ਕਲਾ ਕੇਂਦਰ ਟੋਰਾਂਟੋ ਵਲੋਂ ਤਿੰਨ ਕਿਤਾਬਾਂ ਲੋਕ ਅਰਪਣ ਅਤੇ ਇੱਕ ਸਫਲ ਗੋਸ਼ਟੀ ਦਾ ਆਯੋਜਨ

ਬਰੈਂਪਟਨ। ਕਲਾ ਕੇਂਦਰ ਟੋਰਾਂਟੋ ਦੇ ਇਤਿਹਾਸ ਵਿੱਚ 6 ਮਈ 2012 ਦਾ ਦਿਨ ਇਤਿਹਾਸਕ ਹੋ ਨਿਬੜਿਆ, ਜਦੋਂ ਲੇਖਕਾਂ ਤੇ ਪਾਠਕਾਂ ਦੇ ਭਰਪੂਰ ਇਕੱਠ ਵਿੱਚ ਤਿੰਨ ਕਿਤਾਬਾਂ ਲੋਕ ਅਰਪਣ ਕਰਨ ਦੇ ਨਾਲ ਨਾਲ ਗੋਸ਼ਟੀ ਦੇ ਰੂਪ ਵਿੱਚ ਇਨ੍ਹਾਂ ਤੇ ਭਰਪੂਰ ਸੰਵਾਦ ਵੀ ਰਚਾਇਆ ਗਿਆ। ਮੈਲਨੀ ਅਤੇ ਸਟੀਲ ਦੀ ਨੁੱਕਰ ਤੇ ਸਥਿਤ ਰੌਇਲ ਇੰਡੀਆ ਸਵੀਟ ਐਂਡ ਰੈਸਟੋਰੈਂਟ, ਬਾਰਾਂ ਵਜੇ ਦੇ ਕਰੀਬ ਹੀ ਸਾਹਿਤ ਪ੍ਰੇਮੀਆਂ ਨਾਲ ਭਰ ਗਿਆ। ਖਾਣ ਪੀਣ ਦੇ ਨਾਲ ਨਾਲ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਕੁਲਜੀਤ ਮਾਨ ਨੇ ਮੰਚ ਸੰਭਾਲਦਿਆਂ ਸਭ ਨੂੰ ਜੀ ਆਇਆਂ ਕਿਹਾ ਤੇ ਮੰਚ ਤੇ ਆਉਣ ਲਈ ਮੇਜਰ ਮਾਂਗਟ, ਬਲਬੀਰ ਸੰਘੇੜਾ ਅਤੇ ਮਿਨੀ ਗਰੇਵਾਲ ਨੂੰ ਸੱਦਾ ਦਿੱਤਾ ਗਿਆ। ਇਸਦੇ ਨਾਲ ਹੀ ਭਾਰਤ ਤੋਂ ਕੈਨੇਡਾ ਦੇ ਦੌਰੇ ਤੇ ਆਈ ਨਾਮਵਰ ਕਵਿੱਤਰੀ ਡਾ: ਗੁਰਮਿੰਦਰ ਸਿੱਧੂ ਨੂੰ ਵੀ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਮੰਚ ਤੇ ਬੁਲਾਇਆ ਗਿਆ। ਨਾਟਕ ਦੇ ਖੇਤਰ ਦੀ ਮਸ਼ਹੂਰ ਸਖਸ਼ੀਅਤ ਪ੍ਰੋਫੈਸਰ ਕਮਲਜੀਤ ਕੌਰ ਜੋ ਚੰਡੀਗੜ ਤੋਂ ਟੋਰਾਂਟੋ ਆਏ ਹੋਏ ਨੇ ਸ਼ਮਾ ਰੌਸ਼ਨ ਕਰਕੇ ਸਮਾਗਮ ਦਾ ਆਰੰਭ ਕੀਤਾ।
ਇਸ ਗੋਸ਼ਟੀ ਵਿਚ ਮੇਜਰ ਮਾਂਗਟ ਦੀ ਕਿਤਾਬ ਮੋਮਬੱਤੀ, ਬਲਬੀਰ ਸੰਘੇੜਾ ਦੀ ਕਿਤਾਬ ਉੱਤਰੀ ਅਮਰੀਕਾ ਦੀਆਂ ਕਹਾਣੀਆਂ ਔਰਤਾਂ ਦੀਆਂ ਕਲਮਾਂ ਤੋਂ ਅਤੇ ਮਿਨੀ ਗਰੇਵਾਲ ਦਾ ਸਫਰਨਾਮਾ ਅਣਜਾਣੀਆਂ ਧਰਤੀਆਂ ਬਾਰੇ ਚਰਚਾ ਹੋਈ। ਸਭ ਤੋਂ ਪਹਿਲਾਂ ਬਲਬੀਰ ਸੰਘੇੜਾ ਦੀ ਪੁਸਤਕ ਲੋਕ ਅਰਪਿਤ ਕੀਤੀ ਗਈ। ਇਹ ਰਸਮ ਨਿਭਾਈ ਉਸਦੀ ਹੋਣਹਾਰ ਪੋਤਰੀ ਤੇ ਨਵੀ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੀ ਕਮੀਲ ਸੰਘੇੜਾ ਨੇ। ਉਨ੍ਹਾਂ ਆਪਣੇ ਸ਼ਬਦਾਂ ਵਿੱਚ ਬਲਬੀਰ ਸੰਘੇੜਾ ਨੂੰ ਸੂਝਵਾਨ, ਸਿਰੜੀ ਅਤੇ ਉਤਸ਼ਾਹ ਭਰਨ ਵਾਲੀ ਲੇਖਕਾ ਕਿਹਾ। ਇਸ ਪੁਸਤਕ ਬਾਰੇ ਜਤਿੰਦਰ ਰੰਧਾਵਾ ਨੇ ਪਰਚਾ ਪੜ੍ਹਦਿਆਂ, ਪੁਸਤਕ ਵਿੱਚ ਸ਼ਾਮਲ ਸਾਰੀਆਂ ਕਹਾਣੀਆਂ ਦੀ ਪੜਚੋਲ ਕੀਤੀ ਤੇ ਬਾਕੀ ਪੱਖਾਂ ਨੂੰ ਵਿਚਾਰਿਆ। ਪੁਸਤਕ ਵਿਚ ਸ਼ਾਮਲ ਲੇਖਕਾਵਾਂ ਦੀ ਮੰਚ ਵਲੋਂ ਜਾਣਕਾਰੀ ਦਿੱਤੀ ਗਈ ਤੇ ਸਭ ਨੇ ਤਾੜੀਆਂ ਦੀ ਗੂੰਜ ਨਾਲ ਉਨ੍ਹਾਂ ਦਾ ਸੁਆਗਤ ਕੀਤਾ।
ਦੂਸਰੀ ਪੁਸਤਕ ਮਿਨੀ ਗਰੇਵਾਲ ਦੀ ਅਣਜਾਣੀਆਂ ਧਰਤੀਆਂ ਕੰਪਿਊਟਰ ਦੇ ਧਨੀ ਕਿਰਪਾਲ ਸਿੰਘ ਪੰਨੂ, ਮੰਚ ਦੇ ਪ੍ਰਧਾਨ ਜੀ ਅਤੇ ਗਰੇਵਾਲ ਪਰਿਵਾਰ ਵਲੋਂ ਸਮੂਹਿਕ ਤੌਰ ਤੇ ਰਿਲੀਜ ਕੀਤੀ ਗਈ। ਇਸ ਪੁਸਤਕ ਤੇ ਪਰਚਾ ਕੁਲਜੀਤ ਮਾਨ ਜੀ ਨੇ ਪੜ੍ਹਿਆ ਤੇ ਮੰਚ ਸੰਚਾਲਨਾ ਮੇਜਰ ਸਿੰਘ ਨਾਗਰਾ ਵਲੋਂ ਕੀਤੀ ਗਈ। ਆਪਣੇ ਪਰਚੇ ਵਿੱਚ ਕੁਲਜੀਤ ਮਾਨ ਜੀ ਨੇ ਮਿਨੀ ਗਰੇਵਾਲ ਦੀ ਸਖਸ਼ੀਅਤ ਨੂੰ ਬਿਆਨਦਿਆਂ ਉਸਦੇ ਸਫਰ ਦੀ ਬਾਰੀਕੀਆਂ ਅਤੇ ਸਫਰਨਾਮਾ ਵਿਧਾ ਦੀਆਂ ਬੰਦਿਸ਼ਾਂ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਦੇ ਕਾਵਿਕ ਅੰਦਾਜ ਵਿੱਚ ਲਿਖੇ ਗਏ ਪਰਚੇ ਨੂੰ ਵੀ ਭਰਪੂਰ ਸ਼ਲਾਘਾ ਮਿਲੀ।
ਤੀਸਰੀ ਪੁਸਤਕ ਮੇਜਰ ਮਾਂਗਟ ਦਾ ਨਵ-ਪ੍ਰਕਾਸ਼ਤ ਕਹਾਣੀ ਸੰਗ੍ਰਹਿ ਮੋਮਬੱਤੀ ਸੀ ਜਿਸ ਦਾ ਵਿਮੋਚਨ ਕਰਨ ਲਈ ਮੰਚ ਤੇ ਆਏ ਸਰਵ ਸ੍ਰੀ ਸੁਰਜਨ ਜੀਰਵੀ, ਬਲਰਾਜ ਚੀਮਾਂ, ਸੁਖਮਿੰਦਰ ਰਾਮਪੁਰੀ, ਜਸਵੀਰ ਕਾਲਰਵੀ, ਡਾ:ਗੁਰਮਿੰਦਰ ਸਿੱਧੂ ਅਤੇ ਮਾਂਗਟ ਪਰਿਵਾਰ। ਇਸ ਪੁਸਤਕ ਤੇ ਪਰਚਾ ਨਾਮਵਰ ਲੇਖਕ ਅਤੇ ਵਿਦਵਾਨ ਜਸਵੀਰ ਕਾਲਰਵੀ ਜੀ ਵਲੋਂ ਪੇਸ਼ ਕੀਤਾ ਗਿਆ ਜਿਸ ਵਿੱਚ ਮੇਜਰ ਮਾਂਗਟ ਦੀ ਕਹਾਣੀ ਕਲਾ ਦਾ ਅਧਿਅਨ, ਸਮੀਖਿਆ ਅਤੇ ਸਥਾਨ ਤੇ ਖੁੱਲ ਕੇ ਤਬਸਰਾ ਕੀਤਾ ਗਿਆ। ਇਸ ਪਰਚੇ ਨੇ ਵੀ ਖੂਬ ਪ੍ਰਭਾਵਤ ਕੀਤਾ ਤੇ ਵਾਹ-ਵਾਹ ਖੱਟੀ
ਪਰਚਿਆਂ ਦੀ ਗੰਭੀਰਤਾ ਦੇ ਨਾਲ ਨਾਲ ਮਾਨਸਿਕ ਤਰੋ-ਤਾਜਗੀ ਲਈ ਗੀਤਾਂ ਦਾ ਪ੍ਰਵਾਹ ਵੀ ਚੱਲਿਆ ਜਿਸ ਵਿੱਚ ਸ਼ਿਵਰਾਜ ਸਨੀ, ਇਕਬਾਲ ਬਰਾੜ, ਸੁਖਮਿੰਦਰ ਰਾਮਪੁਰੀ ਅਤੇ ਹਰਮੇਸ਼ ਨੇ ਆਪਣੇ ਗੀਤਾਂ ਨਾਲ ਸਭ ਨੂੰ ਝੂਮਣ ਲਾ ਦਿੱਤਾ। ਫੇਰ ਦੌਰ ਸ਼ੁਰੂ ਹੋਇਆ ਪਰਚਿਆਂ ਤੇ ਬਹਿਸ ਦਾ ਅਤੇ ਲੇਖਕਾਂ ਨੂੰ ਮੁਬਾਰਕਾਂ ਦੇਣ ਦਾ। ਬਹਿਸ ਦੀ ਸ਼ੁਰੂਆਤ ਨਾਮਵਰ ਕਵਿੱਤਰੀ ਸੁਰਜੀਤ ਨੇ ਕੀਤੀ ਤੇ ਇਸ ਵਿਚ ਭਾਗ ਲਿਆ ਜਸਵਿੰਦਰ ਸੰਧੂ, ਕਮਲਜੀਤ ਕੌਰ, ਬਲਰਾਜ ਚੀਮਾ, ਸੁਖਮਿੰਦਰ ਰਾਮਪੁਰੀ, ਸੁਖਿੰਦਰ (ਸੰਪਾਦਕ ਸੰਵਾਦ) ਜੈਕਾਰ ਦੁੱਗਲ, ਨਾਹਰ ਔਜਲਾ, ਪ੍ਰਵੀਨ ਕੌਰ (ਚਿੱਤਰਕਾਰ) ਬਰਜਿੰਦਰ ਗੁਲਾਟੀ, ਗੁਰਦਾਸ ਮਿਨਹਾਸ, ਡਾਕਟਰ ਅਰਵਿੰਦਰ ਕੌਰ, ਜਗਦੇਵ ਨਿੱਝਰ, ਅਤੇ ਸੁਰਜਨ ਜੀਰਵੀ ਨੇ। ਸਮਾਗਮ ਦੀ ਸਮਾਪਤੀ ਡਾਕਟਰ ਗੁਰਮਿੰਦਰ ਸਿੱਧੂ ਦੇ ਪ੍ਰਧਾਨਗੀ ਭਾਸ਼ਨ ਅਤੇ ਇੱਕ ਖੂਬਸੂਰਤ ਕਵਿਤਾ ਨਾਲ ਹੋਈ। ਕਲਾ ਕੇਂਦਰ ਟੋਰਾਂਟੋ ਵਲੋਂ ਮੇਜਰ ਸਿੰਘ ਨਾਗਰਾ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਇਹ ਸਮਾਗਮ ਬਹੁਤ ਹੀ ਸਫ਼ਲ ਹੋ ਨਿੱਬੜਿਆ। ਇਸ ਮੌਕੇ ਜੁੜੇ ਵਿਸ਼ਾਲ ਇਕੱਠ ਵਿੱਚ ਨਾਮਵਰ ਕਵਿੱਤਰੀ ਨੀਰੂ ਅਸੀਮ, ਸੁਰਿੰਦਰ ਸੁਰਿੰਦ, ਨਿਰਮਲ ਨਿੱਝਰ, ਰਸ਼ਪਿੰਦਰ ਮਾਂਗਟ, ਜੋਗਿੰਦਰ ਸੰਘੇੜਾ, ਤਰਿਮਨ, ਕਰਮਨ, ਬਿਸਮਨ, ਅਮਨ ਧਾਲੀਵਾਲ, ਗੁਰਪਿੰਦਰ ਬੰਟੂ, ਦਲਜੀਤ ਸਿੰਘ ਮੋਗਾ (ਸਕਾਈਡੋਮ ਆਟੋ), ਹਰਜੀਤ ਬਾਜਵਾ (ਪੱਤਰਕਾਰ), ਦਪਿੰਦਰ ਸਿੰਘ ਲੂੰਬਾ (ਫਸਟ ਚੁਅਇਸ ਟੀ ਵੀ ਚੈਨਲ), ਸਰਲਾ ( ਇੰਚਾਰਜ ਬਰੈਂਪਟਨ ਲਾਇਬਰੇਰੀ), ਗੁਰਪ੍ਰੀਤ ਕੌਰ, ਪਰਾਗ, ਮਨਮੋਹਨ ਗੁਲਾਟੀ, ਲਾਲ ਸਿੰਘ ਸੰਘੇੜਾ ਅਤੇ ਅਨੇਕਾਂ ਹੋਰ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਕੁਲਜੀਤ ਮਾਨ ਤੇ ਮੇਜਰ ਸਿੰਘ ਨਾਗਰਾ ਵਲੋਂ ਬਾਖੂਬੀ ਕੀਤਾ ਗਿਆ।
ਆਪਣੇ ਸਾਹਿਤਕ ਸਮਾਗਮਾਂ ਦੀਆਂ ਖ਼ਬਰਾਂ ਅਤੇ ਤਸਵੀਰਾਂ ਸਾਨੂੰ ਭੇਜੋ।
lafzandapul@gmail.com
ਆਪਣੀ ਸੰਸਥਾ ਦੀਆਂ ਸਾਹਿਤਕ ਗਤੀਵਿਧੀਆਂ ਦੇ ਪ੍ਰਚਾਰ ਲਈ ਸਾਡੇ ਫੇਸਬੁੱਕ ਪੇਜ ਨਾਲ ਜੁੜੋ
http://www.facebook.com/LafzanDaPul

Posted

in

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com