ਕਹਾਣੀਆਂ ਲਿਖਣਾ
ਆਪਣੇ ਪਿਉ ਬਾਰੇ
ਉਸਦੇ ਵਿਭਚਾਰ ਬਾਰੇ
ਵਿਸਥਾਰ ਨਾਲ ਬਿਆਨ ਕਰਨਾ
ਵਿਆਹ ਤੋਂ ਪਹਿਲਾਂ ‘ਤੇ ਬਾਅਦ
ਉਸਦੀਆਂ ਮਾਸ਼ੂਕਾਂ ਬਾਰੇ
ਲਿਖ ਦੇਣੀਆਂ ਹੂ-ਬ-ਹੂ
ਯਥਾਰਥਵਾਦ ਦੇ ਨਾਂ ‘ਤੇ
ਉਸਦੀਆਂ ਸ਼ਰਾਬ ਪੀ ਕੇ ਕੱਢੀਆਂ
ਭੱਦੀਆਂ ਗਾਲ੍ਹਾਂ
ਦੁਰਕਾਰਨਾ ਉਸਦੇ ਖਰਵ੍ਹੇਪਣ ਨੂੰ
ਤੇ ਕਰ ਦੇਣਾ ਸੀਮਿਤ
ਸੱਚ ਕਹਿਣ ਦੀ ਦਲੇਰੀ ਨੂੰ
ਸਿਰਫ਼
ਮਾਂ ਦੇ ਦਿਉਰ ਨਾਲ਼ ਸੌਣ ਦੇ
ਕਿੱਸੇ ਦੱਸਣ ਤੱਕ
ਪਰ ਨਾ ਸੋਚਣਾ
ਨਾ ਲਿਖਣਾ
ਨਾ ਕੌਸ਼ਿਸ ਕਰਨੀ
ਜਾਣਨ ਦੀ
ਨੰਗਾ ਕਰਨ ਦੀ
ਉਹਨਾਂ ਸ਼ੈਤਾਨੀ ਤਾਕਤਾਂ ਨੂੰ
ਜੋ ਕਰ ਦਿੰਦੀਆਂ ਨੇ ਮਜਬੂਰ
ਬਾਪੂਆਂ ਨੂੰ ਵਿਭਚਾਰ ਲਈ
ਸ਼ਰਾਬ ‘ਚ ਟੁੰਨ ਰਹਿਣ ਲਈ
ਖਰਵ੍ਹਾ ਬੋਲਣ ਲਈ
ਹਰ ਇੱਕ ਨੂੰ ਗਾਲ੍ਹਾਂ ਕੱਢਣ ਲਈ
ਤੇ ਮਾਂ ਨੂੰ ਆਪਣੇ ਦਿਉਰ ਨਾਲ਼ ਸੌਣ ਲਈ
-ਅੰਮ੍ਰਿਤਪਾਲ
bhut hi vadhia rachna hae ji