ਜ਼ਿਆਦਾਤਰ ਪਾਠਕ ਡਾ. ਸੁਰਜੀਤ ਪਾਤਰ ਨੂੰ ਬਤੌਰ ਸ਼ਾਇਰ ਜਾਂ ਅਧਿਆਪਕ ਹੀ ਜਾਣਦੇ ਹਨ। ਬਹੁਤ ਘਟ ਪਾਠਕ ਅਨੁਵਾਦਕ ਡਾ. ਸੁਰਜੀਤ ਪਾਤਰ ਬਾਰੇ ਜਾਣਦੇ ਹਨ। ਡਾ. ਪਾਤਰ ਨੇ ਸਪੇਨੀ ਲੇਖਕ ਲੋਰਕਾ ਦੇ ਤਿੰਨ ਦੁਖਾਂਤ: ਅੱਗ ਦੇ ਕਲੀਰੇ (ਬਲੱਡ ਵੈਡਿੰਗ), ਸਈਓ ਨੀ ਮੈਂ ਅੰਤਹੀਣ ਤਰਕਾਲਾਂ (ਯੇਰਮਾ), ਹੁਕਮੀ ਦੀ ਹਵੇਲੀ (ਲਾ ਕਾਸਾ ਡੇ ਬਰਨਾਰਡਾ ਅਲਬਾ), ਗਿਰੀਸ਼ ਕਾਰਨਾਡ ਦਾ ਨਾਟਕ “ਨਾਗ ਮੰਡਲ”, ਬ੍ਰੈਖਤ ਅਤੇ ਨੇਰੂਦਾ ਦੀਆਂ ਕਵਿਤਾਵਾਂ, ਯਾਂ ਜਿਰਾਦੂ ਦੇ ਫ਼ਰੈਂਚ ਨਾਟਕ ਲਾ ਫ਼ੋਲੇ ਡੇ ਸਈਓ ਦਾ ਅਨੁਵਾਦ ਸ਼ਹਿਰ ਮੇਰੇ ਦੀ ਪਾਗਲ ਔਰਤ ਕੀਤੇ ਹਨ।
ਇਸੇ ਲੜੀ ਨੂੰ ਅੱਗੇ ਤੋਰਦਿਆਂ ਉਨ੍ਹਾਂ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀਆਂ ਕੁਝ ਕਵਿਤਾਵਾਂ ਅਨੁਵਾਦ ਕੀਤੀਆਂ। ਇਨ੍ਹਾਂ ਨੂੰ ਕਵਿਤਾਵਾਂ ਨੂੰ ਸਭ ਤੋਂ ਪਹਿਲਾਂ ਪਾਠਕਾਂ ਦੇ ਸਨਮੁਖ ਰੱਖਣ ਦਾ ਸ਼ਰਫ਼ ਲਫ਼ਜ਼ਾਂ ਦਾ ਪੁਲ ਨੂੰ ਹਾਸਲ ਹੈ। ਇਸ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਟੈਗੋਰ ਪੰਜਾਬ, ਪੰਜਾਬੀ, ਪੰਜਾਬੀਆਂ ਤੇ ਸਿੱਖਾਂ ਬਾਰੇ ਬਹੁਤ ਹੀ ਖ਼ੂਬਸੂਰਤ ਨਜ਼ਰੀਆ ਰੱਖਦੇ ਸਨ। ਇਸ ਗੱਲ ਦਾ ਝਲਕਾਰਾ ਵੱਖ-ਵੱਖ ਮੌਕਿਆਂ ‘ਤੇ ਪੈਂਦਾ ਰਹਿੰਦਾ ਸੀ। ਅੱਗੇ ਦਿੱਤੀਆਂ ਕਵਿਤਾਵਾਂ ਵਿਚੋਂ ਵੀ ਇਹੀ ਅਹਿਸਾਸ ਹੁੰਦਾ ਹੈ।
ਭਾਈ ਤਾਰੂ ਸਿੰਘ
ਮੈਨੂੰ ਤੇਰੀ ਭਰੀ ਜਵਾਨੀ ਤੇ ਆਉਂਦਾ ਹੈ ਰਹਿਮ
ਜਾਹ ਮੈਂ ਬਖ਼ਸ਼ਦਾਂ ਹਾਂ ਤੇਰੀ ਜਾਨ ਜਾਹ
ਬੱਸ ਇਸ ਦੇ ਇਵਜ਼ ਵਿਚ ਮੈਨੂੰ ਤੂੰ ਇਕ ਤੁਹਫ਼ਾ ਦੇ ਜਾ ਜਾਣ ਲੱਗਿਆਂ
ਤੁਹਫ਼ਾ ਦੇ ਜਾ ਆਪਣੇ ਖ਼ੂਬਸੂਰਤ ਲੰਮੇ ਵਾਲ
ਭਾਈ ਤਾਰੂ ਸਿੰਘ ਨੇ ਕਿਹਾ: ਮਨਜ਼ੂਰ ਹੈ ਬਾਦਸ਼ਾਹ
ਤੂੰ ਵੀ ਕੀ ਕਰੇਂਗਾ ਯਾਦ
ਕਿ ਕਿਸੇ ਸਿੱਖ ਕੋਲੋਂ ਕੁਝ ਮੰਗਿਆ ਸੀ
ਦੇ ਜਾਵਾਂਗਾ ਤੈਨੂੰ ਆਪਦੇ ਸੁਹਣੇ ਲੰਮੇ ਵਾਲ
ਪਰ ਇੱਕਲੇ ਵਾਲ ਨਹੀਂ
ਆਪਣਾ ਸਿਰ ਵੀ ਦੇ ਕੇ ਜਾਵਾਂਗਾ ਨਾਲ ।।
*****************************
ਵੀਰ ਹਕੀਕਤ ਰਾਏ
ਇਕ ਮਸਫੁੱਟ ਸਿੱਖ ਨੌਜਵਾਨ
ਸੀ ਆਪਣਾ ਸੀਸ ਦੇਣ ਲਈ ਤਿਆਰ ਬਰ ਤਿਆਰ
ਪਰ ਅਚਾਨਕ ਰੋਕ ਲਈ ਜੱਲਾਦ ਨੇ ਤਲਵਾਰ
ਸੁਣ ਕੇ ਉਸ ਗੱਭਰੂ ਦੀ ਮਾਂ ਦੀ ਪੁਕਾਰ
ਰਹਿਮ ਬਾਦਸ਼ਾਹ ਰਹਿਮ
ਅਸਲ ਵਿਚ ਮੇਰਾ ਪੁੱਤਰ ਸਿੱਖ ਨਹੀਂ
ਇਸ ਨੂੰ ਤਾਂ ਸਿੱਖਾਂ ਨੇ ਜਬਰਨ ਆਪਣੇ ਨਾਲ ਰਲਾ ਲਿਆ
ਨੌਜਵਾਨ ਬੋਲਿਆ: ਹੋ ਸਕਦਾ ਹੈ ਸਹੀ ਕਹਿ ਰਹੀ ਹੋਵੇ ਇਹ ਮਾਂ
ਇਹਦਾ ਪੁੱਤਰ ਸਚੁਮੱਚ ਨਹੀਂ ਹੋਵੇਗਾ ਸਿੱਖ
ਪਰ ਮੈਂ ਤਾਂ ਇਸ ਦਾ ਪੁੱਤਰ ਹੀ ਨਹੀਂ ਹਾਂ
ਏਨੀ ਝੂਠੀ ਤੇ ਕਾਇਰ ਨਹੀਂ ਹੋ ਸਕਦੀ ਮੇਰੀ ਮਾਂ ।।
-ਗੁਰੂਦੇਵ ਰਵੀਂਦ੍ਰ ਨਾਥ ਟੈਗੋਰ
ਪੰਜਾਬੀ ਅਨੁਵਾਦ- ਡਾ. ਸੁਰਜੀਤ ਪਾਤਰ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply