ਗ਼ਜ਼ਲ: ਬਲਜੀਤ ਪਾਲ ਸਿੰਘ


ਕੀਤੀਆਂ ਜਿਹਨਾਂ ਕਦੇ ਮੁਹੱਬਤਾਂ
ਚਿਹਰਿਆਂ ਤੋਂ ਪੜ੍ਹਣ ਉਹ ਇਬਾਰਤਾਂ।

ਬੋਲਦੇ ਖੰਡਰ ਪੁਰਾਣੇ ਦੋਸਤੋ
ਖੂਬਸੂਰਤ ਸਨ ਕਦੇ ਇਮਾਰਤਾਂ।

ਸੱਸੀ ਸੋਹਣੀ, ਰੇਤ ਕੱਕੀ ਤੇ ਝਨਾਂ
ਆਪਣੇ ਹੱਥੀਂ ਆਪ ਘੜੀਆਂ ਕਿਸਮਤਾਂ।

ਉਮਰ ਭਰ ਕਰਦੇ ਰਹੋ ਲੱਖ ਕੋਸ਼ਿਸ਼ਾਂ
ਪੂਰੀਆਂ ਨਾ ਹੋਣ ਫਿਰ ਵੀ ਹਸਰਤਾਂ।

ਕੀ ਜਵਾਨੀ ਤੇ ਕੀ ਹੈ ਬੁਢਾਪਾ ਇਹ
ਹਾਏ ਬਚਪਨ ਹਾਏ ਉਹ ਸ਼ਰਾਰਤਾਂ।

ਕਰ ਲਈ ਵਿਗਿਆਨ ਨੇ ਤਰੱਕੀ ਬਹੁਤ
ਬਾਕੀ ਬੜੀਆਂ ਹਨ ਅਜੇ ਬੁਝਾਰਤਾਂ।

ਜਿੱਥੇ ਬੇਇਤਫਾਕੀਆਂ ਦੇ ਸਿਲਸਿਲੇ
ਖੁਸ਼ੀਆਂ ਖੇੜੇ ਕਰਨ ਓਥੋਂ ਹਿਜਰਤਾਂ।

ਸਦੀਆਂ ਮਗਰੋਂ ਵੀ ਨਾ ਮਿਲਿਆ ਉਹ ਕਦੇ
ਜਿਸ ਲਈ ਨਿੱਤ ਕੀਤੀਆਂ ਇਬਾਦਤਾਂ।

ਬਹੁਤੇ ਫਿਰਦੇ ਨੇ ਖਜ਼ਾਨੇ ਖੋਜਦੇ
ਕੁਝ ਕੁ ਫਿਰਦੇ ਭਾਲਦੇ ਨੇ ਸ਼ੁਹਰਤਾਂ।


ਬਲਜੀਤ ਪਾਲ ਸਿੰਘ


by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com