
ਅੰਮ੍ਰਿਤਾ ਪ੍ਰੀਤਮ ਦੀ ਮਾਰਫ਼ਤ । Via Amrita Pritam | Part- 4
ਅੰਮ੍ਰਿਤਾ ਪ੍ਰੀਤਮ: ਤਲਬ, ਮੁਹੱਬਤ ਤੇ ਮਾਰਫ਼ਤ ਦੀ ਜ਼ਮੀਨ
-ਯਾਦਵਿੰਦਰ ਸਿੰਘ-
ਮੁਹੱਬਤ ਤੋਂ ਮਾਰਫ਼ਤ ਤੱਕ
ਇਕੱਲਤਾ ਦਾ ਇਹ ਸਫ਼ਰ ਅੰਮ੍ਰਿਤਾ ਦੇ ਹੋਣ-ਥੀਣ ਤੇ ਉਸਦੀ ਸਿਰਜਣਾ ਦਾ ਤੀਜਾ ਪੜਾਅ ਹੈ, ਜਿਸ ਨੂੰ ਮੈਂ ਮਾਰਫ਼ਤ ਦਾ ਰੁਮਾਂਸ ਕਿਹਾ ਹੈ। ਇਸ ਪੜਾਅ ਤੇ ਪਹੁੰਚ ਕੇ ਅੰਮ੍ਰਿਤਾ ਨੂੰ ਇਸ ਗੱਲ ਦਾ ਇਲਮ ਹੋ ਜਾਂਦਾ ਹੈ ਕਿ ਕਿਸੇ ਦੂਜੀ ਸਵੈ ਨਾਲ ਮਿਲ ਕੇ ਪੂਰਨ ਹੋ ਸਕਣਾ ਮੁਮਕਿਨ ਨਹੀਂ, ਕਿਉਂਕਿ ਦੂਜੀ ਸਵੈ ਵੀ ਅਪੂਰਨ ਹੈ। ਹੁਣ ਉਹ ਉਸ ਤਲਾਸ਼ ਦੇ ਰਾਹ ਤੁਰਦੀ ਹੈ, ਜਿਸ ਵਿਚ ਕਿਸੇ ਪੂਰਨ ਬਿੰਬ ਦਾ ਤਸੱਵਰ ਸ਼ਾਮਲ ਹੋਵੇ। ਇਥੋਂ ਉਸਦੀ ਅਧਿਆਤਮ ਦੀ ਯਾਤਰਾ ਸ਼ੁਰੂ ਹੁੰਦੀ ਹੈ। ਉਸ ਕਲਪਿਤ ਬਿੰਬ ਨਾਲ ਜੁੜਨ ਦੀ ਯਾਤਰਾ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਦੁਨੀਆ ਵਿਚ ਉਹੀ ਇਕ ਹੈ, ਜੋ ਸੰਪੂਰਨ ਹੈ। ਅੰਮ੍ਰਿਤਾ ਦੀ ਰਚਨਾ ਵਿਚ ਇਸ ਸਫ਼ਰ ਦਾ ਆਗਾਜ਼ ਉਸਦੀ ਕਿਤਾਬ ਹੁਜਰੇ ਦੀ ਮਿੱਟੀ ਨਾਲ ਹੁੰਦਾ ਹੈ। ਇਸ ਕਿਤਾਬ ਦੇ ਮੁੱਢ ਵਿਚ ਇਹ ਕਾਵਿ ਸਤਰਾਂ ਦਰਜ ਹਨ-
ਕਲਮ ਨੇ ਅੱਜ ਤੋੜਿਆ ਗੀਤਾਂ ਦਾ ਕਾਫ਼ਲਾਇਸ਼ਕ ਮੇਰਾ ਪਹੁੰਚਿਆ ਅੱਜ ਕਿਸ ਮੁਕਾਮ ਤੇ
ਅੰਮ੍ਰਿਤਾ ਜਿਸ ਤਸੱਵਰ ਨੂੰ ਆਪਣੀਆਂ ਲਿਖਤਾਂ ਦੇ ਰੂਪ ਵਿਚ ਲਿਖੇ ਖ਼ਤ ਦੱਸਦੀ ਹੈ, ਉਹ ਤਸੱਵਰ ਭਾਸ਼ਾ ਵਿਚ ਨਹੀਂ ਸਮਾ ਸਕਦਾ। ਜਿਉਂ-ਜਿਉਂ ਉਸਦਾ ਇਹ ਵਿਸ਼ਵਾਸ ਗਹਿਰਾ ਹੁੰਦਾ ਜਾਂਦਾ ਹੈ, ਉਸਦੀ ਰਚਨਾ ਮਾਰਫ਼ਤ ਦਾ ਰਸਤਾ ਅਖ਼ਤਿਆਰ ਕਰਨ ਲੱਗਦੀ ਹੈ। ਇਸ ਬਾਬਤ ਇਕ ਅਹਿਮ ਨੁਕਤਾ ਇਹ ਹੈ ਕਿ ਬੇਸ਼ੱਕ ਭਾਸ਼ਾ ਵਿਚ ਸਵੈ ਨੂੰ ਪੂਰਤ ਤੌਰ ਤੇ ਨਹੀਂ ਪ੍ਰਗਟਾਇਆ ਜਾ ਸਕਦਾ, ਪਰ ਇਸ ਦੇ ਬਾਵਜੂਦ ਸਾਡੇ ਕੋਲ ਭਾਸ਼ਾ ਤੋਂ ਬਿਹਤਰ ਕੋਈ ਸਾਧਨ ਨਹੀਂ। ਭਾਸ਼ਾ ਦੇ ਅੱਧੇ-ਅਧੂਰੇ ਹੋਣ ਦੇ ਬਾਵਜੂਦ ਇਸ ਵਿਚੋਂ ਬਾਹਰ ਜਾਣ ਦਾ ਮਾਰਗ ਵੀ ਭਾਸ਼ਾ ਵਿਚੋਂ ਹੀ ਹੋ ਕੇ ਲੰਘਦਾ ਹੈ। ਇਹ ਰਾਹ ਹੀ ਅੰਮ੍ਰਿਤਾ ਦੀ ਲਿਖਤ ਨੂੰ ਰਹੱਸਵਾਦ ਵੱਲ ਲੈ ਜਾਂਦਾ ਹੈ।
ਅਧਿਆਤਮ ਦੀ ਇਹ ਤਲਾਸ਼ ਕਾਰਨ ਅੰਮ੍ਰਿਤਾ ਦੀ ਸਿਰਜਣ ਪ੍ਰਕਿਰਿਆ ਵਿਚ ਦੋ ਤਬਦੀਲੀਆਂ ਵਾਪਰਦੀਆਂ ਹਨ। ਪਹਿਲੀ ਤਬਦੀਲੀ ਤਹਿਤ ਉਸਦੀ ਲਿਖਤ ਵਿਚ ਫੈਂਟਸੀ ਦੀ ਵਧੇਰੇ ਵਰਤੋਂ ਹੋਣ ਲੱਗਦੀ ਹੈ। ਓਸ਼ੋ ਤੇ ਸਾਈਂ ਉਸਦੀ ਫੈਂਟਸੀ ਦੇ ਧਰਾਤਲ ਬਣ ਜਾਂਦੇ ਹਨ। ਬੇਸ਼ੱਕ ਪਹਿਲਾਂ ਵਾਂਗ ਹੀ ਉਸ ਦੀਆਂ ਲਿਖਤਾਂ ਵਿਚ ਸੁਪਨਿਆਂ ਦਾ ਬਿਆਨੀਆ ਸਿਰਜਿਆ ਜਾਂਦਾ ਹੈ, ਅੰਤਰ ਸਿਰਫ਼ ਇਨ੍ਹਾਂ ਵਾਪਰਦਾ ਹੈ ਕਿ ਹੁਣ ਉਹ ਆਪਣੇ ਸੁਪਨਿਆਂ ਵਿਚਲੇ ਰਹੱਸਵਾਦੀ ਅਨੁਭਵਾਂ ਨੂੰ ਬਿਆਨਦੀ ਹੈ। ਇਹਨਾਂ ਅਨੁਭਵਾਂ ਦੇ ਬਿਆਨ ਲਈ ਉਸਨੂੰ ਫੈਂਟਸੀ ਦਾ ਸਹਾਰਾ ਲੈਣਾ ਪੈਂਦਾ ਹੈ, ਕਿਉਂਕਿ ਇਹ ਭਾਸ਼ਾ ਵਿਚ ਸਮਾਉਣ ਵਾਲਾ ਯਥਾਰਥ ਨਹੀਂ। ਫੈਂਟਸੀ ਦੀ ਇਹ ਖ਼ੂਬੀ ਹੈ ਕਿ ਇਹ ਕਿਸੇ ਦੂਜੇ ਦੀ ਅਣਹੋਂਦ ਵਿਚ ਵੀ ਉਸਦੇ ਹੋਣ ਦਾ ਤਸੱਵਰ ਸਿਰਜ ਲੈਂਦੀ ਹੈ।
ਦੂਜੀ ਤਬਦੀਲੀ ਤਹਿਤ ਅੰਮ੍ਰਿਤਾ ਦੇ ਰਚਨਾ ਵਿਚਲੇ ਸਮਾਜਕ ਸੰਦਰਭ ਹਾਸ਼ੀਏ ਤੇ ਚਲੇ ਜਾਂਦੇ ਹਨ। ਜਿਹੜੀਆਂ ਸਮਾਜਕ ਵਰਜਨਾਵਾਂ ਤੇ ਪਿਤਾ ਦੇ ਕਾਨੂੰਨ ਖ਼ਿਲਾਫ਼ ਉਹ ਆਪਣੀਆਂ ਪਹਿਲੀਆਂ ਲਿਖਤਾਂ ਵਿਚ ਸੰਬੋਧਿਤ ਹੁੰਦੀ ਹੈ, ਉਹ ਉਸ