ਗੁੰਬਦ: ਅੰਤਰਮਨ ਦੀ ਰਮਜ਼ ਦੀ ਕਵਿਤਾ


ਜਸਬੀਰ ਕਾਲਰਵੀ ਸਾਹਿਤ ਦੇ ਖੇਤਰ ਵਿਚ ਇਕ ਜਾਣਿਆ ਪਛਾਣਿਆ ਨਾਂ ਹੈ ।

ਸੁਰਜੀਤ

ਉਹ ਹਿੰਦੀ ਅਤੇ ਪੰਜਾਬੀ ਵਿਚ ਗ਼ਜ਼ਲ, ਕਵਿਤਾ ਤੇ ਨਾਵਲ ਆਦਿ ਦੀਆਂ ਦਰਜਨ ਕੁ ਕਿਤਾਬਾਂ ਦਾ ਰਚੈਤਾ ਹੈ। ਕਾਵਿ-ਸੰਗ੍ਰਹਿ ‘ਗੁੰਬਦ’ ਉਸਦੀ ਨਵ-ਪ੍ਰਕਾਸ਼ਿਤ ਰਚਨਾ ਹੈ ।


  ਪਿਛਲੇ ਕੁਝ ਅਰਸੇ ਤੋਂ ਪੰਜਾਬੀ ਕਵਿਤਾ ਨਵੇਂ ਦਿਸਹਦਿੱਆਂ ਦੀ ਤਲਾਸ਼ ਕਰ ਰਹੀ ਹੈ। ਅਜੋਕੇ ਕਵੀਆਂ ਨੇ ਆਪਣੀ ਕਵਿਤਾ ਵਿਚ ਕਈ ਨਵੇਂ ਵਿਸ਼ੇ ਛੋਹੇ ਹਨ, ਖੰਡਾਂ-ਬ੍ਰਹਿਮੰਡਾਂ ਨੂੰ ਪਾਰ ਕਰਨ ਦੇ ਯਤਨ ਕੀਤੇ ਹਨ । ਬਹੁਤ ਸਾਰੇ ਨਵੇਂ ਅਨੁਭਵ ਤੇ ਅਹਿਸਾਸ ਪੰਜਾਬੀ ਕਵਿਤਾ ਵਿਚ ਵੇਖਣ ਨੂੰ ਮਿਲਦੇ ਹਨ । ਇਨ੍ਹਾਂ ਸਾਹਿਤਕਾਰਾਂ ਵਿਚ ਜਸਬੀਰ ਕਾਲਰਵੀ ਦਾ ਨਾਂ ਵੀ ਸ਼ਾਮਲ ਹੈ, ਜਿਸਨੇ ਬੜੇ ਸੂਖਮ ਵਿਸ਼ਿਆਂ ਨੂੰ ਕਲਮਬੱਧ ਕਰਕੇ ਅਜੋਕੇ ਪੰਜਾਬੀ ਸਾਹਿਤ ਨੂੰ ਨਵੇਂ ਮੋੜ ਦਿੱਤੇ ਹਨ।

ਜਸਵੀਰ ਕਾਲਰਵੀ

ਸਭ ਤੋਂ ਪਹਿਲਾਂ ਇਸ ਕਿਤਾਬ ਦੇ ਨਾਮ ਦੀ ਗੱਲ ਕਰਦੇ ਹਾਂ । ਪਿਛਲੇ ਦਹਾਕੇ  ਤੋਂ ਪੰਜਾਬੀ ਸਾਹਿਤ ਵਿਚ ਪੁਸਤਕਾਂ ਦੇ ਨਾਂਵਾਂ ਦੀ ਸ਼ੈਲੀ ਵਿਚ ਵੀ ਨਵੇਂ ਪ੍ਰਯੋਗ ਕੀਤੇ ਗਏ ਹਨ । ਬਹੁਤ ਸਾਰੀਆਂ ਪੁਸਤਕਾਂ ਦੇ ਨਾਂ ਅਧਿਆਤਮਕ ਅਤੇ ਰੂਹਾਨੀ ਮੰਡਲਾਂ ਵਿਚਲੀ ਸ਼ਬਦਾਵਲੀ ਨਾਲ ਮੇਲ ਖਾਂਦੇ ਹਨ, ਜਿਵੇਂ ਕਮੰਡਲ, ਖੜਾਵਾਂ, ਤਸਬੀ ਤੇ ਧਰਤੀ ਨਾਦ ਆਦਿ ।ਗੁੰਬਦ ਨਾਂ ਵੀ ਇਸੇ ਪਿਰਤ ਨੂੰ ਅਗੇ ਤੋਰਦਾ ਹੈ ।
ਉਂਝ ਗੁੰਬਦ ਕਿਸੇ ਇਮਾਰਤ ਦਾ ਸਭ ਤੋਂ ਉੱਚਾ ਗੋਲਾਕਾਰ ਹਿੱਸਾ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦੇ ਅੰਦਰ ਸਭ ਤੋਂ ਜ਼ਿਆਦਾ ਊਰਜਾ ਇੱਕਠੀ ਹੁੰਦੀ ਹੈ। ਇਸ ਦੇ ਵਿਚ ਧੁਨੀਆਂ ਦੀ ਇਕ ਰਹੱਸਮਈ ਗੂੰਜ ਪੈਦਾ ਹੁੰਦੀ ਹੈ ਜਿਸ ਨੂੰ ਨਾਦ ਕਹਿੰਦੇ ਹਨ । ਤਕਰੀਬਨ ਸਾਰੀਆਂ ਧਾਰਮਿਕ ਇਮਾਰਤਾਂ ਦੇ ਸਿਖਰ ਉੱਤੇ ਇਕ ਗੁੰਬਦ ਬਣਿਆ ਹੋਇਆ ਹੁੰਦਾ ਹੈ ਜੋ ਕਿ ਇਸ ਇਮਾਰਤ ਦੇ ਸਿਰ ਦਾ ਪ੍ਰਤੀਕ ਹੁੰਦਾ ਹੈ । ਜਸਬੀਰ ਕਾਲਰਵੀ ਨੇ ਮਨੁੱਖੀ ਮਨ ਦੀ ਤੁਲਨਾ ਇਕ ਗੁੰਬਦ ਨਾਲ ਕੀਤੀ ਹੈ ਜਿਸ ਵਿਚ ਹਰ ਵੇਲੇ ਬਹੁਤ ਸਾਰੇ ਵਿਚਾਰਾਂ ਦੀਆਂ ਧੁਨੀਆਂ ਗੂੰਜਦੀਆਂ ਰਹਿੰਦੀਆਂ ਹਨ । ਕਵੀ, ਕਿਉਂਕਿ ਕੋਮਲ ਕਲਾਵਾਂ ਦਾ ਮਾਲਕ ਹੁੰਦਾ ਹੈ, ਇਨ੍ਹਾਂ ਧੁਨੀਆਂ ਦੀ ਅਭਿਵਿਅਕਤੀ ਸੁੰਦਰ ਸ਼ਬਦਾਂ ਵਿਚ ਕਵਿਤਾ ਦੇ ਰੂਪ ਵਿਚ ਕਰਨੀ ਜਾਣਦਾ ਹੈ । ਜਸਬੀਰ ਕਾਲਰਵੀ ਦੇ ਮਨ-ਗੁੰਬਦ ਵਿਚ ਜੋ ਧੁਨੀਆਂ ਗੂੰਜਦੀਆਂ ਹਨ,
ਇਹ ਪੁਸਤਕ ਉਨ੍ਹਾਂ ਦਾ ਬਹੁਤ ਸੁੰਦਰ ਪ੍ਰਗਟਾਵਾ ਹੈ । ਆਪਣੀ ਛਿਆਨਵੇਂ ਸਫ਼ਿਆਂ ਦੀ ਇਸ ਪੁਸਤਕ ਦਾ ਆਦਿ ਉਹ ‘ਖੇਲ’ ਨਾਮੀ ਨਜ਼ਮ ਨਾਲ ਕਰਦਾ ਹੈ ਜਿਸ ਵਿਚ ਉਹ ਆਪਣੀ ਕਾਵਿ-ਸਿਰਜਣਾ ਬਾਰੇ ਇੰਜ ਲਿਖਦਾ ਹੈ-

                ਮੈਂ ਕੱਲੇ ਕਾਰੇ ਸ਼ਬਦਾਂ ਨੂੰ
                ਆਪਣੇ ਕੋਲ ਬੁਲਾਉਂਦਾ ਹਾਂ
                ਉਨ੍ਹਾਂ ਨੂੰ ਇਕ ਦੂਜੇ ਦੀ
                ਹਿੱਕੇ ਲਾਉਂਦਾ ਹਾਂ ।
                ਸ਼ਬਦ ਜਮਾਂ ਸ਼ਬਦ
                ਮੈਨੂੰ ਲਭਦੇ ਹਨ ਨਵੇਂ ਅਰਥ ।
                ——
                ਮੈਂ ਤਾਂ ਸ਼ਬਦਾਂ ਨੂੰ
                ਉਨ੍ਹਾਂ ਦੀ ਸੀਮਿਤ ਕੈਦ ਚੋਂ
                ਮੁਕਤ ਕਰਦਾ ਹਾਂ”

ਇਸ ਨਜ਼ਮ ਨਾਲ ਅਸੁਭਾਵਿਕ ਹੀ ਜਸਬੀਰ ਆਪਣੀ ਸਾਹਿਤ ਸਿਰਜਣਾ ਦੇ ਉਦੇਸ਼ ਅਤੇ ਪ੍ਰਕ੍ਰਿਆ ਨੂੰ ਬੜੇ ਵੱਖਰੇ ਅਤੇ ਭਾਵਪੂਰਤ ਸ਼ਬਦਾਂ ਵਿਚ ਬਿਆਨ ਕਰਦਾ ਹੈ ।

ਕੰਵਰ ਇਮਿਤਿਆਜ਼ ਇਸ ਪੁਸਤਕ ਦੀ ਭੂਮਿਕਾ ਵਿਚ ਲਿਖਦੇ ਹਨ “ਜਸਬੀਰ ਕਾਲਰਵੀ ਨੇ ਆਪਣੇ ਮਨ ਦੇ ਗੁੰਬਦ ਦੀਆਂ ਸੱਤ ਸੀਮਾਂਵਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਸ ਵਿਚ ਸੀਮਿਤ ਰਹਿਕੇ ਉਹ ਆਪਣੇ ਅੰਤਰ ਮਨ ਦੀਆਂ ਧੁਨਾਂ ਸੁਨਣ ਵਿਚ ਰੁੱਝਾ ਹੋਇਆ ਹੈ”

ਗੁੰਬਦ ਸਿਰਲੇਖ ਹੇਠ ਲਿਖੀਆਂ ਕਵਿਤਾਵਾਂ ਦਾ ਕੇਂਦਰੀ ਭਾਵ ਵਿਚਾਰਣਯੋਗ ਹੈ । ਇਹ ਇਕੋ ਸਮੇਂ ਪ੍ਰੌੜ ਵੀ ਹੈ, ਰਹੱਸਮਈ ਵੀ ਹੈ ਤੇ ਦਾਰਸ਼ਨਕ ਵੀ ।ਇਸ ਵਿਚ ਉਹ ਮਨੁੱਖੀ ਹਉਮੈ ਦੀ ਕੈਦ ਚੋਂ ਨਿਕਲਣ ਦੀ ਗੱਲ ਕਰਦਾ ਹੈ । ਉਹ ਗੁੰਬਦ ਜਿਸ ਵਿਚ ‘ਮੈਂ’ ਨਾਲ ਸੰਬੰਧਿਤ ਧੁਨੀਆਂ ਗੂੰਜਦੀਆਂ ਰਹਿੰਦੀਆਂ ਹਨ ਕਵੀ ਉਨ੍ਹਾਂ ਆਹਮ ਦੀਆਂ ਕੰਧਾਂ ਨੂੰ ਤੋੜ ਕੇ ਆਪਣੇ ਖੋਲ ਵਿਚੋਂ ਨਿਕਲਣਾ ਚਾਹੁੰਦਾ ਹੈ:- 

“ਮੈਂ ਇਹ ਚਾਹੁੰਨਾ ਹਾਂ ਕਿ ਆਪਣੇ ਖੋਲ ‘ਚੋਂ ਨਿਕਲਾਂ ਕਦੇ
ਜੇ ਮੇਰਾ ਆਹਮ ਚਕਨਾਚੂਰ ਹੋ ਜਾਏ ਕਦੇ” (ਪ.15)

 ‘ਮੈਂ’ ਜਾਂ ‘ਹਉਮੈ’ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀ ਹੈ । ਸਾਰੇ ਧਾਰਮਿਕ ਗ੍ਰੰਥ ਇਸ ਹਉਮੈ ਨੂੰ ਮਾਰਕੇ ਨਿੱਜ ਤਕ ਪਹੁੰਚਣ ਦੀ ਗੱਲ ਕਰਦੇ ਹਨ । ਇਹ ‘ਮੈਂ’ ਹੀ ਆਤਮਾ ਅਤੇ ਪਰਮਾਤਮਾ ਵਿਚਕਾਰ ਬਹੁਤ ਵੱਡੀ ਰੁਕਾਵਟ ਹੁੰਦੀ ਹੈ । ਜਸਬੀਰ ਨੇ ਇਕ ਸਾਧਕ ਵਾਂਗ ਮਨ ਦੇ ਗੁੰਬਦ ਵਿਚ ਗੂੰਜਦੀਆਂ ‘ਮੈਂ’ ਦੀਆਂ ਧੁਨੀਆਂ ਮਾਰਕੇ ਆਪਾ ਪਛਾਨਣ ਦੀ ਕੋਸ਼ਿਸ਼ ਕੀਤੀ ਹੈ।
 
“ਮੈਂ ਜੋ ਕਦੇ ਮੈਂ ਨਾਲ ਭਰਿਆ ਸੀ
ਕਦ ਮੈਂ ਰਹਿਤ ਹੋ ਗਿਆ
ਕੁਝ ਪਤਾ ਨਾ ਚਲਿਆ” ( ਪੰਨਾ-22)

ਕਈ ਵਾਰ ਇਹ ‘ਮੈਂ’ ਦੀਆਂ ਧੁਨੀਆਂ ਜਸਬੀਰ ਦੇ ਮਨ ਦੇ ਗੁੰਬਦ ਅੰਦਰ ਹੀ ਗੂੰਜਦੀਆਂ ਰਹਿੰਦੀਆਂ ਹਨ, ਸੰਤਾਪ ਹੰਢਾਉਂਦੀਆਂ ਹਨ, ਆਪਣੇ ਘੇਰਿਆਂ ਬਾਰੇ ਚਰਚਾ ਕਰਦੀਆਂ ਹਨ ਅਤੇ ਨਿਰਦਵੰਦ ਹੋਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਕਦੇ ਇਸ ਤੋਂ ਪਾਰ ਨਹੀਂ ਜਾਂਦੀਆਂ । ਜਦ ਇਹ ਧੁਨੀਆਂ ਅੱਗੇ ਨਾਲੋਂ ਦੁੱਗਣੀ ਗੂੰਜ ਲੈ ਕੇ ਮਨ ਦੀ ਕੈਨਵੈਸ ਤੇ ਉਤਰਦੀਆਂ ਹਨ ਤਾਂ ਕਵੀ ਮਨ ਵਿਚ ਹੌਲੀ ਹੌਲੀ ਕਵਿਤਾ ਦਾ ਰੂਪ ਧਾਰ ਲੈਂਦੀਆਂ ਹਨ । ਇੰਝ ਕਵੀ ਇਸ ਮੈਂ ਨੂੰ ਪਛਾਣਦਾ ਕਦੋਂ ‘ਮੈਂ’ਰਹਿਤ ਹੋ ਜਾਂਦਾ ਹੈ, ਉਸਨੂੰ ਪਤਾ ਵੀ ਨਹੀਂ ਚਲਦਾ ।
 
“ਉਹ ਜਿਸ ਨੂੰ ਮਾਰਦਾ ਰਹਿੰਦਾ ਸੀ ਲੋਕਾਂ ਦੇ ਮੱਥੇ ਤੇ
ਮੇਰੇ ਆਹਮ ਦਾ ਪੱਥਰ ਕਿਤੇ ਹੁਣ ਰਿੜ ਗਿਆ ਲਗਦਾ” (ਪੰਨਾ-14)

ਜਦ ਉਹ ਆਪਣੇ ਮਨ ਦੀ ਹਲਚਲ ਨੂੰ ਪਛਾਣ ਲੈਂਦਾ ਹੈ ਤੇ ਉਸਦੇ ਵਿਚਾਰਾਂ ਦਾ ਸੰਸਾਰ ਗੁੰਬਦ ਦੇ ਬਾਹਰ ਵੱਲ ਤੁਰਦਾ ਹੈ । ਰਾਤ ਵੇਲੇ ਜਦੋਂ ਸੀਤ ਚਾਨਣ ਫ਼ੈਲਿਆ ਹੁੰਦਾ ਹੈ ਅਤੇ ਇਹ ਸੋਚਾਂ ਸਿਮਟ ਕੇ ਸਿਫ਼ਰ ਹੋ ਜਾਂਦੀਆਂ ਹਨ ਤਾਂ ਕਵੀ ਮਨ ਦਾ ਸਿਫ਼ਰ ਰੌਸ਼ਨੀਆਂ ਨਾਲ ਭਰਿਆ ਗੁੰਬਦ ਹੋ ਨਿਬੜਦਾ ਹੈ । ਇਸ ਰੌਸ਼ਨੀ ਨਾਲ ਉਸਦਾ ਆਲਾ-ਦੁਆਲਾ ਭਰ ਜਾਂਦਾ ਹੈ ਤੇ ਚੇਤਨਾ ਉੱਪਰ ਵੱਲ ਦਾ ਸਫ਼ਰ ਕਰਦੀ ਹੈ ਤੇ ਗੁੰਬਦ ਮਹਾਂਗੁੰਬਦ ਹੋ ਨਿਬੜਦਾ ਹੈ । ਇਹ ਹੈ ਜਸਬੀਰ ਕਾਲਰਵੀ ਦਾ ਚਿੰਤਨ ਸੰਸਾਰ ਜੋ ਨਿੱਜ ਤੋਂ ਪਰ ਅਤੇ ਪਰ ਤੋਂ ਪਾਰ ਇਕ ਰਹੱਸਮਈ ਯਾਤਰਾ ਵੱਲ ਤੁਰਦਾ ਹੈ ।
 
“ਉਹ ਹਨੇਰਾ ਜੋ ਮੇਰੇ ਮੱਥੇ ਤੇ ਦਿਖਦਾ ਹੈ ਸਦਾ
ਉਹ ਹਨੇਰਾ ਤਾਂ ਚਿਰਾਂ ਤੋਂ ਰੌਸ਼ਨੀ ਨੂੰ ਟੋਲਦਾ” (ਪੰਨਾ 16)

ਧਿਆਨ ਸਾਧਨਾ ਇਕ ਕਠਿਨ ਰਾਹ ਹੈ ਜਿਸ ਤੇ ਸਾਧਕ ਤੁਰਦਾ ਹੈ ਅਤੇ ਪਪੀਹੇ ਵਾਂਗ ਉਡੀਕਦਾ ਹੈ, ਪਰ ਜਰੂਰੀ ਨਹੀਂ ਕਿ ਸਵਾਂਤੀ ਬੂੰਦ ਉਸਨੂੰ ਮਿਲੇ। ਸੂਫ਼ੀਆਂ ਵਰਗੀ ਉਸ ਦੀ ਤੜਪ ਅਤੇ ਨਾਕਾਮਯਾਬੀ ਲਈ ਦਿਤੇ ਉਲਾਂਭੇ ਦੀ ਮਿਸਾਲ ਇਸ ਸ਼ਿਅਰ ਵਿਚ ਦੇਖੀ ਜਾ ਸਕਦੀ ਹੈ:-
 
“ਮੈਂ ਪਪੀਹੇ ਵਾਂਗ ਸੀ ਬੋਲਿਆ, ਮੈਂ ਪਪੀਹੇ ਵਾਂਗ ਉਡੀਕਿਆ 
ਕਿਤੇ ਹੋਰ ਹੀ ਕਿਸੇ ਦੇਸ ਵਿਚ ਜਾ ਕੇ ਵਰਸਿਆ ਬੇਹਿਸਾਬ ਤੂੰ” (ਪੰਨਾ-36)

ਕਿਹਾ ਜਾਂਦਾ ਹੈ ਕਿ ਆਪੇ ਦੀ ਖੋਜ ਕਰਦਿਆਂ ਜਦ ਵੀ ਕੋਈ ਸਾਧਕ ਆਪਣੇ ਅੰਦਰ ਲੱਥਣ ਦੀ ਕੋਸ਼ਿਸ਼ ਸ਼ੁਰੂ ਕਰਦਾ ਹੈ ਤਾਂ ਉਸਨੂੰ ਕਈ ਪੜਾਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ । ਸਭ ਤੋਂ ਪਹਿਲਾਂ ਉਸਨੂੰ ਆਪਣੇ ਤੀਜੇ ਨੇਤਰ ਰਾਹੀਂ ਇਕ ਸੁਰੰਗ ਦਿਖਾਈ ਦੇਣੀ ਸ਼ੁਰੂ ਹੁੰਦੀ ਹੈ । ਹੌਲੀ ਹੌਲੀ ਵਧੇਰੇ ਧਿਆਨ ਕਰਨ ਨਾਲ ਸਾਧਕ ਨੂੰ ਕੁਛ ਰੰਗਾਂ ਦੇ ਕੋਲਾਜ ਦਿਸਦੇ ਹਨ । ਧਿਆਨ ਸਾਧਨਾ ਵਿਚ ਜਾਮਨੀ ਰੰਗ ਨੂੰ ਆਪਣੀ ਚੇਤਨਾ ਦਾ ਰੰਗ ਮੰਨਿਆ ਜਾਂਦਾ ਹੈ । ਕਵੀ ਸਾਨੂੰ ਦੱਸਦਾ ਹੈ ਕਿ ਧਿਆਨ ਰਾਹੀਂ ਜਦੋਂ ਉਹ ਇਕ ਭੋਰੇ ਵਿਚ ਪਰਵੇਸ਼ ਕਰਦਾ ਹੈ ਤਾਂ ਭੋਰੇ ਚੋਂ ਨਿਕਲ ਕੇ ਜਾਮਣੀ ਰੰਗ ਤਕ ਪਹੁੰਚਦਾ ਹੈ ਤਾਂ ਉਸਦੇ ਮਨ ਦੇ ਸੁੰਨੇ ਬੂਹੇ ਉੱਤੇ ਦਸਤਕ ਤੇਜ਼ ਹੋ ਜਾਂਦੀ ਹੈ ਅਤੇ ਫ਼ਿਰ ਆਕਾਸ਼ੀ ਚੇਤਨਾ ਦਾ ਬੂਹਾ ਕਿਸੇ ਮਹਾਂਗੁੰਬਦ ਵਲ ਖੁੱਲ ਜਾਂਦਾ ਹੈ । ਇਸ ਤਰ੍ਹਾਂ ਸਾਧਕ ਆਪਣੀ ਹੋਂਦ ਦੇ ਸ੍ਰੋਤ ਨਾਲ ਮਿਲ ਜਾਂਦਾ ਹੈ ਜਿਸ ਅਨੁਭਵ ਨੂੰ ਉਹ ਬੜੇ ਸੁੰਦਰ ਢੰਗ ਨਾਲ ਦ੍ਰਿਸ਼ ਚਿਤਰਣ ਇੰਜ ਕਰਦਾ ਹੈ :

                    ਰੌਸ਼ਨੀ ਰੌਸ਼ਨੀ ‘ਚ ਮਿਲਦੀ
                    ਮਹਾਂ ਰੌਸ਼ਨੀ ਹੋ ਜਾਂਦੀ
                    ਗੂੰਜ ਗੂੰਜ ਦੇ ਕਲਾਵੇ ਜਾ
                    ਮਹਾਂ ਨਾਦ ਬਣਦੀ
                    ਇੱਕੋ ਸਿਫ਼ਰ
                    ਇੱਕੋ ਰੌਸ਼ਨੀ
                    ਇੱਕੋ ਨਾਦ
                    ਇਕੋ ਗੁੰਬਦ
                    ਨਿਰਾਕਾਰ
                    ਨਿਰਾਕਾਰ
                    ਨਿਰਾਕਾਰ


ਇਹ ਹੈ ਜਸਬੀਰ ਕਾਲਰਵੀ ਦੀ ਗੁੰਬਦ ਕਵਿਤਾ ਦਾ ਆਪਣੇ ਸ੍ਰੋਤ ਦੇ ਨਿਰਾਕਾਰ ਰੂਪ ਵਿਚ ਅਭੇਦ ਹੋ ਜਾਣ ਦਾ ਰਹੱਸਵਾਦ । ਕਵੀ ਨੇ ਇਸ ਕਵਿਤਾ ਵਿਚ ਜੋ ‘ਗੁੰਬਦ ਦੇ ਅੰਦਰ ਤੇ ਬਾਹਰ’ ਹੋਣ ਦੀ ਗੱਲ ਕੀਤੀ ਹੈ ਇਸਦਾ ਭਾਵ ਕੀ ਹੈ? ਜੋ ਨੰਗੀ ਅੱਖ ਨੂੰ ਦਿਸਦਾ ਹੈ ਉਹ ਸੰਸਾਰ ਹੋਰ ਹੈ ਪਰ ਜੋ ਸਾਧਨਾ ਰਾਹੀਂ ਅੱਖਾਂ ਮੀਟ ਕੇ ਇਕ ਸਾਧਕ ਆਪਣੇ ਤੀਜੇ ਨੇਤਰ ਵਿਚਦੀ ਦੇਖਦਾ ਹੈ ਤਾਂ ਉਸ ਨੂੰ ਪਾਰਲੇ ਜਗਤ ਦੀ ਸਮਝ ਪੈ ਜਾਂਦੀ ਹੈ ਜਿਥੇ ‘ਰੌਸ਼ਨੀਆਂ ਹਨ, ਅਨੰਤ ਫ਼ੈਲਾਓ ਹੈ ਤੇ ਅਸੀਮ ਠਹਿਰਾਓ ਹੈ ਤੇ ਮੈਂ ਤੋਂ ਤੂੰ ਹੋ ਜਾਣ ਦੀ ਮੰਜ਼ਿਲ ਹੈ ।
 

ਪਹਿਲਾਂ-ਪਹਿਲਾਂ ਜਦੋਂ ਸਾਧਕ ਧਿਆਨ ਵਿਚ ਜੁੜ ਕੇ ਆਪਣੇ ਕੇਂਦਰ ਤਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿੰਨੀਆਂ ਸੋਚਾਂ ਦੇ ਪਹੇ ਉੱਤੇ ਪੈ ਜਾਂਦਾ ਹੈ । ਹੌਲੀ ਹੌਲੀ ਇਹ ਸੋਚਾਂ ਆਪਣਾ ਕੇਂਦਰ ਭਾਲ ਲੈਂਦੀਆਂ ਹਨ ਤੇ ਸਿਫ਼ਰ ਹੋ ਜਾਂਦੀਆਂ ਹਨ ਤੇ ਆਪਣੇ ਕੇਂਦਰ ਵਿਚ ਰੰਗੀਆਂ ਜਾਂਦੀਆਂ ਹਨ । ਇਹ ਉਹ ਅਵਸਥਾ ਹੁੰਦੀ ਹੈ ਜਿਥੇ ਅੰਦਰ ਬਾਹਰ ਇਕ ਹੋ ਜਾਂਦਾ ਹੈ ਅਤੇ ਅੰਦਰ ਇਕ ਸ਼ੂਨਯ (ਸਿਫ਼ਰ) ਉਤਪੰਨ ਹੋ ਜਾਂਦਾ ਹੈ । ਉਸਨੂੰ ਆਪਣੇ ਵਿਰਾਟ ਰੂਪ ਦੀ ਸਮਝ ਪੈ ਜਾਂਦੀ ਹੈ ।
 

“ਮੈਂ ਹਨੇਰਾ ਹਾਂ ਸਾਰੀ ਰੌਸ਼ਨੀ ਅੰਦਰ ਮੇਰੇ
ਹੋਣਗੇ ਸੂਰਜ ਖਲਾਅ ਦੇ ਹਾਣਦਾ ਕੋਈ ਨਹੀਂ” -47

ਜਸਬੀਰ ਕਾਲਰਵੀ ਦੀ ਇਹ ਪੁਸਤਕ ਗੁੰਬਦ ਬਹੁਤ ਵੱਡੀਆਂ ਕਦਰਾਂ ਦੀ ਲਖਾਇਕ ਹੈ ਅਤੇ ਅਜੋਕੀ ਪੰਜਾਬੀ ਕਵਿਤਾ ਵਿਚ ਇਕ ਨਵੇਂ ਮੁਕਾਮ ਤੇ ਖੜੀ ਹੈ । ਮੈਂ ਕਵੀ ਨੂੰ ਇਸ ਪੁਸਤਕ ਨੂੰ ਲਿਖਣ ਲਈ ਵਧਾਈ ਦਿੰਦੀ ਹਾਂ ।

-ਸੁਰਜੀਤ 

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com