ਅੰਮ੍ਰਿਤਾ ਪ੍ਰੀਤਮ ਦੀ ਮੁਹੱਬਤ । Amrita Pritam’s Love | Part- 3

ਅੰਮ੍ਰਿਤਾ ਪ੍ਰੀਤਮ: ਤਲਬ, ਮੁਹੱਬਤ ਤੇ ਮਾਰਫ਼ਤ ਦੀ ਜ਼ਮੀਨ

ਯਾਦਵਿੰਦਰ ਸਿੰਘ

ਤਲਬ ਤੋਂ ਮੁਹੱਬਤ ਦੇ ਰਾਹ

ਇਹ ਅਚੇਤ ਇੱਛਾ ਹੀ ਅੰਮ੍ਰਿਤਾ ਪ੍ਰੀਤਮ ਦੀ ਤਲਬ ਨੂੰ ਇਸ ਮਜ਼ਮੂਨ ਦੇ ਦੂਜੇ ਪ੍ਰਤੀਕ ਮੁਹੱਬਤ ਦੇ ਰਾਹ ਤੋਰਦੀ ਹੈ। ਤਲਬ ਤੋਂ ਮੁਹੱਬਤ ਦੇ ਇਸ ਸਫ਼ਰ ਦੇ ਵੀ ਅਗਾਂਹ ਦੋ ਪੜਾਅ ਹਨ। ਪਹਿਲਾ, ਅਧੂਰੇ ਆਤਮ ਦੀ ਸੋਝੀ ਹੋਣਾ ਅਤੇ ਦੂਜਾ ਕਿਸੇ ਹੋਰ ਦੇ ਸੰਜੋਗ ਵਿਚੋਂ ਖ਼ੁਦ ਨੂੰ ਪੂਰਨ ਕਰ ਲੈਣ ਦੀ ਇੱਛਾ। ਲਾਕਾਂ ਦੱਸਦਾ ਹੈ ਕਿ ਬੰਦੇ ਦਾ ਸੰਪੂਰਨ ਆਤਮ ਹੋ ਸਕਣਾ ਮੁਮਕਿਨ ਨਹੀਂ। ਸੰਪੂਰਨ ਆਤਮ ਨਿਰੀ ਕਲਪਨਾ ਹੈ। ਇਹ ਦ੍ਰਿਸ਼ ਤੇ ਸ਼ਬਦ ਦੀ ਖੇਡ ਹੈ। ਬੰਦਾ ਸਾਰੀ ਉਮਰ ਇਸ ਖੇਡ ਨੂੰ ਖੇਡਦਾ ਖ਼ੁਦ ਨੂੰ ਪਰਚਾਉਂਦਾ ਰਹਿੰਦਾ ਹੈ। ਦਰਪਨ ਵਿਚ ਆਪਣੀ ਸ਼ਕਲ ਨੂੰ ਦੇਖਣਾ (ਦ੍ਰਿਸ਼) ਤੇ ਭਾਸ਼ਾ ਵਿਚ ਖ਼ੁਦ ਨੂੰ ਪ੍ਰਗਟਾਉਣਾ (ਸ਼ਬਦ) ਮਨੁੱਖੀ ਆਤਮ ਨੂੰ ਘੜਦੇ ਹਨ। ਦੂਜੇ ਪਾਸੇ ਮਾਂ ਦੀ ਦੇਹ ਦਾ ਹਿੱਸਾ ਰਹੇ ਹੋਣ ਦੀ ਟੀਸ ਬੰਦੇ ਦੇ ਸੰਪੂਰਨ ਆਤਮ ਹੋਣ ਦੇ ਤਸੱਵਰ ਨੂੰ ਚੁਣੌਤੀ ਦਿੰਦੀ ਰਹਿੰਦੀ ਹੈ। ਅੱਧੇ-ਅਧੂਰੇ ਹੋਣ ਦੀ ਇਹ ਊਣ ਹੀ ਸਾਨੂੰ ਕਿਸੇ ਹੋਰ ਵੱਲ ਆਕ੍ਰਸ਼ਿਤ ਕਰਦੀ ਹੈ। ਦੂਜੇ ਸ਼ਬਦਾਂ ਵਿਚ ਇਹ ਸਵੈ ਤੋਂ ਦੂਜੇ ਵੱਲ ਜਾਂਦਾ ਰਾਹ ਹੈ, ਜਿਸ ਰਾਹ ਤੇ ਚੱਲਕੇ ਅਸੀਂ ਖ਼ੁਦ ਨੂੰ ਮੁਕੰਮਲ ਕਰ ਲੈਣ ਦਾ ਭਰਮ ਪਾਲ ਬੈਠਦੇ ਹਾਂ।

ਅੰਮ੍ਰਿਤਾ ਦਾ ਤਲਬ ਤੋਂ ਮੁਹੱਬਤ ਦਾ ਸਫ਼ਰ ਸਵੈ ਤੋਂ ਦੂਜੇ ਵੱਲ ਜਾਣ ਵਾਲੇ ਰਾਹ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਸੁਪਨਿਆਂ ਦਾ ਸੰਸਾਰ ਹੈ। ਇਸ ਸਫ਼ਰ ਦੌਰਾਨ ਅੰਮ੍ਰਿਤਾ ਦੀ ਤਲਾਸ਼ ਸਵੈ ਬਿੰਬ ਤੋਂ ਦੂਜੇ ਦੇ ਬਿੰਬ ਦਾ ਰੂਪ ਵਟਾ ਲੈਂਦੀ ਹੈ। ਅੰਮ੍ਰਿਤਾ ਦੀਆਂ ਲਿਖਤਾਂ ਵਿਚ ਦਰਜ ਸੁਪਨਿਆਂ ਤੋਂ ਉਸਦੇ ਇਸ ਸਫ਼ਰ ਦੀ ਥਾਹ ਪਾਈ ਜਾ ਸਕਦੀ ਹੈ। ਉਸਦੇ ਸੁਪਨਿਆਂ ਵਿਚ ਇਹ ਬਿੰਬ ਕਈ ਰੂਪ ਅਖ਼ਤਿਆਰ ਕਰਦਾ ਹੈ। ਇਹਨਾਂ ਵਿਚੋਂ ਇਕ ਰੂਪ ਰਾਜਨ ਦਾ ਹੈ। ਆਪਣੇ ਇਕ ਸੁਪਨੇ ਦਾ ਵੇਰਵਾ ਦਿੰਦਿਆਂ ਅੰਮ੍ਰਿਤਾ ਲਿਖਦੀ ਹੈ, ਇਕ ਰਾਤ ਮੈਨੂੰ ਮੇਰੇ ਸੁਪਨਿਆਂ ਦੇ ਰਾਜੇ ਨੇ ਕਿਹਾ, ਦੇਖ ਤੂੰ ਮੇਰੇ ਸੁਪਨੇ ਦੀ ਗੱਲ ਕਿਸੇ ਨੂੰ ਨਾ ਸੁਣਾਇਆ ਕਰ- ਤੇ ਹੁਣ ਮੈਂ ਤੇਰੇ ਕੋਲ ਭੇਸ ਵਟਾ ਕੇ ਆਇਆ ਕਰਾਂਗਾ। ਇਸ ਤੋਂ ਬਾਅਦ ਦੀ ਕਥਾ ਸੁਣਾਉਂਦਿਆਂ ਉਹ ਦੱਸਦੀ ਹੈ ਕਿ ਇਸ ਤੋਂ ਬਾਅਦ ਉਸਦੇ ਸੁਪਨਿਆਂ ਵਿਚ ਛੇਵੇਂ ਗੁਰੂ ਦੀ ਥਾਂ ਰਾਜਨ ਨਾਂ ਦਾ ਨੌਜਵਾਨ ਆਉਣ ਲੱਗਿਆ।

ਫਰਾਇਡ ਦੱਸਦਾ ਹੈ ਕਿ ਸੁਪਨੇ ਵਿਚ ਅਕਸਰ ਕਲਪਿਤ ਬਿੰਬਾਂ ਦਾ ਸਰੂਪ ਬਦਲਦਾ ਰਹਿੰਦਾ ਹੈ। ਸੁਪਨਿਆਂ ਵਿਚਲੇ ਕਈ ਬਿੰਬ ਆਪਸ ਵਿਚ ਰਲਗੱਡ ਹੋ ਜਾਂਦੇ ਹਨ। ਇਹਨਾਂ ਰਲਗੱਡ ਹੋਏ ਬਿੰਬਾਂ ਨੂੰ ਇਕ-ਦੂਜੇ ਤੋਂ ਨਿਖੇੜ ਕੇ ਵੱਖੋ-ਵੱਖਰੇ ਕਰ ਸਕਣਾ ਮੁਮਕਿਨ ਨਹੀਂ ਰਹਿੰਦਾ। ਇਸਦੇ ਬਾਵਜੂਦ ਇਹਨਾਂ ਬਿੰਬਾਂ ਵਿਚ ਕੋਈ ਸਾਂਝਾ ਤੱਤ ਹੁੰਦਾ ਹੈ, ਜੋ ਇਹਨਾਂ ਨੂੰ ਅਰਥ ਦੇ ਘੇਰੇ ਵਿਚ ਲਿਆਉਂਦਾ ਹੈ। ਬਹੁਤੀ ਵਾਰ ਸੁਪਨੇ ਵਿਚਲਾ ਬਿੰਬ ਆਪਣਾ ਰੂਪ ਵਟਾ ਲੈਂਦਾ ਹੈ। ਇਸਦਾ ਕਾਰਨ ਅਚੇਤ ਇੱਛਾਵਾਂ ਦਾ ਆਪਣੀ ਪੂਰਤੀ ਦੇ ਸਾਧਨ ਨੂੰ ਤਲਾਸ਼ਣਾ ਹੈ। ਅੰਮ੍ਰਿਤਾ ਦੇ ਸੁਪਨੇ ਵਿਚ ਛੇਵੇਂ ਗੁਰੂ ਦੀ ਥਾਂ ਰਾਜਨ ਦਾ ਆਉਣਾ ਦਰਸਾਉਂਦਾ ਹੈ ਕਿ ਉਹ ਆਪਣੇ ਕਲਪਿਤ ਬਿੰਬ (ਗੁਰੂ) ਨੂੰ ਕਿਸੇ ਯਥਾਰਥਕ ਬਿੰਬ (ਰਾਜਨ) ਵਿਚ ਰੂਪਾਂਤਰਿਤ ਕਰਨਾ ਚਾਹੁੰਦੀ ਹੈ।

ਸੁਪਨੇ ਅੰਦਰ ਨਾ ਸਿਰਫ਼ ਬਿੰਬ ਰਲਗੱਡ ਹੁੰਦੇ ਹਨ, ਸਗੋਂ ਗੁੱਸਾ, ਡਰ, ਨਫ਼ਰਤ, ਪਿਆਰ ਜਿਹੀਆਂ ਭਾਵਨਾਵਾਂ ਵੀ ਕਿਸੇ ਪ੍ਰਤੀਕ ਦਾ ਰੂਪ ਧਾਰ ਲੈਂਦੀਆਂ ਹਨ। ਕਦੇ-ਕਦੇ ਇਹ ਭਾਵ ਕਿਸੇ ਪ੍ਰਤੀਕ ਕਥਾ (Allegory) ਵਿਚ ਰੂਪਾਂਤਰਿਤ ਹੋ ਜਾਂਦੇ ਹਨ। ਇਹ ਕਥਾ ਵੀ ਅਧੂਰੀ ਸਵੈ ਨੂੰ ਅਰਥ ਦੇਣ ਦੀ ਕਵਾਇਦ ਵਿਚੋਂ ਉਪਜਦੀ ਹੈ। ਅੰਮ੍ਰਿਤਾ ਆਪਣੇ ਪਿਛਲੇ ਸਮੇਂ ਦੌਰਾਨ ਲਿਖੀਆਂ ਕਿਤਾਬਾਂ (ਕਾਲਾ ਗ਼ੁਲਾਬ, ਹੁਜਰੇ ਦੀ ਮਿੱਟੀ, ਦਰਵੇਸ਼ਾਂ ਦੀ ਮਹਿੰਦੀ, ਲਾਲ ਧਾਗੇ ਦਾ ਰਿਸ਼ਤਾ ਆਦਿ) ਵਿਚ ਅਜਿਹੇ ਕਈ ਸੁਪਨਿਆਂ ਦਾ ਜ਼ਿਕਰ ਕਰਦੀ ਹੈ। ਅਜਿਹੇ ਹੀ ਇਕ ਸੁਪਨੇ ਵਿਚ ਉਸਨੂੰ ਦੂਰ ਇਕ ਪਲੰਗ ਤੇ ਨੰਗੇ ਪਿੰਡੇ ਬੈਠਾ ਆਪਣੇ ਸੁਪਨਿਆਂ ਦਾ ਰਾਜਕੁਮਾਰ ਰਾਜਨ ਦਿਖਾਈ ਦਿੰਦਾ ਹੈ। ਰਾਜਨ ਦੇ ਧੜ ਤੋਂ ਲਾਹੀ ਚਿੱਟੀ ਕਮੀਜ਼ ਉਸਦੇ ਨੇੜੇ ਪਈ ਹੈ। ਅਚਾਨਕ ਅੰਮ੍ਰਿਤਾ ਨੂੰ ਰਾਜਨ ਵੱਲ ਉਂਗਲ ਖੜ੍ਹੀ ਕਰਦਾ ਆਪਣਾ ਪਿਤਾ ਦਿਖਾਈ ਦੇਣ ਲੱਗਦਾ ਹੈ।

ਅੰਮ੍ਰਿਤਾ ਦੀ ਸਿਰਜਣ ਪ੍ਰਕਿਰਿਆ ਦਾ ਇਕ ਰਹੱਸ ਇਸ ਪ੍ਰਤੀਕ ਕਥਾ ਵਿਚ ਛਿਪਿਆ ਹੈ। ਅੰਮ੍ਰਿਤਾ ਆਪਣੀ ਲਿਖਤ ਵਿਚ ਪਹਿਲਾਂ ਇਕ ਮਰਿਆਦਾ ਖੇਤਰ ਸਿਰਜਦੀ ਹੈ। ਇਸ ਸੁਪਨੇ ਵਿਚ ਰਾਜਨ ਵੱਲ ਉਂਗਲ ਕਰਨ ਵਾਲਾ ਪਿਤਾ ਉਸ ਵਰਜਣਾ ਦਾ ਪ੍ਰਤੀਕ ਹੈ। ਇਸ ਵਰਜਣਾ ਦਾ ਅਧਾਰ ਪਿਤਾ ਦੇ ਕਾਨੂੰਨ ਪਿੱਛੇ ਕੰਮ ਕਰ ਰਹੀ ਮਰਿਆਦਾ ਹੈ। ਇਸ ਮਰਿਆਦਾ ਖੇਤਰ ਦੇ ਵਿਰੋਧ ਵਿਚ ਅਤ੍ਰਿਪਤ ਇੱਛਾਵਾਂ ਦਾ ਸੰਸਾਰ ਹੈ, ਜਿਸ ਦਾ ਪ੍ਰਤੀਕ ਨੰਗੀ ਪਿੱਠ ਵਾਲਾ ਰਾਜਨ ਹੈ। ਅੰਮ੍ਰਿਤਾ ਦੀ ਲਿਖਤ ਦਾ ਮਰਕਜ਼ ਵਰਜਨਾ ਦੇ ਸੰਸਾਰ ਨੂੰ ਇੱਛਾ ਦੇ ਸੰਸਾਰ ਵਿਚ ਰੂਪਾਂਤਰਿਤ ਕਰਨਾ ਹੈ। ਉਸ ਦੀਆਂ ਬਹੁਤੀਆਂ ਨਜ਼ਮਾਂ ਵਿਚ ਵਰਜਣਾ ਤੇ ਕਾਮਨਾ ਦੀ ਇਸ ਦਵੈਤ ਨੂੰ ਬਹੁਤ ਸਪਸ਼ਟ ਤੌਰ ਤੇ ਪਛਾਣਿਆ ਜਾ ਸਕਦਾ ਹੈ।

ਅੰਮ੍ਰਿਤਾ ਦੇ ਦੋ ਹੋਰ ਅਜਿਹੇ ਸੁਪਨੇ ਹਨ, ਜਿੰਨਾਂ ਵਿਚੋਂ ਉਸਦੀ ਤਾਂਘ ਦੇ ਸਰੂਪ ਨੂੰ ਸਮਝਿਆ ਜਾ ਸਕਦਾ ਹੈ। ਪਹਿਲੇ ਸੁਪਨੇ ਵਿਚ ਉਹ ਇਕ ਕਿਲ੍ਹੇ ਅੰਦਰ ਕੈਦ ਹੈ। ਕਿਲ੍ਹੇ ਦੇ ਬਾਹਰ ਖੜੀ ਭੀੜ ਉਸਦੀ ਜਾਨ ਦੀ ਦੁਸ਼ਮਨ ਬਣੀ ਹੈ। ਕਿਲ੍ਹੇ ਵਿਚੋਂ ਭੱਜਣ ਦਾ ਕੋਈ ਰਾਹ ਨਹੀਂ। ਇਸ ਖ਼ੌਫ਼ ਦੀ ਹਾਲਤ ਵਿਚ ਉਸਨੂੰ ਕਿਲ੍ਹੇ ਤੋਂ ਅਸਮਾਨ ਦਿਖਾਈ ਦਿੰਦਾ ਹੈ। ਅਚਾਨਕ ਉਹ ਉੱਚੀ ਹੋਣ ਲੱਗਦੀ ਹੈ। ਜ਼ਮੀਨ ਤੋਂ ਅਸਮਾਨ ਤੱਕ ਪਹੁੰਚ ਜਾਂਦੀ ਹੈ। ਜਿੱਥੇ ਪਹੁੰਚਣਾ ਉਸਨੂੰ ਮਾਰਨ ਵਾਲਿਆਂ ਦੇ ਵੱਸ ਵਿਚ ਨਹੀਂ। ਦੂਜੇ ਸੁਪਨੇ ਵਿਚ ਵੀ ਉਹ ਭੀੜ ਤੋਂ ਆਪਣੀ ਜਾਨ ਬਚਾ ਕੇ ਦੌੜ ਰਹੀ ਹੈ। ਅਚਾਨਕ ਉਸਨੂੰ ਸਾਹਮਣੇ ਨਦੀ ਦਿਖਾਈ ਦਿੰਦੀ ਹੈ। ਡਰਦਿਆਂ-ਡਰਦਿਆਂ ਉਹ ਆਪਣੇ ਕਦਮ ਪਾਣੀ ਤੇ ਰੱਖਦੀ ਹੈ। ਇਹ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਕਿ ਉਹ ਪਾਣੀ ਉਤੇ ਵੀ ਚੱਲ ਸਕਦੀ ਹੈ। ਭੀੜ ਨਦੀ ਦੇ ਕੰਢੇ ਖੜ੍ਹੀ ਹੈ ਅਤੇ ਉਸਦਾ ਕੁਝ ਨਹੀਂ ਵਿਗਾੜ ਸਕਦੀ।

ਇਹਨਾਂ ਦੋਵਾਂ ਸੁਪਨਿਆਂ ਵਿਚਲਾ ਸਾਂਝਾ ਤੱਤ ਜ਼ਮੀਨ (ਮਾਤ ਲੋਕ) ਨੂੰ ਛੱਡ ਕੇ ਅਸਮਾਨ (ਅਕਾਸ਼ ਲੋਕ) ਵਿਚ ਉਡਣਾ ਜਾਂ ਪਾਣੀ ਤੇ ਚੱਲਣਾ (ਪਤਾਲ ਲੋਕ) ਹੈ। ਜ਼ਮੀਨ ਵਰਤਮਾਨ ਸਥਿਤੀ ਹੈ ਤੇ ਅਕਾਸ਼/ਪਾਣੀ ਸੰਭਾਵਨਾ। ਕਿਲ੍ਹੇ ਦੇ ਬਾਹਰ ਤੇ ਨਦੀ ਕੰਢੇ ਖੜ੍ਹੀ ਭੀੜ ਅੰਮ੍ਰਿਤਾ ਦੇ ਨਿੰਦਕ/ਆਲੋਚਕ ਹੋ ਸਕਦੇ ਹਨ। ਜ਼ਮੀਨ ਤੇ ਉਨ੍ਹਾਂ ਨਾਲ ਟਕਰਾਇਆ ਨਹੀਂ ਜਾ ਸਕਦਾ। ਇਸ ਲਈ ਅੰਮ੍ਰਿਤਾ ਅਕਾਸ਼ ਤੇ ਪਾਣੀ ਦੇ ਪ੍ਰਤੀਕਾਂ ਰਾਹੀਂ ਇਕ ਨਵੀਂ ਦੁਨੀਆ ਦੀ ਸੰਭਾਵਨਾ ਤਲਾਸ਼ਦੀ ਹੈ। ਇਹ ਸੰਭਾਵਨਾ ਅਸਲ ਵਿਚ ਵਰਤਮਾਨ ਸਥਿਤੀਆਂ ਤੋਂ ਪਲਾਇਣ ਦਾ ਸੁਰੱਖਿਆ ਚੱਕਰ ਹੈ, ਜੋ ਅੰਮ੍ਰਿਤਾ ਦੇ ਮਾਨਸਿਕ ਧਰਾਤਲ ਤੇ ਵਾਪਰਦਾ ਹੈ। ਇਸ ਨੂੰ ਰੁਮਾਂਸ ਦਾ ਸੰਸਾਰ ਵੀ ਕਿਹਾ ਜਾ ਸਕਦਾ ਹੈ।

ਇਹ ਰੁਮਾਂਸ ਦਾ ਸੰਸਾਰ ਅੰਮ੍ਰਿਤਾ ਦੀ ਸਿਰਜਣਾ ਦੀ ਜ਼ਮੀਨ ਹੈ। ਇਹ ਰੁਮਾਂਸ ਆਪਣਾ ਪ੍ਰਤੀਕਮਈ ਯਥਾਰਥ ਸਿਰਜ ਲੈਂਦਾ ਹੈ। ਹੌਲੀ-ਹੌਲੀ ਇਹ ਕਲਪਿਤ ਯਥਾਰਥ ਉਸਦੀ ਰਚਨਾ ਉਤੇ ਹਾਵੀ ਹੋਣ ਲੱਗਦਾ ਹੈ। ਉਸਦੇ ਸਵੈ ਦੀ ਬਣਤਰ ਵਿਚ ਮੌਜੂਦ ਇਹ ਦਵੈਤ ਉਸਦੀ ਸਿਰਜਣਾ ਦਾ ਕੇਂਦਰੀ ਨੁਕਤਾ ਹੋ ਜਾਂਦਾ ਹੈ। ਇਸੇ ਕਾਰਨ ਉਹ ਹਰ ਕਿਸਮ ਦੇ ਪ੍ਰਤਿਰੋਧ ਨੂੰ ਰੁਮਾਂਸ ਦੀ ਪੁੱਠ ਚਾੜ੍ਹ ਦਿੰਦੀ ਹੈ। ਉਸਦਾ ਪ੍ਰਗਤੀਵਾਦੀ ਸਾਹਿਤ ਵੀ ਇਸ ਰੁਮਾਂਟਿਕ ਯਥਾਰਥ ਤੋਂ ਵਿਛੁੰਨਾ ਨਹੀਂ ਰਹਿੰਦਾ। ਸਨੇਹੜੇ ਵਿਚ ਦਰਜ ਉਸ ਦੀਆਂ ਨਜ਼ਮਾਂ ਵਿਚ ਪਿਆਰ ਦੀ ਖੁੱਲ੍ਹ ਦੇਣ ਵਾਲੇ ਸਮਾਜ ਦੀ ਸਿਰਜਣਾ ਕ੍ਰਾਂਤੀ ਦਾ ਬਦਲ ਬਣ ਜਾਂਦੀ ਹੈ। ਉਸਦੀ ਸਭ ਤੋਂ ਮਕਬੂਲ ਨਜ਼ਮ ਵਿਚ ਵੀ ਵੰਡ ਦੇ ਸੰਤਾਪ ਦਾ ਅਮਲ ਕੈਦੋਆਂ ਦਾ ਹੁਸਨ-ਇਸ਼ਕ ਦੇ ਚੋਰ ਹੋ ਜਾਣਾ ਹੈ।

ਸਮਝਣ ਵਾਲੀ ਗੱਲ ਹੈ ਕਿ ਇਹ ਅੰਮ੍ਰਿਤਾ ਦੀ ਰਚਨਾ ਦੀ ਪ੍ਰਸਿੱਧੀ ਜਾਂ ਉਸਦੇ ਰੱਦੋਅਮਲ ਦਾ ਮਸਲਾ ਨਹੀਂ। ਸਵਾਲ ਇਹ ਹੈ ਕਿ ਉਹ ਆਪਣੇ ਸਾਹਵੇਂ ਖੜ੍ਹੇ ਪ੍ਰਸ਼ਨਾਂ ਨੂੰ ਕਿਵੇਂ ਮੁਖ਼ਾਤਬ ਹੁੰਦੀ ਹੈ? ਇਹਨਾਂ ਸਵਾਲਾਂ ਬਾਰੇ ਉਸਦੇ ਨਜ਼ਰੀਏ ਦੀ ਜ਼ਮੀਨ ਕਿਹੜੀ ਹੈ? ਰੁਮਾਂਸ, ਅੰਮ੍ਰਿਤਾ ਦੀ ਸ਼ਬਦ ਰਣਨੀਤੀ ਦਾ ਅਹਿਮ ਨੁਕਤਾ ਹੈ। ਇਹ ਉਸਦੀ ਸੁਰੱਖਿਆ ਛਤਰੀ ਹੈ, ਜਿਸ ਰਾਹੀਂ ਉਹ ਆਪਣੇ ਦੌਰ ਦੇ ਸਵਾਲਾਂ ਨੂੰ ਨਾ ਸਿਰਫ਼ ਮੁਖ਼ਾਤਬ ਹੁੰਦੀ ਹੈ, ਸਗੋਂ ਇਹਨਾਂ ਤੋਂ ਨਿਜ਼ਾਤ ਹਾਸਲ ਕਰਨ ਦੀ ਰਣਨੀਤੀ ਵੀ ਘੜ੍ਹਦੀ ਹੈ। ਪੰਜਾਬੀ ਸਾਹਿਤ ਜਗਤ ਵਿਚ ਰੁਮਾਂਸ ਨੂੰ ਨਕਾਰਨ ਦੀ ਪਿਰਤ ਹੈ। ਪ੍ਰਗਤੀਵਾਦ ਦੀ ਜਕੜਬੰਦੀ ਹੇਠ ਅਸੀਂ ਰੁਮਾਂਸ ਦੀਆਂ ਸੰਭਾਵਨਾਵਾਂ ਨੂੰ ਸਮਝਣ ਦਾ ਉਪਰਾਲਾ ਹੀ ਨਹੀਂ ਕੀਤਾ। ਹਕੀਕਤ ਇਹ ਹੈ ਕਿ ਆਪਣੇ ਆਲੇ-ਦੁਆਲੇ ਨੂੰ ਜਦੋਂ ਅਸੀਂ ਆਪਣੇ ਨਜ਼ਰੀਏ ਮੁਤਾਬਕ ਨਹੀਂ ਢਾਲ ਸਕਦੇ ਤਾਂ ਅਕਸਰ ਅਜਿਹੀ ਰਣਨੀਤੀ ਸਾਡੇ ਵਿਹਾਰ ਦਾ ਹਿੱਸਾ ਬਣ ਜਾਂਦੀ ਹੈ। ਅੰਮ੍ਰਿਤਾ ਦੀ ਰਚਨਾ ਵਿਚ ਇਹ ਮੁਹੱਬਤ ਦਾ ਰੁਮਾਂਸ ਹੈ। ਇਸ ਰੁਮਾਂਸ ਨਾਲ ਉਹ ਆਪਣੀ ਅਧੂਰੀ ਸਵੈ ਨੂੰ ਪੂਰਨ ਦਾ ਭਰਮ ਪਾਲਦੀ ਹੈ।

ਮਜ਼ਮੂਨ ਦੇ ਸ਼ੁਰੂ ਵਿਚ ਦਰਜ ਨਜ਼ਮ ਵਿਚ ਅੰਮ੍ਰਿਤਾ ਕਹਿੰਦੀ ਹੈ ਕਿ ਉਸਦੀ ਸਾਰੀ ਰਚਨਾ ਆਪਣੇ ਤਸੱਵਰ ਵਿਚਲੇ ਮਹਿਬੂਬ ਨੂੰ ਲਿਖਿਆ ਖ਼ਤ ਹੈ, ਪਰ ਇਹ ਖ਼ਤ ਅਧੂਰਾ ਹੈ, ਕਿਉਂਕਿ ਭਾਸ਼ਾ ਕਦੇ ਵੀ ਸਵੈ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਪ੍ਰਗਟਾ ਸਕਦੀ। ਇਸ ਪੱਖ ਤੋਂ ਅਹਿਮ ਗੱਲ ਇਹ ਹੈ ਕਿ ਆਤਮ ਨੂੰ ਕਿਸੇ ਦੂਜੀ ਸਵੈ ਨਾਲ ਜੋੜ ਕੇ ਪੂਰਨ ਕਰ ਲੈਣਾ ਮੁਮਕਿਨ ਹੀ ਨਹੀਂ। ਮੁਹੱਬਤ ਦੀ ਬੁਨਿਆਦ ਵਿਚ ਇਕ ਦਵੰਦ ਹਮੇਸ਼ਾ ਮੌਜੂਦ ਰਹਿੰਦਾ ਹੈ, ਜਿਸ ਨੂੰ ਅਕਸਰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਇਹ ਦਵੰਦ ਪਿਆਰ ਤੇ ਹਿੰਸਾ ਵਿਚਲੀ ਕਸ਼ਮਕਸ਼ ਦਾ ਸਿੱਟਾ ਹੈ।

ਪਿਆਰ ਨੂੰ ਅਕਸਰ ਹਿੰਸਾ ਦੇ ਵਿਰੋਧੀ ਸ਼ਬਦ ਵੱਜੋਂ ਵਿਚਾਰਿਆ ਜਾਂਦਾ ਹੈ। ਇਸਦੇ ਬਾਵਜੂਦ ਪਿਆਰ ਅੰਦਰ ਇਕ ਸੂਖ਼ਮ ਕਿਸਮ ਦੀ ਹਿੰਸਾ ਹਮੇਸ਼ਾ ਮੌਜੂਦ ਰਹਿੰਦੀ ਹੈ। ਪਿਆਰ ਬਾਰੇ ਇਹ ਕਿਹਾ ਜਾਂਦਾ ਹੈ ਕਿ ਪਿਆਰ ਕਰਨ ਦੇ ਦੋ ਤਰੀਕੇ ਹਨ- ਪਹਿਲਾ, ਕਿਸੇ ਨੂੰ ਆਪਣਾ ਬਣਾ ਲੈਣਾ ਤੇ ਦੂਜਾ, ਕਿਸੇ ਦਾ ਹੋ ਜਾਣਾ। ਇਹਨਾਂ ਦੋਵਾਂ ਤਰੀਕਿਆਂ ਦੀ ਬਣਤਰ ਵਿਚ ਹਿੰਸਾ ਮੌਜੂਦ ਹੈ। ਜੇਕਰ ਤੁਸੀਂ ਕਿਸੇ ਨੂੰ ਆਪਣਾ ਬਣਾਉਂਦੇ ਹੋਂ ਤਾਂ ਇਹ ਉਸ ਨਾਲ ਹਿੰਸਾ ਹੈ ਕਿਉਂਕਿ ਉਸ ਨੂੰ ਆਪਣਾ ਆਪਾ ਤੁਹਾਡੇ ਮੁਤਾਬਕ ਢਾਲਣਾ ਪੈਂਦਾ ਹੈ। ਦੂਜੇ ਪਾਸੇ ਜੇਕਰ ਤੁਸੀਂ ਕਿਸੇ ਦੇ ਹੋ ਜਾਂਦੇ ਹੋ ਤਾਂ ਇਹ ਖ਼ੁਦ ਤੇ ਕੀਤੀ ਹਿੰਸਾ ਹੈ, ਕਿਉਂਕਿ ਤੁਸੀਂ ਉਸਦੇ ਅਨੁਸਾਰ ਖ਼ੁਦ ਨੂੰ ਬਦਲਦੇ ਹੋਂ। ਇਸ ਤਰ੍ਹਾਂ ਹਿੰਸਾ ਤੋਂ ਬਿਨਾਂ ਮੁਹੱਬਤ ਮੁਮਕਿਨ ਨਹੀਂ। ਹਕੀਕਤ ਇਹ ਹੈ ਕਿ ਅਸੀਂ ਕਿਸੇ ਦੂਜੇ ਨੂੰ ਪਿਆਰ ਨਹੀਂ ਕਰਦੇ। ਅਸੀਂ ਆਪਣੇ ਬਚਪਨ ਦੇ ਅਧੂਰੇ ਤਸੱਵਰ ਨੂੰ ਪੂਰਨ ਦੇ ਰਾਹ ਪਏ ਕਿਸੇ ਵਿਅਕਤੀ ਨੂੰ ਉਸ ਕਲਪਿਤ ਤਸੱਵਰ ਦਾ ਯਥਾਰਥ ਤਸਲੀਮ ਕਰ ਲੈਂਦੇ ਹਾਂ ਅਤੇ ਉਸ ਨਾਲ ਮੁਹੱਬਤ ਦਾ ਭਰਮ ਪਾਲ ਬੈਠਦੇ ਹਾਂ।

ਅੰਮ੍ਰਿਤਾ ਵੀ ਆਪਣੀ ਅਧੂਰੀ ਸਵੈ ਦੇ ਬਿੰਬ ਨੂੰ ਪੂਰਨ ਦੇ ਰਾਹ ਤੇ ਤੁਰਦਿਆਂ ਕਿਸੇ ਦੂਜੇ ਤੋਂ ਆਪਣੇ ਤਸੱਵਰ ਦੇ ਹਾਣ ਦਾ ਹੋਣ ਦੀ ਮੰਗ ਕਰਦੀ ਹੈ। ਇਸ ਮੰਗ ਦੀ ਪੂਰਤੀ ਮੁਮਕਿਨ ਨਹੀਂ। ਇਸਦਾ ਇਕ ਕਾਰਨ ਤਾਂ ਇਹ ਹੈ ਕਿ ਜਿਸ ਦੂਜੇ (ਰਾਜਨ, ਸਾਹਿਰ, ਇਮਰੋਜ਼) ਨਾਲ ਆਪਣੇ ਸੰਜੋਗ ਵਿਚੋਂ ਅੰਮ੍ਰਿਤਾ ਪੂਰਨਤਾ ਦੀ ਆਸ ਰੱਖਦੀ ਹੈ, ਉਹ ਖ਼ੁਦ ਅਧੂਰੇ ਆਤਮ ਹਨ। ਇਹਨਾਂ ਅੱਧੇ-ਅਧੂਰੇ ਲੋਕਾਂ ਦਾ ਆਪਣਾ ਕਲਪਿਤ ਯਥਾਰਥ ਹੈ, ਜੋ ਹੋ ਸਕਦਾ ਹੈ ਕਿਸੇ ਹੋਰ ਨਾਲ ਜੁੜਿਆ ਹੋਵੇ।

ਲਾਕਾਂ ਕਹਿੰਦਾ ਹੈ ਕਿ ਜਦੋਂ ਦੋ ਜਣੇ ਆਪਸ ਵਿਚ ਪਿਆਰ ਕਰਦੇ ਹਨ ਤਾਂ ਅਸਲ ਵਿਚ ਇਹ ਚਾਰ ਲੋਕ ਹੁੰਦੇ ਹਨ। ਦੋਵਾਂ ਦੇ ਕਲਪਿਤ ਯਥਾਰਥ ਵਿਚ ਆਪਣੇ ਪ੍ਰੇਮੀ ਤੋਂ ਇਲਾਵਾ ਕਿਸੇ ਹੋਰ ਦਾ ਬਿੰਬ ਵੀ ਮੌਜੂਦ ਹੁੰਦਾ ਹੈ। ਇਹ ਹੋਰ ਉਹ ਹੈ, ਜੋ ਹਕੀਕਤ ਵਿਚ ਨਹੀਂ ਬਲਕਿ ਪ੍ਰੇਮੀ/ਪ੍ਰੇਮਿਕਾ ਦੇ ਮਾਨਸਿਕ ਧਰਾਤਲ ਤੇ ਉਕਰਿਆ ਹੈ। ਅੰਮ੍ਰਿਤਾ ਆਪਣੀ ਲਿਖਤ ਵਿਚ ਇਕ ਥਾਂ ਅਜਿਹੇ ਸੁਪਨੇ ਦਾ ਵੀ ਜ਼ਿਕਰ ਕਰਦੀ ਹੈ, ਜਿਸ ਵਿਚ ਉਸਨੂੰ ਮੁਹੱਬਤ ਦੀ ਇਹ ਅੜਾਉਣੀ ਸਮਝ ਆਉਣ ਲੱਗਦੀ ਹੈ। ਇਹ ਸੁਪਨੇ ਵਿਚ ਉਹ ਆਪਣੇ ਮਹਿਬੂਬ ਦੀ ਇਕਲੌਤੀ ਤਸੱਵਰ ਹੋਣ ਦੇ ਭਰਮ ਵਿਚੋਂ ਬਾਹਰ ਨਿੱਕਲ ਆਉਂਦੀ ਹੈ ਅਤੇ ਇਕੱਲਤਾ ਨੂੰ ਆਪਣੇ ਜੀਵਨ ਦਾ ਕੇਂਦਰੀ ਚਿਹਨ ਮੰਨ ਲੈਂਦੀ ਹੈ-

ਉਸ ਰਾਤ ਮੈਂ ਸੁਪਨੇ ਵਿਚ ਉਸਨੂੰ ਦੇਖਿਆ; ਤੇ ਉਸਨੂੰ ਵੀ, ਜਿਸਦਾ ਨਾਂ ਹੁਣ ਉਸਦੇ ਨਾਂ ਨਾਲ ਜੋੜਿਆ ਜਾਂਦਾ ਸੀ। ਉਸ ਕੁੜੀ ਦੇ ਘੁੰਗਰਾਲੇ ਵਾਲਾਂ ਵਿਚ ਮੈਂ ਆਪਣੇ ਹੱਥੀਂ ਗ਼ੁਲਾਬ ਦਾ ਫੁੱਲ ਟੁੰਗਿਆ। ਓਹੀ ਓ ਫੁੱਲ, ਜਿਹੜਾ ਕਦੀਂ ਉਸਨੇ ਮੇਰੇ ਵਾਲਾਂ ਵਿਚ ਟੁੰਗਿਆਂ ਸੀ। ਚਿਰ ਹੋਇਆ ਕਿਤੇ ਪੜਿਆ ਸੀ “If I had to describe my life in one word; I should use the word lonliness twice.” ਉਸ ਦਿਨ ਮੈਨੂੰ ਪਤਾ ਲੱਗਾ ਕਿ ਇਕ ਸਾਰੇ ਰੁੱਖ ਦਾ ਖਿਲਾਰ ਕਿਵੇਂ ਸਿਮਟ ਕੇ ਇਕ ਬੀਜ ਵਿਚ ਬੰਦ ਹੋ ਸਕਦਾ ਹੈ। ਉਸ ਦਿਨ ਮੈਨੂੰ ਪਤਾ ਲੱਗਾ ਕਿ ਮੇਰੀ ਸਾਰੀ ਜ਼ਿੰਦਗੀ ਇਕ ਖ਼ਤ ਨਹੀਂ, ਇਕ ਪੈਰ੍ਹਾ ਨਹੀਂ, ਇਕ ਫ਼ਿਕਰਾ ਨਹੀਂ, ਇਕ ਲਫ਼ਜ਼ ਹੈ, ਇਕੋ ਲਫ਼ਜ਼- ਇਕੱਲਤਾ। ਅੱਗੇ ਪੜ੍ਹੋ – ਅੰਮ੍ਰਿਤਾ ਦੀ ਮਾਰਫ਼ਤ – Part-4

*ਲੇਖਕ ਦਿੱਲੀ ਯੂਨੀਵਰਸਿਟੀ, ਨਵੀਂ ਦਿੱਲੀ ਦੇ ਪੰਜਾਬੀ ਵਿਭਾਗ ਵਿਚ ਸਹਾਇਕ ਪ੍ਰੋਫ਼ੈਸਰ ਹਨ।

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

2 thoughts on “ਅੰਮ੍ਰਿਤਾ ਪ੍ਰੀਤਮ ਦੀ ਮੁਹੱਬਤ । Amrita Pritam’s Love | Part- 3”

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: