Punjabi Story – ਅਧੂਰਾ ਰਾਗ – ਨਿਰੰਜਣ ਬੋਹਾ
ਵਿਆਹ ਤੋਂ ਕੁਝ ਮਹੀਨੇ ਬਾਦ ਤੱਕ ਉਹ ਹਰ ਦੀਵਾਨ ‘ਤੇ ਸੁਰਮੇਲ ਦੇ ਨਾਲ ਜਾਂਦੀ ਰਹੀ। ਸੰਗਤਾਂ ਦਾ ਚਹੇਤਾ ਸੁਰਮੇਲ ਜਦੋਂ ਪਿਪਲਾਣੇ ਵਾਲੇ ਸੰਤਾ ਦੇ ਦੀਵਾਨ ਵਿਚ ਸ਼ਬਦ ਗਾਉਂਦਾ ਤਾਂ ਉਸ ਦੀ ਮਿੱਠੀ ਤੇ ਸੁਰੀਲੀ ਅਵਾਜ਼ ਹਰ ਇਕ ਸੁਨਣ ਵਾਲੇ ਦੇ ਧੁਰ ਅੰਦਰ ਤੱਕ ਲਹਿ ਜਾਦੀ । ਸੰਗਤਾਂ ਵੱਲੋਂ ਸੁਰਮੇਲ ਦੇ ਸ਼ਬਦਾਂ ਦੀ ਤਾਰੀਫ਼ ਕੀਤੇ ਜਾਣ ‘ਤੇ ਉਹ ਮਾਣ ਨਾਲ ਭਰ ਜਾਂਦੀ । ਹੁਣ ਸੰਤਾਂ ਨੇ ਡੇਰੇ ਤੋਂ ਬਾਹਰਲੇ ਦੀਵਾਨਾਂ ਸਮੇਂ ਵੀ ਸੁਰਮੇਲ ਨੂੰ ਆਪਣੇ ਨਾਲ ਲਿਜਾਣਾ ਸ਼ੁਰੂ ਕਰ ਦਿੱਤਾ ਸੀ।ਮਿੱਠੀ ਅਵਾਜ਼ ਕਾਰਨ ਜਿਉਂ-ਜਿਉਂ ਸੁਰਮੇਲ ਦੀ ਪ੍ਰਸਿੱਧੀ ਵੱਧਦੀ ਗਈ ਤਿਉਂ ਤਿਉਂ ਉਸ ਦਾ ਪਿਤਾ ਪੁਰਖੀ ਦਰਜ਼ੀ ਦੇ ਕਿੱਤੇ ਵੱਲੋਂ ਧਿਆਨ ਹੱਟਦਾ ਗਿਆ। ਆਮਦਨ ਘੱਟਣ ਲੱਗੀ ਤੇ ਘਰ ਦੇ ਖਰਚੇ ਵੱਧਣ ਲੱਗੇ ਤਾਂ ਘਰ ਵਿਚ ਤਣਾੳ ਰਹਿਣ ਲੱਗਾ । ਸੁਰਮੇਲ ਇਸ ਬਾਰੇ ਚਿਤੰਤ ਤਾਂ ਸੀ ਪਰ ਜਦੋਂ ਸੰਤਾ ਦਾ ਸੱਦਾ ਪਹੁੰਚਦਾ ਉਹ ਨਾਂਹ ਨਾ ਕਰ ਸਕਦਾ। “ਬਈ ਹੁਣ ਤੇ ਆਪਣਾ ਸੁਰਮੇਲ ਪੱਕਾ ਰਾਗੀ ਬਣ ਗਿਐ।“ ਦੀਵਾਨ ਦੀ ਸਮਾਪਤੀ ਤੋਂ ਬਾਦ ਸੰਤਾ ਨੇ ਉਸ ਨੂੰ ਥਾਪੀ ਦੇਂਦਿਆ ਕਿਹਾ।
“ ਸੰਤ ਜੀ ਰੱਬ ਦੇ ਘਰ ਦੇ ਸਾਰੇ ਰਾਗ ਤਾਂ ਤੁਸੀਂ ਇਸ ਨੂੰ ਸਿਖਾ ਦਿੱਤੇ ਪਰ ਰੋਟੀ ਦਾ ਰਾਗ ਗਾਉਣਾ ਨਹੀਂ ਸਿਖਾਇਆ—-ਉਸ ਤੋਂ ਬਿਨਾਂ ਇਹ ਕਾਹਦਾ ਪੱਕਾ ਰਾਗੀ ਐ—।“ ਉਸ ਸੰਗਤਾਂ ਵੱਲੋਂ ਸੰਤਾ ਅੱਗੇ ਟੇਕੇ ਮੱਥੇ ਨਾਲ ਇੱਕਠੀ ਹੋਈ ਮਾਇਆ ਵੱਲ ਕੈਰੀ ਨਜ਼ਰ ਸੁੱਟਦਿਆਂ ਕਿਹਾ ਸੀ। ਸੰਤ ਕਦੇ ਉਸ ਵੱਲ , ਕਦੇ ਸੁਰਮੇਲ ਵੱਲ ਤੇ ਕਦੇ ਮਾਇਆ ਦੀ ਢੇਰੀ ਵੱਲ ਹੈਰਾਨ ਪ੍ਰੇਸ਼ਾਨ ਜਿਹੇ ਵੇਖ ਰਹੇ ਸਨ।
-ਨਿਰੰਜਣ ਬੋਹਾ
Leave a Reply