ਕਿਸੇ ਚੀਜ਼ ਦੀ ਮਿੱਜ ਕੱਢ ਦੇਣ ਤੱਕ ਵਰਤੋਂ ਜਾਂ ਕਹਿ ਲਓ ਦੁਰਵਰਤੋਂ ਕਰਨ ਵਿਚ ਦੁਨੀਆਂ ਦੀ ਇਕ ਕੌਮ ਸਭ ਤੋਂ ਅੱਗੇ ਹੈ। ਸਹੀ ਸਮਝੇ, ਪੰਜਾਬੀਆਂ ਦੇ ਹੁੰਦੇ ਹੋਏ ਹੋਰ ਕੌਣ ਹੋ ਸਕਦਾ ਹੈ? ਇਹੀ ਹਾਲ ਪੰਜਾਬੀਆਂ (punjabi writers) ਨੇ ਇੰਟਰਨੈੱਟ ’ਤੇ ਸ਼ੁਰੂ ਹੋਈਆਂ ਸੋਸ਼ਲ ਨੈੱਟਵਰਕ ਸਾਈਟਾਂ ਦਾ ਕੀਤਾ ਹੈ। ਅੱਜ ਤੋਂ ਕਈ ਸਾਲ ਪਹਿਲਾਂ ਇੰਟਰਨੈੱਟ ਦੀ ਦੁਨੀਆ ’ਤੇ ਕੁਝ ਨੌਜਵਾਨਾਂ ਨੇ ਜਦੋਂ ਪੰਜਾਬੀ ਬੋਲੀ ਦੇ ਨਾਮ ਉੱਤੇ ਸਮੂਹ ਜਾਂ ਇਕੱਠ ਬਣਾਉਣੇ ਸ਼ੁਰੂ ਕੀਤੇ ਤਾਂ ਇੰਝ ਲੱਗਿਆ ਕਿ ਦੇਖਦੇ ਹੀ ਦੇਖਦੇ ਇੰਟਰਨੈੱਟ ਉੱਤੇ ਪੰਜਾਬੀ ਦੀ ਹਨੇਰੀ ਆ ਗਈ। ਹਰ ਕੋਈ ਪੰਜਾਬੀ ਦਾ ਜਾਪ ਜਪ ਰਿਹਾ ਸੀ। ਇਸ ਦੀ ਸ਼ੁਰੂਆਤ ਉਦੋਂ ਗੂਗਲ ਵੱਲੋਂ ਸ਼ੁਰੂ ਹੋਈ ਓਰਕੁਟ ਸਾਈਟ ਤੋਂ ਹੋਈ। ਕੁਝ ਕਿਤਾਬਾਂ ਵੀ ਛਪੀਆਂ ਅਤੇ ਮੁੱਖ-ਧਾਰਾਈ ਮੀਡੀਏ ਵਿਚ ਵੀ ਰਾਮ-ਰੌਲਾ ਬਹੁਤ ਪਿਆ।
ਫੇਸਬੁੱਕ ਤੋਂ ਪਹਿਲਾਂ
ਇਨ੍ਹਾਂ ਹੀ ਖ਼ਬਰਾਂ ਦੀ ਗਹਿਰੀ ਘੋਖ਼ ਪੜਤਾਲ ਕਰਦਿਆਂ ਪਤਾ ਲੱਗਿਆ ਕਿ ਇੱਥੇ ਵੀ ਪੰਜਾਬੀ ਦੀ ਘੱਟ ਅਤੇ ਚੌਧਰ ਦੀ ਜੰਗ ਜ਼ਿਆਦਾ ਚੱਲ ਰਹੀ ਹੈ। ਦੇਖਦਿਆਂ ਹੀ ਦੇਖਦਿਆਂ ਕਦੋਂ ਇਕ ਸਮੂਹ ਦੋ ਧੜਿਆਂ ਵਿਚ ਵੰਡਿਆ ਗਿਆ। ਰੋਜ਼ ਨਵੇਂ ਧੜੇ ਬਣਨੇ ਸ਼ੁਰੂ ਹੋਏ, ਕਦੋਂ ਇਕ ਤੋਂ ਦੂਜੀ, ਦੂਜੀ ਤੋਂ ਤੀਜੀ ਕਿਤਾਬ ਛਪ ਗਈ। ਪਤਾ ਹੀ ਨਾ ਲੱਗਿਆ। ਇਨ੍ਹਾਂ ਕਿਤਾਬਾਂ ਦੇ ਰਿਲੀਜ਼ ਸਮਾਰੋਹਾਂ ਦੇ ਨਾਮ ’ਤੇ ਆਪਣੇ ਧੜੇ ਨੂੰ ਵੱਡਾ ਸਾਬਤ ਕਰਨ ਦੀ ਦੌੜ ਵੀ ਖ਼ੂਬ ਚੱਲੀ ਅਤੇ ਉਨ੍ਹਾਂ ਵਿਚ ਕੁਝ ਇਕ ਖ਼ਾਸ ਪਤਵੰਤੇ ਪੰਜਾਬੀ ਲੇਖਕਾਂ ਨਾਲ ਨੇੜਤਾ ਸਿੱਧ ਕਰਕੇ ਆਪਣੇ ਟੋਲੇ ਨੂੰ ਭਾਰਾ ਦੱਸਣ ਦਾ ਹੀਲਾ ਕੀਤਾ ਜਾਂਦਾ ਰਿਹਾ। ਪੰਜਾਬੀ ਦੀ ਸੇਵਾ ਦੇ ਇਸ ਗੁਬਾਰੇ ਵਿਚੋਂ ਫੂਕ ਨਿਕਲਣ ਵਿਚ ਬਹੁਤੇ ਦਿਨ ਨਹੀਂ ਲੱਗੇ। ਪਰ ਇਹ ਸਮਝ ਨਹੀਂ ਆਇਆ ਕਿ ਉਹ ਛਪੀਆਂ ਹੋਈਆਂ ਕਿਤਾਬਾਂ ਕਿੰਨੀਆਂ ਕੁ ਪੜ੍ਹੀਆਂ ਗਈਆਂ ਅਤੇ ਕਿੰਨ੍ਹਾਂ ਨੇ ਪੜ੍ਹੀਆਂ।
ਆਭਾਸੀ ਭੀੜ
ਇੰਝ ਓਰਕੁਟੀ ਸੱਥਾਂ ਨਿਵਾਣ ਵੱਲ ਤੁਰ ਪਈਆਂ। ਜਦੋਂ ਇਨ੍ਹਾਂ ਦਾ ਲੱਗਭਗ ਭੋਗ ਹੀ ਪੈ ਰਿਹਾ ਸੀ, ਉਸੇ ਦੌਰ ਵਿਚ ਬਲੌਗ ਉਭਾਰ ’ਤੇ ਆ ਰਹੇ ਸਨ। ਸ਼ੁਰੂਆਤ ਵਿਚ ਬਹੁਤਿਆਂ ਨੂੰ ਪੰਜਾਬੀ ਵਿਚ ਬਲੌਗ ਲਿਖਣ ਦਾ ਤਰੀਕਾ ਨਹੀਂ ਸੀ ਸਮਝ ਆਉਂਦਾ। ਪਰ ਇੰਟਰਨੈੱਟ ਦੇ ਦੌਰ ਵਿਚ ਇਹ ਕੋਈ ਔਖਾ ਕੰਮ ਨਹੀਂ ਸੀ ਗੂਗਲ ਤੋਂ ਲੱਭ-ਲੱਭਾ ਕੇ ਇਹ ਕੰਮ ਵੀ ਨੇਪਰੇ ਚੜ੍ਹ ਗਿਆ। ਹਾਲੇ ਨਵੀਂ ਪੰਜਾਬੀ ਪੀੜ੍ਹੀ ਬਲੌਗਿੰਗ ਸਿੱਖ ਹੀ ਰਹੀ ਸੀ ਕਿ ਫੇਸਬੁੱਕ ਆ ਗਿਆ। ਬਲੌਗ ਵਿਚ ਆਪਣੀਆਂ ਰਚਨਾਵਾਂ ਛਾਪ ਕੇ ਪਾਠਕਾਂ ਨੂੰ ਉਨ੍ਹਾਂ ਤੱਕ ਲਿਆਉਣਾ ਜਿੱਥੇ ਔਖਾ ਕੰਮ ਸੀ, ਫੇਸਬੁੱਕ ਨੇ ਆਭਾਸੀ ਦੋਸਤਾਂ ਦੀ ਭੀੜ ਵਿਚ ਇਹ ਕੰਮ ਸੌਖਾ ਕਰ ਦਿੱਤਾ। ਪਰ ਸੱਚ ਇਹ ਹੈ ਕਿ ਇਹ ਕੰਮ ਸੌਖਾ ਨਹੀਂ ਹੋਰ ਵੀ ਔਖਾ ਹੋ ਗਿਆ।
ਫੇਸਬੁੱਕ ਦੀ ਚਮਕੀਲੀ ਦੁਨੀਆ
ਫੇਸਬੁੱਕ ਦੀ ਵਰਤੋਂ ਹੋਰਨਾਂ ਵਾਂਗ ਜ਼ਿਆਦਾਤਰ ਪੰਜਾਬੀ ਵੀ ਉਸਾਰੂ ਕੰਮ ਲਈ ਘੱਟ ਅਤੇ ਇਸ਼ਕ-ਮਿਜਾਜ਼ੀ ਲਈ ਵੱਧ ਕਰਦੇ ਹਨ। ਨਾਲੇ ਫੇਸਬੁੱਕ ’ਤੇ ਹਰ ਦੂਜਾ ਬੰਦਾ ਕਵੀ ਹੈ। ਪਿੱਛੇ ਜਿਹੇ ਪੰਜਾਬੀ ਕਵੀ ਗਗਨਦੀਪ ਸ਼ਰਮਾ ਦੇ ਕਹਿਣ ਮੁਤਾਬਿਕ ਇਕ ਫੇਸਬੁੱਕੀ ਬੀਬੀ ਉਸ ਦੀਆਂ ਅਤੇ ਹੋਰ ਕਈ ਕਵੀਆਂ ਦੀਆਂ ਕਵਿਤਾਵਾਂ ਆਪਣੇ ਨਾਮ ਨੱਥੀ ਕਰਕੇ ਫੇਸਬੁੱਕ ਦੇ ਨਾਲ-ਨਾਲ ਸਾਹਿਤਕ ਸਮਾਗਮਾਂ ਵਿਚ ਧੂੜਾਂ ਪੁੱਟਦੀ ਫਿਰਦੀ ਹੈ। ਖ਼ੈਰ, ਸਾਹਿਤਕ ਕਿਰਤਾਂ ਦੀ ਚੋਰੀ ਕੋਈ ਨਵਾਂ ਮਸਲਾ ਨਹੀਂ ਹੈ। ਇਹ ਤਾਂ ਉਦੋਂ ਵੀ ਹੁੰਦੀ ਸੀ ਜਦੋਂ ਫੇਸਬੁੱਕ ਜਾਂ ਹੋਰ ਸੋਸ਼ਲ ਨੈੱਟਵਰਕ ਸਾਈਟਾਂ ਨਹੀਂ ਸੀ ਹੁੰਦੀਆਂ।
ਅਸਲੀ ਮਸਲਾ ਤਾਂ ਫੇਸਬੁੱਕੀ ਲੇਖਕਾਂ (ਇੱਥੇ ਮੁੱਖ ਭਾਵ ਕਵੀਆਂ ਤੋਂ ਹੀ ਹੈ) ਦੇ ਕੱਚ ਅਤੇ ਸੱਚ ਦਾ ਹੈ। ਜੇ ਫੇਸਬੁੱਕ ਦੀ ਡੂੰਘੀ ਘੋਖ ਕਰਕੇ ਸਿੱਟਾ ਕੱਢਣਾ ਹੋਵੇ ਕਿ ਉੱਚ ਪਾਏ ਦੇ ਕਵੀ ਕਿਹੜੇ ਹਨ ਤਾਂ ‘ਬੀਬੀਆਂ’ ਦਾ ਪੱਲੜਾ ਹੀ ਭਾਰੀ ਹੋਵੇਗਾ। ਇਹ ਨਾ ਸਮਝ ਲੈਣਾ ਕਿ ਸਾਰੀਆਂ ਹੀ ਬੀਬੀਆਂ ਸੱਚ-ਮੁੱਚ ਬਹੁਤ ਕਮਾਲ ਦੀਆਂ ਕਵਿਤਾਵਾਂ ਜਾਂ ਲਿਖਤਾਂ ਲਿਖ ਰਹੀਆਂ ਹਨ। ਅਸਲ ਵਿਚ ਇਹ ਸਾਡੇ ਕਥਿਤ ਮਰਦ ਪ੍ਰਧਾਨ ਸਮਾਜ ਦੀ ਮਾਨਸਿਕਤਾ ਦਾ ਨਤੀਜਾ ਹੈ, ਜੋ ਬੀਬੀਆਂ (ਫੇਸਬੁੱਕ ਦੀਆਂ ਕੁੜੀਆਂ-ਚਿੜੀਆਂ) ਨੂੰ ਰਿਝਾਉਣ ਲਈ ਸੌ ਹੀਲੇ ਕਰਦੀ ਹੈ।
ਫੇਸਬੁੱਕ ਦੇ ਜਲਵੇ
ਫੇਸਬੁੱਕ ਦੀਆਂ ਪੋਚੀਆਂ ਹੋਈਆਂ ਫੋਟੋਆਂ ਉਨ੍ਹਾਂ ਨੂੰ ਹੋਰ ਜ਼ਿਆਦਾ ਲਾਰਾਂ ਸੁੱਟਣ ਲਈ ਉਤਸ਼ਾਹਤ ਕਰਦੀਆਂ ਹਨ। ਹਾਲ ਇਹ ਹੁੰਦਾ ਹੈ ਕਿ ਕੋਈ ਬੀਬੀ ਭਾਵੇ ਕੋਈ ਟੁੱਟੀ ਜਿਹੀ ਤੁਕਬੰਦੀ ਲਿਖ ਦੇਵੇ, ਪੰਜਾਬੀ ਦੇ ਵੱਡੇ-ਵੱਡੇ ਵਿਦਵਾਨ ਜੀ ਹਜ਼ੂਰੀ ਲਈ ਪਹੁੰਚ ਜਾਂਦੇ ਹਨ। ਲਾਈਕਾਂ ਅਤੇ ਕਮੈਂਟਾਂ ਦਾ ਝੱਖੜ ਆ ਜਾਂਦਾ ਹੈ। ਮੈਂ ਉਨ੍ਹਾਂ ਕਈ ਕਾਢੀ ਅਲੋਚਕਾਂ ਨੂੰ ਨਿੱਜੀ ਤੌਰ ’ਤੇ ਜਾਣਦਾ ਹਾਂ, ਜੋ ਮੂੰਹ ਕੌੜਾ-ਮਿੱਠਾਂ ਕਰਵਾ ਕੇ ਵੀ ਸਾਹਿਤਕ ਮਿੱਤਰਾਂ ਵੱਲੋਂ ਭੇਂਟ ਕੀਤੀਆਂ ਗਈਆਂ ਕਿਤਾਬਾਂ ਬਾਰੇ ਕੁਝ ਲਿਖਣ ਦੀ ਗੱਲ ਤਾਂ ਦੂਰ ਕਿਤਾਬ ਗੌਲਣ ਤੱਕ ਦਾ ਹੀਲਾ ਨਹੀਂ ਕਰਦੇ।
ਉਨ੍ਹਾਂ ਵੱਲੋਂ ਬੀਬੀਆਂ ਦੀਆਂ ਪਲਸਤਰ ਲੱਗੀਆਂ ਹੋਈਆਂ ਚਾਰ-ਚਾਰ ਸਤਰਾਂ ਦੀਆਂ ਕਵਿਤਾਵਾਂ ਬਾਰੇ ਦੋ-ਦੋ ਸਫ਼ਿਆਂ ਦੇ ਅਲੋਚਨਾਤਮਕ ਲੇਖ ਕਮੈਂਟਸ ਵਿਚ ਮੈਂ ਆਪ ਦੇਖੇ-ਪੜ੍ਹੇ ਹਨ। ਜੇ ਕੋਈ ਕਮੈਂਟ ਪੜ੍ਹਨ ਤੋਂ ਬਾਅਦ ਉਨ੍ਹਾਂ ਨੂੰ ਫੋਨ ਜਾਂ ਇਨਬਾਕਸ ਕਰਕੇ ਪੁੱਛ ਲਵੇ ਭਾਈ ਸਾਹਬ ਮੇਰੀ ਕਿਤਾਬ ਦਾ ਕੀ ਬਣਿਆ ਤਾਂ ਅੱਗੋਂ ਜਵਾਬ ਹੁੰਦਾ ਹੈ, ਯਾਰ ਰੋਜ਼ ਐਨੀਆਂ ਨਵੀਆਂ ਕਿਤਾਬਾ ਆ ਜਾਂਦੀਆਂ ਹਨ ਕਿ ਸਮਝ ਨੀ ਆਉਂਦਾ ਕਿਹੜੀ ਪੜ੍ਹੀਏ, ਕਿਹੜੀ ਛੱਡੀਏ ਅਤੇ ਕਿਸ ਬਾਰੇ ਲਿਖੀਏ। ਇਨ੍ਹਾਂ ਕਹਿ ਕਿ ਉਹ ਕਿਸੇ ਹੋਰ ਬੀਬੀ ਵੱਲੋਂ ਪਾਈ ਤਾਜ਼ਾ ਕਵਿਤਾ ਦੀ ਸਮੀਖਿਆ ਲਿਖਣ ਵਿਚ ਰੁੱਝ ਜਾਂਦੇ ਹਨ।
ਫੇਸਬੁੱਕੀ ਆਲੋਚਕ
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਬੀਬੀਆਂ ਵੀ ਫੇਸਬੁੱਕ ’ਤੇ ਪੱਬਾਂ ਭਾਰ ਹੋਈਆਂ ਕਵਿਤਾਵਾਂ ਦਾ ਗਿੱਧਾ ਪਾਉਂਦੀਆਂ ਨੀ ਥੱਕਦੀਆਂ। ਜਿਹੜੀਆਂ ਸ਼ੁਰੂਆਤ ਵਿਚ ਇਕ ਦੋ ਕਵਿਤਾਵਾਂ ਵੀ ਦੋ ਸਿਆਣਿਆਂ ਨੂੰ ਦਿਖਾ ਕੇ ਪਾਉਣੀਆਂ ਸ਼ੁਰੂ ਕਰਦੀਆਂ ਹਨ, ਚਾਰ ਕੁ ਦਿਨਾਂ ਬਾਅਦ ਉਹ ਹਰ ਘੰਟੇ ਇਕ ਕਵਿਤਾ ਲਿਖਣ ਲੱਗ ਪੈਂਦੀਆਂ ਹਨ। ਕਰਨ ਵੀ ਕੀ ਸਮੀਖਿਆਤਮਕ ਟਿੱਪਣੀਆਂ ਕਰਨ ਵਾਲੇ ਵਿਚਾਰੇ ਉਦਾਸ ਜੁ ਹੋ ਜਾਂਦੇ ਹਨ। ਜੇ ਕਿਤੇ ਘੰਟੇ ਕੁ ਵਿਚ ਕੋਈ ਕਵਿਤਾ ਬੀਬੀ ਦੀ ਫੇਸਬੁੱਕ ਕੰਧ ’ਤੇ ਨਾ ਛਪੇ ਤਾਂ ਉਹ ਇਨਬਾਕਸ ਕਰਕੇ ਪੁੱਛਣ ਲੱਗ ਜਾਂਦੇ ਹਨ ਕੀ ਗੱਲ ਜੀ ਅੱਜ ਤਬੀਅਤ ਤਾਂ ਠੀਕ ਹੈ?
ਚਾਰ-ਛੇ ਦਿਨ ਤਰੀਫ਼ਾਂ ਦੀ ਖੱਟੀ-ਮਿੱਠੀ ਚਟਣੀ ਵਾਲੇ ਗੋਲਗੱਪੇ ਖੁਆਉਣ ਤੋਂ ਬਾਅਦ ਜਦੋਂ ਉਹੀ ਆਲੋਚਕ ਉਨ੍ਹਾਂ ਨਾਲ ਚੈਟ ਵਿਚ ‘ਆਪਣੇ ਮਤਲਬ ਦੀ’ ਗੱਲ ਕਰ ਬਹਿੰਦੇ ਹਨ ਤਾਂ ਇਹ ਬੀਬੀਆਂ ਰੌਲਾ ਪਾ ਲੈਂਦੀਆਂ ਹਨ। ਇਨ੍ਹਾਂ ਨੂੰ ਉਦੋਂ ਸਮਝ ਆਉਂਦਾ ਹੈ ਕਿ ਪ੍ਰਸੰਸਾ ਦੇ ਗੋਲਗੱਪਿਆਂ ਵਿਚ ਪਾਣੀ ਕਿਹੜੇ ਸਮੁੰਦਰ ਦਾ ਪਾਇਆ ਹੋਇਆ ਸੀ। ਫਿਰ ਇਹ ਹੋਰ ਕਵਿਤਾਵਾਂ ਅਤੇ ਸਟੇਟਸ ਲਿਖ ਕੇ ਭੜਾਸ ਕੱਢਦੀਆਂ ਫਿਰਨਗੀਆਂ। ਮੁੜ ਕੇ ਸਾਡੇ ਵੱਡੇ ਅਲੋਚਕ ਵੀ ਨੰਗੀਆਂ ਕਵਿਤਾਵਾਂ ਅਤੇ ਤਸਵੀਰਾਂ ਉਨ੍ਹਾਂ ਨੂੰ ਟੈਗ ਕਰ-ਕਰ ਕੇ ਬਦਲਾ ਲੈਣ ਤੱਕ ਚਲੇ ਜਾਂਦੇ ਹਨ। ਅੰਤ ਮਸਲਾ ਬਲੌਕ ਕਰਕੇ ਹੀ ਨਿਬੜਦਾ ਹੈ।
ਇਹ ਨਾ ਸਮਝਿਓ ਕਿ ‘ਕੱਲੀਆਂ ਬੀਬੀਆਂ ਅਤੇ ਅਲੋਚਕ ਹੀ ਫੇਸਬੁੱਕ ’ਤੇ ਚੰਨ ਚਾੜ੍ਹਦੇ ਫਿਰਦੇ ਹਨ। ਆਪਣੇ ਵੀਰ ਲੇਖਕ ਵੀ ਘੱਟ ਨਹੀਂ। ਉਹ ਬੀਬੀਆਂ ਵੱਲੋਂ ਲਿਖੀ ਹਰ ਕਵਿਤਾ ਦੇ ਜਵਾਬ ਵਿਚ ਕਵਿਤਾ ਲਿਖਦੇ ਹਨ ਅਤੇ ਫਿਰ ਆਪਣੇ ਜਾਣੇ-ਅਣਜਾਣੇ ਸੈਂਕੜੇ ਆਭਾਸੀ ਯਾਰਾਂ-ਦੋਸਤਾਂ ਨੂੰ ਟੈਗ ਕਰ-ਕਰ ਟਿੱਪਣੀਆਂ ਅਤੇ ਲਾਈਕ ਕਰਨ ਦੇ ਹਾੜੇ ਕੱਢਦੇ ਫਿਰਨਗੇ। ਜੇ ਕਿਤੇ ਕੋਈ ਸਿਆਣਾ ਯਾਰ-ਬੇਲੀ ਸੱਚੀ ਟਿੱਪਣੀ ਕਰ ਦੇਵੇ ਤਾਂ ਉਹ ਉਸੇ ਵੇਲੇ ਵੈਰੀ ਬਣ ਜਾਂਦਾ ਹੈ। ਇਨਬਾਕਸ ’ਚ ਕਹਿਣਗੇ ਕਿ ਜੇ ਕੋਈ ਸਲਾਹ ਦੇਣੀ ਹੀ ਸੀ ਤਾਂ ਚੈਟ ’ਚ ਦੱਸ ਦਿੰਦਾ, ਸਾਰਿਆਂ ਦੇ ਸਾਹਮਣੇ ਟਿੱਪਣੀ ਕਿਉਂ ਕਰਨੀ ਸੀ। ਮਸਲਾ ਇੱਥੇ ਵੀ ਬਲੌਕ ਨਾਲ ਹੀ ਮੁੱਕਦਾ ਹੈ।
ਫੇਸਬੁੱਕੀ ਖੁਦਕੁਸ਼ੀ
ਅੱਜ ਫੇਸਬੁੱਕ ਵਰਤਣ ਵਾਲਾ ਹਰ ਬੰਦਾ ਇਨ੍ਹਾਂ ਥੋਕ ਦੇ ਕਵੀਆਂ-ਕਵਿੱਤਰੀਆਂ ਦੀਆਂ ਕਵਿਤਾਵਾਂ ਅਤੇ ਫੋਟੋਆਂ ਦੇ ਟੈਗ ਤੋਂ ਦੁਖੀ ਹੋ ਕੇ ਫੇਸਬੁੱਕੀ ਖੁਦਕੁਸ਼ੀ ਕਰਨ ਨੂੰ ਫਿਰਦਾ ਹੈ ਅਤੇ ਕਈ ਅੱਧੀ ਕੁ ਕਰ ਵੀ ਚੁੱਕੇ ਹਨ। ਤੁਸੀਂ ਕਹੋਗੇ ਕਿ ਇਹ ਸਭ ਕੁਝ ਤਾਂ ਤੁਸੀਂ ਰੋਜ਼ ਹੀ ਦੇਖਦੇ ਹੋ। ਇਸ ਵਿਚ ਇਨ੍ਹਾਂ ਰੌਲਾ ਪਾਉਣ ਵਾਲੀ ਕੀ ਗੱਲ ਹੈ। ਮੈਂ ਤਾਂ ਬੱਸ ਇਹੀ ਸੋਚਦਾ ਹਾਂ ਕਿ ਜਦੋਂ ਇਨ੍ਹਾਂ ਲੇਖਕਾਂ ਅਤੇ ਅਲੋਚਕਾਂ ਦੀਆਂ ਕਿਤਾਬਾਂ ਛਪ ਕੇ ਆਉਣਗੀਆਂ, ਉਨ੍ਹਾਂ ਨਾਲ ਪੰਜਾਬੀ ਦਾ ਕਿੰਨਾਂ ਭਲਾ ਹੋਵੇਗਾ? ਕਿੰਨੇ ਲੋਕ ਉਨ੍ਹਾਂ ਦੀਆਂ ਕਿਤਾਬਾਂ ਪੜ੍ਹ ਕੇ ਪੰਜਾਬੀ ਨਾਲ ਜੁੜਣਗੇ? ਪ੍ਰਕਾਸ਼ਕ ਉਨ੍ਹਾਂ ਦੀਆਂ ਕਿਤਾਬਾਂ ਤੋਂ ਕਿੰਨੇ ਪੈਸੇ ਕਮਾਉਣਗੇ? ਅਤੇ ਚੰਗੇ ਲੇਖਕ ਇਸ ਭੀੜ ਵਿਚੋਂ ਕਿਵੇਂ ਲੱਭੇ ਜਾਣਗੇ?
ਖ਼ੈਰ ਉਮੀਦ ‘ਤੇ ਦੁਨੀਆਂ ਕਾਇਮ ਹੈ। ਫੇਸਬੁੱਕ ‘ਤੇ ਵਿਚਰਦਿਆਂ ਕਦੇ-ਕਦਾਈਂ ਕਿਸੇ ਚੰਗੀ ਲਿਖਤ ਦਾ ਝਲਕਾਰਾ ਪੈ ਜਾਂਦਾ ਹੈ। ਉਦੋਂ ਦਿਲ ਕਹਿੰਦਾ ਹੈ ਕਿ ਜੇ ਫੇਸਬੁੱਕ ਨਾ ਹੁੰਦੀ ਤਾਂ ਇਹ ਲਿਖਤ ਕਿਵੇਂ ਪੜ੍ਹਦੇ। ਚੰਗਾ ਪੜ੍ਹਨ ਵਾਲਿਆਂ ਨੂੰ ਚੰਗਾ ਲਿਖਣ ਵਾਲੇ ਲੱਭ ਹੀ ਜਾਂਦੇ ਹਨ। ਬਸ ਇਸ ਫੇਸਬੁੱਕੀ ਭੀੜ ਵਿਚੋਂ ਸ਼ਨਾਖ਼ਤ ਕਰਨੀ ਸਿੱਖਣੀ ਪਵੇਗੀ।
ਮੇਰੇ ਮਨ ਵਿਚ ਸਵਾਲ ਸਨ। ਮੈਂ ਪੁੱਛ ਲਏ ਹਨ। ਜੇ ਤੁਹਾਨੂੰ ਕੋਈ ਜਵਾਬ ਸੁੱਝੇ ਤਾਂ ਹੇਠਾਂ ਕਮੈਂਟ ਵਿਚ ਲਿਖ ਦੇਣਾ।
Leave a Reply