ਗ਼ਦਰ-21 ਫਰਵਰੀ 1915
ਬਰਤਾਨਵੀ ਸਰਕਾਰ ਦੀਆਂ ਮਾਰੂ ਆਰਥਿਕ ਨੀਤੀਆਂ ਨੇ ਦੇਸ਼ ਨੂੰ ਕੰਗਾਲ ਕਰ ਦਿੱਤਾ ਸੀ। ਉਨ੍ਹਾਂ ਨੇ ਦੇਸ਼ ਦਾ ਖਜ਼ਾਨਾ ਲੁੱਟਿਆ ਅਤੇ ਭਾਰਤ ਦਾ ਮਾਲ ਅਤੇ ਇੱਥੋਂ ਤੱਕ ਅਨਾਜ ਵੀ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ। ਅੰਨ ਦੇ ਬਾਹਰ ਜਾਣ ਨਾਲ ਦੇਸ਼ ਅੰਦਰ ਅਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। 1850-1900 ਤੱਕ ਕੋਈ 25 ਅਕਾਲ ਪਏ। ਭੁੱਖਮਰੀ ਕਾਰਨ ਮੌਤਾਂ ਦੀ ਗਿਣਤੀ ਵੱਧਦੀ ਗਈ ਤੇ ਪੰਜਾਬ ਅੰਦਰੋਂ ਅਨਾਜ ਬਾਹਰ ਢੋਇਆ ਜਾਂਦਾ ਰਿਹਾ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਆਰਥਕ ਹਾਲਤ ਹੋਰ ਬੱਦਤਰ ਹੋ ਗਈ। 1905-07 ਵਿੱਚ ਸੋਕੇ ਤੇ ਪਲੇਗ, ਮਲੇਰੀਏ ਆਦਿ ਨੇ ਏਨੀਆਂ ਜਾਨਾਂ ਲਈਆਂ, ਜਿਸ ਦੀ ਪਹਿਲਾਂ ਕੋਈ ਮਿਸਾਲ ਨਹੀਂ ਸੀ। ਜ਼ਮੀਨ ਦੀ ਨਿੱਜੀ ਖਾਤਿਆਂ ਵਿੱਚ ਵੰਡ ਅਤੇ ਸਰਕਾਰੀ ਮਾਮਲੇ ਦੀ ਨਕਦ ਉਗਰਾਹੀ ਨੇ ਪਿੰਡਾਂ ਦੇ ਪੁਰਾਣੇ ਸਵੈ-ਨਿਰਭਰ ਪ੍ਰਬੰਧ ਨੂੰ ਭੰਨਣਾ ਸ਼ੁਰੂ ਕਰ ਦਿੱਤਾ ਸੀ। ਸਾਂਝੀ ਜ਼ਮੀਨ ਦੀ ਮਾਲਕੀ ਖਤਮ ਹੋ ਗਈ ਤੇ ਕਿਸਾਨ ਕਰਜ਼ੇ ਹੇਠ ਦੱਬਣੇ ਸ਼ੁਰੂ ਹੋ ਗਏ। ਉਹ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਜਾਂ ਵੇਚ ਕੇ ਰੋਜ਼ੀ ਰੋਟੀ ਦੀ ਤਲਾਸ਼ ’ਚ ਬਾਹਰਲੇ ਮੁਲਕ ਜਾਣੇ ਸ਼ੁਰੂ ਹੋ ਗਏ।ਇਸੇ ਦੌਰਾਨ ਹੀ ਸਰਕਾਰ ਨੇ ਹੋਰ ਬਿੱਲਾਂ ਰਾਹੀਂ ਲੋਕਾਂ ਦਾ ਖੂਨ ਨਿਚੋੜ ਸੁੱਟਿਆ। ਪੰਜਾਬ ਅੰਦਰ ਖਲਬਲੀ ਵਾਲੀ ਸਥਿਤੀ ਬਣੀ ਹੋਈ ਸੀ। ਨੌ-ਅਬਾਦੀਆਂ ਬਾਰੇ 1906 ਦੇ ਬਿੱਲ ਦੇ ਖਿਲਾਫ, ਪੰਜਾਬ ਦੇ 1901 ਦੇ ਜ਼ਮੀਨ ਮਾਲਕੀ ਬਾਰੇ ਐਕਟ ਵਿੱਚ ਤਬਦੀਲੀ ਕਰਨ ਦੇ ਇੱਕ ਹੋਰ ਬਿੱਲ ਦੇ ਖਿਲਾਫ਼ ਅਤੇ ਤੀਜਾ ਬਾਰੀ ਦੁਆਬ ਨਹਿਰ ਦੇ ਪਾਣੀ ਦੀਆਂ ਦਰਾਂ ਵਧਾਉਣ ਬਾਰੇ ਬਿੱਲ ਦੇ ਕਾਰਨ ਪੰਜਾਬ ਅੰਦਰ ਤਿੰਨ ਅੰਦੋਲਨ ਛਿੜ ਪਏ ਸੀ। ਤੀਜੇ ਅੰਦੋਲਨ ਦੀ ਅਗਵਾਈ ਅਜੀਤ ਸਿੰਘ ਕਰ ਰਹੇ ਸਨ। ਇਹੋ ਜਿਹੀ ਸਥਿਤੀ ਅੰਦਰ ਪੰਜਾਬੀਆਂ ਦਾ ਅਮਰੀਕਾ, ਕਨੇਡਾ ਤੇ ਹੋਰ ਮੁਲਕਾਂ ਵੱਲ ਜਾਣਾ ਹੋਰ ਤੀਬਰ ਹੋ ਰਿਹਾ ਸੀ।ਪੰਜਾਬੀ ਕੰਮ ਤੇ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਇਨ੍ਹਾਂ ਮੁਲਕਾਂ ਅੰਦਰ ਗਏ, ਪਰ ਉੱਥੇ ਵੀ ਉਨ੍ਹਾਂ ਨੂੰ ਬਦਸਲੂਕੀ ਤੇ ਜਲਾਲਤ ਦਾ ਸਾਹਮਣਾ ਕਰਨਾ ਪਿਆ। ਇਹ ਉੱਥੇ ਜਾ ਕੇ ਸਸਤੀਆਂ ਦਰਾਂ ’ਤੇ ਬਹੁਤ ਜ਼ਿਆਦਾ ਕੰਮ ਕਰਦੇ। ਪ੍ਰਵਾਸੀ ਭਾਰਤੀਆਂ ਨੇ ਉੱਥੇ ਇਹੋ ਜਿਹੇ ਥਾਂ ਅਬਾਦ ਕਰ ਦਿੱਤੇ ਜੋ ਕਿ ਗੋਰਿਆਂ ਲਈ ਲੱਗਭਗ ਅਸੰਭਵ ਸੀ। ਉਹ ਦੁੱਗਣੀ ਮਿਹਨਤ ਕਰਦੇ, ਤਾਂ ਜੋ ਆਪਣੀ ਜ਼ਮੀਨ ਛੁਡਾ ਸਕਣ ਅਤੇ ਆਪਣੇ ਪਿੱਛੇ ਰਹਿ ਗਏ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ। ਉੱਥੋਂ ਦੇ ਮਜ਼ਦੂਰ ਸਰਕਾਰਾਂ ’ਤੇ ਦਬਾਅ ਪਾਉਣ ਲੱਗੇ ਕਿ ਭਾਰਤੀਆਂ ਦੇ ਆਵਾਸ ਨੂੰ ਰੋਕਿਆ ਜਾਵੇ। ਬ੍ਰਿਟਿਸ਼ ਕੋਲੰਬੀਆ ਵਿੱਚ ਏਸ਼ੀਆਈਆਂ ਵਿਰੁੱਧ 1907 ਵਿੱਚ ਦੰਗੇ ਭੜਕ ਪਏ ਸਨ। ਕੈਨੇਡਾ ਅੰਦਰ ਮਈ 1908 ਨੂੰ ਇੱਕ ਹੁਕਮ ਜਾਰੀ ਕਰਕੇ ਉਨ੍ਹਾਂ ਅਵਾਸੀਆਂ ਦੇ ਕੈਨੇਡਾ ਅੰਦਰ ਉਤਰਨ ਦੀ ਮਨਾਹੀ ਕਰ ਦਿੱਤੀ, ਜਿਹੜੇ ਉਸ ਦੇਸ਼ ਤੋਂ ਜਿੱਥੋਂ ਦੇ ਉਹ ਵਾਸੀ ਸਨ, ਲਗਾਤਾਰ ਸਫ਼ਰ ਕਰਕੇ ਨਹੀਂ ਆਏ ਹੁੰਦੇ ਸਨ ਤੇ ਉਸ ਦੇਸ਼ ਵਿੱਚ ਹੀ ਸਿੱਧੀਆਂ ਟਿਕਟਾਂ ਨਹੀਂ ਸਨ ਖਰੀਦੀਆਂ