਪਰ ਕਦ ਹੁੰਦੀ ਹੈ ਪਛਾਣ
ਵਕਤ ਸਿਰ ਮਜਬੂਰੀਆਂ ਦੀ ਵੀ,
ਅਤੇ
ਤਰੇੜਾਂ ਇੰਝ ਫੇਰ
ਬਦਲ ਗਈਆਂ ਫਾਸਲਿਆਂ ਵਿੱਚ
ਬੇਗਾਨਗੀ ਦੇ,
ਪਰ ਫੇਰ ਵੀ ਲੱਗਿਆ ਸੀ
ਦੇਖਣ ਨੂੰ ਹੀ ਸਹੀ ਚਾਹੇ
ਕਿ ਪਹੁੰਚ ਗਿਆ ਕਿਸੇ ਠਿਕਾਣੇ
ਹਰ ਟੁਕੜਾ ਆਪਣੇ ਆਪਣੇ,
ਪਰ ਫੇਰ
ਇਕ ਟੁਕੜਾ
ਲਹੂ ਬਣ ਵਹਿ ਗਿਆ
ਪਿੱਛੇ ਬਚੀਆਂ ਅੱਖਾਂ ਤੋਂ
ਓਹਲੇ ਹੋਣ ਸਦਾ ਲਈ ,
‘ਤੇ
ਦੂਸਰਾ ਹੋ ਗਿਆ
ਰੋਗ
ਉਮਰਾਂ ਦਾ
ਆਪਣੀ ‘ਤੇ ਸਭ ਦੀਆਂ ਦਾ,
‘ਤੇ
ਆਉਂਦੇ ਰਹੇ
ਹਾੜ ਦੇ ਝੁਲਸਦੇ ਬੁੱਲੇ ਹੀ
ਦੂਸਰੀਆਂ ਦਿਸ਼ਾਵਾਂ ਤੋਂ ਵੀ
ਵਕਤ-ਬੇਵਕਤ,
ਫੇਰ ਤੁਰਨਾ ਪਿਆ
ਠੰਡੀਆਂ ਹਵਾਵਾਂ ਦੀ ਹੱਕਦਾਰ
ਮਮਤਾ ਨੂੰ
ਤਪਦੇ ਦੁਪਹਿਰੀਂ ਹਾੜ ਦੇ
ਮੁੜ ਇਕ ਵਾਰ,
ਨਿਸਲਦਾ ਇਹ ਖੂਨ ਹੁਣ
ਵਿਚਰਦਾ ਹੈ
ਛਲਾਵਿਆਂ ਵਿਚ ਘਰਾਂ ਦੇ,
‘ਤੇ ਘਰ ਕਿ ਜੋ ਘਰ ਸੀ
ਉਡੀਕਦਾ ਹੈ ਬੇ-ਘਰਿਆਂ ਨੂੰ
ਜਿੰਦਰਿਆਂ ਦੀ ਕੈਦ ਤੋਂ
ਕਵੀ ਸੂਚੀ ‘ਤੇ ਜਾਓ
———————-
ਮੈਂ ਘਰ ਨਹੀਂ ਹਾਂ
———————-
ਗੁਰਮੀਤ ਬਰਾੜ
ਜਿਵੇਂ ਜਿਵੇਂ
ਮੇਰੇ ਦੁਆਲੇ ਚੋਂ
ਤੁਸੀਂ ਹੁੰਦੇ ਰਹੇ ਗ਼ੈਰ ਹਾਜ਼ਿਰ
ਮੈਂ ਆਪਣੇ ਆਪ ਦੇ ਹੁੰਦਾ ਗਿਆ
ਹੋਰ ਨੇੜੇ
ਕਿਤੇ ਵੀ
ਨਹੀਂ ਲਿਜਾ ਸਕੀ ਮੈਨੂੰ
ਮੰਗਵੇਂ ਖੰਬਾਂ ਦੀ ਓਡਾਰੀ
ਨਾ ਹੀ ਰਿਹਾ ਮੈਂ
ਆਲਣੇਂ ‘ਚ ਮੁੜਨ ਜੋਗਾ
ਤੈਨੂੰ ਮੈਂ ਕੀ ਦੱਸਾਂ ਵੇ
ਸੱਜਣ ਸੁਹੇਲੜਿਆਂ
ਅਜੇ ਮੁੱਕੀ ਨਹੀਂ ਮੇਰੀ
ਮੇਰੇ ਮਕਾਨ ‘ਚ
ਮੇਰੇ ਘਰ ਦੀ ਤਲਾਸ਼
ਤਾਂ ਹੀ ਤਾਂ
ਹਰ ਵਾਰੀ
ਜਦੋਂ ਕੋਈ
ਬਾਰ ਖੜਕਾਓਦਾ ਹੈ ਤਾਂ
ਵਿਰਲਾਂ ਥਾਣੀਂ ਝਾਕ ਕੇ
ਮੈਂਨੂੰ ਪੈਂਦਾ ਹੈ ਆਖਣਾਂ
ਕਿ
ਮੈਂ ਘਰ ਨਹੀਂ ਹਾਂ
ਕਵੀ ਸੂਚੀ ‘ਤੇ ਜਾਓ
——-
ਗਜ਼ਲ
——-
ਜਸਵਿੰਦਰ ਮਹਿਰਮ
ਹਰ ਇਕ ਬੰਦਾ ਸੁਪਨਾ ਸਿਰਜੇ ਉਸਨੇ ਕਿਵੇਂ ਬਨਾਉਣਾ ਘਰ ਨੂੰ |
ਲੇਕਿਨ ਸਭ ਦੀ ਕਿਸਮਤ ਵਿਚ ਤਾਂ ਹੁੰਦਾ ਨਹੀਂ ਵਸਾਉਣਾ ਘਰ ਨੂੰ |
ਪੈਸੇ ਵਾਲਾ ਜਦ ਵੀ, ਜਿੱਥੇ ਚਾਹੇ ਮਹਿਲ ਬਣਾ ਸਕਦਾ ਹੈ ,
ਮਾਤੜ ਲਈ ਤਾਂ ਇਕ ਵਾਰੀ ਵੀ ਔਖਾ ਬਹੁਤ ਬਨਾਉਣਾ ਘਰ ਨੂੰ |
ਚਹੁੰ ਕੰਧਾਂ ‘ਤੇ ਛੱਤ ਪਾ ਦਈਏ , ਤਾਂ ਉਸਨੂੰ ਵੀ ਘਰ ਨਹੀਂ ਕਹਿੰਦੇ,
ਦੋ ਜੀਅ , ਬੱਚੇ ਦੀ ਕਿਲਕਾਰੀ ਰੱਖਦੇ ਸਦਾ ਲੁਭਾਉਣਾ ਘਰ ਨੂੰ |
ਬਾਪੂ ਦੇ ਮੰਜੇ ਦੇ ਹਿੱਸੇ , ਖ਼ਵਰੇ ਕਿਸ ਖੂੰਜੇ ਨੇ ਆਉਣਾ ,
ਜੁਦਾ ਰਹਿਣ ਲਈ ਪੁੱਤਰਾਂ ਨੇ ਜਦ ਉਸ ਕੋਲੋਂ ਵੰਡਵਾਉਣਾ ਘਰ ਨੂੰ |
ਉਸਨੇ ਤਾਂ ਮਜ਼ਬੂਰੀ ਵਸ ਹੀ , ਚੁਣਿਆ ਹੈ ਬਣਵਾਸ ਭੁਗਤਣਾ ,
ਸੁਪਨੇ ਵਿਚ ਵੀ ਮੁਸ਼ਕਿਲ ਲੱਗਦੈ , ਉਸਦਾ ਕਦੇ ਭੁਲਾਉਣਾ ਘਰ ਨੂੰ |
ਕਦੇ ਕਦੇ ਬੇਕਦਰੀ ਸਹਿ ਕੇ , ਵੀ ਮੋਹ ਉਸਦਾ ਛੱਡ ਨਹੀਂ ਹੁੰਦਾ ,
ਚੰਗੇ ਦਿਨਾਂ ਦੀ ਆਸ ‘ਚ ਮੁੜ ਮੁੜ ਪੈਂਦਾ , ਵਾਪਿਸ ਆਉਣਾ ਘਰ ਨੂੰ |
ਮਰਦ ਕਮਾਈ ਕਰ ਕੇ ਬੇਸ਼ੱਕ ਭਰ ਦੇਵੇ ਘਰ ਸਾਰਾ , ਲੇਕਿਨ ,
ਸੁਘੜ ਸਿਆਣੀ ਔਰਤ ਜਾਣੇ , ਲਿਸ਼ਕਾਉਣਾ ਚਮਕਾਉਣਾ ਘਰ ਨੂੰ |
ਇਕ ਦੀ ਲਾਪਰਵਾਹੀ , ਦੂਜੇ ਦੀ ਮਨਮਰਜ਼ੀ ਚੱਲਦੀ ਜਿੱਥੇ ,
ਰੱਬ ਹੀ ਜਾਣੇ ਉਸ ਹਾਲਤ ਵਿਚ , ਟੁੱਟਣੋਂ ਕਿਵੇਂ ਬਚਾਉਣਾ ਘਰ ਨੂੰ |
ਇਕ ਦੋ ਵਾਰੀ ਪੱਕਾ ਦਿਨ ਵਿਚ , ‘ ਛਡਜੂੰ ਛਡਜੂੰ ‘ ਕਹਿੰਦਾ ਮਾਹੀ ,
ਨਾ ਜਾਣੇ ਕਿਉਂ ਸੌਖਾ ਸਮਝੇ , ਢਾਹ ਕੇ ਫੇਰ ਬਨਾਉਣਾ ਘਰ ਨੂੰ |
ਤੁਰ ਪੈਂਦਾ ਉਹ ਕਹਿ ਕੇ ਅੱਜ ਨਹੀਂ ਮੁੜਨਾ , ਲੇਕਿਨ ਆ ਜਾਂਦਾ ਹੈ ,
ਇੰਝ ਹੀ ਚੱਲਦਾ ਰਹਿੰਦਾ ਉਸਦਾ ਘਰ ਤੋਂ ਜਾਣਾ , ਆਉਣਾ ਘਰ ਨੂੰ |
ਮੇਰੇ ਸਿਰ ‘ਤੇ ਛੱਤ ਜੋ ਦਿਸਦੀ, ਕਰਜ਼ੇ ਹੇਠ ਦਬੀ ਹੈ ਹਾਲੇ ,
ਸਾਲਾਂ ਬੱਧੀ ਕਿਸ਼ਤਾਂ ਦੇ ਦੇ , ਪੈਣਾਂ ਅਜੇ ਛੁਡਾਉਣਾ ਘਰ ਨੂੰ |
ਕੁੱਲੀ ਵਿਚ ਸੁਰਗਾਂ ਦੇ ਝੂਟੇ , ਮਿਲ ਜਾਣੇ ਜੇ ਨਾਲ ਰਹੇ ਉਹ ,
ਖ਼ਵਰੇ ਮੇਰੇ ‘ ਮਹਿਰਮ ‘ ਨੇ ਹੁਣ , ਕਿਸ ਦਿਨ ਫੇਰਾ ਪਾਉਣਾ ਘਰ ਨੂੰ |
ਕਵੀ ਸੂਚੀ ‘ਤੇ ਜਾਓ
——-
ਵਸੀਲਾ
——-
ਐਚ. ਐਸ. ਡਿੰਪਲ
ਘਰ ਹਮੇਸ਼ਾ ਵਸੀਲਾ ਨਹੀਂ ਹੁੰਦੇ
ਇਨਸਾਨ ਦੇ ਰਹਿਣ ਦਾ
ਆਪਣਿਆਂ ਨੂੰ ਖੁਸ਼ਾਮਦੀਦ ਕਹਿਣ ਦਾ
ਰਾਤਾਂ ਕੱਟਣ ਅਤੇ ਧੁੱਪਾਂ ਮਾਣਨ/ਸੇਕਣ ਦਾ
ਸਕੀਮਾਂ ਘੜਣ ਅਤੇ ਸਿਰੇ ਚੜਾਉਣ ਦਾ
ਸੱਧਰਾਂ ਦੇ ਪਨਪਨ ਅਤੇ ਉਨ੍ਹਾਂ ਦੇ ਜਵਾਨ ਹੋਣ ਤੋਂ
ਬੁਢਾਪੇ ਦੀ ਜੂਨ ਹੰਢਾਉਣ ਦਾ ….
ਪਹੀਏ ਜਾਂ ਸਰਾਂ ਜਾਂ ਪੌੜੀ ਹੀ ਨਹੀਂ ਹੁੰਦੇ ਸਿਰਫ਼!
ਕਈ ਵਾਰ ਇਹ
ਸੁਪਨਿਆਂ ਦੀ ਮੰਜਿ਼ਲ, ਖੁਸ਼ੀਆਂ ਦੀ ਸੀਮਾ
ਜਾਂ ਮਕਸਦ ਦੀ ਪ੍ਰਾਪਤੀ ਦਾ ਚਿੰਨ
ਤੁਹਾਡੇ ਅੰਦਰ ਦਾ ਅਕਸ ਵੀ ਹੁੰਦੇ ਹਨ
ਤੁਹਾਡੀ ਸਫ਼ਲਤਾ ਦਾ ਰਹੱਸ ਵੀ ਹੁੰਦੇ ਹਨ
ਤੁਹਾਡੇ ਅੰਦਰ-ਬਾਹਰ ਰਚਮਿਚ ਵੀ ਜਾਂਦੇ ਹਨ
ਪਰ ਅਜਿਹਾ ਸਿਰਫ਼ ਤਦ ਤੱਕ ਹੁੰਦਾ ਹੈ
ਜਦ ਤੱਕ ਤੁਹਾਡੇ ਹੱਥ
ਇਕ ਹੋਰ ਘਰ ਦੀ ਚਾਬੀ ਜਾਂ ਮਾਲਕੀ ਨਾ ਆ ਜਾਵੇ
‘ਤੇ ਫਿਰ ਮਰ ਚੁੱਕੀਆਂ ਸੱਧਰਾਂ ਮੁੜ-ਜੰਮਦੀਆਂ ਹਨ ਕੁਕੂਨਸ ਵਾਂਗ
‘ਤੇ ਇਕ ਹੋਰ ਪਰਦਾ ਚੁੱਕਿਆ ਜਾਂਦਾ ਹੈ ਤੁਹਾਡੇ ਤੋਂ
ਜਿਸ ਨੂੰ ਨਵਾਂ ਘਰ ਢਕ ਕੇ ਰੱਖਦਾ ਹੈ
ਸਿਰਫ਼ ਤਦ ਤੱਕ
ਜਦ ਤੱਕ ਇਕ ਹੋਰ ਘਰ ਦੀ ਚਾਬੀ ਹੱਥ ਨਾ ਆ ਜਾਵੇ
ਉਂਝ ਘਰ ਹਮੇਸ਼ਾ
ਵਸੀਲਾ ਹੀ ਨਹੀਂ ਹੁੰਦੇ……..
ਹੋਰ ਵੀ ਬਹੁਤ ਕੁਝ ਹੁੰਦੇ ਹਨ!
ਹੋਰ ਵੀ ਬਹੁਤ ਕੁਝ ਹੁੰਦੇ ਹਨ!!
ਹੋਰ ਵੀ ਬਹੁਤ ਕੁਝ ਹੁੰਦੇ ਹਨ!!!
ਕਵੀ ਸੂਚੀ ‘ਤੇ ਜਾਓ
Leave a Reply