ਗ਼ਜ਼ਲ ਦੇ ਵਿਦਿਆਰਥੀਓ ਅਤੇ ਪਾਠਕ ਸਾਥੀਓ, ਜਿਵੇਂ ਕਿ ਤੁਸੀ ਸਾਰੇ ਜਾਣਦੇ ਹੋ ਕਿ ਜਨਾਬ ਅਮਰਜੀਤ ਸਿੰਘ ਸੰਧੂ ਆਪਣੀ ਇਸ ਲੇਖ ਲੜੀ ਰਾਹੀਂ ਗ਼ਜ਼ਲ ਲਿਖਣ ਦੇ ਨੁਕਤੇ ਸਿਖਾ ਰਹੇ ਹਨ। ਇਸ ਉਪਰਾਲੇ ਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਵੀ ਲੇਖ-ਲੜੀ ਦੌਰਾਨ ਪਾਠਕਾਂ/ਸਿਖਿਆਰਥੀਆਂ ਦੇ ਮਨਾਂ ਵਿਚ ਸਵਾਲ ਸ਼ੰਕੇ ਹੋਣੇ ਵੀ ਕੁਦਰਤੀ ਵਰਤਾਰਾ ਹੈ। ਸੋ, ਅਸੀ ਇਸ ਸੰਵਾਦ ਦੀ ਪ੍ਰਕਿਰਿਆਂ ਨੂੰ ਵੀ ਸਹਿਜ ਰੂਪ ਵਿਚ ਚਲਾ ਰਹੇ ਹਾਂ। ਪਾਠ-2 ‘ਤੇ ਦਿੱਤੇ ਆਪਣੇ ਵਿਚਾਰ ਵਿਚ ਸਾਡੇ ਸੁਹਿਰਦ ਪਾਠਕ ਅਤੇ ਰਚਨਾਕਾਰ ਜਨਾਬ ਸੀ. ਐਸ. ਮਾਨ ਨੇ ਕੁਝ ਨੁਕਤੇ ਰੱਖੇ ਸਨ। ਅਮਰਜੀਤ ਸੰਧੂ ਹੁਰਾਂ ਨੇ ਉਸ ਬਾਰੇ ਆਪਣੇ ਵਿਚਾਰ ਦਿੱਤੇ ਹਨ।
੧. ਪੰਜਾਬੀ ਵਿਚ ਇਕ ਹੋਰ ਲਘੂ ਮਾਤਰਾ ਹੈ,ਜਿਸ ਨੂੰ ‘ ਮੁਕਤਾ” ਆਖਦੇ ਹਨ.ਕਿਉਂਕਿ ਇਸ ਦੇ ਲਈ ਕੋਈ ਚਿੰਨ ਨਹੀਂ,ਇਸ ਨੂੰ ਸਾਕਿਨ ਹਰਫ ਤੋਂ ਵੱਖ ਕਰਨਾ ਮੁਸ਼ਕਿਲ ਹੁੰਦਾ ਹੈ/ ਜਿਵੇਂ ਆਪ ਨੇ ‘ਕਰਮ’ ਬਾਰੇ ਦੱਸਿਆ ਹੈ;ਪਹਿਲਾ ਕਰਮ=੨੧ ਵਿਚ ਕ ਤੋਂ ਬਾਅਦ ਮੁਕਤਾ ਹੈ,ਤੇ ਰ ਤੇ ਮ ਦੋਨੋਂ ਸਾਕਿਨ;
ਦੂਸਰਾ ਕਰਮ=੧੨ ਵਿਚ ਕ ਤੇ ਰ ਦੋਨੋਂ ਤੇ ਮੁਕਤਾ ਹੈ ਤੇ ਮ ਸਾਕਿਨ
੨. ਅਰੂਜ਼ ਵਿਚ ਇਕਾਈ , syllable ਹੈ,ਜਿਸ ਤਰਾਂ ਉੱਤੇ ਕਰਮ; ਜਦ ਕਿ ਪਿੰਗਲ ਵਿਚ ਇਕਾਈ ਵਰਣ (ਤੇ ਉਸ ਦੀ ਮਾਤਰਾ) ਤੇ ਨਿਰਭਰ ਹੈ, ਜਿਵੇਂ ਕਰਮ (ਦੋਨੋਂ ਤਰਾਂ ਹੀ) ਨੂੰ ਤਿੰਨ ਲਘੂ ਗਿਣਿਆ ਜਾਂਦਾ ਹੈ; ਇਕ ਤਰਾਂ ਨਾਲ ਸਾਕਿਨ ਹਰਫਾਂ ਨੂੰ ਵੀ ਮੁਤਹਰਿਕ ਸਮਝ ਲਿਆ ਜਾਂਦਾ ਹੈ।
2· ਪਿਆਰੇ ਸੀ· ਐੱਸ· ਮਾਨ ਜੀਓ!
ਤੁਸਾਂ ਦੋ ਨੁਕਤੇ ਉਠਾ ਕੇ ਮੈਨੂੰ ਜਾਗਦੇ ਰਹਿਣ ਤੇ ਸਤਰਕ ਰਹਿਣ ਵਾਸਤੇ ਪ੍ਰੇਰਿਆ ਹੈ। ਦਾਸ ਧੰਨਵਾਦੀ ਹੈ। ਉਹਨਾਂ ਦੋਹਾਂ ਨੁਕਤਿਆਂ ਬਾਰੇ ਬੇਨਤੀ ਇਉਂ ਹੈ ਕਿ-
(ੳ) ਇਹ, ਸਾਕਿਨ-ਮੁਤਹੱਰਕ ਬਾਰੇ ਕੁਝ ਭੁਲੇਖੇ ਹਨ। ‘ਕਰਮ’ ਵਿੱਚ ਤਿੰਨੇਂ ਅੱਖਰ ਮੁਕਤੇ ਹਨ ਪਰ ਨਾ ਤਿੰਨੇਂ ਸਾਕਿਨ ਹਨ ਤੇ ਤਿੰਨੇਂ ਮੁਤਹੱਰਕ ਹਨ। ਸਗੋਂ ਜੇ ਤੁਸੀਂ ‘ਕਰਮ’ ਨੂੰ ‘ਕਰ+ਮ’ ਉਚਾਰਦੇ ਹੋ ਤਾਂ ਇਹ ਤਰਤੀਬ-ਵਾਰ ‘ਮੁਤਹੱਰਕ+ਸਾਕਿਨ+ਮੁਤਹੱਰਕ’ ਹੋਣਗੇ ਤੇ ਜੇ ਤੁਸੀਂ ਇਸ ਨੂੰ ‘ਕ+ਰਮ’ ਉਚਾਰਦੇ ਹੋ ਤਾਂ ਇਹ ‘ਮੁਤਹੱਰਕ+ਮੁਤਹੱਰਕ+ਸਾਕਿਨ ਹੋਣਗੇ। ਜਿਵੇਂ ਅੱਜ ਕੱਲ੍ਹ ਦੀ ਸਿਆਸਤ ਵਿੱਚ ਕੋਈ ਕਿਸੇ ਦਾ ਪੱਕੇ ਤੌਰ ‘ਤੇ ਨਾ ਦੋਸਤ ਹੁੰਦਾ ਹੈ ਤੇ ਨਾ ਪੁੱਕੇ ਤੌਰ ‘ਤੇ ਦੁਸ਼ਮਣ, ਇਹ ਤਾਂ ਹਾਲਾਤ ‘ਤੇ ਨਿਰਭਰ ਕਰਦਾ ਹੈ। ਇਸੇ ਤਰ੍ਹਾਂ ਕੋਈ ਅੱਖਰ ਵੀ ਪੱਕੇ ਤੌਰ ‘ਤੇ ਨਾ ਤਾਂ ਸਾਕਿਨ ਹੁੰਦਾ ਹੈ ਤੇ ਨਾ ਮੁਤਹੱਰਕ, ਇਹ ਤਾਂ ਅੱਖਰ ਦੀ ਸਥਿਤੀ ‘ਤੇ ਨਿਰਭਰ ਕਰਦਾ ਹੈ। ਸਾਕਿਨ-ਮੁਤਹੱਰਕ ਦੀ ਗੱਲ ਮੈਂ ਵਿਦਿਆਰਥੀਆਂ ਨੂੰ ਬਹੁਤ ਅੱਗੇ ਜਾ ਕੇ ਸਪਸ਼ਟ ਕਰਨੀ ਹੈ। ਸਿਖਿਆਰਥੀ ਸਿਲੇਬਸ ਅਨੁਸਾਰ ਚੱਲਣ, ਇਹੀ ਉਨ੍ਹਾਂ ਲਈ ਲਾਹੇਵੰਦ ਹੈ।
(ਅ) ਪਿੰਗਲ ਵਿੱਚ ਵੀ ਤੇ ਅਰੂਜ਼ ਵਿੱਚ ਵੀ ਉਚਾਰਨ ਦੀ ਛੋਟੀ ਤੋਂ ਛੋਟੀ ਇਕਾਈ ਇੱਕ ਅੱਖਰ (ਵਰਣ) ਹੀ ਹੈ। ‘ਕਰਮ’ ਵਿੱਚ ਤਿੰਨੇਂ ਅੱਖਰ ‘ਲਘੂ’ ਨਹੀਂ ਹਨ। ‘ਕਰ+ਮ’ ਵਿੱਚ ‘ਕਰ’ ਗੁਰੂ ਹੈ ਤੇ ‘ਮ’ ਲਘੂ ਹੈ। ਇਸੇ ਤਰ੍ਹਾਂ ‘ਕ+ਰਮ’ ਵਿੱਚ ‘ਕ’ ਲਘੂ ਹੈ ਤੇ ‘ਰਮ’ ਗੁਰੂ ਹੈ।
ਫਿਲਹਾਲ ਇਸ ਵਿਸ਼ੇ ਬਾਰੇ ਇਨ੍ਹੀ ਹੀ ਗੱਲ ਕਰਨੀ ਵਾਜਿਬ ਹੋਵੇਗੀ। ਸਮਾਂ ਆਉਣ ‘ਤੇ ਸਾਕਿਨ-ਮੁਤਹੱਰਕ ਬਾਰੇ ਇੰਨੀਂ ਚੰਗੀ ਤਰ੍ਹਾਂ ਸਮਝਾਵਾਂਗਾ ਕਿ ਤਸੱਲੀ ਹੋ ਜਾਵੇਗੀ।
ਮੇਰੀ ਅੱਧੀ-ਅਧੂਰੀ ਜਾਣਕਾਰੀ ਨੂੰ ਐਨਾਂ ਧਿਆਨ ਨਾਲ ਵਾਚਣ ਵਾਸਤੇ ਦਾਸ ਤੁਹਾਡਾ ਤਹਿਦਿਲੋਂ ਸ਼ੁਕਰ-ਗ਼ੁਜ਼ਾਰ ਹੈ ਜੀ।
Leave a Reply