ਕਾਮਰੇਡ ਗੰਧਰਵ ਸੈਨ ਦੀ ਸਵੈ-ਜੀਵਨੀ ‘ਅਨੁਭਵ ਤੇ ਅਧਿਐਨ’ ਦੇ ਹਵਾਲੇ ਨਾਲ
-ਹਰਵਿੰਦਰ ਭੰਡਾਲ-
ਭਾਰਤ ਵਿਚਲੀ ਕਮਿਉਨਿਸਟ ਲਹਿਰ ਦੀ ਉਮਰ ਇੱਕ ਸਦੀ ਤੋਂ ਇੱਕ ਡੇਢ ਦਹਾਕਾ ਹੀ ਘੱਟ ਹੈ। ਇਸ ਲੰਬੇ ਅਰਸੇ ਦੌਰਾਨ ਕਈ ਤਰ੍ਹਾਂ ਦੇ ਉਤਰਾਵਾਂ-ਚੜ੍ਹਾਵਾਂ ‘ਚੋਂ ਲੰਘਦੀ ਹੋਈ ਇਹ ਅੱਜ ਅਜਿਹੇ ਮੋੜ ਉੱਤੇ ਹੈ, ਜੋ ਇਸ ਲਹਿਰ ਹੀ ਨਹੀਂ ਭਾਰਤ ਦੇ ਭਵਿੱਖ ਬਾਰੇ ਵੀ ਫੈਸਲਾਕੁੰਨ ਹੋ ਸਕਦਾ ਹੈ।
‘ਸਮਾਜਵਾਦ ਜਾਂ ਬਰਬਰੀਅਤ’- ਇਹ ਦੋ ਸਥਿਤੀਆਂ ਜਦੋਂ ਭਵਿੱਖ ਵੱਲ ਜਾਂਦੇ ਦੋ ਰਾਹ ਬਣ ਜਾਣ ਤਾਂ ਰਾਹ ਦੀ ਸੁਚੇਤ ਚੋਣ ਰਾਹੀਆਂ ਲਈ ਜ਼ਰੂਰੀ ਬਣ ਜਾਂਦੀ ਹੈ। ਸਮਾਜਵਾਦ ਵੱਲ ਜਾਂਦੇ ਨਵੇਂ ਰਾਹਾਂ ਦੀ ਤਲਾਸ਼ ਦੇਸ਼, ਦੁਨੀਆ ਤੇ ਕਮਿਉਨਿਸਟ ਲਹਿਰ ਦੇ ਇਤਿਹਾਸ ਦੀ ਮੁੜ ਪੜਚੋਲ ਕਰਕੇ ਹੀ ਕੀਤੀ ਜਾ ਸਕਦੀ ਹੈ। ਕਾਮਰੇਡ ਗੰਧਰਵ ਸੈਨ ਕੋਛੜ ਦੀ ਸਵੈ-ਜੀਵਨੀ ‘ਅਨੁਭਵ ਤੇ ਅਧਿਐਨ’ ਇਸ ਕਾਰਜ ਨਾਲ ਜੁੜੇ ਇਤਿਹਾਸਕ ਪਹਿਲੂਆਂ ਉੱਤੇ ਰੋਸ਼ਨੀ ਪਾਉਣ ਦੇ ਨਾਲ ਨਾਲ ਅਜਿਹੇ ਸੁਝਾਅ ਵੀ ਦਿੰਦੀ ਹੈ, ਜਿਹਨਾਂ ਤੋਂ ਭਵਿਖੀ ਰਾਹ ਦੀ ਕਨਸੋਅ ਮਿਲ ਸਕਦੀ ਹੈ।
ਕਾਮਰੇਡ ਗੰਧਰਵ ਸੈਨ ਨੇ ਗ਼ਦਰ ਪਾਰਟੀ ਦੇ ਆਗੂ ਬਾਬਾ ਕਰਮ ਸਿੰਘ ਚੀਮਾ ਦੀ ਅਗਵਾਈ ਥੱਲੇਂ ਕਿਰਤੀ ਪਾਰਟੀ ਵਿੱਚ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਅਤੇ ਵੱਖ ਵੱਖ ਸਮਿਆਂ ਤੇ ਸੀਪੀਆਈ, ਲਾਲ ਪਾਰਟੀ, ਫ਼ਿਰ ਸੀਪੀਆਈ, ਸੀਪੀਆਈ (ਐੱਮ) ਤੇ ਨਕਸਲੀ ਲਹਿਰ ਤੱਕ ਦਾ ਸਫਰ ਆਪਣੇ ਸਿਆਸੀ ਸਾਥੀ ਬਾਬਾ ਬੂਝਾ ਸਿੰਘ ਵਾਂਗ ਹੀ ਕੀਤਾ। ਇਸ ਕਿਤਾਬ ਵਿੱਚ ਲਹਿਰ ਦੇ ਇੱਕ ਸੁਹਿਰਦ ਕਾਰਕੁੰਨ ਵਜੋਂ ਪ੍ਰਾਪਤ ਕੀਤੇ ਅਨੁਭਵ ਨੂੰ ਹੀ , ਬਿਨਾ ਕਿਸੇ ਤਰ੍ਹਾਂ ਦੇ ਬੌਧਿਕ ਪਰਪੰਚ ਵਿੱਚ ਉਲਝਦਿਆਂ, ਸਾਦਾ ਪ੍ਰੰਤੂ ਸਪਸ਼ਟ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ।
ਇਹ ਕਿਤਾਬ ਕਾਮਰੇਡ ਗੰਧਰਵ ਸੈਨ ਦੀ ਆਪਣੇ ਜੀਵਨ ਅਤੇ ਕਮਿਉਨਿਸਟ ਲਹਿਰ `ਤੇ ਪਿੱਛਲਝਾਤ ਹੈ। ਇਹ ਪਿੱਛਲਝਾਤ ਇਸ ਲਈ ਮਹੱਤਵਪੂਰਨ ਬਣ ਗਈ ਹੈ ਕਿਉਂ ਕਿ ਇਸ ਵਿੱਚ ਆਪਣੇ ਕਾਰਨਾਮਿਆਂ ਦੇ ਬਖਾਨ ਉੱਤੇ ਜ਼ੋਰ ਦੀ ਬਜਾਏ ਲਹਿਰ ਦੀਆਂ ਨਾਕਾਮੀਆਂ ਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਾਮਰੇਡ ਗੰਧਰਵ ਸੈਨ ਨੇ ਵਾਰ ਵਾਰ ਕਮਿਉਨਿਸਟ ਪਾਰਟੀ ਦੇ ਆਗੂਆਂ ਅੰਦਰ ਸਿਧਾਂਤਕ ਅਧਿਐਨ ਦੀ ਕਮੀ ਦਾ ਜ਼ਿਕਰ ਕੀਤਾ ਹੈ। ਪਾਰਟੀ ਸਟੱਡੀ ਸਰਕਲਾਂ ਵਿਚ ਗਹਿਰਾਈ ਦੀ ਘਾਟ ਹੁੰਦੀ ਸੀ। ਇਸੇ ਲਈ ਆਗੂ ਅਤੇ ਸਮੁੱਚੀ ਕਮਿਉਨਿਸਟ ਲਹਿਰ ਇਤਿਹਾਸ ਦੇ ਹਰੇਕ ਮਹੱਤਵਪੂਰਨ ਮੋੜ ਉੱਤੇ ਮੁਲਕ ਦੇ ਹਾਲਾਤ ਦਾ ਦਰੁੱਸਤ ਵਿਸ਼ਲੇਸ਼ਣ ਕਰਨ ਵਿੱਚ ਨਾਕਾਮ ਰਹੀ।
ਪੰਜਾਬ ਵਿਚਲੀ ਕਿਸਾਨ ਲਹਿਰ, ਮੁਸਲਮਾਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਆਪਣੇ ਨਾਲ ਤੋਰਨ ਵਿੱਚ ਅਸਫ਼ਲ ਰਹੀ। ‘ਸੁਤੰਤਰ’ ਤੇ ‘ਜੋਸ਼’ ਗਰੁੱਪ ਇੱਕ ਹੀ ਸਿਆਸੀ ਪਾਰਟੀ ਅੰਦਰ ਹੋਣ ਦੇ ਬਾਵਜੂਦ ਆਪਸ ਵਿੱਚ ਭਿੜਦੇ ਰਹੇ। ‘ਜੋਸ਼’ ਗਰੁੱਪ ਦਾ ਧਿਆਨ ਕਮਿਉਨਿਸਟ ਲਹਿਰ ਦੀ ਹੋਰ ਮਜ਼ਬੂਤੀ ਤੇ ਫੈਲਾਅ ਨਾਲੋਂ ਵੱਧ ‘ਸਤੰਤਰ’ ਗਰੁੱਪ ਦੇ ਸਾਥੀਆਂ ਨੂੰ ਖੁੱਡੇ-ਲਾਈਨ ਲਾਉਣ ਉੱਤੇ ਹੀ ਲੱਗਾ ਰਿਹਾ। ਇਸ ਲਹਿਰ ਨੇ ਨਾ ਤਾਂ ਔਰਤਾਂ ਦੇ ਮਸਲਿਆਂ ਸੰਬੰਧੀ ਆਪਣੀ ਸਮਝ ਬਣਾਈ ਤੇ ਨਾ ਹੀ ਉਹਨਾਂ ਨੂੰ ਲਹਿਰ ਦਾ ਹਿੱਸਾ ਬਣਾਉਣ ਲਈ ਸੁਚੇਤ ਯਤਨ ਕੀਤੇ। ਇਸੇ ਲਈ ਸਾਮੰਤਵਾਦੀ ਰੁਚੀਆਂ ਕਮਿਉਨਿਸਟ ਪਾਰਟੀ ਦੇ ਸਾਥੀਆਂ ਅੰਦਰ ਵੀ ਉਸੇ ਤਰ੍ਹਾਂ ਵਧਦੀਆਂ ਫੁੱਲਦੀਆਂ ਰਹੀਆਂ। ਉਪਰੋਕਤ ਨੁਕਤਿਆਂ ਨੂੰ ਕਾਮਰੇਡ ਸੰਧਰਵ ਸੈਨ ਨੇ ਕਮਿਉਨਿਸਟ ਲਹਿਰ ਪ੍ਰਤੀ ਆਪਣੀ ਪ੍ਰਤੀਬੱਧਤਾ ਤੇ ਫਿਕਰਮੰਦੀ ਵਿਚੋਂ ਉਭਾਰਿਆ ਹੈ।
ਘਰ ਬੈਠੇ ਨਾਵਲ ਪ੍ਰਾਪਤ ਲਈ ਤਸਵੀਰ ‘ਤੇ ਕਲਿੱਕ ਕਰੋ
ਕਾਮਰੇਡ ਗੰਧਰਵ ਸੈਨ ਵੱਲੋਂ ਬਿਆਨ ਕੀਤੀਆਂ ਇਹਨਾਂ ਸਾਰੀਆਂ ਸਮੱਸਿਆਵਾਂ ਅਤੇ ਅਲਾਮਤਾਂ ਦੀਆਂ ਜੜ੍ਹਾਂ ਭਾਰਤ ਦੀ ਕਮਿਉਨਿਸਟ ਪਾਰਟੀ ਦੇ ਜਨਮ ਅਤੇ ਵਿਕਾਸ ਦੀ ਪ੍ਰਕਿਰਿਆ ਨਾਲ ਜੁੜੀਆਂ ਹੋਈਆਂ ਹਨ।
ਭਾਰਤ ਦੀ ਕਮਿਉਨਿਸਟ ਪਾਰਟੀ ਮੁਲਕ ਅੰਦਰ ਇਸ ਲਹਿਰ ਲਈ ਲੋੜੀਂਦੀਆਂ ਪਦਾਰਥਕ ਸਥਿਤੀਆਂ ਦੇ ਪੱਕ ਜਾਣ ਦੇ ਕਾਰਨ ਹੋਂਦ ਵਿੱਚ ਨਹੀਂ ਸੀ ਆਈ। ਇਹ ਮੁਲਕ ਅੰਦਰ ਉੱਤੇ ਮੁਲਕ ਤੋਂ ਬਾਹਰ ਵੱਸਦੇ ਹਿੰਦੀਆਂ ਦੁਆਰਾ ਰੂਸੀ ਇਨਕਲਾਬ ਦਾ ਪ੍ਰਭਾਵ ਕਬੂਲਣ ਦੇ ਸਿੱਟੇ ਵੱਜੋਂ ਬਣੀ। ਇਸ ਪਾਰਟੀ ਨੂੰ ਬਰਤਾਨੀਆ ਦੀ ਕਮਿਉਨਿਸਟ ਪਾਰਟੀ ਦੇ ਫਿਲਿਪ ਸਪਰੇਟ, ਸਕਲਾਤਵਾਲਾ, ਰਜਨੀ ਪਾਮ ਦੱਤ ਜਿਹੇ ਆਗੂਆਂ ਨੇ ਤੀਸਰੀ ਕਮਿਉਨਿਸਟ ਇੰਟਰਨੈਸ਼ਨਲ ਦੀਆਂ ਹਦਾਇਅਤਾਂ ਅਨੁਸਾਰ ਬਣਾਇਆ ਸੀ। (ਭਾਈ ਸੰਤੋਖ ਸਿੰਘ, ਭਾਈ ਰਤਨ ਸਿੰਘ ਜਿਹੇ ਮੁਢਲੇ ਪੰਜਾਬੀ ਕਿਰਤੀ ਕਮਿਉਨਿਸਟਾਂ ਤੋਂ ਲੈ ਕੇ ਬਾਬਾ ਭਗਤ ਸਿੰਘ ਬਿਲਗਾ ਤੱਕ ਸਭ ਮਾਰਕਸਵਾਦ ਦੀ ਟਰੇਨਿੰਗ ਲੈਣ ਰੂਸ ਹੀ ਜਾਇਆ ਕਰਦੇ ਸਨ।)
ਇਸ ਤਰ੍ਹਾਂ ਇਹ ਬਸਤੀਵਾਦੀ ਹਿੰਦ ਅੰਦਰ ਬਸਤੀਵਾਦੀ ਸੰਗਠਨ ਹੀ ਸੀ। ਇਸ ਦੀ ਅਜ਼ਾਦ ਹਸਤੀ ਨਾ ਬਣ ਸਕੀ। ਪਾਰਟੀ ਦੀ ਅਧੀਨ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮੇਰਠ ਸਾਜਿਸ਼ ਕੇਸ ਦੌਰਾਨ ਕੀਤੀ ਬੇਹੱਦ ਮਿਹਨਤ ਤੋਂ ਪ੍ਰਭਾਵਤ ਹੋ ਕੇ ਬਰਤਾਨਵੀ ਕਮਿਉਨਿਸਟ ਆਗੂਆਂ ਨੇ ਹੀ ਨੌਜਵਾਨ ਪੀ. ਸੀ. ਜੋਸ਼ੀ ਨੂੰ ਪਾਰਟੀ ਸੈਕਟਰੀ ਬਣਾਉਣ ਦਾ ਫ਼ੈਸਲਾ ਕੀਤਾ ਸੀ, ਨਾ ਕਿ ਭਾਰਤੀ ਕਮਿਉਨਿਸਟਾਂ ਨੇ। ਭਾਰਤੀ ਕਮਿਉਨਿਸਟ ਤਾਂ ਇਤਿਹਾਸ ਦੇ ਹਰੇਕ ਨਾਜ਼ੁਕ ਮੋੜ ਉੱਤੇ ਆਪਣੇ ਕੌਮਾਂਤਰੀ ਪ੍ਰਭੂਆਂ ਦੀ ਅਗਵਾਈ ਹੀ ਉਡੀਕਦੇ ਰਹੇ।
ਬਸਤੀਵਾਦੀ ਮੁਲਕਾਂ ਲਈ ਇਹ ਇਤਿਹਾਸਕ ਦੁਖਾਂਤ ਰਿਹਾ ਕਿ ਤੀਸਰੀ ਇੰਟਰਨੈਸ਼ਨਲ ਦਾ ਆਗੂ ਲੈਨਿਨ ਬਸਤੀਵਾਦੀ ਮੁਲਕਾਂ ਅੰਦਰ ਸਾਮਰਾਜ ਵਿਰੁਧ ਸੰਘਰਸ਼ ਸੰਬੰਧੀ ਆਪਣਾ ਥੀਸਿਸ ਦੇਣ ਤੋਂ ਬਾਅਦ ਬਹੁਤੀ ਦੇਰ ਤੱਕ ਜਿਊਂਦਾ ਨਾ ਰਿਹਾ।
ਲੈਨਿਨ ਦੀ ਮੌਤ ਤੋਂ ਬਾਅਦ ਇੰਟਰਨੈਸ਼ਨਲ ਦੀ ਅਗਵਾਈ ਸਤਾਲਿਨ ਦੇ ਹੱਥ ਆ ਗਈ ਤੇ ਉਸ ਨੇ ਇਸ ਨੂੰ ਹੋਰ ਮੁਲਕਾਂ ਵਿੱਚ ਇਨਕਲਾਬ ਕਰਨ ਲਈ ਵਰਤਣ ਦੀ ਥਾਂ ਆਪਣੀ ਸੋਵੀਅਤ ਸੱਤਾ ਨੂੰ ਬਚਾਈ ਰੱਖਣ ਦਾ ਹਥਿਆਰ ਬਣਾ ਲਿਆ। ਇਸ ਲਈ ਸਤਾਲਿਨ ਦੀ ਦੇਖ ਰੇਖ ਵਿੱਚ ਬਸਤੀਵਾਦੀ ਮੁਲਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਹਦਾਇਤਾਂ ਸੋਵੀਅਤ ਰੂਸ ਦੀਆਂ ਆਪਣੀਆਂ ਅੰਦਰੂਨੀ ਸਥਿਤੀਆਂ ਦੀਆਂ ਜ਼ਰੂਰਤਾਂ ਅਨੁਸਾਰ ਹੀ ਹੁੰਦੀਆਂ ਸਨ।
ਦੂਸਰੀ ਸੰਸਾਰ ਜੰਗ ਦੌਰਾਨ ਇੰਟਰਨੈਸ਼ਨਲ ਵੱਲੋਂ ਬਸਤੀ ਮੁਲਕਾਂ ਦੀਆਂ ਕਮਿਊਨਿਸਟਾਂ ਪਾਰਟੀਆਂ ਨੂੰ ਦਿੱਤੀ ਲਾਈਨ ਨੂੰ ਇਸ ਪ੍ਰਸੰਗ ਵਿੱਚ ਦੇਖਿਆ ਜਾ ਸਕਦਾ ਹੈ। ਜੰਗ ਦੀ ਸ਼ੁਰੂਆਤ ਵਿੱਚ ਕਮਿਉਨਿਸਟ ਜੰਗ ਦੇ ਵਿਰੋਧ ਵਿੱਚ ਡਟ ਗਏ। ਪ੍ਰੰਤੂ ਸੋਵੀਅਤ ਰੂਸ ਉਪਰ ਜਰਮਨਾਂ ਦੇ ਹਮਲੇ ਪਿਛੋਂ ਇੰਟਰਨੈਸ਼ਨਲ ਨੇ ਇਸ ਨੂੰ ਲੋਕ ਯੁੱਧ (People’s war) ਵਜੋਂ ਲੜਨ ਦਾ ਸੱਦਾ ਦਿੱਤਾ। ਉਸ ਨੇ ਸਾਰੇ ਮੁਲਕਾਂ ਦੀਆਂ ਕਮਿਉਨਿਸਟ ਪਾਰਟੀਆਂ ਨੂੰ ਆਪਣੀਆਂ ਬਸਤੀਵਾਦੀ ਸਰਕਾਰਾਂ ਦੀ ਹਮਾਇਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਸਥਿਤੀਆਂ ਦੀ ਵਿਡੰਬਨਾ ਇਹ ਹੈ ਕਿ ਸਤਾਲਿਨ ਨੇ ਅਪਣੇ ਮੁਲਕ ਵਿੱਚ ਇਸ ਨੂੰ ਦੇਸ਼-ਭਗਤ ਯੁੱਧ ਦਾ ਨਾਂ ਦਿੱਤਾ। ਜੰਗ ਦਾ ਵਿਰੋਧ ਕਰਨ ਕਰਕੇ ਉਸ ਸਮੇਂ ਦੀ ਕਮਿਉਨਿਸਟ ਲੀਡਰਸ਼ਿਪ ਦਿਓਲੀ ਕੈਂਪ ਜੇਲ੍ਹ ਵਿੱਚ ਕੈਦ ਸੀ। ਜਿਵੇਂ ਕਿਤਾਬ ਵਿੱਚ ਜ਼ਿਕਰ ਹੈ ਕਿ ਇਸ ਕੈਂਪ ਵਿੱਚ ਕਾਮਰੇਡ ਡਾਂਗੇ ਅਤੇ ਰੰਧੀਵੇ ਨੇ ਇਹ ਨਵੀਂ ਸਿਆਸੀ ਲਾਈਨ ਸਾਥੀਆਂ ਨਾਲ ਸਾਂਝੀ ਕੀਤੀ । ਸਾਰੇ ਕਮਿਉਨਿਸਟਾਂ ਨੇ ਚੁੱਪਚਾਪ ਇਸ ਨੂੰ ਆਪਣੀ ਕਨਵਿਕਸਨ ਬਣਾ ਲਿਆ। “ਮੀਟਿੰਗ ਵਿੱਚ ਬੈਠੇ ਕੇਵਲ ਦੋ ਤਿੰਨ ਸਾਥੀਆਂ ਨੇ ਹੀ ਇਸ ਲਾਈਨ ਬਾਰੇ ਕੁਝ ਸਵਾਲ ਕੀਤੇ।”
ਇਹ ਭਾਰਤੀ ਕਮਿਊਨਿਸਟਾਂ ਦੀ ਬਸਤੀਵਾਦੀ ਬੌਧਿਕ ਮੰਦਹਾਲੀ ਕਾਰਨ ਹੀ ਸੀ ਕਿ ਜਦੋਂ ਦੂਸਰੀ ਸੰਸਾਰ ਜੰਗ ਦੌਰਾਨ ਲੋਕ ‘ਭਾਰਤ ਛੱਡੋਂ ਅੰਦੋਲਨ’ ਦੌਰਾਨ ਅਜ਼ਾਦੀ ਲਈ ਲੜ ਰਹੇ ਸਨ, ਉਦੋਂ ਭਾਰਤੀ ਕਮਿਉਨਿਸਟ ਅੰਗਰੇਜ਼ੀ ਹਕੂਮਤ ਦੇ ਹੱਕ ਵਿਚ ਡਟੇ ਹੋਏ ਸਨ।
ਇਸੇ ਬੌਧਿਕ ਨਾਦਾਨੀ ਕਾਰਨ ਕਮਿਉਨਿਸਟਾਂ ਨੇ ਜਪਾਨੀ ਫੌਜਾਂ ਦੀ ਸਹਾਇਤਾ ਨਾਲ ਭਾਰਤ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀ ਅਜ਼ਾਦ ਹਿੰਦ ਫ਼ੌਜ ਅਤੇ ਸੁਭਾਸ਼ ਚੰਦਰ ਬੋਸ ਦਾ ਵਿਰੋਧ ਕੀਤਾ। ਸੁਭਾਸ਼ ਚੰਦਰ ਬੋਸ ਭਾਰਤੀ ਬੁਰਜੁਆਜ਼ੀ ਦੇ ਉਸ ਰੈਡੀਕਲ ਤਬਕੇ ਦੀ ਪ੍ਰਤੀਨਿਧਤਾ ਕਰਦਾ ਸੀ ਜੋ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਸਿਧਾਂਤ ਨਾਲ ਇਤਫ਼ਾਕ ਨਹੀਂ ਸੀ ਰੱਖਦਾ। ਭਾਰਤ ਵਿਚੋਂ ਨਿਕਲਣ ਵਿੱਚ ਵੀ ਉਸ ਦੀ ਮਦਦ ਪੰਜਾਬ ਦੇ ਕਿਰਤੀਆਂ ਨੇ ਹੀ ਕੀਤੀ ਸੀ।
ਗੁੱਟਬੰਦੀ ਕਾਰਨ ਗੈਰ-ਸਿਧਾਂਤਕ ਪੈਂਤੜਾ ਮੱਲਣ ਦਾ ਹੀ ਇਹ ਵੀ ਇੱਕ ਸਬੂਤ ਹੈ ਕਿ ਜੇ ‘ਸੁਤੰਤਰ ਗਰੁੱਪ’ ਨੇ ਕਾਂਗਰਸ ਵਿੱਚ ਸੁਭਾਸ਼ ਜਿਹੇ ਖੱਬੇ ਰੈਡੀਕਲ ਰਾਸ਼ਟਰਵਾਦੀ ਦੀ ਮਦਦ ਕੀਤੀ ਤਾਂ ‘ਜੋਸ਼’ ਗਰੁੱਪ ਕਾਂਗਰਸ ਅੰਦਰਲੇ ਪਟੇਲ ਦੀ ਅਗਵਾਈ ਵਾਲੇ ਸੱਜੇ-ਪੱਖੀਆਂ ਦੇ ਹੱਕ ਵਿੱਚ ਜਾ ਖੜਾ ਹੋਇਆ ਸੀ। ਸੰਸਾਰ ਜੰਗ ਤੋਂ ਬਾਅਦ ਅਜ਼ਾਦ ਹਿੰਦ ਫੌਜ ਉੱਤੇ ਸ਼ੁਰੂ ਹੋਏ ਮੁਕੱਦਮਿਆਂ ਨੇ ਇਕ ਦਮ ਮੁਲਕ ਦੇ ਹਾਲਾਤ ਬਦਲ ਦਿੱਤੇ। ਏਥੋਂ ਤੱਕ ਕਿ ਮੁਲਕ ਦੀ ਫੌਜ ਅੰਦਰ ਵਿਦਰੋਹ ਦਾ ਖਤਰਾ ਖੜਾ ਹੋ ਗਿਆ। ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਿਆਂ ਅੰਗਰੇਜ਼ਾਂ ਨੂੰ ਆਪਣੀ ਇੱਛਾ ਦੇ ਉਲਟ ਤੁਰੰਤ ਸੱਤਾ-ਪਰਿਵਰਤਨ ਲਈ ਸਹਿਮਤ ਹੋਣਾ ਪਿਆ।
ਮੁਲਕ ਅੰਦਰ ਮਜ਼ਹਬੀ ਫਸਾਦਾਂ ਦਾ ਮਾਹੌਲ ਬਣਨ ਸਮੇਂ ਵੀ ਕਮਿਉਨਿਸਟ ਕੋਈ ਬੌਧਿਕ ਚਮਤਕਾਰ ਨਾ ਕਰ ਸਕੇ।
ਉਹਨਾਂ ਨੇ ਕੌਮੀਅਤਾਂ ਦੇ ਨਿਰਣੇ ਦੇ ਅਧਿਕਾਰ ਦੀ ਕਮਿਉਨਿਸਟ ਲਾਈਨ ਨੂੰ, ਸਗੋਂ ਕੌਮ ਦੇ ਸਭ ਤੋਂ ਸੰਕੀਰਨ ਅਰਥਾਂ ਵਿੱਚ ਸਮਝਦਿਆਂ, ਪਾਕਿਸਤਾਨ ਬਣਨ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ। ਇਸ ਲਾਈਨ ਨੂੰ ਪਾਰਟੀ ਆਗੂਆਂ ਨੇ ਜਿਸ ਸਤਾਲਿਨੀ ਜਮਹੂਰੀ ਕੇਂਦਰੀਵਾਦੀ ਤਰੀਕੇ ਨਾਲ ਲਾਗੂ ਕਰਵਾਇਆ, ਉਹ ਦੇਖਿਆ ਜਾ ਸਕਦਾ ਹੈ:
ਮੀਟਿੰਗ ਵਿੱਚ ਇਸ ਪੁਲਿਟੀਕਲ ਲਾਈਨ ਦੀ ਕਾਮਰੇਡ ਮੁਬਾਰਕ ਸਾਗਰ, ਕਾਮਰੇਡ ਭਗਤ ਸਿੰਘ ਬਿਲਗਾ ਅਤੇ ਕਾਮਰੇਡ ਕਰਮ ਸਿੰਘ ਮਾਨ ਨੇ ਵਿਰੋਧਤਾ ਕੀਤੀ ਜਿਸ ਨੂੰ ਕਾਮਰੇਡ ਅਧਿਕਾਰੀ ਨੇ ਇਹ ਕਹਿ ਕੇ ਦਬਾ ਦਿੱਤਾ ਕਿ “ਪਾਕਿਸਤਾਨ ਤੁਮਹਾਰੇ ਗਲੇ ਨਹੀਂ ਉਤਰਤਾ। ” ਕਾਮਰੇਡ ਅਧਿਕਾਰੀ ਦੇ ਇਸ ਰਵੱਈਏ ਤੋਂ ਬਾਅਦ ਕਿਸੇ ਵੀ ਸਾਥੀ ਨੇ ਪਾਰਟੀ ਦੀ ਇਸ ਲਾਈਨ ਬਾਰੇ ਕੋਈ ਵੀ ਸਵਾਲ ਨਹੀਂ ਕੀਤਾ। ਇਸ ਲਾਈਨ ਨੂੰ ਪਾਰਟੀ ਮੈਂਡੇਟ ਸਮਝਿਆ। ਭਾਵੇਂ ਬਹੁਤੇ ਸਾਥੀ ਇਸ ਲਾਈਨ ਉੱਤੇ ਸਹਿਮਤ ਨਹੀਂ ਸਨ ਹੋਏ।
ਇਸ ਤਰ੍ਹਾਂ ਮੁਲਕ ਅੰਦਰ ਹੋ ਰਹੇ ਸੱਤਾ-ਪਰਿਵਰਤਨ ਦੇ ਇਹਨਾਂ ਫੈਸਲਾਕੁੰਨ ਸਮਿਆਂ ਅੰਦਰ ਕਮਿਉਨਿਸਟ ਲੋਕਾਂ ਦੀਆਂ ਭਾਵਨਾਵਾਂ ਤੇ ਸੰਘਰਸ਼ ਤੋਂ ਦੂਰ ਖੜੇ ਰਹੇ।
ਕਾਮਰੇਡ ਗੰਧਰਵ ਸੈਨ ਨੇ ਕਮਿਉਨਿਸਟਾਂ ਦੇ ਆਮ ਲੋਕਾਂ ਤੋਂ ਨਿੱਖੜਨ ਲਈ ਸੰਸਾਰ ਜੰਗ ਦੌਰਾਨ ਅੰਗਰੇਜ਼ਾਂ ਦੀ ਹਮਾਇਤ, ਅਜ਼ਾਦ ਹਿੰਦ ਫ਼ੌਜ ਦਾ ਵਿਰੋਧ ਤੇ ਪਾਕਿਸਤਾਨ ਦੀ ਹਮਾਇਤ ਦੇ ਇਹਨਾਂ ਤਿੰਨ ਕਾਰਨਾਂ ਨੂੰ ਹੀ ਜ਼ਿੰਮੇਵਾਰ ਮੰਨਿਆ ਹੈ। ਇਹ ਇਸ ਲਈ ਹੋਇਆ ਕਿਉਂ ਕਿ ਪਾਰਟੀ ਦੀਆਂ ਬੌਧਿਕ ਜੜ੍ਹਾਂ ਮਜ਼ਬੂਤ ਨਹੀਂ ਸਨ ਹੋ ਸਕੀਆਂ। ਕਮਿਉਨਿਸਟ ਪੂਰੀ ਸੁਹਿਰਦਤਾ ਤੇ ਇਮਾਨਦਾਰੀ ਨਾਲ ਕੰਮ ਤਾਂ ਕਰਦੇ ਰਹੇ ਪਰ ਉਹਨਾਂ ਦਾ ਕੰਮ ‘ਸਿਸੀਫਸ’ ਦੀ ਮਿਹਨਤ ਵਰਗਾ ਹੀ ਰਿਹਾ।
ਛਾਨਣੀਆਂ ਦੀ ਮਦਦ ਲੈ ਕੇ ਤੁਸੀਂ ਪਾਣੀ ਇਕ ਥਾਂ ਤੋਂ ਦੂਜੀ ਥਾਂ ਨਹੀਂ ਲੈ ਕੇ ਜਾ ਸਕਦੇ। ਇਹਨਾਂ ਬੌਧਿਕ ਛਾਨਣੀਆਂ ਕਾਰਨ ਹੀ ਪੰਜਾਬ ਦੀ ਕਿਸਾਨ ਸਭਾ ਵੀ ਆਪਣੇ ਉਦੇਸ਼ਾਂ ਵਿੱਚ ਸਫ਼ਲ ਨਾ ਹੋ ਸਕੀ।
ਇੱਕ ਪਛੜੇ ਹੋਏ ਬਸਤੀਵਾਦੀ ਮੁਲਕ ਦੇ ਇਨਕਲਾਬ ਵਿੱਚ ਕਿਸਾਨੀ ਦਾ ਕੀ ਰੋਲ ਹੋ ਸਕਦਾ ਹੈ? ਕਿਸਾਨੀ ਦੇ ਨਾਲ-ਨਾਲ ਹੋਰ ਕਿਹੜੀਆਂ ਜਮਾਤਾਂ ਇਸ ਇਨਕਲਾਬ ਲਈ ਸਹਾਈ ਹੋ ਸਕਦੀਆਂ ਹਨ? ਕੀ ਸਿਰਫ਼ ਕਿਸਾਨੀ ਉੱਤੇ ਟੇਕ ਰੱਖ ਕੇ ਪ੍ਰੋਲੋਤਾਰੀ ਇਨਕਲਾਬ ਹੋ ਸਕਦਾ ਹੈ? ਇਹਨਾਂ ਸਵਾਲਾਂ ਬਾਰੇ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਨਾ ਸੋਚਿਆ ਗਿਆ। ਸਭ ਤੋਂ ਵੱਡੀ ਗੱਲ ਕਿਸਾਨੀ ਵਿੱਚ ਕੰਮ ਕਰਦਿਆਂ ਧਰਮ ਬਾਰੇ ਨਾ ਤਾਂ ਮਾਰਕਸਵਾਦੀ ਦ੍ਰਿਸ਼ਟੀਕੋਣ ਅਪਣਾਇਆ ਗਿਆ, ਨਾ ਹੀ ਵਿਹਾਰ ਵਿਚ ਅਵਚੇਤਨੀ ਧਰਮ ਤੋਂ ਮੁਕਤੀ ਪ੍ਰਾਪਤ ਕੀਤੀ ਜਾ ਸਕੀ। ਕਾਮਰੇਡ ਗੰਧਰਵ ਸੈਨ ਨੇ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਹੈ:
ਸਾਰੇ ਪੰਜਾਬ ਵਿਚ ਕਿਸਾਨ-ਅੰਦੋਲਨ ਦੀ ਸਭ ਤੋਂ ਵੱਡੀ ਘਾਟ ਇਹ ਸੀ ਕਿ ਮੁਸਲਿਮ ਕਿਸਾਨੀ ਨੂੰ ਇਸ ਅੰਦੋਲਨ ਦਾ ਹਿੱਸਾ ਨਾ ਬਣਾ ਸਕੇ ਅਤੇ ਨਾ ਹੀ ਕਿਰਤੀ ਪਾਰਟੀ ਪੇਂਡੂ ਮਜ਼ਦੂਰਾਂ ਨੂੰ ਅੰਦੋਲਨ ਨਾਲ ਜੋੜ ਸਕੀ ਅਤੇ ਨਾ ਹੀ ਉਹਨਾਂ ਨੂੰ ਜਾਗਰਿਤ ਹੀ ਕਰ ਸਕੀ।
ਇਸ ਦਾ ਅਰਥ ਇਹ ਬਣਦਾ ਹੈ ਕਿ ਕਿਸਾਨ ਸਭਾ ਦਾ ਬਿੰਬ ਇੱਕ ਖਾਸ ਧਰਮ ਨਾਲ ਜੁੜਿਆ ਰਿਹਾ।
ਪਤਾ ਨਹੀਂ ਇਸ ਬਿੰਬ ਨੂੰ ਤੋੜਨ ਦੇ ਉਹ ਯਤਨ ਹੋਏ ਜਾਂ ਨਹੀਂ ਜੋ ਕਮਿਉਨਿਸਟਾਂ ਨੇ ਕਰਨੇ ਹੁੰਦੇ ਹਨ, ਪਰ ਜੇ ਹੋਏ, ਪਰ ਜੇ ਹੋਏ ਵੀ ਤਾਂ ਉਹ ਬਹੁਤੇ ਸਫ਼ਲ ਨਾ ਹੋਏ। ਭਗਤ ਸਿੰਘ ਤੇ ਕੁਝ ਹੋਰ ਸਿਆਸੀ ਚਿੰਤਕਾਂ ਨੇ ਬਸਤੀਵਾਦੀ ਪੰਜਾਬ ਨੂੰ ਸਿਆਸੀ ਤੌਰ ਉੱਤੇ ਪਛੜਿਆ ਪੰਜਾਬ ਕਿਹਾ ਸੀ। ਇਸ ਪੰਜਾਬ ਵਿੱਚ ਬਸਤੀਵਾਦੀ ਦਖਲਅੰਦਾਜ਼ੀ ਕਾਰਨ ਰਾਸ਼ਟਰਵਾਦੀ ਸਿਆਸਤ ਦੀ ਥਾਂ ਪਛਾਣਾਂ ਅਧਾਰਤ ਸਿਆਸਤ ਦਾ ਵਧੇਰੇ ਬੋਲਬਾਲਾ ਸੀ। ਕਮਿਉਨਿਸਟ ਪਛਾਣਾਂ ਅਧਾਰਤ ਸਿਆਸਤ ਨੂੰ ਪਛਾੜਨ ਵਿੱਚ ਵੀ ਆਪਣਾ ਯੋਗਦਾਨ ਪਾਉਣ ਵਿੱਚ ਨਾਕਾਮ ਰਹੇ ਕਿਉਂਕਿ ਇਸ ਵਾਰ ਵੀ ਇੰਟਰਨੈਸ਼ਨਲ ਤੋਂ ਆਈ ਲਾਈਨ ਕਾਰਨ 1928 ਤੋਂ 1934 ਤੱਕ ਉਹ ਰਾਸ਼ਟਰਵਾਦੀ ਲਹਿਰ ਤੋਂ ਆਪਣੀ ਦੂਰੀ ਬਣਾ ਕੇ ਪੂੰਜੀਪਤੀਆਂ ਖਿਲਾਫ਼ ਸਿੱਧੇ ਇਨਕਲਾਬ ਦੀ ਵਕਾਲਤ ਕਰ ਰਹੇ ਸਨ । ਇੰਟਰਨੈਸ਼ਨਲ ਦੀ ਇਹ ਲਾਈਨ ਸਤਾਲਿਨ ਨੇ ਲੈਨਿਨ ਦੇ ਬਸਤੀਆਂ ਬਾਰੇ ਥੀਸਿਸ ਨੂੰ ਖੁੱਡੇ ਲਾਈਨ ਲਾ ਕੇ ਦਿੱਤੀ ਸੀ। ਫਲਸਰੂਪ ਮੁਲਕ ਅੰਦਰ ਸੱਤਿਆਗ੍ਰਹਿ ਦੇ ਸਮੇਂ ਕੁਝ ਕਮਿਉਨਿਸਟ ਤਾਂ ਮੇਰਠ ਸਾਜ਼ਿਸ਼ ਕੇਸ ਕਾਰਨ ਜੇਲ੍ਹਾਂ ਅੰਦਰ ਰਹੇ ਤੇ ਬਾਕੀ ਬਾਹਰ ਰਹਿ ਕੇ ਵੀ ਪ੍ਰਭਾਵਹੀਣ ਸਥਿਤੀ ਵਿੱਚ ਵਿਚਰਦੇ ਰਹੇ। ਲੋਕਾਂ ਨੂੰ ਕਿਸੇ ਧਿਰ ਵੱਲੋਂ ਵੀ ਸੈਕੁਲਰ ਰਾਸ਼ਟਰਵਾਦੀ ਸੱਭਿਆਚਾਰ ਨਾ ਮਿਲਿਆ।
ਗਹਿਰੇ ਬੌਧਿਕ ਅਧਾਰਾਂ ਦੀ ਅਣਹੋਂਦ ਕਾਰਨ ਹੀ ਭਾਰਤੀ ਕਮਿਉਨਿਸਟ ਪਾਰਟੀ ਤੋਂ ਵੱਖ ਹੋ ਕੇ ਬਣੀ ਲਾਲ ਪਾਰਟੀ ਵੀ ਕੋਈ ਸਿਧਾਂਤ ਨਾ ਘੜ ਸਕੀ।
ਘਰ ਬੈਠੇ ਨਾਵਲ ਪ੍ਰਾਪਤ ਲਈ ਤਸਵੀਰ ‘ਤੇ ਕਲਿੱਕ ਕਰੋ
‘ਬਹੁਤੇ ਸਾਥੀ ਭਾਰਤੀ ਹਾਲਾਤ ਦੇ ਮੁਤਾਬਿਕ ਪਾਰਟੀ ਦੀ ਪੁਲਿਟੀਕਲ ਲਾਈਨ ਬਣਾਉਣ ਦੇ ਆਪਣੇ ਆਪ ਨੂੰ ਕਾਬਲ ਨਹੀਂ ਸੀ ਸਮਝਦੇ। ’ ਲਾਲ ਪਾਰਟੀ ਨੇ ਬਿਨਾਂ ਕਿਸੇ ਸਿਧਾਂਤਕ ਸੇਧ ਤੋਂ ਹੀ ਪੰਜਾਬ ਤੇ ਖਾਸ ਕਰ ਪੈਪਸੂ ਵਿੱਚ ਮੁਜ਼ਾਰਾ ਘੋਲ ਲੜਿਆ। ਇੱਕ ਵਾਰ ਫਿਰ ਇੰਟਰਨੈਸ਼ਨਲ ਦੇ ਲੋਕ-ਜਮਹੂਰੀ ਇਨਕਲਾਬ ਦੇ ਕੰਮ ਨੂੰ ਪੂਰਾ ਕਰਨ ਦੇ ਸੱਦੇ ਪਿਛੋਂ ਲਾਲ ਪਾਰਟੀ ਸੀਪੀਆਈ ਵਿੱਚ ਲੀਨ ਹੋ ਗਈ। ਇਸੇ ਲਾਲ ਪਾਰਟੀ ਦੇ ਆਗੂ ਤੇਜਾ ਸਿੰਘ ਸੁਤੰਤਰ ਨੇ ਅਖੀਰ 1963 ਵਿੱਚ ਜਾ ਕੇ ਨੌਜਵਾਨਾਂ ਦਾ ਵੱਡਾ ਤੇ ਵਿਆਪਕ ‘ਨਹਿਰੂ ਬ੍ਰਿਗੇਡ’ ਬਣਾਉਣ ਦਾ ਸੱਦਾ ਦੇ ਦਿੱਤਾ।
ਬੋਧਿਕਤਾ ਦਾ ਇਹ ਸੰਕਟ ਇਕੱਲੀ ਭਾਰਤੀ ਕਮਿਉਨਿਸਟ ਪਾਰਟੀ ਦਾ ਹੀ ਨਹੀਂ ਸੀ। ਪੰਜਾਬ ਦੇ ਪ੍ਰਸੰਗ ਵਿੱਚ ਦੇਖਦਿਆਂ ਇਹ ਸੰਕਟ ਅੱਜ ਤੱਕ ਮਹਿਸੂਸ ਕੀਤਾ ਜਾ ਸਕਦਾ ਹੈ।
ਹੋਰ ਬਹੁਤ ਸਾਰੀਆਂ ਆਧੁਨਿਕ ਰਵਾਇਤਾਂ ਵਾਂਗ ਹੀ ਪੰਜਾਬ ਦਾ ਪਹਿਲਾ ਆਧੁਨਿਕ ਚਿੰਤਕ ਲਾਲਾ ਹਰਦਿਆਲ ਗ਼ਦਰ ਲਹਿਰ ਦੀ ਉਪਜ ਸੀ। ਮੌਲਿਕ ਚਿੰਤਨ ਦੀ ਇਸ ਪਰੰਪਰਾ ਨੇ ਸ਼ਹੀਦ ਭਗਤ ਸਿੰਘ ਨਾਲ ਆਪਣੀਆਂ ਸੰਭਾਵਨਾਵਾਂ ਨੂੰ ਪ੍ਰਗਟ ਕੀਤਾ। ਪ੍ਰੰਤੂ ਇਸ ਪਿੱਛੋਂ ਜਿਵੇਂ ਕਮਿਉਨਿਸਟ ਲਹਿਰ ਨੇ ਇਸਨੂੰ ਹੋਰ ਵਿਕਸਤ ਕਰਨਾ ਸੀ, ਉਹ ਨਾ ਕਰ ਸਕੀ। ਕਿਉਂ ਕਿ ਇਹ ਲਹਿਰ ਆਪਣੇ ਬਸਤੀਵਾਦੀ ਸਰੋਕਾਰਾਂ ਤੋਂ ਹੀ ਮੁਕਤ ਨਾ ਹੋ ਸਕੀ। ਕਾਮਰੇਡ ਗੰਧਰਵ ਸੋਨ ਨੇ ਲਹਿਰ ਦੀਆਂ ਇਹਨਾਂ ਕਮਜ਼ੋਰੀਆਂ ਦੇ ਕਾਰਨਾਂ ਨੂੰ ਫਰੋਲਦਿਆ ਲਿਖਿਆ ਹੈ:
ਇਸ ਸਾਰੀ ਘਾਟ ਤੇ ਕਮਜ਼ੋਰੀ ਦਾ ਕਾਰਨ ਮੈਨੂੰ ਸੂਝ ਦੀ ਘਾਟ ਨਜ਼ਟ ਆਉਂਦਾ ਸੀ। ਉਹ (ਕਮਿਉਨਿਸਟ) ਅਧਿਐਨ ਕਰਨਗੇ ਤਾਂ ਗੱਲ ਕਰਨ ਦਾ ਮਾਦਾ, ਵਿਵੇਕ ਉਹਨਾਂ ਵਿੱਚ ਆਵੇਗਾ। ਉਹ ਬੁਰੇ ਭਲੇ ਦੀ ਪਰਖ ਕਰ ਸਕਣਗੇ। ਆਪਣੇ ਇਤਿਹਾਸ ਨੂੰ ਸਮਝ ਸਕਣਗੇ। ਨਿਰੇ ਪੁਰੇ ਸਾਧ ਦੇ ਚੇਲਿਆਂ ਵਰਗੇ ਨਹੀਂ ਹੋਣਗੇ। ਉਹਨਾਂ ਦਾ ਜੀਵਨ ਵਿਗਿਆਨਕ ਦ੍ਰਿਸ਼ਟੀਕੋਣ ਵਾਲਾ ਹੋਵੇਗਾ।
ਇਹੀ ਰਾਹ ਮੌਲਿਕ ਚਿੰਤਨ ਦੀ ਗਵਾਚ ਗਈ ਪਰੰਪਰਾ ਨੂੰ ਮੁੜ ਖੋਜਣ ਦਾ ਰਾਹ ਵੀ ਹੈ।
ਸਾਹਿਤਕ ਮੈਗ਼ਜ਼ੀਨ ਫ਼ਿਲਹਾਲ ਦੇ ਅੰਕ 18 (ਪੰਨਾ 30-33) ਤੋਂ ਧੰਨਵਾਦ ਸਹਿਤ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply