ਗ਼ਜ਼ਲ: ਦਾਦਰ ਪੰਡੋਰਵੀ

ਜਲਾ ਕੇ ਦੀਪ ਤੁਰ ਪੈਂਦੇ ਨੇ ਉਹ ਸੱਦਣ ਹਵਾਵਾਂ ਨੂੰ,
ਮਸੀਹੇ ਕਿਸ ਤਰ੍ਹਾਂ ਦੇ ਮਿਲ ਗਏ ਸਾਡੇ ਗਰਾਂਵਾਂ ਨੂੰ।

ਸਫ਼ਰ ਦੇ ਮੋੜ ਤੇ ਇਹ ਕਿਸ ਤਰ੍ਹਾਂ ਦਾ ਹਾਦਸਾ ਹੋਇਆ,
ਮੁਸਾਫਿਰ ਭੁਲ ਗਏ ਮਹਿਸੂਸ ਕਰਨਾ ਧੁੱਪਾਂ-ਛਾਵਾਂ ਨੂੰ।

ਸਦੀਵੀ ਪਿੰਜ਼ਰੇ ਪੈ ਜਾਣ ਦਾ ਵੀ ਡਰ ਜਿਹਾ ਲਗਦੈ,
ਉਡਾਰੀ ਭਰਨ ਦੀ ਸੋਚਾਂ ਜਦੋਂ ਚਾਰੋਂ ਦਿਸ਼ਾਵਾਂ ਨੂੰ।

ਮਸਾਂ ਉਸਦਾ ਸੀ ਵਾਅ ਲੱਗਾ, ਨਹੀਂ ਸੀ ‘ਭਰਤ’ ਉਹ ਕੋਈ,
ਕਿਵੇਂ ਫਿਰ ਰਾਜ਼-ਗੱਦੀ ਤੇ ਬਿਠਾ ਦਿੰਦਾ ਖੜਾਵਾਂ ਨੂੰ।

ਸਫ਼ਰ ਵਿਚ ਕੁਝ ਨਾ ਕੁਝ ਤਾਂ ਹੁੰਦੀਆਂ ਨੇ ਤਲਖ਼ੀਆਂ ਆਖ਼ਿਰ,
ਨਾ ਖ਼ਾਬਾਂ ਚੋਂ ਕਰੀਂ ਮਨਫ਼ੀ, ਚਿਰਾਗ਼ਾਂ, ਧੁੱਪਾਂ, ਛਾਵਾਂ ਨੂੰ।

ਜਗਾ ਕੇ ਝੀਲ ਸੁੱਤੀ ਤਾਂਈਂ ਅੱਧੀ ਰਾਤ ਨੂੰ ਅਕਸਰ,
ਪਿਲਾਉਂਦਾ ਹੈ ਕੋਈ ਪਾਣੀ ਤੜਫ਼ਦੀਆਂ ਆਤਮਾਵਾਂ ਨੂੰ।

ਤੂੰ ਹੁਣ ਅਹਿਸਾਸ ਮੁਕਤੀ ਦੇਣ ਦਾ ਜੇ ਮੁਲਤਵੀ ਕੀਤੈ,
ਤਾਂ ਮੈਂ ਵੀ ਮੌਲਣੌਂ ਮੁਨਕਰ, ਤੂੰ ਪਾਣੀ ਲਾ ਨਾ ਚਾਵਾਂ ਨੂੰ।

ਬਗੀਚੇ ਨਾਲ ਕੈਸਾ ਰਿਸ਼ਤਾ ਹੈ ਇਹ ਬਾਗ਼ਬਾਨਾਂ ਦਾ?
ਹੈ ਮੁੱਦਤ ਹੋ ਗਈ, ਨਾ ਫੁਲ, ਨਾ ਫ਼ਲ ਲੱਗੇ ਸ਼ਖ਼ਾਵਾਂ ਨੂੰ।

-ਦਾਦਰ ਪੰਡੋਰਵੀ


Posted

in

, ,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com