ਜਿੰਦਰਨੀਂਦ ਮੇਰੇ ਵੱਸ ’ਚ ਨਹੀਂ ਰਹੀ। ਮੇਰੇ ਸਾਹਮਣੇ ਤਾਂ ਪ੍ਰਸ਼ਨਾਂ ਦੀ ਵਿਸ਼ਾਲ ਦੁਨੀਆਂ ਉਸਰੀ ਹੋਈ ਹੈ। ਮਸਲਨ :ਔਰਤ ਨੂੰ ਮੌਤ ਤੋਂ ਡਰ ਕਿਉਂ ਨਹੀਂ ਲੱਗਾ? ਕੀ ਉਹ ਪਾਗਲ ਸੀ? ਕੀ ਉਸ ਮੌਤ ਦੇ ਅਰਥਾਂ ਨੂੰ ਸਮਝ ਲਿਆ ਸੀ? ਕੀ ਉਹ ਆਪਣੇ ਬੱਚੇ ਦੀ ਬੀਮਾਰੀ ’ਤੇ ਐਨੀ ਚਿੰਤੁਤ ਸੀ ਕਿ ਉਹਨੂੰ ਮੌਤ ਦਾ ਡਰ ਹੀ ਭੁੱਲ ਗਿਆ ਸੀ? ਕੀ ਕਾਰ ’ਚ ਮਰਣ ਵਾਲਿਆਂ ’ਚ ਉਸ ਦਾ ਖਾਵੰਦ ਵੀ ਸੀ? ਉਹ ਕੌਣ ਸੀ? ਉਹ ਕਿਥੋਂ ਆਈ ਸੀ? ਉਹ ਕਿਥੇ ਚਲੀ ਸੀ? ਉਹ ਕਿਨ•ਾਂ ਨਾਲ ਜਾ ਰਹੀ ਸੀ? ਉਹ ਕਾਰ ’ਚੋਂ ਕਿਵੇਂ ਭੱਜ ਗਈ ਸੀ? ਕੀ ਕੁਦਰਤ ਨੇ ਉਸ ਨੂੰ ਜਿਉਣ ਦਾ ਮੌਕਾ ਦਿੱਤਾ ਸੀ? ਜੇ ਉਸਨੂੰ ਜੀਉਣ ਦਾ ਮੌਕਾ ਦਿੱਤਾ ਸੀ ਤਾਂ ਕੀ ਉਸ ਮੇਰੇ ਹੱਥੋਂ ਹੀ ਮਰਣਾ ਸੀ?ਮੈਂ ਪੌਣੀ ਕੁ ਬੋਤਲ ਪੀ ਚੁੱਕਾ ਸਾਂ। ਪਰ, ਜਿਵੇਂ ਮੇਰੇ ਨਾਲ ਪਹਿਲਾਂ ਵੀ ਕਈ ਵਾਰ ਹੋਇਆ ਸੀ, ਉਵੇਂ ਮੈਂ ਬੇਸੁਰਤ ਨਹੀਂ ਹੋਇਆ ਸੀ। ਮੈਨੂੰ ਪੂਰੀ ਸੁਰਤ ਸੀ। ਮੈਂ ਮੋਬਾਇਲ ’ਤੇ ਬਲਿੳੂ ਫ਼ਿਲਮ ਲਾਈ ਸੀ। ਪੰਜ ਕੁ ਮਿੰਟ ਦੇਖਣ ਬਾਅਦ ਮੈਂ ਬੰਦ ਕਰ ਦਿੱਤੀ ਸੀ। ਸੂਫ਼ੀਆਨਾ ਗੀਤ ਲਾਏ ਸਨ। ਪਰ ਮਨ ਸੀ ਕਿ ਕਿਸੇ ਇਕ ਬਿੰਦੂ ’ਤੇ ਅਟਕ ਨਹੀਂ ਰਿਹਾ ਸੀ। ਮੈਨੂੰ ਆਪਣੀ ਇਸ ਭਟਕਣ ਬਾਰੇ ਪਤਾ ਸੀ। ਮੈਂ ਉਨ੍ਹਾਂ ਪਲਾਂ ਨੂੰ ਯਾਦ ਨਹੀਂ ਕਰਨਾ ਚਾਹੁੰਦਾ ਸੀ। ਯਾਦ ਨਹੀਂ ਰੱਖਣਾ ਚਾਹੁੰਦਾ ਸੀ। ਪਰ ਉਹ ਪਲ ਮੈਨੂੰ ਵਾਰ-ਵਾਰ ਦਿੱਸ ਰਹੇ ਸੀ। ਜਦੋਂ ਦਾ ਇਥੇ ਆਇਆ ਹਾਂ, ਪਤਾ ਨਹੀਂ ਮੈਂ ਕਿੰਨੀ ਵਾਰ ‘ਸ਼ੂਟ ਆਊਟ’ ਕੀਤਾ ਹੈ। ਮੈਨੂੰ ਤਾਂ ਐਨਾ ਕੁ ਪਤਾ ਹੈ ਕਿ ਮੈਨੂੰ ‘ਹੁਕਮ’ ਮਿਲਦਾ ਸੀ ਤੇ ਮੈਂ ਉਸ ਹੁਕਮ ਨੂੰ ‘ਉਬੇਅ’ ਕਰਦਾ ਸੀ। ਇਸ ਵਿਚਕਾਰ ‘ਸੋਚਣ’ ਤੇ ‘ਭਾਵੁਕ’ ਹੋਣ ਦਾ ਕਦੇ ਸਮਾਂ ਹੀ ਨਹੀਂ ਮਿਲਿਆ ਸੀ। ਅੱਖਾਂ ਤੇਜ਼ੀ ਨਾਲ ਇਧਰ ਉਧਰ ਘੁੰਮਦੀਆਂ ਸਨ। ਕੰਨ ਹੋਰ ਚੌਕਸ ਹੋ ਜਾਂਦੇ ਸਨ। ਦਿਮਾਗ ਹੋਰ ਸੁਚੇਤ ਹੋ ਜਾਂਦਾ ਸੀ। ਕੀ ਪਤਾ ਲੱਗਦਾ ਕਿ ਦੁਸ਼ਮਣ ਕਿੱਥੋਂ ਨਿਕਲ ਆਵੇਗਾ। ਕਿਹੜਾ ਦੁਸ਼ਮਣ ਹੋਵੇਗਾ। ਕਿਹੜੇ ਰੂਪ ’ਚ ਹੋਵੇਗਾ।ਮੇਰਾ ਮਨ ਖੁੱਲ੍ਹੀ ਫਿਜ਼ਾ ’ਚ ਘੁੰਮਣ ਨੂੰ ਕੀਤਾ ਸੀ। ਕਮਰੇ ਅੰਦਰ ਮੇਰਾ ਦਮ ਘੁੱਟ ਰਿਹਾ ਸੀ। ਮੈਂ ਬਾਹਰ ਜਾਂਦਾ-ਜਾਂਦਾ ਮੁੜ ਫੇਰ ਬੈੱਡ ’ਤੇ ਆ ਕੇ ਡਿਗ ਪਿਆ ਸੀ। ਬਾਹਰ ਵੀ ਮੌਤ ਸੀ। ਅੰਦਰ ਵੀ ਮੌਤ ਸੀ। ਸੰਨਾਟਾ ਸੀ। ਕਿਸੇ ਪਾਸੇਉਂ ਵੀ ਕੋਈ ਆਵਾਜ਼ ਨਹੀਂ ਆ ਰਹੀ ਸੀ। ਮੈਂ ਜੈਕਿਟ ਦੀ ਅੰਦਰਲੀ ਜੇਬ ’ਚ ਰੱਖੀ ‘ਗੀਤਾ’ ’ਚੋਂ ਮੌਤ ਦੇ ਅਰਥ ਲੱਭਣੇ ਸ਼ੁਰੂ ਕੀਤੇ ਸਨ। ਦੂਜੇ ਅਧਿਆਇ ਦੇ ਸਲੋਕ ਨੰ: 28 ’ਤੇ ਲਿਖਿਆ ਸੀ- ‘‘ਸਾਰੇ ਜੀਵ ਜਨਮ ਤੋਂ ਪਹਿਲਾਂ ਅਪ੍ਰਗਟ ਸਨ ਤੇ ਮਰਨ ਤੋਂ ਬਾਅਦ ਮੁੜ ਅਪ੍ਰਗਟ ਹੋ ਜਾਣਗੇ। ਉਹ ਤਾਂ ਸਿਰਫ਼ ਵਿਚਕਾਰ ਹੀ ਕੁਝ ਦੇਰ ਲਈ ਪ੍ਰਗਟ ਨਜ਼ਰ ਆਉਂਦੇ ਹਨ। ਇਸ ਲਈ ਸ਼ੋਕ ਕਰਨ ਵਾਲੀ ਕਿਹੜੀ ਗੱਲ ਹੈ?’’ਕੁਝ ਚਿਰ ਲਈ ਮੇਰਾ ਮਨ ਸ਼ਾਂਤ ਹੋ ਗਿਆ ਸੀ। ਮੈਨੂੰ ਲੱਗਾ ਸੀ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਸੀ। ਮੈਂ ਤਾਂ ਆਪਣੇ ਫਰਜ਼ ਨਿਭਾਏ ਸਨ। ਮੇਰੀ ਡਿਊਟੀ ਸੀ ਜਿਹੜੀ ਕਿ ਮੈਂ ਨਿਭਾਈ ਸੀ। ਜੇ ਕਿਤੇ ਕੁਤਾਹੀ ਕਰ ਜਾਂਦਾ ਤਾਂ ਇਹ ਕੰਮ ਮਾਈਕਲ ਜਾਂ ਨੈਸ਼ ਨੇ ਕਰ ਦੇਣਾ ਸੀ। ਇਹ ਵੀ ਹੋ ਸਕਦਾ ਸੀ ਕਿ ਮੈਂ ਉਨ੍ਹਾਂ ਦੀਆਂ ਨਜ਼ਰਾਂ ’ਚ ‘ਸ਼ੱਕੀ ਬੰਦਾ’ ਹੋ ਜਾਂਦਾ। ਤੇ ਉਹ ਕਿਸੇ ਵੇਲੇ ਵੀ ਮੈਨੂੰ ਮੌਤ ਦਾ ਮੂੰਹ ਦਿਖਾ ਦਿੰਦੇ। ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰੀਆਂ ਸਨ। ਮੈਂ ਆਪਣੇ ਆਪ ਨੂੰ ਤਕੜਾ ਕਰਨ ਲਈ ਬੋਤਲ ’ਚ ਬਚੀ ਸ਼ਰਾਬ ਨਾਲ ਗਿਲਾਸ ਭਰ ਲਿਆ ਸੀ। ਇਕੋ ਸਾਹੇ ਹੀ ਪੀ ਗਿਆ ਸੀ। ਮੈਥੋਂ ਫ਼ਰਜ਼ਾਂ ਦੇ ਅਰਥ ਦੀ ਕੋਈ ਕੰਨੀ ਨਹੀਂ ਫੜੀ ਗਈ ਸੀ। ਮੈਂ ਇਸ ਸੰਬੰਧੀ ਕਿਸੇ ਨਾਲ ਗੱਲ ਕਰਨੀ ਚਾਹੁੰਦਾ ਸੀ। ਮੈਨੂੰ ‘ਗੀਤਾ’ ’ਚ ਕ੍ਰਿਸ਼ਨ ਦੇ ਅਰਜੁਨ ਨੂੰ ਕਹੇ ਸ਼ਬਦ ਯਾਦ ਆਏ ਸਨ : ‘ਆਪਣੇ ਫ਼ਰਜ਼ਾਂ ਲਈ ਯੁੱਧ ਕਰਨ ਤੋਂ ਵੱਧ ਕੇ ਕਿਸੇ ਯੋਧੇ ਲਈ ਹੋਰ ਕੁਝ ਨਹੀਂ ਹੈ।’ ਫੇਰ ਮੈਨੂੰ ਇੰਡੀਆ ’ਚ ਬੈਠੀ ਮੰਮੀ ਦਾ ਖਿਆਲ ਆਇਆ ਸੀ। ਉਨ੍ਹਾਂ ਹਟਕੋਰੇ ਭਰਦਿਆਂ ਹੋਇਆਂ ਕਹਿ ਦੇਣਾ ਸੀ, ‘‘ਹਰਮਿੰਦਰ, ਸਾਨੂੰ ਨ੍ਹੀਂ ਚਾਹੀਦੀ ਤੇਰੀ ਆਹ ਮਰਜਾਣੀ ਨੌਕਰੀ। ਅਸੀਂ ਅਮਰੀਕਾ ਤੋਂ ਕੀ ਲੈਣਾ। ਤੂੰ ਘਰ ਆ ਜਾ। ਦੋ ਰੋਟੀਆਂ ਆਚਾਰ ਨਾਲ ਖਾ ਲਵਾਂਗੇ। ਸੁੱਖ ਦੀ ਨੀਂਦ ਤਾਂ ਸੌਵਾਂਗੇ। ਮੈਂ ਤੇਰੀ ਕੋਈ ਗੱਲ ਨ੍ਹੀਂ ਸੁਣਨੀ। ਸਾਡੇ ਧਰਮ ’ਚ ਗਾਂ ਤੇ ਔਰਤ ਨੂੰ ਮਾਰਣਾ ਘੋਰ ਪਾਪ ਹੁੰਦਾ। ਮੇਰਾ ਆਪਣਾ ਪੁੱਤ ਇਹ ਪਾਪ ਕਰੇ-ਇਹਦੂੰ ਤਾਂ ਰੱਬ ਮੈਨੂੰ ਚੁੱਕ ਲਵੇ। ਸਾਨੂੰ ਕਿਸੇ ਦੀ ਜਿੱਤ ਨ੍ਹੀਂ ਚਾਹੀਦੀ।…ਐਦਾਂ ਦੀ ਜਿੱਤ ਨਾਲੋਂ ਹਾਰ ਹੀ ਚੰਗੀ ਆ……।’’ ਦੂਜਾ ਖਿਆਲ ਮੇਰੀ ਗੋਰੀ ਗਰਲ-ਫਰਿੰਡ ਮੈਰੀ ਦਾ ਆਇਆ ਸੀ। ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਪਹਿਲਾਂ ਉਸ ਮੇਰੀ ਗੱਲ ਨੂੰ ਧਿਆਨ ਨਾਲ ਸੁਣਨਾ ਸੀ। ਫੇਰ ਸਮਝਾਉਣ ਦੇ ਲਹਿਜੇ ’ਚ ਕਹਿਣਾ ਸੀ, ‘‘ਹੈਰੀ, ਮੈਂ ਤੈਨੂੰ ਕਿੰਨੀ ਵਾਰ ਕਹਿ ਚੁੱਕੀ ਆਂ ਕਿ ਪਹਿਲਾਂ ਆਪਣੇ ਅੰਦਰ ਬੈਠੇ ਇੰਡੀਅਨ ਨੂੰ ਮਾਰ। ਤੂੰ ਇਸ ਗੱਲ ਨੂੰ ਕਿਉਂ ਭੁੱਲ ਜਾਣਾਂ ਕਿ ਤੂੰ ਹੁਣ ਅਮੈਰਕਿਨ ਆਂ। ਤੂੰ ਅਮੈਰਕਿਨ ਆਰਮੀ ਦਾ ਅਹਿਮ ਸੋਲੀਜ਼ਰ ਆਂ। ਸਰਕਾਰ ਤੈਨੂੰ ਇਸੇ ਗੱਲ ਦੀ ਤਨਖਾਹ ਦਿੰਦੀ ਆ। ਤੂੰ ਸਿਰਫ਼ ਤੇ ਸਿਰਫ਼ ਜਿੱਤ ਬਾਰੇ ਸੋਚ।’’ ਹੁਣ ਸੁਆਲ ਜਿੱਤ ਤੇ ਹਾਰ ਦਾ ਖੜਾ ਹੋ ਗਿਆ ਸੀ। ਕਿਸ ਦੀ ਹਾਰ ਹੋਈ? ਕਿਸ ਦੀ ਜਿੱਤ ਹੋਈ ਸੀ? ਇਸ ਬਾਰੇ ਮੈਂ ਕੀ ਕਹਾਂ? ਫੇਰ ਮੇਰਾ ਧਿਆਨ ਤੇਰੇ ਵੱਲ ਗਿਆ ਸੀ। ਮੈਂ ਘੜੀ ’ਤੇ ਸਮਾਂ ਦੇਖਿਆ ਸੀ। ਇੰਡੀਆ ਦੀ ਰਾਤ ਦਾ ਡੇਢ ਵੱਜਿਆ ਸੀ। ਤੂੰ ਤਾਂ ਘੂਕ-ਸੁੱਤਾ ਪਿਆ ਹੋਵੇਂਗਾ ਆਪਣੀ ਬੀਵੀ ਨਾਲ। ਜੇ ਮੈਂ ਤੈਨੂੰ ਉਠਾਲਦਾ ਤਾਂ ਤੂੰ ਔਖ ਮਹਿਸੂਸ ਕਰਨੀ ਸੀ। ਹੋ ਸਕਦਾ ਸੀ ਕਿ ਤੂੰ ਮੇਰਾ ਫ਼ੋਨ ਵੀ ਨਾ ਚੁੱਕਦਾ।
ਅੱਗੇ ਪੜ੍ਹਨ ਲਈ ਲੌਗਿਨ ਕਰੋ ਜੀ।
ਜੇ ਤੁਸੀਂ ਇਸ ਵੈਬਸਾਈਟ ‘ਤੇ ਪਹਿਲਾਂ ਕਦੇ ਲੌਗਿਨ ਨਹੀਂ ਕੀਤਾ ਤਾਂ ਨਵੀਂ ਆਈ-ਡੀ ਬਣਾ ਕੇ ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰਨ ਲਈ, ਹੇਠਾਂ ਕਲਿੱਕ ਕਰੋ।
ਨਵੀਂ ਆਈ-ਡੀ ਬਣਾਉ
ਜਾਂ 87279-87379 ਉੱਤੇ ਵੱਟਸ-ਐਪ ਕਰੋ
Leave a Reply