ਜਦ ਸੁਰਜੀਤ ਕੌਰ ਨੂੰ ਗੁਆਂਢਣ ਬੇਬੇ ਭੰਤੋ ਦੇ ਘਰੋਂ ਰੋਣ-ਕੁਰਲਾਉਣ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਹ ਹੈਰਾਨ ਹੋ ਗਈ। ਉਹ ਬੇਬੇ ਭੰਤੋ ਨੂੰ ਵਰ੍ਹਿਆਂ ਤੋਂ ਹੀ ਨਹੀਂ, ਪਿਛਲੇ ਦੋ ਦਹਾਕਿਆਂ ਤੋਂ ਇੱਕਲੀ ਦੇਖਦੀ ਆ ਰਹੀ ਸੀ।
ਬੇਬੇ ਭੰਤੋ ਦਾ ਪਰਿਵਾਰ ਕਿਸੇ ਤੀਰਥ ਯਾਤਰਾ ਤੋਂ ਆਉਂਦਾ ਸੜਕ ਹਾਦਸੇ ਵਿਚ ਮਾਰਿਆ ਗਿਆ ਸੀ। ਜਦ ਭੰਤੋ ਨੂੰ ਪਤਾ ਲੱਗਿਆ ਤਾਂ ਉਹ ਨਾ ਤਾਂ ਰੋਈ ਅਤੇ ਨਾ ਹੀ ਕੋਈ ਪਿੱਟ ਸਿਆਪਾ ਕੀਤਾ। ਬੱਸ, ਟੱਬਰ ਦੇ ਅੱਠ ਜੀਆਂ ਦੀਆਂ ਲਾਸ਼ਾਂ ਦੇਖ ਕੇ ਬੁੱਤ ਹੀ ਬਣ ਗਈ ਸੀ! ਚੁੱਪ ਚਾਪ ਅਤੇ ਸਿਲ-ਪੱਥਰ!
ਬੇਬੇ ਭੰਤੋ ਦਾ ਸਾਰਾ ਪਰਿਵਾਰ ਉਸ ਨੂੰ ਘਰ ਸੰਭਾਲ਼ ਕੇ ਤੀਰਥ ਯਾਤਰਾ ‘ਤੇ ਗਿਆ ਸੀ ਅਤੇ ਹਾਦਸੇ ਕਾਰਨ ਰਸਤੇ ਵਿਚ ਹੀ ਲਾਸ਼ਾਂ ਬਣ ਕੇ ਰਹਿ ਗਿਆ ਸੀ। ਉਸ ਤੋਂ ਬਾਅਦ ਬੇਬੇ ਕਿਸੇ ਤੀਰਥ ਅਸਥਾਨ ‘ਤੇ ਨਹੀਂ ਗਈ ਸੀ। ਤੀਰਥ ਯਾਤਰਾ ਤੋਂ ਵਾਪਸ ਆਉਂਦਾ ਪਰਿਵਾਰ ਬੱਜਰੀ ਨਾਲ ਭਰੇ ਟਰੱਕ ਦੀ ਲਪੇਟ ਵਿਚ ਆ ਗਿਆ। ਟਰੱਕ ਨੇ ਸਾਰਾ ਪ੍ਰੀਵਾਰ ਕੁਚਲ ਦਿੱਤਾ ਸੀ ਅਤੇ ਬੇਬੇ ਭੰਤੋ ਦਾ ਵਸਦਾ-ਰਸਦਾ ਘਰ ਉੱਜੜ ਗਿਆ ਸੀ। ਉਸ ਹਾਦਸੇ ਤੋਂ ਬਾਅਦ ਨਾਂ ਤਾਂ ਬੇਬੇ ਕਿਸੇ ਨਾਲ ਬੋਲਦੀ ਅਤੇ ਨਾ ਹੀ ਕਿਸੇ ਨੇ ਹੱਸਦੀ ਦੇਖੀ ਸੀ। ਪਰਿਵਾਰ ਦੇ ਅੱਠ ਜੀਆਂ ਦੇ ਸਸਕਾਰ ਵੇਲੇ ਬੇਬੇ ਆਮ ਲੋਕਾਂ ਨਾਲ ਸ਼ਮਸ਼ਾਨਘਾਟ ਗਈ ਅਤੇ ਸਸਕਾਰ ਕਰਵਾ ਕੇ ਵਾਪਸ ਆ ਗਈ ਸੀ। ਰਿਸ਼ਤੇਦਾਰ ਫ਼ੁੱਲ ਚੁਗ ਕੇ ਤਾਰ ਆਏ ਸਨ। ਬੇਬੇ ਉਹਨਾਂ ਨਾਲ ਫ਼ੁੱਲ ਤਾਰਨ ਵੀ ਨਹੀਂ ਗਈ ਸੀ। ਜਦ ਫ਼ੁੱਲ ਤਾਰੇ ਗਏ ਤਾਂ ਬੇਬੇ ਦਾ ਸ਼ਾਮ ਨੂੰ ਆਟਾ ਗੁੰਨ੍ਹਦੀ ਦਾ ਦਿਲ ਹਿੱਲਿਆ। ਹੌਲ ਜਿਹਾ ਪਿਆ ਕਿ ਉਹ ਉਸ ਘਰ ਵਿਚ ਇਕੱਲੀ ਬੈਠੀ ਸੀ, ਜਿਸ ਘਰ ਵਿਚ ਕਦੇ ਚਿੜੀ ਚੂਕਦੀ ਨਹੀਂ ਸੀ ਸੁਣਦੀ ਅਤੇ ਪੋਤੇ-ਪੋਤੀਆਂ ਰੌਣਕਾਂ ਲਾਈ ਰੱਖਦੇ ਸਨ। ਉਹ ਕਿਸੇ ਨੂੰ ਝਿੜਕਦੀ ਅਤੇ ਕਿਸੇ ਨੂੰ ਵਿਰਾਉਂਦੀ ਸੀ।
ਰਿਸ਼ਤੇਦਾਰਾਂ ਨੇ ਬੇਬੇ ਕੋਲ ਚੱਕਰ ਕੱਢਣੇ ਸ਼ੁਰੂ ਕਰ ਦਿੱਤੇ। ਹੁਣ ਬੇਬੇ ਅੱਧੇ ਕਿੱਲੇ ਦੇ ਘਰ ਅਤੇ ਵੀਹ ਕਿੱਲੇ ਜ਼ਮੀਨ ਦੀ ‘ਕੱਲੀ ਮਾਲਕ ਸੀ। ਲੋਕਾਂ ਨੂੰ ਇਹ ਸੀ ਕਿ ਇਕੱਲੀ ਬੁੱਢੀ ਨੂੰ ‘ਸੇਵਾ’ ਦੀ ‘ਆੜ’ ਵਿਚ ਖ਼ੁਸ਼ ਰੱਖੋ ਅਤੇ ਜ਼ਮੀਨ ਹਥਿਆਉਣ ਵਾਲ਼ੀ ਗੱਲ ਕਰੋ! ਪਰ ਬੇਬੇ ਨੇ ਇੱਕੋ ਗੱਲ ਵਿਚ ਨਬੇੜ ਦਿੱਤੀ ਸੀ, “ਜੇ ਰੱਬ ਨੂੰ ਮੇਰੇ ‘ਤੇ ਤਰਸ ਆਉਂਦਾ ਹੁੰਦਾ, ਤਾਂ ਮੇਰਾ ਸਾਰਾ ਟੱਬਰ ਨਾ ਖੋਂਹਦਾ ਭਾਈ! ਹੁਣ ਤੁਸੀਂ ਮੇਰੀ ਚਿੰਤਾ ਛੱਡੋ ਤੇ ਆਪਂਣੇ ਪ੍ਰੀਵਾਰਾਂ ਦਾ ਫਿ਼ਕਰ ਕਰੋ! ਮੈਂ ਆਪਣੇ ਘਰ ਰੱਬ ਦੀ ਰਜ਼ਾ ‘ਚ ਰਾਜ਼ੀ ਆਂ! ਮੇਰੀ ਚਿੰਤਾ ਦਿਲੋਂ ਕੱਢ ਦਿਓ!”
ਜ਼ਮੀਨ ਦੇ ਲਾਲਚ ਵਿਚ ਆਏ ਰਿਸ਼ਤੇਦਾਰ ਨਿਰਾਸ਼ ਪਰਤ ਗਏ ਸਨ। ਬੰਦਾ ਨਿਰਾਸ਼ਾ ਵਿਚ ਵੀ ਉਦੋਂ ਹੀ ਆਉਂਦਾ ਹੈ, ਜਦ ਉਸ ਨੂੰ ਕੋਈ ਆਸ ਬੱਝੀ ਹੋਈ ਹੋਵੇ। ਪਰ ਲਾਲਚੀ ਰਿਸ਼ਤੇਦਾਰ ਤਾਂ ਬਹੁਤਾ ਹੀ ਨਿਰਾਸ਼ ਹੋ ਗਏ ਸਨ।
ਫ਼ੇਰ ਜਦ ਬੇਬੇ ਨੂੰ ਪੀਲੀਆ ਹੋਇਆ ਤਾਂ ਸਾਕ-ਸਬੰਧੀਆਂ ਨੂੰ ਫਿ਼ਰ ‘ਸੇਵਾ’ ਦਾ ‘ਬਹਾਨਾ’ ਮਿਲ ਗਿਆ। ਉਹਨਾਂ ਨੇ ਫਿਰ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਬੇਬੇ ਨੇ ਫਿ਼ਰ ਸਾਰੇ ਇਕ ਗੱਲ ਨਾਲ ਹੀ ਖੂੰਜੇ ਲਾ ਧਰੇ।
“ਤੁਹਾਨੂੰ ਮੈਂ ਅੱਗੇ ਵੀ ਕਿਹੈ ਬਈ, ਤੁਸੀਂ ਮੇਰਾ ਫਿ਼ਕਰ ਛੱਡੋ। ਮੈਂ ਨਹੀਂ ਮਰਦੀ! ਮੈਨੂੰ ਤਾਂ ਓਦੋਂ ਨਹੀਂ ਕੁਛ ਹੋਇਆ, ਜਦੋਂ ਮੇਰਾ ਸਭ ਕੁਛ ਉੱਜੜ ਗਿਆ ਸੀ? ਹੁਣ ਮੈਨੂੰ ਕੀ ਹੋਣੈਂ? ਤੁਸੀਂ ਆਪਣੇ ਆਪਣੇ ਘਰੇ ਬੈਠ ਕੇ ਰੱਬ ਰੱਬ ਕਰੋ!” ਤੇ ਰਿਸ਼ਤੇਦਾਰ ਛਿੱਥੇ ਜਿਹੇ ਪੈ ਕੇ ਵਾਪਸ ਪਰਤ ਗਏ ਸਨ।
ਗੁਆਂਢਣ ਸੁਰਜੀਤ ਕੌਰ ਬੇਬੇ ਭੰਤੋ ਦੇ ਫ਼ੌਲਾਦੀ ਹਾਜ਼ਮੇ ਤੋਂ ਵਾਕਿਫ਼ ਸੀ। ਨਿੱਕੀ-ਨਿੱਕੀ ਗੱਲ ਤੋਂ ‘ਮਰਗੀ-ਮਰਗੀ’ ਕਰਨ ਵਾਲੀ ਬੇਬੇ ਹੈ ਨਹੀਂ ਸੀ। ਜਦ ਕਦੇ ਸੁਰਜੀਤ ਕੌਰ ਬੇਬੇ ‘ਤੇ ਤਰਸ ਜਿਹਾ ਕਰਕੇ ਉਸ ਦਾ ਦੁੱਖ ਵੰਡਾਉਣ ਦੀ ਕੋਸਿ਼ਸ਼ ਕਰਦੀ ਤਾਂ ਬੇਬੇ ਇੱਕੋ ਗੱਲ ਆਖ ਕੇ ਸਬਰ ਦਾ ਘੁੱਟ ਭਰ ਲੈਂਦੀ, “ਜੋ ਸਤਿਗੁਰੂ ਨੂੰ ਮਨਜੂਰ ਸੀ, ਉਹੀ ਹੋ ਗਿਆ ਜੀਤੋ! ਮੈਂ ਓਸ ਰੱਬ ਦੀ ਕਿਉਂ ਸ਼ਰੀਕਣੀਂ ਬਣਾਂ? ਉਹ ਤਾਂ ਉਹੀ ਕਰਦੈ, ਜੋ ਉਹਨੂੰ ਚੰਗਾ ਲੱਗਦੈ! ਮੈਂ ਤਾਂ ਓਸੇ ਰੱਬ ਦੇ ਭਾਣੇ ‘ਚ ਰਾਜੀ ਆਂ ਧੀਏ!” ਤੇ ਜੇ ਸੁਰਜੀਤ ਕੌਰ ਆਖਦੀ, “ਬੇਬੇ ਜੀ, ਕੀ ਮੰਨੀਏਂ? ਤੀਰਥ ਯਾਤਰਾ ਕਰਨ ਗਏ ਟੱਬਰ ਨਾਲ ਆਹ ਭਾਣਾਂ ਵਾਪਰ ਗਿਆ, ਜੇ ਕਿਤੇ ਵਿਆਹ-ਬਰਾਤ ਗਏ ਹੁੰਦੇ ਤਾਂ ਅਗਲਾ ਸੋਚਦੈ ਬਈ ਸ਼ਰਾਬ-ਸ਼ਰੂਬ ਪੀਤੀ ਹੋਣੀਂ ਹੈ?” ਤਾਂ ਬੇਬੇ ਫਿ਼ਰ ਕਹਿੰਦੀ, “ਜੋ ਭਾਣਾਂ ਵਰਤ ਕੇ ਰਹਿਣੈ ਜੀਤੋ, ਉਹ ਵਰਤ ਕੇ ਹੀ ਰਹਿਣੈਂ! ਹੋਣੀਂ ਦਾ ਮਤਬਲ ਕੀ ਹੁੰਦੈ? ਜਿਹੜੀ ਹਰ ਹਾਲਤ ਹੋ ਕੇ ਰਹੇ, ਉਹਨੂੰ ਹੀ ਤਾਂ ‘ਹੋਣੀਂ’ ਕਹਿੰਦੇ ਨੇ! ਮੈਨੂੰ ਰੱਬ ‘ਤੇ ਕੋਈ ਗਿਲਾ-ਰੋਸਾ ਨਹੀਂ! ਉਹਦੀਆਂ ਕੁਦਰਤਾਂ ਬੱਸ ਓਹੀ ਦਾਤਾ ਜਾਣੇ! ਰੋ ਕੁਰਲਾ ਕੇ ਦੱਸ ਉਹਦੀ ਕੀ ਲੱਤ ਭੰਨ ਲਵਾਂਗੇ? ਉਹ ਡਾਢਾ ਸਤਿਗੁਰੂ ਹੈ ਧੀਏ!”
…ਤੇ ਅੱਜ ਜਦ ਸੁਰਜੀਤ ਕੌਰ ਦੇ ਕੰਨੀਂ ਭੰਤੋ ਬੇਬੇ ਦੇ ਘਰੋਂ ਰੋਣ-ਧੋਣ ਦੀ ਅਵਾਜ਼ ਪਈ ਤਾਂ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ। ਬੇਬੇ ਨੇ ਤਾਂ ਉਦੋਂ ਹੰਝੂ ਨਹੀਂ ਕੇਰਿਆ ਸੀ, ਜਦੋਂ ਭਰਿਆ-ਭਰਾਇਆ ਘਰ ਖਾਲੀ ਹੋ ਗਿਆ ਸੀ ਅਤੇ ਘਰ ਦੇ ਅੱਠ ਜੀਆਂ ਦੀ ਅਣਿਆਈ ਮੌਤ ਹੋ ਗਈ ਸੀ?
ਉਹ ਬੜੇ ਉੱਦਮ ਨਾਲ ਬੇਬੇ ਦੇ ਘਰ ਪਹੁੰਚੀ।
ਬੇਬੇ ਤੱਪੜ ਵਿਛਾਈ ਭੁੰਜੇ ਹੀ ਸਿਰ ਫ਼ੜੀ ਬੈਠੀ ਸੀ।
“ਕੀ ਹੋ ਗਿਆ ਬੇਬੇ ਜੀ?” ਸੁਰਜੀਤ ਕੌਰ ਬੇਬੇ ਦੇ ਅੱਗੇ ਜਾ ਬੈਠੀ।
“ਤੈਨੂੰ ਪਤਾ ਈ ਨੀ ਜੀਤੋ?” ਬੇਬੇ ਦਾ ਫਿ਼ਰ ਰੋਣ ਨਿਕਲ਼ ਗਿਆ। ਉਸ ਨੇ ਉਲਾਂਭਾ ਦੇਣ ਵਾਲਿਆਂ ਵਾਂਗ ਕਿਹਾ ਸੀ।
“ਨਹੀਂ ਬੇਬੇ ਜੀ!” ਸੁਰਜੀਤ ਕੌਰ ਦੁਖੀ ਹੋਣ ਨਾਲੋਂ ਹੈਰਾਨ ਜਿ਼ਆਦਾ ਸੀ।
“ਨ੍ਹੀ ਧੀਏ! ਆਪਣਾ ਆਹ ਗੁਆਂਢੀ ਪਾੜ੍ਹਾ ਦੱਸ ਕੇ ਗਿਐ ਬਈ ਰਾਤ ਫ਼ੌਜ ਨੇ ਦਰਬਾਰ ਸਾਹਬ ਢਾਅਤਾ…!”
“ਹੈਂਅ..!” ਸੁਰਜੀਤ ਕੌਰ ਵੈਣ ਪਾਉਣ ਵਾਲੀ ਹੋ ਗਈ। ਦਰਬਾਰ ਸਾਹਿਬ ਅੰਮ੍ਰਿਤਸਰ ਫ਼ੌਜ ਪਹੁੰਚਣ ਦੀ ਖ਼ਬਰ ਤਾਂ ਸਾਰੇ ਪਿੰਡ ਨੇ ਸੁਣੀ ਸੀ। ਪਰ ਇਸ ‘ਘੱਲੂਘਾਰੇ’ ਬਾਰੇ ਤਾਂ ਕਿਸੇ ਨੇ ਸੋਚਿਆ ਕਿਆਸਿਆ ਹੀ ਨਹੀਂ ਸੀ।
“ਆਪਾਂ ਦੋ ਇੱਟਾਂ ਦੀ ਮਟੀ ਢਾਹੁੰਦੇ ਸਾਰਾ ਟੱਬਰ ਵੀਹ ਵਾਰੀ ਸੋਚਦੇ ਐਂ, ਤੇ ਜਲ ਜਾਣੇ ਪਲ ‘ਚ ਦਰਬਾਰ ਸਾਹਬ ਢਾਹ ਕੇ ਰਾਹ ਪਏ!” ਤੇ ਬੇਬੇ ਫ਼ੁੱਟ-ਫ਼ੁੱਟ ਕੇ ਰੋ ਪਈ।
Leave a Reply