ਪਾਸ਼ ਪੰਜਾਬੀ ਸਾਹਿਤ ਦਾ ਧਰੂ ਤਾਰਾ ਹੈ। ਉਸਦੀ ਕਵਿਤਾ ਦੀ ਲਿਸ਼ਕੋਰ ਅੱਜ ਵੀ ਬਰਕਰਾਰ ਹੈ। ਇਹ ਲਿਸ਼ਕੋਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਚਕਾਚੌਂਧ ਕਰਦੀ ਰਹੇਗੀ। ਇਸ ਦਾ ਵੱਡਾ ਕਾਰਨ ਉਸਦੀ ਕਵਿਤਾ ਦਾ ਪੰਜਾਬੀ ਸੱਭਿਆਚਾਰ, ਇਤਿਹਾਸ ਅਤੇ ਇਨਕਲਾਬੀ ਵਿਰਸੇ ਨਾਲ ਜੁੜਿਆ ਹੋਣਾ ਹੈ। ਉਸਦੇ ਬਿਆਨ ਵਿੱਚ ਬੇਬਾਕੀ ਹੈ, ਮਨਮਸਤਕ ਵਿੱਚ ਸੱਚ, ਸੁੱਚ ਅਤੇ ਸ਼ੁੱਧਤਾ ਹੈ। ਉਸਦੀ ਕਵਿਤਾ ਵਿੱਚ ਰੋਸ਼ਨੀ ਭਾਵ ਚੇਤਨਾ ਸਮੋਈ ਹੋਈ ਹੈ। ਉਹ ਸਿੱਧੀ ਸਪਾਟ ਗੱਲ ਕਹਿੰਦਾ ਹੋਇਆ ਵੀ ਕਾਵਿਕ ਅੰਸ਼ਾਂ ਨੂੰ ਮਰਨ ਨਹੀ ਦਿੰਦਾ, ਸਗੋਂ ਕਵਿਤਾ ਨੂੰ ਕਾਇਮ ਰੱਖਦਾ ਹੈ। ਆਮ ਜਨ-ਜੀਵਨ ਵਿਚਲੇ ਬਿੰਬਾਂ ਦੀ ਵਰਤੋਂ ਕਰਦਾ ਹੈ। ਫ਼ਜ਼ੂਲ ਕਿਸਮ ਦੇ ਬਿੰਬਾਂ ਤੇ ਸਿੰਬਲੀਆਂ ਦਾ ਸਹਾਰਾ ਨਹੀਂ ਲੈਂਦਾ। ਏਹੀ ਉਸਦੀ ਕਵਿਤਾ ਦਾ ਕਮਾਲ ਹੈ। ਪਾਸ਼ ਅਤੇ ਉਸ ਦੇ ਸਮਕਾਲੀ ਜੁਝਾਰਵਾਦੀ ਸ਼ਾਇਰਾਂ ਨੇ ਖੜੋਤ ਦੀ ਸ਼ਿਕਾਰ ਪ੍ਰਗਤੀਵਾਦੀ ਕਵਿਤਾ ਨੂੰ ਹਲੂਣਿਆ ਸੀ, ਪ੍ਰਯੋਗਵਾਦੀ ਕਵਿਤਾ ਦੇ ਅੱਥਰੇ ਵੇਗ ਨੂੰ ਠੱਲ੍ਹ ਪਾਈ ਸੀ ਅਤੇ ‘ਰਾਜੇ ਸ਼ੀਂਹ ਮੁਕੱਦਮ ਕੁੱਤੇ’ ਦੀ ਸੁਰ ਅਲਾਪਣ ਵਾਲੀ ਅਤੇ ਸਥਾਪਤੀ ਨਾਲ ਸਿਂਧਾ ਆਢਾ ਲੈਣ ਵਾਲੀ ਬਿਲਕੁਲ ਨਵੀਂ ਨਕੌਰ ਕਵਿਤਾ ਨੂੰ ਜਨਮ ਦਿਂਤਾ ਸੀ। ਦਰਅਸਲ ਨਕਸਲਬਾੜੀ ਦੌਰ ਦੀ ਜੁਝਾਰਵਾਦੀ ਕਵਿਤਾ ਦੇ ਉਕਤ ਇਹ ਪ੍ਰਮੁੱਖ ਲੱਛਣ ਹਨ ਤੇ ਪਾਸ਼ ਇਸ ਲਹਿਰ ਦੀ ਕਵਿਤਾ ਦਾ ਚਿੰਨ੍ਹ ਬਣ ਕੇ ਉਭਰਿਆ ਸੀ।ਛੋਟੀ ਉਮਰ ਦਾ ਇਹ ਪੰਜਾਬੀ ਸ਼ਾਇਰ ਛੋਟੇ ਜਿਹੇ ਅਰਸੇ ਵਿੱਚ ਹੀ ਸਾਹਿਤ ਦੇ ਅਸਮਾਨ ਉਂਤੇ ਚਮਕਣ ਲੱਗ ਪਿਆ ਸੀ। ਉਸਦੀ ਆਪਣੀ ਚਮਕ ਹੋਰਨਾਂ ਨੂੰ ਰੋਸ਼ਨੀ ਵੰਡਦੀ ਸੀ। ਕਾਲੇ ਦੌਰ ਵਿੱਚ ਬਲੈਕ ਹੋਲ ਅਨੇਕਾਂ ਤਾਰਿਆਂ ਨੂੰ ਨਿਗਲ ਗਏ। ਉਸਨੇ ਹਨੇਰੇ ਨਾਲ ਸਮਝੌਤਾ ਨਾ ਕੀਤਾ ਤੇ 37 ਸਾਲੇ ਪੰਜਾਬ ਦੇ ਇਸ ਲੋਰਕੇ ਨੂੰ ਵੀ ਬਲ਼ੈਕ ਹੋਲ ਨਿਗਲ ਗਏ। ਤਾਰੇ ਜੰਮਦੇ ਮਰਦੇ ਰਹਿੰਦੇ ਹਨ। ਪਰ ਉਨ੍ਹਾਂ ਦੀ ਰੋਸ਼ਨੀ ਖ਼ਤਮ ਨਹੀਂ ਹੁੰਦੀ। ਉਹ ਹਨੇਰਿਆਂ ਨੂੰ ਚੀਰ ਕੇ ਵੀ ਆਪਣੀ ਹੋਂਦ ਬਣਾ ਕੇ ਰੱਖਦੀ ਹੈ। ਇਸੇ ਰੋਸ਼ਨੀ ਦਾ ਨਾਂ ਪਾਸ਼ ਸੀ। ਆਮ ਜੀਵਨ ਵਿੱਚ ਫ਼ੈਲੇ ਹੋਏ ਘੋਰ ਆਰਥਿਕ ਸੰਕਟ ਨੂੰ, ਇਸ ਸੰਕਟ ਕਾਰਨ ਉਪਜੇ ਦੁਖਾਂਤ ਨੂੰ ਅਤੇ ਚੰਗੀਆਂ ਜੀਵਨ ਹਾਲਤਾਂ ਲਈ ਸੰਘਰਸ਼ ਨੂੰ ਜਿਸ ਸ਼ਿੱਦਤ ਨਾਲ ਪਾਸ਼ ਨੇ ਆਪਣੀ ਚੇਤਨਾ ਦਾ ਅੰਗ ਬਣਾਇਆ ਸੀ। ਉਸ ਨਾਲ ਉਹ ਲੋਕਾਂ ਦਾ ਲਾਡਲਾ ਸ਼ਾਇਰ ਬਣਿਆ ਹੋਇਆ ਹੈ। ਉਹ ਪੰਜਾਬੀ ਭਾਸ਼ਾ ਦਾ ਵੱਡਾ ਕਵੀ ਤੇ ਮਿੱਥ ਇਸੇ ਕਰਕੇ ਬਣਿਆ ਹੈ ਕਿਉਂਕਿ ਉਸਨੇ ਪੰਜਾਬੀ ਕਵਿਤਾ ਨੂੰ ਨਵੇਂ ਮੁਹਾਣ ਵੱਲ ਮੋੜਿਆ ਸੀ। ਕਵੀ ਤਾਂ ਹੋਰ ਵੀ ਵਡੇਰੇ ਕੱਦ ਵਾਲੇ ਹੋਏ ਹਨ ਪਰ ਪਾਸ਼ ਦਾ ਵਡੱਪਣ ਇਤਿਹਾਸ, ਨਾਬਰੀ ਤੇ ਬਰਾਬਰੀ ਦਾ ਸ਼ਾਇਰ ਹੋਣ ਕਰਕੇ ਹੈ। ਉਸਦੀ ਕਵਿਤਾ ਦੀ ਅਸਲ ਤਾਕਤ ਵੀ ਇਸੇ ਵਿੱਚ ਪਈ ਹੈ। ਉਹ ਸਥਾਪਤ ਰਾਜ ਸੱਤਾ ਤੇ ਉਸਦੇ ਸਾਰੇ ਤੰਤਰ ਪ੍ਰਤੀ ਨਾਬਰੀ ਅਤੇ ਦੂਸਰੇ ਪਾਸੇ ਸਮੂਹ ਇਨਸਾਨਾਂ ਦਰਮਿਆਨ ਬਰਾਬਰੀ ਦਾ ਸੰਕਲਪ ਲੈ ਕੇ ਆਉਂਦਾ ਹੈ। ਇਹ ਵਿਸ਼ੇਸ਼ਤਾ ਹੀ ਉਸਨੂੰ ਦੂਜੇ ਕਵੀਆਂ ਦੇ ਮੁਕਾਬਲੇ ਵੱਧ ਇੱਜ਼ਤ ਬਖ਼ਸ਼ਦੀ ਹੈ ਅਤੇ ਵੱਧ ਪਛਾਣ ਦਿੰਦੀ ਹੈ। ਇਹ ਪਛਾਣ ਉਸਨੂੰ ਕਦੇ ਖੇਤਾਂ ਦਾ ਪੁੱਤ ਕਹਾਉਂਦੀ ਹੈ ਅਤੇ ਕਦੀ ਖੁੱਲ੍ਹੀ ਕਵਿਤਾ ਦਾ ਬਾਦਸ਼ਾਹ। ਉਹ ਚੇਤਨਾ ਦਾ ਕਵੀ ਹੈ। ਦਰਅਸਲ ਜਿਹੜੀ ਚੇਤਨਾ ਪਾਸ਼ ਜਾਂ ਉਸਦੇ ਸਮਕਾਲੀ ਜੁਝਾਰਵਾਦੀ ਕਵੀਆਂ (ਜਿਵੇਂ ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਦਰਸ਼ਨ ਖਟਕੜ, ਹਰਭਜਨ ਹਲਵਾਰਵੀ ਆਦਿ) ਕੋਲ ਹੈ ਉਹ ਹੋਰ ਕਵੀਆਂ ਦੇ ਹਿੱਸੇ ਨਹੀਂ ਆਈ।ਪਾਸ਼ ਦੀ ਕਵਿਤਾ ਦਾ ਪੰਜਾਬ ਦੇ ਇਤਿਹਾਸ ਨਾਲ ਗਹਿਰਾ ਨਾਤਾ ਹੈ। ਉਹਦੀ ਕਵਿਤਾ ਚਾਹੇ ਇਤਿਹਾਸਕ ਘਟਨਾਵਾਂ ਦੁਆਲੇ ਘੁੰਮੇ ਤੇ ਚਾਹੇ ਆਮ ਆਦਮੀ ਦੁਆਲੇ, ਪਰ ਉਨ੍ਹਾਂ ਦਾ ਕੇਂਦਰ ਬਿੰਦੂ ਇਤਿਹਾਸ ਹੀ ਹੁੰਦਾ ਹੈ। ਪਾਸ਼ ਦੀ ਵਿਸ਼ੇਸਤਾ ਇਹ ਰਹੀ ਹੈ ਕਿ ਉਹ ਜਿਥੇ ਇਤਿਹਾਸ/ਮਿਥਿਹਾਸ ਨੂੰ ਕਵਿਤਾ ਦਾ ਸ਼ਿੰਗਾਰ ਬਣਾਉਂਦਾ ਹੈ, ਉਥੇ ਉਹ ਆਪਣੇ ਸਮਿਆਂ ਨੂੰ ਕਲੇਵਰ ਵਿਚ ਲੈਂਦਾ ਹੋਇਆ ਉਸ ਦੌਰ ਨੂੰ ਵੀ ਇਤਿਹਾਸਕ ਬਣਾ ਦਿੰਦਾ ਹੈ। ਉਦਾਹਰਣ ਦੇ ਤੌਰ ਤੇ ‘ਕਾਮਰੇਡ ਨਾਲ ਗੱਲਬਾਤ’ ਤਹਿਤ ਉਸਨੇ ਛੇ ਕਵਿਤਾਵਾਂ ਲਿਖੀਆਂ ਹੋਈਆ ਹਨ। ਉਪਰੀ ਨਜ਼ਰੇ ਦੇਖਣ ਨੂੰ ਇਹ ਕਵਿਤਾਵਾਂ ਪ੍ਰੋ: ਹਰਭਜਨ ਸਿੰਘ ਉਂਤੇ ਲਿਖੀਆਂ ਹੋਈਆਂ ਲੱਗਦੀਆਂ ਹਨ। ਪੰਜਾਬ ਵਿੱਚੋਂ ਉਸਦਾ ਲੰਮੇ ਸਮੇਂ ਲਈ ਲਾਪਤਾ ਹੋਣਾ, ਪਰਿਵਾਰ ਦਾ ਘਰੋਂ ਬੇਘਰ ਹੋਣਾ, ਉਸਦੀ ਮਾਂ ਦੀ ਖੁਦਕਸ਼ੀ, ਸਾਥੀਆਂ ਦੀ ਸ਼ਹਾਦਤ, ਉਸਦਾ ਪੁਲਸ ਮੁਕਾਬਲੇ ਵਿੱਚ ਮਾਰੇ ਜਾਣ ਦੀਆਂ ਖ਼ਬਰਾਂ, ਪਾਰਟੀ ਦਾ ਖੇਰੂੰ-ਖੇਰੂੰ ਹੋਣਾ, ਉਸ ਸਮੇਂ ਦੀ ਨਕਸਲੀਆਂ ਦੀ ਸਥੀਤੀ, ਖਹਿ-ਮਖਹਿ ਅਤੇ ਰਾਜਨੀਤਕ ਲਾਈਨ ਨਾਲ ਸਬੰਧਤ ਬਹੁਤ ਸਾਰੇ ਸੰਦਰਭ ਅਤੇ ਪਹਿਲੂ ਹਨ।• ਕਾਮਰੇਡ, ਇਹ ਬੁਰਜਆਜ਼ੀ-ਜਾਣਦੈ? ਸ਼ਰਾਬ ਵਾਂਗ ਪੁਰਾਣੀ ਹੋ ਗਈ ਹੈ, ਤੇ ਅਸੀਂ ਮਾਸ ਦੇ ਟੁਕੜੇ ਵਾਂਗ।• ਕਿ ਮਹਾਨ ਏਂਗਲਜ ਦੀ ‘ਮਾਲਕੀ-ਟੱਬਰ ਤੇ ਰਿਆਸਤ’ ਆਪਾਂ ‘ਕੱਠਿਆਂ ਪੜ੍ਹੀ ਸੀ। ਤੂੰ ਉਸ ਦਿਨ ਕਿਰਦੀ ਜਾਂਦੀ ਮਾਲਕੀ ਤੇ ਥੁੱਕਿਆ ਟੱਬਰ ਨੂੰ ਵਿਦਾ ਆਖ ਕੇ ਰਿਆਸਤ ਨੂੰ ਸਿੱਝ੍ਹਣ ਚਲਾ ਗਿਆ। ਅਤੇ ਮੈਂ ਘਰ ਦਿਆਂ ਖਣਾਂ ‘ਚੋਂ ਕਿਰਦੇ ਘੁਣ ਦਾ ਰਾਜ ਸੱਤਾ ਵਾਂਗ ਮੁਕਾਬਲਾ ਕਰਦਿਆਂ ਸ਼ਬਦ ‘ਟੱਬਰ’ ‘ਚੋਂ ਅਰਥਾਂ ਨੂੰ ਨਿਕਲ ਜਾਣ ਤੋਂ ਵਲਦਾ ਰਿਹਾ।• ਜਿਸਨੂੰ ਬੇਸਹਾਰਾ ਛੱਡ ਗਿਆ ਸੈਂ ਟੁੱਟਦੇ ਸਾਹਾਂ ਚ ਮੈਂ ਉਸ ਬਦਨਸੀਬ ਘਰ ਦੇ ਅਘਰ ਹੋਣ ਦੇ ਸਫ਼ਰ ਵਿੱਚ ਸ਼ਾਮਲ ਰਿਹਾ ਹਾਂ।• ਮੈਂ ਸਟੇਟ ਨੂੰ ਤੱਕਿਆ ਹੈ ਲੋਕਾਂ ਆਸਰੇ ਲੜਦਿਆਂ ਕਦੇ ਲੋਕਾਂ ਨਾਲ, ਕਦੇ ਲੋਕਾਂ ਲਈ। ਮੈਂ ਦੇਖੇ ਨੇ ਅਰਸਤੂ ਤੇ ਸਟਾਲਿਨ ਸਦੀਆਂ ਲੰਮੇ ਯੁੱਧ ਲੜਦੇ।• ਤੇ ਸ਼ਬਦ ਸ਼ਠਅਠਓ ਵਿੱਚ ਦੋਹਾਂ ‘ਚੋਂ ਤੈਨੂੰ ਕਿਹੜੀ ‘ਠ’ ਪਸੰਦ ਹੈ ਕਾਮਰੇਡ ? ਅਫਲਾਤੂਨ ਦਾ ਗਣ ਰਾਜ ਅਰਸਤੂ ਦਾ ਰਾਜ-ਧਰਮ ਤੇ ਟ੍ਰਾਟਸਕੀ ਦੀ ਪੁੜਪੁੜੀ ‘ਚ ਖੁੱਭੀ ਕਾਮਿਨਟ੍ਰਨ ਦੀ ਕੁਹਾੜੀ ਕਾਮਰੇਡ, ਤੈਨੂੰ ਤਿੰਨਾਂ ਦੀ ਕੋਈ ਸਕੀਰੀ ਦਿਸਦੀ ?• ਕਾਮਰੇਡ ਕੀ ਬਣੇਗਾ ਉਸ ਦਿਨ ਜੇ ਕਦੀ ਰਾਜ ਸੱਤਾ ਖੋਹਣ ਦੀ ਹਸਰਤ ਨੂੰ ਇੰਝ ਤੱਕਣਾ ਪਿਆ, ਜਿਵੇਂ ਕੋਈ ਬਿਰਧ ਜੋੜੀ ਹਾਰੇ ਗਏ ਅੰਗਾਂ ‘ਚੋ’ ਲੋਚੇ ਚੰਦਰਮਾ ਫੜਨਾ ਜੋ ਮੁਕਲਾਵੇ ਦੇ ਪਹਿਲੇ ਤੜਕੇ ਅੰਦਰ ਅਸਤ ਹੋਇਆ ਸੀ• ਪਰੂੰ ਜੋ ਡੁੱਬ ਕੇ ਮਰੀ ਸੀ ਪਿੰਡ ਦੇ ਛੱਪੜ ‘ਚ ਉਹ ਮਾਂ ਨਹੀ ਸੀ ਐਵੇਂ ਨੀਲੀ ਛੱਤ ‘ਚੋਂ ਇੱਟ ਉਂਖੜ ਕੇ ਜਾ ਪਈ ਸੀ ਮਾਂ ਤਾਂ ਪਹਿਲੇ ਛਾਪੇ ਤੇ ਹੀ ਗੋਰਕੀ ਦੇ ਨਾਵਲ ਵਿੱਚ ਤਰਨ ਦੀ ਕੋਸ਼ਿਸ਼ ਕਰਦੀ ਰਹੀ ਪੁਲਸ ਦੀ ਪਹੁੰਚ ਤੋਂ ਭੱਜ ਨਿਕਲੀ ਸੀ।ਜੇ ਉਕਤ ਸਤਰਾਂ ਸਮੇਤ ਛੇ ਕਵਿਤਾਵਾਂ ਦਾ ਪਾਠ ਕੀਤਾ ਜਾਵੇ ਤਾਂ ਇਹ ਪੂਰੇ ਇੱਕ ਦਹਾਕੇ ਦਾ ਇਤਿਹਾਸਕ ਚਿਤਰਣ ਹੈ। ਨਕਸਲੀ ਲਹਿਰ ਦਾ ਵਿਸ਼ਲੇਸ਼ਣ ਹੈ। ਉਦੋਂ ਹਥਿਆਰਬੰਦ ਲਹਿਰ ਦਾ ਜ਼ੋਰ ਲੱਗ ਚੁੱਕਾ ਸੀ। ਪ੍ਰੋ: ਹਰਭਜਨ ਸਿੰਘ ਦੀ ਮਾਂ ਖੁਦਕਸ਼ੀ ਕਰ ਗਈ ਸੀ। ਬਹੁਤ ਸਾਰੇ ਨਕਸਲੀ ਕਾਰਕੁੰਨ ਪੁਲਿਸ ਨੇ ਮਾਰ ਦਿੱਤੇ ਸਨ ਜਾਂ ਕਿਧਰੇ ਖਪਾ ਦਿੱਤੇ ਸਨ ਜਾਂ ਜੇਲ੍ਹਾਂ ਵਿੱਚ ਸੜਨ ਲਈ ਸੁੱਟ ਦਿੱਤੇ ਸਨ। ਕੁਝ ਯੋਧੇ ਆਪਣੇ ਨਿਸ਼ਾਨੇ ਤੇ ਦ੍ਰਿੜ ਸਨ। ਉਦੋਂ ਪਾਸ਼ ਕਾਮਰੇਡ ਨੂੰ ਸੰਬੋਧਨ ਹੁੰਦਾ ਹੈ। ਉਹ ਪਿੰਡ, ਇਲਾਕੇ ਅਤੇ ਪੰਜਾਬ ਦੀ ਲਹਿਰ ਅਤੇ ਕਮਿਉਨਿਸਟ ਮੁਲਕਾਂ ਦੀਆਂ ਨੀਤੀਆਂ ਦਾ ਲੇਖਾ ਜੋਖਾ ਕਰਦਾ ਹੈ। ਇਸ ਕਵਿਤਾ ਵਿੱਚ ਲੱਗਦਾ ਹੈ ਕਿ ਪਾਸ਼ ਨੇ ਨਕਸਲੀ ਲਹਿਰ ਵੱਲ ਪਿੱਠ ਕਰ ਲਈ ਹੈ। ਉਹ ਆਪਾ ਪੜਚੋਲ ਤੇ ਹੈ। ਉਸਨੇ ਬੁਹਤ ਸਾਰੇ ਸਵਾਲ ਉਠਾਏ ਸਨ ਜਿਵੇਂ:-1. ਮਾਰਕਸੀ ਵਿਚਾਰਧਾਰਾ ਬਾਹਰਲੇ ਮੁਲਕ ਤੋਂ ਆਈ ਸੀ। ਅਸੀਂ ਸਥਾਨਕ ਨਾਇਕ ਕਿਉਂ ਨਹੀ ਉਸਾਰ ਸਕੇ ? 2. ਉਦੋਂ ਨਕਸਲੀਆਂ ਨੇ ਸੋਵੀਅਤ ਸੰਘ ਨੂੰ ਕਮਿਉਨਿਸਟ ਮੁਲਕ ਵਜੋਂ ਰੱਦ ਕਰ ਦਿੱਤਾ ਸੀ। ਪਰ ਚੀਨ ਦਾ ਰਾਹ-ਸਾਡਾ ਰਾਹ ਦਾ ਨਾਅਰਾ ਲਾਇਆ ਸੀ। ਅੱਜ ਚੀਨ ਵੀ ਕਮਿਊਨਿਸਟ ਦੇਸ਼ ਨਹੀ ਰਿਹਾ ਕਿਉਂ? 3. ਟ੍ਰਾਟਸਕੀ ਦੇ ਰੋਲ ਬਾਰੇ ਵੀ ਪਾਸ਼ ਕਾਮਰੇਡਾਂ ਨੂੰ ਅਖਰਦਾ ਸੀ।ਹੁਣ ਨਕਸਲੀ ਲਹਿਰ ਦਾ ਸੱਤਰ ਵਾਲਾ ਤਾਅ ਨਹੀਂ ਰਿਹਾ। ਬਹੁਤ ਸਮਾਂ ਲੰਘ ਗਿਆ ਹੈ। ਪਾਸ਼ ਦੇ ਉਠਾਏ ਸਵਾਲ ਵਿਚਾਰਨੇ ਚਾਹੀਦੇ ਹਨ। ਉਦੋਂ ਇਨ੍ਹਾਂ ਸਵਾਲਾਂ ਨੂੰ ਪਾਸੇ ਰੱਖਿਆ ਹੋਇਆ ਸੀ। ਐਨੀਆਂ ਕੁਰਬਾਨੀਆਂ ਤੇ ਸਿਦਕਾਂ ਤੇ ਬਾਵਜੂਦ ਲਹਿਰ ਖਿੰਡ ਪੁੰਡ ਗਈ। ਇਹ ਗੱਲਾਂ ਸੁੱਟ ਦੇਣ ਵਾਲੀਆਂ ਨਹੀ ਹਨ।ਉਸ ਦੀਆਂ ਤਿੰਨ ਕਵਿਤਾਵਾਂ ‘ਬੇਦਖ਼ਲੀ ਲਈ ਬਿਨੈ-ਪੱਤਰ’, ‘ਧਰਮ ਦੀਕਸ਼ਾ ਲਈ ਬਿਨੈ-ਪੱਤਰ’ ਅਤੇ ‘ਸਭ ਤੋਂ ਖ਼ਤਰਨਾਕ’ ਵੀ ਇਤਿਹਾਸਕ ਪਰਿਪੇਖ ਵਿੱਚ ਰੱਖ ਕੇ ਵਿਚਾਰਨੀਆਂ ਚਾਹੀਦੀਆਂ ਹਨ।• ਮੈਂ ਉਮਰ ਭਰ ਉਸਦੇ ਖ਼ਿਲਾਫ਼ ਸੋਚਿਆ ਤੇ ਲਿਖਿਆ ਜੇ ਉਸ ਦੇ ਸੋਗ ਵਿੱਚ ਸਾਰਾ ਹੀ ਦੇਸ਼ ਸ਼ਾਮਿਲ ਹੈ ਤਾਂ ਇਸ ਦੇਸ਼ ‘ਚੋਂ ਮੇਰਾ ਨਾਮ ਕੱਟ ਦੇਵੋ।• ਤੇ ਠੀਕ ਏਸੇ ਸਰਦ ਹਨੇਰੇ ਵਿੱਚ ਸੁਰਤ ਸੰਭਾਲਣ ਤੇ ਜੀਣ ਦੇ ਨਾਲ ਨਾਲ ਜਦ ਪਹਿਲੀ ਵਾਰ ਇਸ ਜੀਵਨ ਬਾਰੇ ਸੋਚਣਾ ਸ਼ੁਰੂ ਕੀਤਾ ਮੈਂ ਖ਼ੁਦ ਨੂੰ ਇਸ ਕਤਲ ਦੀ ਸਾਜ਼ਿਸ਼ ਵਿੱਚ ਸ਼ਰੀਕ ਪਾਇਆ• ਮੈਂ ਸਦਾ ਹੀ ਉਸਨੂੰ ਕਤਲ ਕੀਤਾ ਹੈ ਹਰ ਵਾਕਿਫ਼ ਜਣੇ ਦੀ ਹਿੱਕ ‘ਚੋ’ ਲੱਭ ਕੇ ਜੇ ਉਸਦੇ ਕਾਤਲਾਂ ਨੂੰ ਇੰਜ ਹੀ ਸੜਕਾਂ ਤੇ ਸਿਝ੍ਹਣਾ ਹੈ ਤਾਂ ਬਣਦੀ ਸਜ਼ਾ ਮੈਨੂੰ ਵੀ ਮਿਲੇ। (‘ਬੇਦਖ਼ਲੀ ਲਈ ਬਿਨੈ-ਪੱਤਰ’ ਵਿੱਚੋਂ)• ਮੇਰਾ ਇੱਕੋ ਈ ਪੁੱਤ ਹੈ ਧਰਮ-ਗੁਰੂ! ਉਂਝ ਭਲਾ ਸੱਤ ਵੀ ਹੁੰਦੇ ਉਨ੍ਹਾਂ ਤੇਰਾ ਕੁਝ ਨਹੀਂ ਕਰ ਸਕਣਾ ਸੀ ਤੇਰੇ ਬਾਰੂਦ ਵਿੱਚ ਰੱਬੀ ਮਹਿਕ ਹੈ ਤੇਰਾ ਬਾਰੂਦ ਰਾਤਾਂ ਨੂੰ ਰੌਣਕਾਂ ਵੰਡਦਾ ਹੈ ਤੇਰਾ ਬਾਰੂਦ ਰਾਹੋਂ ਭਟਕਿਆਂ ਨੂੰ ਸੇਧਦਾ ਹੈ ਮੈਂ ਤੇਰੀ ਆਸਤਕ ਗੋਲੀ ਨੂੰ ਆਰਗ ਦਿਆ ਕਰਾਂਗੀ ਮੇਰਾ ਇੱਕੋ ਈ ਪੁੱਤ ਹੈ ਧਰਮ-ਗੁਰੂ! ਤੇ ਮਰਦ ਵਿਚਾਰਾ ਸਿਰ ਤੇ ਨਹੀਂ ਰਿਹਾ। (‘ਧਰਮ ਦੀਕਸ਼ਾ ਲਈ ਬਿਨੈ-ਪੱਤਰ’ ਵਿੱਚੋ)• ਸਭ ਤੋਂ ਖ਼ਤਰਨਾਕ ਹੁੰਦਾ ਹੈ ਮੁਰਦਾ ਸ਼ਾਤੀ ਨਾਲ ਭਰ ਜਾਣਾ, ਨਾ ਹੋਣਾ ਤੜਪਦਾ, ਸਭ ਸਹਿਣ ਕਰ ਜਾਣਾ ਘਰਾਂ ਤੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਜਾਣਾ, ਸਭ ਤੋਂ ਖ਼ਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। (‘ਸਭ ਤੋਂ ਖ਼ਤਰਨਾਕ’ ਵਿੱਚੋਂ)ਪਾਸ਼ ਦੀ ਮੌਤ ਤੋਂ ਪਹਿਲਾ ਛਪੀਆਂ ਉਸਦੀਆਂ ਇਹ ਤਿੰਨ ਕਵਿਤਾਵਾਂ ਮਹੱਤਵਪੂਰਨ ਵੀ ਹਨ ਅਤੇ ਉਸਦੀ ਸਿਆਸੀ ਸੋਚ ਨੂੰ ਵੀ ਦਰਸਾਉਂਦੀਆਂ ਹਨ। ਇਹ ਕਵਿਤਾਵਾਂ ਪੰਜਾਬ ਦੇ ਕਾਲੇ ਦੌਰ ਦਾ ਦੁਖਾਂਤਕ ਇਤਿਹਾਸ ਹਨ, ਜਿਸ ਦੌਰ ਵਿੱਚ ਪੰਜਾਬ ਲਹੂ-ਲੁਹਾਣ ਹੋਇਆ ਪਿਆ ਸੀ। ਉਦੋਂ ਪੰਜਾਬ ਵਿੱਚ ਵਾਪਰਦੀਆਂ ਘਟਨਾਵਾਂ ਪਾਸ਼ ਲਈ ਸਦਮੇ ਤੇ ਪ੍ਰੇਸ਼ਾਨੀ ਦਾ ਕਾਰਨ ਬਣੀਆਂ ਸਨ। ਤਾਂ ਹੀ ਉਸਨੇ ‘ਸੰਤਾਂ’ ਤੇ ਧਰਮ ਦੀਕਸ਼ਾ ਲਈ ਬਿਨੈ ਪੱਤਰ ਲਿਖਿਆ ਸੀ। ਜਿਸ ਵਿੱਚ ਉਸਨੇ ਕਤਲਾਂ ਕਾਰਨ ਉਜੱੜ ਰਹੇ ਪੰਜਾਬ ਦੀ ਦੁਰਦਸ਼ਾ ਬਿਆਨ ਕੀਤੀ ਸੀ। ਉਨ੍ਹਾਂ ਦਿਨਾਂ ਵਿੱਚ ਹੀ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਹੋ ਗਿਆ। ਫ਼ੇਰ ਉਸਨੇ ‘ਬੇਦਖ਼ਲੀ ਲਈ ਬਿਨੈ-ਪੱਤਰ’ ਲਿਖਿਆ। ਪ੍ਰਧਾਨ ਮੰਤਰੀ ਦੇ ਕਤਲ ਦੇ ਸੋਗ ਵਿੱਚ ਡੁੱਬੇ ਦੇਸ਼ ਵਾਸੀਆਂ ਵਿੱਚੋਂ ਆਪਣਾ ਨਾਂ ਕੱਟਣ ਦੀ ਗੁਹਾਰ ਲਾਈ ਸੀ ਅਤੇ ਖੁਦ ਨੂੰ ਕਤਲ ਵਿੱਚ ਸ਼ਾਮਿਲ ਦੱਸਿਆ ਸੀ। ਜਿੱਥੇ ਪਾਸ਼ ਫ਼ਿਕਰਾਪ੍ਰਸਤ ਤਾਕਤਾਂ ਦਾ ਜ਼ਬਰਦਸਤ ਵਿਰੋਧ ਕਰ ਰਿਹਾ ਸੀ, ਉਥੇ ਉਹ ਰਾਜ ਸੱਤਾ ਨੂੰ ਵੀ ਲੰਮੇ ਹੱਥੀ ਲੈ ਰਿਹਾ ਸੀ। ਨਾਲ ਹੀ ‘ਸਭ ਤੋਂ ਖ਼ਤਰਨਾਕ’ ਕਵਿਤਾ ਉਨ੍ਹਾਂ ਲੋਕਾਂ ਤੇ ਲਿਖ ਰਿਹਾ ਸੀ ਜੋ ਉਸ ਦੌਰ ਵਿੱਚ ਚੁੱਪ ਕਰ ਗਏ ਸਨ ਅਤੇ ਇਨਕਲਾਬ ਕਰਨ ਦਾ ਸੁਪਨਾ ਛੱਡ ਗਏ ਸਨ।• ਜਿਨ੍ਹਾਂ ਨੇ ਤੱਕੀਆਂ ਹਨ ਕੋਠਿਆਂ ਤੇ ਸੁੱਕਦੀਆਂ ਸੁਨਹਿਰੀ ਛੱਲੀਆਂ ਤੇ ਨਹੀਂ ਤੱਕੇ ਮੰਡੀ ‘ਚ ਸੁੱਕਦੇ ਭਾਅ ਉਹ ਕਦੇ ਨਹੀਂ ਸਮਝ ਸਕਣ ਲੱਗੇ ਕਿ ਕਿਵੇਂ ਦੁਸ਼ਮਣੀ ਹੈ ਦਿੱਲੀ ਦੀ ਉਸ ਹੁਕਮਰਾਨ ਔਰਤ ਦੀ ਉਸ ਪੈਰੋਂ ਨੰਗੀ ਪਿੰਡ ਦੀ ਸੋਹਣੀ ਕੁੜੀ ਨਾਲ।• ਮੇਰੇ ਤੋਂ ਆਸ ਨਾ ਰੱਖਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸੁਆਦਾਂ ਦੀ ਗੱਲ ਕਰਾਂਗਾ• ਮੁੰਡਿਓ, ਮੈਂ ਵੀ ਕਦੇ ਤੁਹਾਡੇ ਵਰਗਾ ਸਾਂ ਨਿੱਕੀਆਂ-ਨਿੱਕੀਆਂ ਚੋਰੀਆਂ ਕਰਦਾ ਹੋਇਆ ਵੀ ਚੋਰ ਨਹੀਂ ਸਾਂ।ਉਕਤ ਸਤਰਾਂ ਨੂੰ ਲੈ ਲਈਏ ਜਾਂ ਹੋਰ ਕਵਿਤਾਵਾਂ ਨੂੰ, ਜਿਹੜੀਆਂ ਪੇਂਡੂ ਕਿਸਾਨੀ ਦੇ ਅਨੁਭਵ ਨੂੰ ਪੇਸ਼ ਕਰਦੀਆਂ ਹਨ। ਪਾਸ਼ ਪੇਂਡੂ ਕਿਸਾਨੀ ਦੇ ਅਨੁਭਵ ਦਾ ਵਿਸ਼ੇਸ਼ ਕਵੀ ਹੈ। ਇਸ ਕਿਸਮ ਦੀ ਕਵਿਤਾ ਉਂਤੇ ਉਸਦੀ ਪੂਰੀ ਮੁਹਾਰਤ ਹੈ। ਮੈਂ ਇਸ ਕਵਿਤਾ ਨੂੰ ਵੀ 6ਵੇਂ 7ਵੇਂ ਦਹਾਕੇ ਅਤੇ ਅੱਜ ਦੇ ਦਹਾਕੇ ਰਾਹੀਂ ਇਤਿਹਾਸ ਦੀ ਐਨਕ ਨਾਲ ਦੇਖਦਾ ਹਾਂ। ਉਸ ਵੇਲੇ ਵੀ ਕਿਸਾਨੀ ਦਾ ਖੇਤੀ ਸੰਕਟ ਸੀ। ਮਾਲਕੀ ਦਾ ਸੰਕਟ ਸੀ। ਨਕਸਲੀ ਲਹਿਰ ਨੇ ‘ਜ਼ਮੀਨ ਹੱਲ ਵਾਹਕ ਦੀ’ ਦਾ ਨਾਅਰਾ ਦਿੱਤਾ ਸੀ। ਪਾਸ਼ ਦੀ ਕਵਿਤਾ ਵੀ ਇਸ ਨਾਅਰੇ ਦੁਆਲੇ ਘੁੰਮਦੀ ਸੀ ਜਾਂ ਕਿਸਾਨ ਦੀਆਂ ਦੁਸ਼ਵਾਰੀਆਂ ਦੁਆਲੇ। 90 ਵਿਆਂ ਤੋਂ ਬਾਅਦ ਕਿਸਾਨੀ ਦਾ ਸੰਕਟ ਹੋਰ ਡੂੰਘੇਰਾ ਹੋਇਆ ਹੈ। ਅੱਜ ਦੇ ਇਸ ਸੰਕਟ ਦੀਆਂ ਕੰਨਸੋਆਂ ਭਰਵੀਂ ਮਾਤਰਾ ਵਿੱਚ ਉਸ ਵੇਲੇ ਦੀ ਉਸਦੀ ਕਵਿਤਾ ਵਿੱਚੋਂ ਮਿਲਦੀਆਂ ਹਨ। ਕਿਸਾਨੀ ਜੀਵਨ ਕਿੰਨਾ ਦਲਿੱਦਰਾ ਭਰਿਆ ਹੈ, ਪਾਸ਼ ਉਸਦੀ ਬਿੰਬਾਵਾਲੀ ਰਾਹੀਂ ਉਸਨੂੰ ਪੇਸ਼ ਕਰਦਾ ਹੈ। ਬੰਦੇ ਉਦੋਂ ਵੀ ਉਦਾਸ ਸਨ। ਪਰ ਉਨ੍ਹਾਂ ਦੀ ਹਾਲਤ ਅੱਜ ਵਾਲੀ ਨਹੀਂ ਸੀ। ਹਰੇ ਇਨਕਲਾਬ ਪਿੱਛੋਂ ਉਦਾਸ ਹੋਏ ਕਿਸਾਨ ਖ਼ੁਦਕਸ਼ੀਆਂ ਦੇ ਰਾਹ ਪੈ ਗਏ। ਜੇ ਪਾਸ਼ ਦੀ ਲਹਿਰ ਹੁੰਦੀ ਤਾਂ ਖ਼ੁਦਕਸ਼ੀਆਂ ਨਹੀਂ ਹੋਣੀਆਂ ਸਨ। ਉਸ ਲਹਿਰ ਵਿਚੋਂ ਸੰਘਰਸ਼ ਦੀ ਪ੍ਰੇਰਨਾ ਨਿਕਲਣੀ ਸੀ। ਸੰਘਰਸ਼ ਵਿੱਚੋਂ ਇਨਕਲਾਬ। ਹਰੇ ਇਨਕਲਾਬ ਪਿੱਛੋਂ ਕਿਸਾਨ ਖ਼ੁਦਕਸ਼ੀਆਂ ਦੇ ਰਾਹ ਕਿਉਂ ਹੈ?ਪਾਸ਼ ਦੀ ਬਹੁਤੀ ਕਵਿਤਾ ਵਿੱਚੋਂ ਇਤਿਹਾਸਕ ਪਲਾਂ ਨੂੰ ਫ਼ੜਿਆ ਜਾ ਸਕਦਾ ਹੈ। ਪਾਸ਼ ਦੀ ਇੱਕ ਹੋਰ ਖ਼ਾਸੀਅਤ ਉਸਦੀ ਨਾਬਰੀ ਵਾਲੀ ਕਵਿਤਾ ਦਾ ਹੋਣਾ ਹੈ। ਉਸਦੀ ਸਮੁੱਚੀ ਕਵਿਤਾ ਰਾਜ-ਭਾਗ ਦੇ ਵਿਰੋਧ ਵਿੱਚ ਖੜ੍ਹਦੀ ਹੈ। ਉਸਦੀ ਨਾਬਰੀ ਤਿੰਨ ਕਿਸਮ ਦੀ ਹੈ।ੳ) ਉਹ ਵੋਟ ਪ੍ਰਬੰਧ ਦੇ ਮੁਕਾਬਲੇ ਹਥਿਆਰਬੰਦ ਇਨਕਲਾਬ ਦੇ ਹੱਕ ਵਿੱਚ ਹੈ। ਭਾਵੇਂ ਉਹਦਾ ਇਨਕਲਾਬ ਨਹੀਂ ਆਇਆ। ਪਰ ਉਹ ਵਾਰ-ਵਾਰ ਸੰਸਦ ਤੇ ਹਮਲੇ ਕਰਦਾ ਹੈ ਅਤੇ ਭਾਰਤ ਦੀ ਜਮਹੂਰੀਅਤ ਦਾ ਮਖ਼ੌਲ ਉਡਾਉਂਦਾ ਹੈ। ਅ) ਉਹ ਕਲਚਰ ਹੈਜਮਨੀ ਨੂੰ ਬੇਰਹਿਮੀ ਨਾਲ ਤੋੜਦਾ ਹੈ। ਉਹ ਚਿੜੀਆਂ ਦੇ ਚੰਬੇ ਦੀ ਮਿੱਥ ਦੇ ਉਲਟ ਗੱਲ ਕਰਦਾ ਹੈ। ਉਹ ਕਲਚਰ ਚਾਰਮਿੰਗ ਦੇ ਪੋਰਸ਼ਨ ਨੂੰ ਤੋੜਦਾ ਹੈ। ੲ) ਉਸਦੀ ਨਾਬਰੀ ਦੀ ਤੀਜੀ ਕਿਸਮ ਮੌਜੂਦਾ ਰਾਜ-ਪ੍ਰਬੰਧ ਤੋਂ ਹੈ।ਉਂਝ ਤਾਂ ਪੰਜਾਬ ਦੀ ਮਿੱਟੀ ਨੂੰ ਵਾਰ-ਵਾਰ ਲਹੂ ਵਿੱਚ ਭਿੱਜਣ ਦੀ ਆਦਤ ਹੈ। ਗੁਰੂ ਨਾਨਕ ਦੇ ਕ੍ਰਾਂਤੀਕਾਰੀ ਵਿਚਾਰਾਂ (ਜੇ ਜਵਿਹਿ ਪਤ ਲਥੀ ਜਾਇ, ਜੇਤਾ ਹਰਾਮ ਤੇਤਾ ਸਭ ਖਾਹਿ) ਨੇ ਧਰਤੀ ਦੇ ਬੰਦਿਆਂ ਨੂੰ ਝੰਜੋੜਿਆ ਸੀ। ਇਸ ਰਾਜਨੀਤਕ ਚੇਤਨਾ ਦਾ ਹੀ ਅਸਰ ਹੈ ਕਿ ਗੁਰੂ ਗੋਬਿੰਦ ਸਿੰਘ ਜਬਰ ਤੇ ਨਾਬਰੀ ਦੇ ਵਿਰੁੱਧ ਖਾਲਸਾ ਪੰਥ ਦੀ ਸਾਜਨਾ ਕਰਦੇ ਹਨ। ਇਥੋਂ ਹੀ ਗੁਰੂ ਨੂੰ ਸੱਚੇ ਪਾਤਸ਼ਾਹ ਮੰਨਣਾ ਤੇ ਹਾਕਮ ਨੂੰ ਟਿੱਚ ਜਾਣਨਾ, ਨਾਬਰੀ ਦੀ ਪਰੰਪਰਾ ਮੰਨੀ ਜਾਂਦੀ ਹੈ। ਇਸ ਤੋਂ ਵੀ ਪਹਿਲਾਂ ਗੁਰੂ ਰਵਿਦਾਸ ਅਤੇ ਸਤਿਗੁਰੂ ਕਬੀਰ ਦੀ ਬਾਣੀ ਵੀ ਆਪਣੇ ਸਮੇਂ ਦੇ ਹਾਕਮਾਂ ਤੇ ਰਾਜ ਪ੍ਰਬੰਧ ਤੇ ਸਿੱਧਾ ਹਮਲਾ ਕਰਦੀ ਹੈ। ਜੇ ਇਸ ਤੋਂ ਵੀ ਪਹਿਲਾ ਆਰੀਅਨਾਂ ਵਿਰੁੱਧ ਦ੍ਰਾਵਿੜਾਂ ਦੇ ਯੁੱਧਾਂ ਦੀਆਂ ਕਹਾਣੀਆਂ ਦੇਖੀਏ, ਉਨ੍ਹਾਂ ਵਿੱਚ ਵੀ ਏਹੀ ਰੂਪ ਦੇਖਣ ਨੂੰ ਮਿਲਦਾ ਹੈ। ਹਕੂਮਤਾਂ ਨਾਲ ਟੱਕਰ ਲੈਣ ਵਾਲਿਆਂ ਪੋਰਸਾਂ, ਜੈਮਲ ਫੱਤਿਆ,ਜੀਊਣੇ ਮੋੜਾਂ, ਦੁੱਲੇ ਭੱਟੀਆਂ, ਅਜੀਤ ਸਿੰਘਾਂ, ਊਧਮ ਸਿੰਘਾਂ, ਕਰਤਾਰ ਸਿੰਘ ਸਰਾਭਿਆਂ ਅਤੇ ਭਗਤ ਸਿੰਘਾਂ ਦੀ ਸੂਰਮਗਤੀ ਨਾਬਰੀ ਕਾਰਨ ਹੀ ਲੋਕ ਚੇਤਿਆਂ ਵਿੱਚ ਪਈ ਹੈ।ਜਿਥੇ ਵੀ ਕਿਤੇ ਜ਼ੁਲਮ ਹੁੰਦਾ ਹੈ, ਉਥੇ ਨਾਬਰੀ ਦੇ ਨਾਇਕ ਪ੍ਰਗਟ ਹੋ ਜਾਂਦੇ ਹਨ। ਗੁਰੂ ਅਰਜਨ ਦੇਵ ਜੀ ਦੀ ਨਾਬਰੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਬੰਦਾ ਸਿੰਘ ਬਹਾਦਰ ਨਾਬਰੀ ਦਾ ਨਾਇਕ ਹੈ। ਗੁਰੂ ਗੋਬਿੰਦ ਸਿੰਘ ਵਲੋਂ ਰਾਜਿਆਂ ਵਾਂਗ ਕਲਗੀ ਲਾਉਣਾ ਅਤੇ ਬਾਜ ਰੱਖਣਾ ਵੀ ਨਾਬਰੀ ਦੀਆਂ ਨਿਸ਼ਾਨੀਆਂ ਹਨ। ਭਗਤ ਸਿੰਘ ਅਤੇ ਬੀ.ਕੇ. ਦੱਤ ਵਲੋਂ ਭਾਵੇਂ ਅਸੈਂਬਲੀ ਹਾਲ ਵਿੱਚ ਸੁੱਟੇ ਬੰਬ ਖਾਲੀ ਸਨ, ਪਰ ਉਹ ਬਰਤਾਨਵੀਂ ਹਕੂਮਤ ਲਈ ਚੁਣੌਤੀ ਸਨ। ਅੰਗਰੇਜ਼ ਦੇ ਰਾਜ ਵਿੱਚ ਸੂਰਜ ਨਾ ਛਿਪਣ ਦੀ ਮਿਂਥ ਲਈ ਇਹ ਨਾਬਰੀ ਭਰਿਆ ਕਦਮ ਸੀ। ਪੰਜਾਬੀ ਲੋਕ ਗਾਇਕੀ ਦੀ ਵਿਧਾ ਜੁਗਨੀ ਇਸ ਦੀ ਉਘੜਵੀਂ ਉਦਾਹਰਣ ਹੈ। ਜਦੋਂ ਅੰਗਰੇਜ਼ ਹਕੂਮਤ ਆਪਣੇ ਰਾਜ ਦੀ ਸਿਲਵਰ ਜੁਬਲੀ ਮਨਾਉਣ ਲਈ ਜੁਬਲੀ ਫਲੇਮ ਲੈ ਕੇ ਸ਼ਹਿਰ-ਸ਼ਹਿਰ ਘੁੰਮ ਰਹੀ ਸੀ ਤਦ ਮਾਝੇ ਦੇ ਦੋ ਗਾਇਕਾਂ ਮੰਦਾ{ਮੁਹੰਮਦ ਅਰਾਈਂ} ਅਤੇ ਬਿਸ਼ਨੇ ਵਲੋਂ ਜੁਬਲੀ ਫਲੇਮ ਦੀ ਜੁਗਨੀ ਬਣਾ ਦੇਣਾ ਵੀ ਨਾਬਰੀ ਹੀ ਸੀ। ਜਿਵੇਂ ਜੁਗਨੀ ਜਾ ਵੜੀ ਕਲਕੱਤੇ…..ਆਦਿ ਅੰਗਰੇਜ਼ ਸਾਮਰਾਜ ਦੀਆਂ ਏਜੰਸੀਆਂ ਦੇ ਚਿੰਨ੍ਹਾਂ ਦਾ ਇਨ੍ਹਾਂ ਗਾਇਕਾਂ ਨੇ ਮਖੌਲ ਉਡਾਇਆ, ਉਹ ਅੱਜ ਵੀ ਕਾਬਲੇ ਤਾਰੀਫ਼ ਹੈ। ਕਵਿਤਾ ਦੇ ਖੇਤਰ ਵਿੱਚ ਪਾਸ਼ ਨਾਬਰੀ ਦਾ ਸਿਖ਼ਰ ਹੋ ਨਿਬੜਦਾ ਹੈ। ਉਸਦੀ ਸਮੁੱਚੀ ਕਵਿਤਾ ਰਾਜ ਸੱਤਾ ਪ੍ਰਤੀ ਵਿਦਰੋਹ ਦੀ ਕਵਿਤਾ ਹੈ। ਉਸਦੀ ਕਵਿਤਾ ਦਾ ਜਜ਼ਬਾ ਮੌਤ ਵੱਟੇ ਆਜ਼ਾਦੀ ਲੈਣ ਵਿੱਚ ਪਿਆ ਹੈ।ਇਤਿਹਾਸਕ ਪ੍ਰਸੰਗ ਵਿੱਚ ਪਾਸ਼ ਦੀ ਕਵਿਤਾ ਗਦਰ ਕਵਿਤਾ ਦਾ ਅਗਲੇਰਾ ਵਿਕਾਸ ਹੈ। ਪਾਸ਼ ਅਤੇ ਗਦਰ ਦੀਆ ਕਵਿਤਾਵਾਂ। ੳ) ਸਾਮਰਾਜ ਦੇ ਵਿਰੁੱਧ ਹਨ। ਅ) ਦੀ ਸਿਆਸੀ ਲਾਈਨ ਇੱਕ ਹੈ। ੲ) ਹਥਿਆਰਬੰਦ ਇਨਕਲਾਬ ਦੀਆਂ ਮੁਦਈ ਹਨ। ਸ) ਸ਼ੈਲੀ ਪੱਖੋਂ ਵੱਖਰੀਆਂ ਹਨ।ਗ਼ਦਰ ਦੀ ਕਵਿਤਾ ਲੋਕ ਸ਼ੈਲੀ ਵਾਲੀ ਹੈ। ਪਾਸ਼ ਲੋਕ ਮੁਹਾਵਰੇ ਵਿੱਚ ਗੁੰਨੀ ਹੋਈ ਬੌਧਿਕ ਸ਼ੈਲੀ ਦਾ ਸ਼ਾਇਰ ਹੈ। ਪਰ ਦੋਨਾਂ ਦਾ ਤੱਤ ਸਾਰ ਇੱਕ ਹੈ। ਪਾਸ਼ ਦੀ ਕਵਿਤਾ ਗ਼ਦਰ ਲਹਿਰ ਦੀ ਕਵਿਤਾ ਦੀ ਲਗਾਤਾਰਤਾ ਹੈ।ਆਧੁਨਿਕ ਭਾਰਤੀ ਸਾਹਿਤ ਵਿੱਚ ਨਾਬਰੀ ਵਾਲੀ ਪਰੰਪਰਾ 1935 ਤੋਂ ਮੁਨਸ਼ੀ ਪ੍ਰੇਮ ਚੰਦ ਨਾਲ ਮੰਨੀ ਜਾਂਦੀ ਹੈ, ਪਰ ਪੰਜਾਬੀ ਸਾਹਿਤ ਵਿੱਚ ਇਹ 1913 ਵਿੱਚ ਹੀ ਗ਼ਦਰ ਦੀ ਕਵਿਤਾ ਨਾਲ ਸ਼ੁਰੂ ਹੋ ਜਾਂਦੀ ਹੈ। ਭਗਤ ਸਿੰਘ 1928-29 ਤੋਂ ਹੀ ਮਾਰਕਸਵਾਦੀ ਨਜ਼ਰੀਏ ਤੋਂ ਲਿਖਤਾਂ ਲਿਖ ਰਿਹਾ ਹੈ। ਉਸ ਵਲੋਂ 1931 ਵਿੱਚ ‘ਡਰੀਮਲੈਂਡ’ ਦੀ ਲਿਖੀ ਭੂਮਿਕਾ ਨੂੰ ਇਸੇ ਖਾਨੇ ਵਿੱਚ ਰੱਖਿਆ ਜਾ ਸਕਦਾ ਹੈ। ਗ਼ਦਰ ਕਵਿਤਾ ਤੋਂ ਬਾਅਦ ਬੱਬਰ ਲਹਿਰ (1920-22) ਦੀ ਕਵਿਤਾ ਦਾ ਵਾਹ ਵੀ ਹਕੂਮਤ ਨਾਲ ਟੱਕਰ ਲੈਣ ਵਿੱਚ ਨਿਕਲਦਾ ਹੈ। ਗ਼ਦਰ ਲਹਿਰ, ਬੱਬਰ ਲਹਿਰ ਅਤੇ ਭਗਤ ਸਿੰਘ ਤੇ ਸਾਥੀਆਂ ਦੀ ਲਹਿਰ ਤੋਂ ਲੈ ਕੇ ਪਾਸ਼ ਤੱਕ ਇੱਕ ਨਿਰੰਤਰ ਕਾਵਿ ਪਰੰਪਰਾ ਰਹੀ ਹੈ। ਜਿਹੜੀ ‘ਰਾਜੇ ਸ਼ੀਂਹ ਮੁਕੱਦਮ ਕੁੱਤੇ’ ਦੀ ਸੁਰ ਅਲਾਪਦੀ ਰਹੀ ਹੈ।80ਵਿਆਂ ਵਿੱਚ ਚੱਲੀ ਜਨੂੰਨੀ ਹਨੇਰੀ ਖਾਸਕਰ ਪੰਜਾਬੀਆਂ ਉਂਤੇ ਕਹਿਰ ਬਣ ਕੇ ਆਉਂਦੀ ਹੈ। ਪੰਜਾਬ ਭਰਾ ਮਾਰੂ ਜੰਗ ਵਿੱਚ ਉਲਝ ਜਾਂਦਾ ਹੈ। ਪਾਸ਼ ਐਂਟੀ-47 ਵਿੱਚ ਕੰਮ ਕਰਦਾ ਹੋਇਆ ਸਿੱਖ ਹੋਣ ਦੇ ਅਰਥ ਮਨੁੱਖਤਾ ਨਾਲ ਜੋੜਦਾ ਹੈ। ਉਹ ਸਿੱਖੀ ਨੂੰ ਪਰਿਭਾਸ਼ਤ ਕਰਦਾ ਹੋਇਆ ਲਿਖਦਾ ਹੈ ਕਿ ਸਿੱਖਾਂ ਦੇ ਹਥਿਆਰ ਹਮੇਸ਼ਾ ਜ਼ੁਲਮੀ ਰਾਜ ਸੱਤਾ ਵਿੱਰੁਧ ਉਂਠੇ। ਉਹ ਪੰਜਾਬ ਦੁਖਾਂਤ ਲਈ ਸਭ ਤੋਂ ਵੱਡੀ ਅਪਰਾਧੀ ਦੇਸ਼ ਦੀ ਹਾਕਮ ਜਮਾਤ ਤੇ ਉਸਦੀ ਰਖਵਾਲ ਕਾਂਗਰਸ ਨੂੰ ਮੰਨਦਾ ਹੈ। ਮੋਹਨਦਾਸ ਗਾਂਧੀ ਤੇ ਉਸਦੇ ਭਾਈਬੰਦ, ਬਿਰਲਾ, ਹਿੰਦੂ ਜਥੇਬੰਦੀਆਂ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਵਿਗੜਿਆ ਹੋਇਆ ਸੋਚ ਪ੍ਰਬੰਧ, ਅਕਾਲੀਆਂ ਅਤੇ ਭਿੰਡਰਾਂ ਵਾਲਾ ਜਰਨੈਲ ਸਿੰਘ ਨੂੰ ਵੀ ਅਪਰਾਧੀ ਮੰਨਦਾ ਹੈ ਜਿਨ੍ਹਾਂ ਪੰਜਾਬ ਨੂੰ ਲਹੂ-ਲੁਹਾਣ ਕਰ ਦਿੱਤਾ ਸੀ। ਉਦੋਂ ਸਿਂਖ ਸੰਘਰਸ਼ ਦੇ ਨਾਂ ਤੇ ਲੜਨ ਵਾਲਿਆਂ ਬਾਰੇ ਉਸਨੇ ਤਿੱਖੀ ਸੁਰ ਵਿੱਚ ਕਿਹਾ ਸੀ ਕਿ ਉਨ੍ਹਾਂ ਦਾ ਮਹਾਨ ਸਿੱਖ ਗੁਰੂਆਂ ਨਾਲ ਉੱਕਾ ਹੀ ਸਰੋਕਾਰ ਨਹੀਂ ਹੈ। ਇਹ ਗੱਲ ਉਨ੍ਹਾਂ ਤੋਂ ਜਰ ਨਹੀਂ ਹੋਈ ਸੀ। ਉਨ੍ਹਾਂ ਨੇ ਪੰਜਾਬੀਅਤ ਦੇ ਉਸ ਮੁਦਈ ਦਾ ਕਤਲ ਕਰ ਦਿੱਤਾ, ਜਿਸਨੇ ਲਿਖਿਆ ਸੀ ।ਇਹ ਸਾਰਾ ਹੀ ਕੁਝ ਭੁੱਲ ਜਾਵੀਂ ਮੇਰੀ ਦੋਸਤ ਸਿਵਾ ਇਸ ਤੋਂ ਕਿ ਮੈਨੂੰ ਜੀਣ ਦੀ ਬਹੁਤ ਲੋਚਾ ਸੀ ਕਿ ਮੈਂ ਗਲੇ ਤੀਕ ਜ਼ਿੰਦਗੀ ਵਿੱਚ ਡੁੱਬਣਾ ਚਾਹੁੰਦਾ ਸਾਂ ਮੇਰੇ ਵੀ ਹਿੱਸੇ ਦਾ ਜੀਅ ਲੈਣਾ ਮੇਰੀ ਦੋਸਤ ਮੇਰੇ ਵੀ ਹਿੱਸੇ ਦਾ ਜੀਅ ਲੈਣਾ।ਜ਼ਿੰਦਗੀ ਨੂੰ ਬੇਹੱਦ ਮੁਹੱਬਤ ਕਰਨ ਵਾਲੇ, ਇਨਕਲਾਬ ਦੇ ਹਾਮੀ ਅਤੇ ਤਿੰਨ ਪੱਪਿਆਂ (ਪੰਜਾਬ, ਪੰਜਾਬੀ, ਅਤੇ ਪੰਜਾਬੀਅਤ) ਦੇ ਦਰਦੀ ਇਸ ਨੌਜਵਾਨ ਦਾ ਭਰ ਜੁਆਨੀ ਵਿੱਚ ਕਤਲ ਕਰ ਦੇਣਾ ਘਿਨਾਉਣੀ ਘਟਨਾ ਸੀ। ਇਸ ਤੋਂ ਵੀ ਦੁਖਦਾਈ ਪਹਿਲੂ ਉਸਦੀ ਸ਼ਹਾਦਤ ਤੋਂ ਬਾਅਦ ਉਸ ਨਾਲ ਕੋਝੇ ਢੰਗ ਨਾਲ ਪੇਸ਼ ਆਉਣਾ ਹੈ। ਹਕਸਲੇ ਇੱਕ ਅੰਗਰੇਜ਼ ਸਫ਼ਰਨਾਮਾ ਲੇਖਕ ਹੋਇਆ ਹੈ। ਉਸਨੇ ਸੰਸਾਰ ਪ੍ਰਸਿੱਧ ਇਮਾਰਤ ਤਾਜ ਮਹੱਲ ਦੀ ਭੰਡੀ ਕੀਤੀ ਸੀ। ਆਮ ਲੋਕਾਂ ਨੇ ਕਿਹਾ ਸੀ ਹਕਸਲੇ ਰਹੇ ਨਾ ਰਹੇ ਪਰ ਤਾਜ ਮਹੱਲ ਰਹਿੰਦੀ ਦੁਨੀਆਂ ਤੱਕ ਰਹੇਗਾ। ਏਹੀ ਕੁਮੈਂਟ ਪਾਸ਼ ਉਂਤੇ ਢੁੱਕਦਾ ਹੈ। ਪਾਸ਼-ਪਾਸ਼ ਸੀ ਅਤੇ ਪਾਸ਼-ਪਾਸ਼ ਰਹੇਗਾ। ਕਿਉਂਕਿ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਸਿਰਫ਼ ਪਾਸ਼ ਹੀ ਆਧੁਨਿਕ ਦੌਰ ਦਾ ਪ੍ਰਤਿਭਾਵਾਨ ਕਵੀ ਹੈ ਜੋ ਆਪਣੀਆ ਕਵਿਤਾਵਾਂ ਦੀ ਸ਼ਕਤੀ ਕਾਰਨ ਪੰਜਾਬੀ ਕਾਵਿ-ਜਗਤ ਵਿੱਚ ਇੱਕ ਨਿਵੇਕਲੀ ਪਛਾਣ ਬਣਾਈ ਬੈਠਾ ਹੈ। ਇਹ ਪਛਾਣ ਉਸਦੀ ਇੱਕਲੀ ਕਵਿਤਾ ਕਰਕੇ ਹੀ ਨਹੀਂ ਹੈ ਸਗੋਂ ਉਸਦੀਆਂ ਚਿੱਠੀਆਂ, ਡਾਇਰੀ, ਟਿੱਪਣੀਆਂ ਅਤੇ ਵਾਰਤਕ ਲੇਖਾਂ ਕਾਰਨ ਵੀ ਹੈ ਜਿਨ੍ਹਾਂ ਵਿੱਚ ਉਹ ਰਾਜਨੀਤੀ, ਦਰਸ਼ਨ, ਇਤਿਹਾਸ, ਮਿਥਿਹਾਸ ਅਤੇ ਸਮਕਾਲੀ ਵਿਸ਼ਿਆਂ ਤੇ ਆਪਣੀ ਧਾਂਕ ਜਮਾਉਂਦਾ ਹੈ। ਪੰਜਾਬੀ ਵਿੱਚ ਸਭ ਤੋਂ ਵੱਧ ਸਾਹਿਤ ਆਲੋਚਨਾ ਉਸਦੀ ਕਵਿਤਾ ਤੇ ਹੋਈ। ਪੰਜਾਬੀ ਦਾ ਉਹ ਇਕਲੌਤਾ ਸ਼ਾਇਰ ਹੈ, ਜਿਹੜਾ ਹੁਣ ਤੱਕ ਸਭ ਤੋਂ ਵੱਧ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦਿਆ ਗਿਆ ਹੈ ਅਤੇ ਵਿਚਾਰਿਆ ਗਿਆ ਹੈ। ਇਹ ਉਸ ਦੀ ਤਾਬ ਉਸ ਦੇ ਵਿਰੋਧੀਆਂ ਤੋਂ ਝੱਲੀ ਨਹੀਂ ਜਾ ਰਹੀ। ਲੋਕ ਪਾਸ਼ ਨੂੰ ਸਲਾਹ ਰਹੇ ਹਨ। ਉਸਦੀਆਂ ਲਿਖਤਾਂ ਵੱਡੀ ਗਿਣਤੀ ਵਿੱਚ ਪੜ੍ਹੀਆਂ ਜਾਣ ਲੱਗੀਆਂ ਹਨ। ਆਪਣੇ ਵਿਰੋਧੀਆਂ ਦੇ ਕੋਝੇ ਹਮਲਿਆਂ ਦੇ ਬਾਵਜੂਦ ਉਹ ਘਾਹ ਵਾਂਗ ਮੁੜ-ਮੁੜ ਉੱਗ ਰਿਹਾ ਹੈ।ਮੈਂ ਘਾਹ ਹਾਂਮੈਂ ਤੁਹਾਡੇ ਹਰ ਕੀਤੇ ਕਰਾਏ ਤੇ ਉੱਗ ਆਵਾਂਗਾਬੰਬ ਸੁੱਟ ਦਿਓ ਭਾਵੇਂ ਵਿਸ਼ਵ ਵਿਦਿਆਲੇ ਤੇਬਣਾ ਦਿਓ ਹਰ ਹੋਸਟਲ ਮਲਬੇ ਦੇ ਢੇਰਸੁਹਾਗਾ ਫੇਰ ਦਿਓ ਬੇਸ਼ੱਕ ਸਾਡੀਆਂ ਝੁੱਗੀਆਂ ਤੇਮੈਨੂੰ ਕੀ ਕਰੋਗੇ ?ਮੈਂ ਤਾਂ ਘਾਹ ਹਾਂ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
by
Tags:
Comments
3 responses to “ਇਤਿਹਾਸ, ਨਾਬਰੀ ਤੇ ਬਰਾਬਰੀ ਦਾ ਸ਼ਾਇਰ : ਪਾਸ਼”
bahut sohna vishleshan hai
ਦੋ ਭਰਾ ਸਾਂਝੇ ਮਕਸਦ ਲਈ ਵਖੋ ਵਖਰੇ ਹਥਿਆਰਾਂ ਨਾਲ ਲੜਦੇ ਰਹੇ, ਜਿਆਦਾ ਜੋਰ ਦੁਸ਼ਮਨ ਵਲ ਹੀ ਰਿਹਾ ਜੇ ਥੋੜਾ ਗੋਰ ਇਕ ਦੂਜੇ ਨੂੰ ਸਮਝਣ ਵਲ ਹੁੰਦਾ ਤਾਂ ਕਲਮ ਨੇ ਵੀ ਕਿਰਪਾਨ ਦੇ ਗੁਣ ਗਾਉਣੇ ਸੀ ਤੇ ਗੋਲੀਆਂ ਚਲਾਣ ਵਾਲਿਆਂ ਨੇ ਵੀ ਆਪਣੇ ਵੀਰ ਨੂੰ ਜੱਫੀਆਂ ਪਾਉਣੀਆ ਸੀ ,ਪਰ ਮੇਰੇ ਪੰਜਾਬ ਦੇ ਐਨੇ ਚੰਗੇ ਭਾਗ ਕਿਥੇ…..
bai g tuhada lekh theek hai
par toda hor gaur karo punjab vich vapre us kaale daur bare
paas nu maran de vich PUNJAB POLICE da hath si
Leave a Reply