ਨਿੱਕੀ ਹਰਗੁਣ ਹਾਲੇ ਸਕੂਲ ਤਾਂ ਨਹੀਂ ਜਾਣ ਲੱਗੀ ਪਰ ਗੱਲਾਂ ਬਹੁਤ ਮਾਰਦੀ ਰਹਿੰਦੀ ਹੈ। ਉਸ ਨੇ ਕਹਾਣੀਆਂ ਵੀ ਬਹੁਤ ਸੁਣੀਆਂ ਹੋਈਆਂ ਨੇ। ਖ਼ਬਰੇ ਇਸੇ ਕਰਕੇ ਉਸਨੂੰ ਚੰਨ ਮਾਮਾ, ਕਈ ਪੰਛੀਆਂ ਤੇ ਹੋਰ ਵੀ ਬਹੁਤ ਕੁਝ ਦੀ ਪਛਾਣ ਹੋ ਚੁੱਕੀ ਹੈ। ਪਿਛਲੇ ਦਿਨੀਂ ਜਦੋਂ ਉਹ ਆਪਣੇ ਨਾਨਕੇ ਗਈ ਤਾਂ ਇਕ ਦਿਨ ਸੰਝ ਸਮੇਂ ਆਪਣੇ ਨਾਨਾ, ਨਾਨੀ ਨਾਲ ਨੇੜੇ ਲਗਦੇ ਪਾਰਕ ਵਿਚ ਸੈਰ ਕਰਨ ਚਲੀ ਗਈ। ਉੱਥੇ ਉਸ ਨੇ ਕੀ ਤੇ ਕਿਵੇਂ ਦੀਆਂ ਬਾਤਾਂ ਕੀਤੀਆਂ, ਮੈਂ ਤੁਹਾਨੂੰ ਸੁਣਾਉਂਦੀ ਹਾਂ; ਸ਼ਾਇਦ ਤੁਹਾਨੂੰ ਚੰਗੀਆਂ ਲੱਗਣ!ਪਾਰਕ ਵਿਚ ਦਾਖ਼ਲ ਹੁੰਦੇ ਸਾਰ ਹਰਗੁਣ ਦੀ ਨਜ਼ਰ ਪਗਡੰਡੀ ਤੇ ਤੁਰੀਆਂ ਜਾਂਦੀਆਂ ਦੋ ਮੈਨਾ ਤੇ ਪੈ ਗਈ। ਉਹ ਤਾਂ ਖ਼ੁਸ਼! ਆਖਦੀ, “ਨਾਨਾ ਦੇਖੋ! ਮੈਨਾ ਵੀ ਸੈਰ ਕਰਨ ਆਈਆਂ। ਸਵੇਰੇ ਜਦੋਂ ਨਾਨੀ ਨੇ ਰੋਟੀ ਪਾਈ ਸੀ, ਇਹ ਖਾਣ ਆਈਆਂ ਸੀ ਨਾ?” ਇਹ ਆਖ ਕੇ ਹਰਗੁਣ ਨੇ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਤਾੜੀ ਮਾਰੀ ਤੇ ਹੱਸੀ। ਮੈਨਾ ਵਿਚਾਰੀਆਂ ਤਾਂ ਇਸ ਖੜਾਕ ਨਾਲ ਉਡ ਕੇ ਕੁਝ ਵਿੱਥ ਤੇ ਲੱਗੇ ਘਾਹ ਤੇ ਘੁੰਮਣ ਲਗ ਪਈਆਂ। ਪਰ ਹਰਗੁਣ ਦਾ ਧਿਆਨ ਕਿੰਨਾ ਚਿਰ ਉੱਧਰ ਹੀ ਰਿਹਾ ਤੇ ਉਹ ਮੰਤਰ-ਮੁਗਧ ਜਿਹੀ ਮੈਨਾ ਵੱਲ ਹੀ ਵੇਖਦੀ ਰਹੀ। ਫਿਰ ਕੁਝ ਦੂਰੀ ਤੇ ਉਸਨੂੰ ਦੋ-ਤਿੰਨ ਤੋਤੇ ਤੇ ਬੁਲਬੁਲਾਂ ਬੈਠੇ ਦਿਖਾਈ ਦੇ ਗਏ, ਹਰਗੁਣ ਨੂੰ ਉਹ ਵੀ ਜਾਣੇ-ਪਛਾਣੇ ਜਾਪੇ, “ਇਹ ਸਾਰੇ ਵੀ ਤਾਂ ਸਵੇਰੇ ਰੋਟੀ ਤੇ ਦਾਣੇ ਖਾਣ ਆਏ ਸੀ…!”
ਹਰਗੁਣ ਨੂੰ ਫੁੱਲ ਤੇ ਰੁੱਖ ਵੀ ਬਹੁਤ ਆਕਰਸ਼ਿਤ ਕਰਦੇ ਨੇ, ਕੁਦਰਤ ਨਾਲ ਪਿਆਰ ਜੋ ਬਹੁਤ ਕਰਦੀ ਏ ਉਹ। ਉਸਨੇ ਕਈ ਫੁੱਲਾਂ ਨੂੰ ਵੇਖ ਕੇ, “ਕਿੰਨਾ ਸੋਹਣਾ ਫੁੱਲ!”ਆਖਿਆ ਤੇ ਇਕ ਉੱਚੇ ਰੁੱਖ ਨੂੰ ਵੇਖ ਕੇ ਬੋਲੀ, “ਨਾਨੀ ਦੇਖੋ, ਰੁੱਖ ਕਿੰਨਾ ਉੱਚਾ, ਇਕ ਕਾਂ ਵੀ ਬੈਠਾ ਉੱਥੇ!”
Leave a Reply