ਚੰਦਰ ਸ਼ੇਖਰ ਆਜ਼ਾਦ ਤੇ ਭਾਰਤੀ ਕ੍ਰਾਂਤੀਕਾਰੀ ਅੰਦੋਲਨ

27 ਫਰਵਰੀ, ਸ਼ਹੀਦੀ ਦਿਵਸ ‘ਤੇ ਯਾਦ ਕਰਦਿਆਂ

ਚੰਦਰ ਸ਼ੇਖਰ ਆਜ਼ਾਦ (23 ਜੁਲਾਈ 1906-27 ਫਰਵਰੀ 1931) ਭਾਰਤੀ ਕ੍ਰਾਂਤੀਕਾਰੀ ਅੰਦੋਲਨ ਦੇ ਅਜਿਹੇ ਥੰਮ੍ਹ ਸਨ, ਜੋ ਹਿੰਦੂਸਤਾਨ ਪ੍ਰਜਾਤੰਤਰ ਸੰਘ ਦੇ ਬਣਨ ਦੇ ਦਿਨਾਂ ਤੋ ਹੀ ਇਸ ਵਿਚ ਸ਼ਾਮਿਲ ਹੋਏ ਅਤੇ ਹਿੰਦੂਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਅੰਤ ਦਾ, ਆਪ ਦੀ ਸ਼ਹੀਦੀ ਹੀ ਨਾਲ ਹੀ ਹੋਇਆ। ਆਪ ਇਸ ਅੰਦੋਲਨ ਲਈ ਆਦਿ ਤੋਂ ਅੰਤ ਤੱਕ ਕ੍ਰਿਆਸ਼ੀਲ ਰਹੇ। ਆਪ ਇੱਕ ਦੰਦ ਕਥਾ ਬਣ ਗਏ ਸਨ ਤੇ ਉਨ੍ਹਾਂ ਦੀ ਫਰਾਰੀ ਅਤੇ ਪੁਲਿਸ ਨੂੰ ਚਕਮਾ ਦੇ ਕੇ ਬਚ ਨਿਕਲਣ ਦੇ ਕਿੱਸੇ ਦਲ ਵਿੱਚ ਆਮ ਹੀ ਮਸ਼ਹੂਰ ਸਨ। ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਮੱਧ ਪ੍ਰਦੇਸ਼ ਦੀ ਅਲੀਰਾਜਪੁਰ ਰਿਆਸਤ ਦੇ ਭਾਵਰਾ ਪਿੰਡ ਵਿੱਚ ਹੋਇਆ ਇਹ ਪਿੰਡ ਇਸ ਸਮੇਂ ਮੱਧ ਪ੍ਰਦੇਸ਼ ਦੇ ਜਿਲ੍ਹਾ ਝਾਬੂਲਾ ਵਿੱਚ ਸਥਿਤ ਹੈ। ਆਜ਼ਾਦ, ਮਾਤਾ ਜਗਰਾਣੀ ਦੇਵੀ ਤੇ ਪਿਤਾ ਪੰਡਿਤ ਸੀਤਾ ਰਾਮ ਤਿਵਾੜੀ ਦੇ ਸਭ ਤੋ ਛੋਟੇ (ਪੰਜਵੇਂ) ਪੁੱਤਰ ਸਨ।

ਕਿਹੋ ਜਿਹਾ ਸੀ ਬਚਪਨ?
ਬਚਪਨ ਵਿੱਚ ਆਪ ਪੜ੍ਹਾਈ ਦੀ ਥਾਂ ‘ਤੇ ਤੀਰ ਅੰਦਾਜ਼ੀ ਦਾ ਜਿਆਦਾ ਸ਼ੌਂਕ ਰੱਖਦੇ ਸੀ, ਜਿਸ ਕਰਕੇ ਆਪ ਵੱਧ ਪੜ੍ਹਾਈ ਵੀ ਨਹੀਂ ਕਰ ਸਕੇ ਅਤੇ ਮਾਤਾ ਪਿਤਾ ਨੇ ਨੌਕਰੀ ਤੇ ਲਗਵਾ ਦਿੱਤਾ। ਉਸ ਨੌਕਰੀ ਲਈ ਆਜ਼ਾਦ ਕਦੋਂ ਬਣੇ ਸੀ, ਉਨ੍ਹਾਂ ਨੇ ਤਾਂ ਆਉਣ ਵਾਲੇ ਵਕਤ ਵਿੱਚ ਭਾਰਤੀ ਕ੍ਰਾਂਤੀਕਾਰੀ ਅੰਦੋਲਨ ਦੀ ਵਾਗਡੋਰ ਸਾਂਭਣੀ ਸੀ। ਮੌਕਾ ਪਾ ਕੇ ਆਜ਼ਾਦ ਘਰੋਂ ਨਿਕਲ ਤੁਰੇ ਤੇ ਬੰਬਈ ਵਿੱਚ ਜਹਾਜਾਂ ਤੇ ਰੰਗ ਕਰਨ ਵਾਲੇ ਰੰਗਸਾਜ਼ਾਂ ਦੇ ਸਹਾਇਕ ਦੇ ਤੌਰ ‘ਤੇ ਕੰਮ ਕਰਨ ਲੱਗੇ, ਪਰ ਉਥੋਂ ਦੇ ਮਜ਼ਦੂਰਾਂ ਦਾ ਜੀਵਨ ਬੜਾ ਕਠਿਨ ਸੀ। ਇੱਕੋ ਇੱਕ ਕੋਠੜੀ ‘ਚ ਕਈ ਮਜ਼ਦੂਰਾਂ ਨਾਲ ਰਹਿਣਾ ਅਤੇ ਦੂਸ਼ਿਤ ਹਵਾ ‘ਚ ਸਾਹ ਲੈਣਾ ਵੀ ਦੂੱਭਰ ਸੀ। ਓਥੋਂ ਦੀ ਮਸ਼ੀਨੀ ਜਿੰਦਗੀ ਤੋਂ ਨਫ਼ਰਤ ਹੋ ਗਈ ਤੇ ਹੌਲੀ ਹੌਲੀ ਬੰਬਈ ਵੀ ਛੱਡਣ ਦਾ ਮਨ ਬਣਾ ਲਿਆ। ਓਥੋਂ ਬਨਾਰਸ ਲਈ ਕੂਚ ਕੀਤਾ ਤੇ ਜਾਣਕਾਰ ਸ਼ਿਵ ਵਿਨਾਯਕ ਮਿਸ਼ਰਾ ਦੀ ਮਦਦ ਨਾਲ ਸੰਸਕ੍ਰਿਤ ਸਕੂਲ ਵਿੱਚ ਦਾਖਲਾ ਲੈ ਲਿਆ।

ਕਿਵੇਂ ਬਣੇ ਆਜ਼ਾਦ?
1921 ਵਿੱਚ ਨਾ-ਮਿਲਵਰਤਨ ਲਹਿਰ ਵਿੱਚ ਹਿੱਸਾ ਲਿਆ। ਸੰਸਕ੍ਰਿਤ ਕਾਲਜ ਵਿਖੇ ਧਰਨਾ ਦਿੰਦੇ ਹੋਏ ਪੰਦਰਾਂ ਵਰ੍ਹਿਆਂ ਦਾ ਚੰਦਰ ਸ਼ੇਖਰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮੁਕੱਦਮਾ ਚੱਲਿਆ। ਅਦਾਲਤ ਨੇ ਪੁੱਛਿਆ-
ਤੇਰਾ ਨਾਂਅ ਕੀ ਹੈ
‘ਆਜ਼ਾਦ’
ਪਿਓ ਦਾ ਨਾਂਅ
‘ਆਜ਼ਾਦ’
ਘਰ
‘ਜੇਲ੍ਹ’
ਇਨ੍ਹਾਂ ਜਵਾਬਾਂ ਤੋਂ ਖਫ਼ਾ ਅਦਾਲਤ ਨੇ 15 ਬੈਂਤਾਂ ਦੀ ਸਜ਼ਾ ਦਿੱਤੀ। ਆਪ ਨੇ ਹਰ ਬੈਂਤ ਦੇ ਵਾਰ ‘ਤੇ ‘ਭਾਰਤ ਮਾਂ ਦੀ ਜੈ’ ਅਤੇ ‘ਮਹਾਤਮਾ ਗਾਂਧੀ ਦੀ ਜੈ’ ਨਾਅਰੇ ਲਾਏ। ਇਸ ਤੋਂ ਬਾਦ ਆਪਦੇ ਨਾਂਅ ਨਾਲ ਪੱਕੇ ਤੌਰ ‘ਤੇ ਹੀ ਆਜ਼ਾਦ ਜੁੜ ਗਿਆ ਅਤੇ ਆਪ ਚੰਦਰ ਸ਼ੇਖਰ ਆਜ਼ਾਦ ਹੋ ਗਏ।

ਕਿਵੇਂ ਹੋਏ ਮਹਾਤਮਾ ਗਾਂਧੀ ਦੇ ਰਾਹ ਤੋਂ ਦੂਰ?
ਫਰਵਰੀ 1922 ਵਿੱਚ ਉਸ ਸਮੇਂ ਨਾ-ਮਿਲਵਰਤਨ ਅੰਦੋਲਨ ਵਾਪਸ ਲਿਆ ਗਿਆ, ਜਦ ਇਹ ਪੂਰੀ ਚੜ੍ਹਤ ‘ਤੇ ਸੀ। ਦੂਜੇ ਪਾਸੇ 1921-22 ਵਿੱਚ ਬਾਰਦੌਲੀ ਵਿੱਚ ਵੀ ਆਜ਼ਾਦੀ ਲਈ ਬੜਾ ਭਾਰੀ ਸੱਤਿਆਗ੍ਰਹਿ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਚੌਰਾ ਚੌਰੀ ਵਿੱਚ ਹੋਈ ਇੱਕ ਘਟਨਾ ਪਿੱਛੋਂ ਇੰਨਾ ਵੱਡਾ ਅੰਦੋਲਨ ਵਾਪਸ ਲੈਣਾ ਇੱਕ ਮੰਦਭਾਗੀ ਘਟਨਾ ਸੀ। ਬਸ ਇਸੇ ਨੇ ਹੀ ਆਪ ਦਾ ਮਹਾਤਮਾ ਗਾਂਧੀ ਦੇ ਰਾਹ ਅਤੇ ਅੰਦੋਲਨ ਤੋਂ ਮਨ ਖੱਟਾ ਕਰ ਦਿੱਤਾ ਸੀ। ਬਾਰਦੌਲੀ ਦੀਆਂ ਤਿਆਰੀਆਂ ਵਿੱਚੇ ਰਹਿ ਜਾਣ ਕਰਕੇ ਕ੍ਰਾਂਤੀਕਾਰੀ ਅੰਦੋਲਨਕਾਰੀਆਂ ਦੇ ਵਿੱਚ ਰੋਹ ਸੀ। ਜੋ ਨੌਜਵਾਨ ਆਪਣੀਆਂ ਪੜ੍ਹਾਈਆਂ ਛੱਡ ਕੇ ਨਾ-ਮਿਲਵਰਤਨ ਲਹਿਰ ਵਿੱਚ ਸ਼ਾਮਿਲ ਹੋਏ ਸਨ, ਉਹਨਾਂ ਨੂੰ ਮਹਾਤਮਾ ਗਾਂਧੀ ਨੇ ਨਿਰਾਸ਼ ਕੀਤਾ ਸੀ। ਚੰਦਰ ਸ਼ੇਖਰ ਆਜ਼ਾਦ ਅੰਦਰ ਵੀ ਬੇਚੈਨੀ ਸੀ। ਉਹ ਵੀ ਭਾਰਤ ਦੀ ਆਜ਼ਾਦੀ ਦਾ ਸੁਪਨਾ ਲੈ ਕੇ ਹੀ ਤਾਂ ਇਸ ਵਿੱਚ ਕੁੱਦਿਆ ਸੀ।ਇਸ ਤੋਂ ਬਾਅਦ ਕਾਸ਼ੀ ਵਿੱਦਿਆਪੀਠ ਵਿੱਚ ਆਪ ਨੇ ਦਾਖਲਾ ਲਿਆ ਅਤੇ ਇੱਥੇ ਹੀ ਉਨ੍ਹਾਂ ਦੀ ਮਨਮਥਨਾਥ ਗੁਪਤ ਅਤੇ ਪ੍ਰਣਵੇਸ਼ ਚੈਟਰਜੀ ਨਾਲ ਮੁਲਾਕਾਤ ਹੋਈ ਤੇ ਇਨਕਲਾਬੀ ਸੰਗਠਨ ਵਿੱਚ ਸ਼ਾਮਿਲ ਹੋਣ ਦੇ ਬੂਹੇ ਖੁੱਲ੍ਹ ਗਏ।

ਇੱਕ ਨਵੇਂ ਕ੍ਰਾਂਤੀਕਾਰੀ ਦਲ ਦਾ ਗਠਨ
ਮਹਾਤਮਾ ਗਾਂਧੀ ਤੋਂ ਟੁੱਟੇ ਅਸੰਤੁਸ਼ਟ ਨੌਜਵਾਨਾ ਨੇ ਨਵੀਂ ਜੱਥੇਬੰਦੀ ਦੀ ਭਾਲ ਸ਼ੂਰ ਕੀਤੀ। 1923 ਵਿੱਚ ਸ਼ਚਿੰਦਰਨਾਥ ਸਾਨਿਆਲ ਦੇ ਯਤਨਾ ਨਾਲ ਇੱਕ ਜੱਥੇਬੰਦੀ ਦਾ ਗਠਨ ਕੀਤਾ ਗਿਆ। 1924 ਤੱਕ ਹੋਰ ਵੀ ਜੱਥੇਬੰਦੀਆਂ ਦਾ ਗਠਨ ਹੋਇਆ। ਬੰਗਾਲ ਦੇ ਪੁਰਾਣੇ ਕ੍ਰਾਂਤੀਕਾਰੀਆਂ ਨੇ ਵੀ ਸੰਗਠਿਤ ਹੋਣਾ ਸ਼ੂਰ ਕੀਤਾ, ਪਰ 1924 ਦੇ ਬੰਗਾਲ ਆਰਡੀਨੈਂਸ ਕਰਕੇ ਇਨ੍ਹਾਂ ਨੂੰ ਵੱਡਾ ਧੱਕਾ ਲੱਗਾ। ਸਾਨਿਆਲ ਤੇ ਰਾਮ ਪ੍ਰਸਾਦ ਬਿਸਮਿਲ ਨੇ ਹੋਰ ਦਲਾਂ ਨਾਲ ਮਿਲ ਕੇ ਇੱਕ ਜੱਥੇਬੰਦੀ ਖੜ੍ਹੀ ਕੀਤੀ, ਜਿਸਦਾ ਨਾਂ ਹਿੰਦੁਸਤਾਨ ਪ੍ਰਜਾਤੰਤਰ ਸੰਘ ਰੱਖਿਆ ਗਿਆ। ਇਲਾਹਾਬਾਦ ਵਿਖੇ ਸ਼ਚਿੰਦਰਨਾਥ ਸਾਨਿਆਲ, ਰਾਮ ਪ੍ਰਸਾਦ ਬਿਸਮਿਲ ਅਤੇ ਯਦੂਗੋਪਾਲ ਮੁਖ਼ਰਜੀ ਨੇ ਮਿਲ ਕੇ ਇਸਦੇ ਸੰਵਿਧਾਨ ਦਾ ਨਿਰਮਾਣ ਕੀਤਾ, ਜੋ ਪੀਲੇ ਕਾਗਜ਼ ਉੱਪਰ ਲਿਖਿਆ ਗਿਆ ਅਤੇ ਇਹ ਪੀਲਾ ਪਰਚਾ (Yellow Pamphlet) ਨਾਮ ਨਾਲ ਮਸ਼ਹੂਰ ਹੋਇਆ। ਇਸ ਤੋਂ ਇਲਾਵਾ ਇੱਕ ਹੋਰ ਦਸਤਾਵੇਜ਼ ਤਿਆਰ ਕੀਤਾ ਗਿਆ, ਜੋ ਹਿੰਦੁਸਤਾਨ ਪ੍ਰਜਾਤੰਤਰ ਸੰਘ (ਐਚ. ਆਰ. ਏ) ਦਾ ਐਲਾਨਨਾਮਾ ਸੀ। ਇਹ ਪੂਰੇ ਉੱਤਰੀ ਭਾਰਤ ਵਿੱਚ 1 ਜਨਵਰੀ 1925 ਦੀ ਰਾਤ ਵੰਡਿਆ ਗਿਆ।

ਚੰਦਰ ਸ਼ੇਖਰ ਆਜ਼ਾਦ ਦਾ ਐਚ•ਆਰ•ਏ• ਵਿੱਚ ਸ਼ਾਮਿਲ ਹੋਣਾ
ਹੁਣ ਤੀਕ ਆਜ਼ਾਦ ਐਚ•ਆਰ•ਏ• ਦੇ ਮੋਹਰੀ ਮੈਂਬਰਾਂ ਵਿੱਚ ਸ਼ਾਮਿਲ ਹੋ ਚੁੱਕੇ ਸਨ। ਹਲਕੀ ਜਿਹੀ ਉਮਰ ਦਾ ਇਹ ਨੌਜਵਾਨ ਹੱਦੋਂ ਵੱਧ ਫੁਰਤੀਲਾ ਤੇ ਜੋਸ਼ੀਲਾ ਸੀ। ਹੌਂਸਲਾ ਇਸ ਵਿੱਚ ਬੇਪਨਾਹ ਸੀ। ਸ਼ਾਇਦ ਇਨ੍ਹਾਂ ਖੂਬੀਆਂ ਕਰਕੇ ਹੀ ਆਜ਼ਾਦ ਇੱਕ ਐਸੇ ਐਕਸ਼ਨ ਵਿੱਚ ਭਾਗੀਦਾਰ ਬਣਾਇਆ ਗਿਆ, ਜੋ ਭਾਰਤੀ ਕ੍ਰਾਂਤੀਕਾਰੀ ਇਤਿਹਾਸ ਵਿੱਚ ਇੱਕ ਵੱਡਾ ਐਕਸ਼ਨ ਹੈ।

ਕਿਨ੍ਹਾਂ ਨੇ ਕੀਤੀ ਕਕੋਰੀ ਡਕੈਤੀ?
ਰਾਮ ਪ੍ਰਸਾਦ ਬਿਸਮਿਲ ਨੇ ਅਸ਼ਫ਼ਾਕ ਉੱਲਾ ਖ਼ਾਨ, ਰਾਜਿੰਦਰ ਲਹਿਰੀ, ਰੌਸ਼ਨ ਸਿੰਘ ਤੇ ਹੋਰ ਸਾਥੀਆਂ ਨਾਲ ਮਿਲ ਕੇ ਸਰਕਾਰੀ ਖਜ਼ਾਨਾ ਲੁੱਟਣ ਦੀ ਯੋਜਨਾ ਬਣਾਈ। ਹਥਿਆਰਬੰਦ ਕ੍ਰਾਂਤੀ ਲਈ ਹਥਿਆਰਾਂ ਦੀ ਸਖ਼ਤ ਜਰੂਰਤ ਸੀ, ਪਰ ਦਲ ਕੋਲ ਪੈਸੇ ਦੀ ਕਮੀ ਸੀ। ਪੈਸੇ ਬਿਨਾਂ ਹਥਿਆਰ ਖਰੀਦਣੇ ਅਸੰਭਵ ਸਨ। ਜੇ ਦਲ ਛੋਟੀਆ ਮੋਟੀਆਂ ਡਕੈਤੀਆਂ ਮਾਰਦਾ ਸੀ ਤਾਂ ਬਦਨਾਮੀ ਹੁੰਦੀ ਸੀ। ਲੋਕਾਂ ਤੱਕ ਦਲ ਦਾ ਮਕਸਦ ਨਹੀਂ ਸੀ ਪੁੱਜਦਾ। ਕ੍ਰਾਂਤੀਕਾਰੀ, ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਸਨ। ਇਸ ਯੋਜਨਾ ਵਿੱਚ ਭਗਤ ਸਿੰਘ ਨੇ ਹਿੱਸਾ ਲਿਆ ਸੀ, ਪਰ ਡਕੈਤੀ ਤੋਂ ਪਹਿਲਾਂ ਉਹ ਕਾਨਪੁਰ ਤੋਂ ਲਾਹੌਰ ਆ ਗਿਆ ਸੀ। ਇਸ ਐਕਸ਼ਨ ਵਿੱਚ 10 ਕ੍ਰਾਂਤੀਕਾਰੀ ਸ਼ਾਮਿਲ ਹੋਏ। 9 ਅਗਸਤ 1925, ਲਖ਼ਨਊ ਤੋਂ ਪੱਛਮ ਵੱਲ ਕਕੋਰੀ ਸਟੇਸ਼ਨ ਨੇੜੇ 8 ਡਾਊਨ ਪੈਸੰਜਰ ਦੇ ਦੂਜੇ ਦਰਜੇ ਦੇ ਡੱਬੇ ਵਿੱਚ 3 ਨੌਜਵਾਨਾਂ- ਅਸ਼ਫ਼ਾਕ ਉੱਲਾ ਖ਼ਾਨ, ਸ਼ਚਿੰਦਰ ਨਾਥ ਬਖਸ਼ੀ ਅਤੇ ਰਾਜਿੰਦਰ ਪ੍ਰਸਾਦ ਲਹਿੜੀ ਨੇ ਚੇਨ ਖਿੱਚ ਕੇ ਗੱਡੀ ਰੋਕੀ ਅਤੇ ਬਾਕੀ ਸੱਤ (ਰਾਮ ਪ੍ਰਸਾਦ ਬਿਸਮਿਲ, ਕੇਸ਼ਵ ਚੱਕਰਵਰਤੀ, ਮੁਰਾਰੀ ਲਾਲ, ਮੁਕੰਦੀ ਲਾਲ, ਚੰਦਰ ਸ਼ੇਖਰ ਆਜ਼ਾਦ, ਬਨਵਾਰੀ ਲਾਲ ਅਤੇ ਮਨਮਥਨਾਥ ਚੱਕਰਵਰਤੀ) ਨੇ ਆਪਣੀ-ਆਪਣੀ ਜਿੰਮੇਵਾਰੀ ਨਿਭਾਉਂਦਿਆਂ ਖਜ਼ਾਨਾ ਲੁੱਟਿਆ ਤੇ ਤਿਜੌਰੀ ਹਥੌੜੇ ਨਾਲ ਅਸ਼ਫ਼ਾਕ ਨੇ ਤੋੜੀ।
ਰੁਪੱਈਆਂ ਦੀ ਗਠੜੀ ਬੰਨ੍ਹ ਕੇ ਸਾਰੇ ਜਣੇ ਸਹੀ ਸਲਾਮਤ ਬੱਚ ਨਿਕਲੇ ਤੇ ਸਰਕਾਰ ਬੌਖਲਾ ਉੱਠੀ। ਫਿਰ ਸ਼ੁਰੂ ਹੋਇਆ ਕ੍ਰਾਂਤੀਕਾਰੀਆਂ ਦੀ ਫੜੋ-ਫੜੀ ਦਾ ਸਿਲਸਿਲਾ। 26 ਸਤੰਬਰ 1926 ਵਾਲੇ ਦਿਨ ਸਾਰੇ ਸੂਬੇ ਵਿੱਚੋਂ ਲੱਗਭੱਗ 30 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ। ਇਸ ਡਕੈਤੀ ਵਿੱਚ ਸ਼ਾਮਿਲ ਕ੍ਰਾਂਤੀਕਾਰੀ ਹੀ ਨਹੀਂ, ਬਲਕਿ ਸਾਜਿਸ਼ ਵਿੱਚ ਹਿੱਸਾ ਲੈਣ ਵਾਲੇ ਵੀ ਬਹੁਤ ਸਾਰੇ ਫੜੇ ਗਏ। ਬਾਦ ਵਿੱਚ 6 ਹੋਰ ਗ੍ਰਿਫ਼ਤਾਰ ਕੀਤੇ ਗਏ। ਇਸ ਸਮੇਂ ਤੱਕ ਸਚਿੰਦਰਨਾਥ ਬਖਸ਼ੀ, ਅਸ਼ਫ਼ਾਕ ਉੱਲਾ ਖ਼ਾਨ ਤੇ ਚੰਦਰ ਸ਼ੇਖਰ ਆਜ਼ਾਦ ਫਰਾਰ ਸਨ।

ਕੀ ਹੋਈਆਂ ਸਜ਼ਾਵਾਂ?
ਉਪਰੋਕਤ ਤੋਂ ਇਲਾਵਾ ਬਾਅਦ ਵਿੱਚ ਸ਼ਚਿੰਦਰ ਬਖਸ਼ੀ, ਅਸ਼ਫਾਕ ਉੱਲਾ ਅਤੇ ਹੋਰ ਵੀ ਫੜੇ ਗਏ। ਇਨ੍ਹਾਂ ‘ਤੇ ਮੁਕੱਦਮੇ ਚੱਲੇ ਅਤੇ ਸਜ਼ਾਵਾਂ ਹੋਈਆਂ।ਇਨ੍ਹਾਂ ਕ੍ਰਾਂਤੀਕਾਰੀਆਂ ਨੇ ਨਾ ਤਾਂ ਕਿਸੇ ਦਾ ਕਤਲ ਕੀਤਾ ਸੀ ਅਤੇ ਨਾ ਹੀ ਕੋਈ ਬਹੁਤ ਵੱਡਾ ਜ਼ੁਲਮ ਹੀ ਕੀਤਾ ਸੀ, ਪਰ ਸਰਕਾਰ ਇਨ੍ਹਾਂ ਦੀ ਇਸ ਕਾਰਵਾਈ ਤੋਂ ਏਨੀ ਘਬਰਾ ਗਈ ਕਿ ਉਸ ਨੇ ਫ਼ਾਂਸੀ, ਕਾਲੇਪਾਣੀ, ਉਮਰ ਕੈਦਾਂ ਅਤੇ ਹੋਰ ਸਖਤ ਸਜ਼ਾਵਾਂ ਦੇਣ ਤੋਂ ਪ੍ਰਹੇਜ਼ ਨਾ ਕੀਤਾ। ਕਾਕੋਰੀ ਕਾਂਡ ਵਿੱਚ ਰਾਮ ਪ੍ਰਸਾਦ ਬਿਸਮਿਲ ,ਅਸ਼ਫ਼ਾਕ ਉੱਲਾ ਖ਼ਾਨ, ਰਾਜਿੰਦਰ ਨਾਥ ਲਹਿਰੀ, ਰੌਸ਼ਨ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ। ਸ਼ਚਿੰਦਰਨਾਥ ਸਾਨਿਆਲ, ਯੋਗੇਸ਼ ਚੰਦਰ ਚੈਟਰਜੀ ਨੂੰ ਉਮਰ ਭਰ ਕਾਲੇਪਾਣੀ ਤੇ ਮੁਕੰਦੀ ਲਾਲ, ਗੋਬਿੰਦ ਚਰਣਾਕਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜਦ ਕਿ ਚੰਦਰ ਸ਼ੇਖਰ ਆਜ਼ਾਦ ਤੇ ਕੁੰਦਨ ਲਾਲ ਫਰਾਰ ਰਹੇ।

ਆਜ਼ਾਦ ਦੇ ਮੋਢਿਆਂ ਉੱਤੇ ਭਾਰ
ਚੰਦਰ ਸ਼ੇਖਰ ਆਜ਼ਾਦ, ਕਕੋਰੀ ਕਾਂਡ ਦੇ ਇੱਕੋ ਇੱਕ ਅਜਿਹੇ ਫਰਾਰ ਸਨ, ਜੋ ਐਚ•ਆਰ•ਏ• ਦੇ ਪਹਿਲੀ ਕਤਾਰ ਦੇ ਕ੍ਰਾਂਤੀਕਾਰੀ ਸਨ। ਦਲ ਵਿੱਚ ਇਨ੍ਹਾਂ ਨੂੰ ਪੰਡਿਤ ਜੀ ਕਿਹਾ ਜਾਂਦਾ ਸੀ। ਦੂਜੇ ਕ੍ਰਾਂਤੀਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਦਲ ਨਵੇਂ ਸਿਰੇ ਤੋਂ ਸੰਗਠਿਤ ਕਰਨਾ ਜਰੂਰੀ ਸੀ। ਪੰਜਾਬ ਤੋਂ ਭਗਤ ਸਿੰਘ ਅਤੇ ਸੁਖਦੇਵ ਹੁਣ ਤੀਕ ਦਲ ਵਿੱਚ ਸ਼ਾਮਿਲ ਹੋ ਚੁੱਕੇ ਸਨ। ਚੰਦਰ ਸ਼ੇਖਰ ਆਜ਼ਾਦ ਨੇ ਯੂ•ਪੀ• ਅਤੇ ਮੱਧ ਭਾਰਤ ਵਿੱਚ ਦਲ ਸੰਗਠਿਤ ਕਰਨ ਦਾ ਬੀੜਾ ਚੁੱਕਿਆ। ਖ਼ੁਦ ਆਪ ਕਾਕੋਰੀ ਕੇਸ ਦੇ ਫਰਾਰ ਸਨ, ਪਰ ਫਿਰ ਵੀ ਕਈ ਵਾਰ ਸੜਕ ਦੇ ਕਿਨਾਰੇ ਖੜ੍ਹੇ ਹੋ ਕੇ ਉਹ ਮੋਟਰ ਗੱਡੀ ਦੇਖਿਆ ਕਰਦੇ ਸਨ, ਜੋ ਕਾਕੋਰੀ ਕੇਸ ਦੇ ਕੈਦੀ ਲੈ ਕੇ ਜਾਂਦੀ ਹੁੰਦੀ ਸੀ, ਪਰ ਦਲ ਦੀ ਤਾਕਤ ਇੰਨੀ ਨਹੀਂ ਸੀ ਕਿ ਉਨ੍ਹਾਂ ਨੂੰ ਛੁਡਾ ਸਕਦੇ। ਫਿਰ ਵੀ ਦਲ ਮਜ਼ਬੂਤ ਕਰਨ ਅਤੇ ਪੁਨਰ-ਗਠਨ ਕਰਨ ਵਿੱਚ ਆਜ਼ਾਦ ਦਿਨ ਰਾਤ ਲੱਗੇ ਰਹਿੰਦੇ।

ਝਾਂਸੀ ਵਿਖੇ ਰਹਿੰਦਿਆਂ
ਫੇਰ ਚੰਦਰ ਸ਼ੇਖਰ ਆਜ਼ਾਦ ਨੇ ਝਾਂਸੀ ਨੂੰ ਆਪਣਾ ਮੁੱਖ-ਟਿਕਾਣਾ ਬਣਾਇਆ। ਝਾਂਸੀ ਕਾਫੀ ਸਮਾਂ ਕ੍ਰਾਂਤੀਕਾਰੀ ਗਤੀਵਿਧੀਆਂ ਦਾ ਕੇਂਦਰ ਰਿਹਾ। ਆਜ਼ਾਦ ਦੇ ਪ੍ਰਭਾਵ ਨਾਲ ਮੱਧ ਭਾਰਤ ਤੱਕ ਅੰਦੋਲਨ ਫੈਲ ਗਿਆ।ਆਜ਼ਾਦ ਨੇ ਕੁਝ ਹਥਿਆਰ ਪ੍ਰਾਪਤ ਕਰਨ ਵਿੱਚ ਵੀ ਸਫ਼ਲਤਾ ਹਾਸਿਲ ਕਰ ਲਈ। ਉਸ ਨੇ ਸਿਰਫ ਸੰਗਠਨਾਤਮਕ ਢਾਂਚੇ ਦਾ ਹੀ ਵਿਸਤਾਰ ਨਹੀਂ ਕੀਤਾ. ਸਗੋਂ ਕੁਝ ਚੋਣਵੇਂ ਕ੍ਰਾਂਤੀਕਾਰੀਆਂ ਨੂੰ ਮੁੱਢਲੀ ਮਿਲਟ੍ਰੀ ਟ੍ਰੇਨਿੰਗ ਵੀ ਦਿੱਤੀ। ਬੰਦੂਕ ਦਾ ਨਿਸ਼ਾਨਾ ਲਗਾਉਣ ਵਿੱਚ ਆਜ਼ਾਦ ਦਾ ਕੋਈ ਸਾਨੀ ਨਹੀਂ ਸੀ। ਝਾਂਸੀ ਵਿੱਚ ਰਹਿੰਦਿਆਂ ਓਰਚਾ ਨਾਮ ਦੇ ਜੰਗਲ (ਜੋ ਝਾਂਸੀ ਤੋਂ 15 ਕਿ•ਮੀ• ਦੂਰ ਸੀ) ਨੂੰ ਆਪ ਨੇ ਸਾਥੀਆਂ ਨੂੰ ਸਿਖਲਾਈ ਦੇਣ ਲਈ ਚੁਣਿਆ। ਇਸੇ ਜੰਗਲ ਕੋਲ ਹੀ ਸਾਤਾਰ ਨਦੀ ਦੇ ਕਿਨਾਰੇ ਹਨੂੰਮਾਨ ਮੰਦਿਰ ਦੇ ਨੇੜੇ ਆਪ ਇੱਕ ਝੌਂਪੜੀ ਬਣਾ ਕੇ ਪੰਡਿਤ ਹਰੀਸ਼ੰਕਰ ਬ੍ਰਹਮਚਾਰੀ ਦੇ ਨਾਮ ਨਾਲ ਰਹਿੰਦੇ ਸੀ।ਇੱਥੇ ਆਜ਼ਾਦ ਨੇੜੇ ਦੇ ਪਿੰਡ ਧੀਮਾਰਪੁਰਾ ਦੇ ਛੋਟੇ ਬੱਚਿਆਂ ਨੂੰ ਪੜ੍ਹਾਉਂਦੇ ਵੀ ਸਨ। ਲੋਕਾਂ ਵਿੱਚ ਆਪ ਨੇ ਆਪਣਾ ਚੰਗਾ ਰਸੂਖ ਬਣਾ ਲਿਆ ਤੇ ਪੁਲਿਸ ਵੀ ਪਛਾਣ ਨਾ ਸਕੀ।ਇੱਕ ਵਾਰ ਆਪ ਕਿਸੇ ਸਾਧ ਨਾਲ ਝਾਂਸੀ ਤੋਂ ਸਾਤਾਰ ਕੁਟੀਆ ਵੱਲ ਜਾ ਰਹੇ ਸਨ। ਰਸਤੇ ‘ਚ 2 ਸਿਪਾਹੀਆਂ ਨੇ ਆਪ ਨੂੰ ਰੋਕ ਕੇ ਪੁੱਛਿਆ- ਕੀ ਤੂੰ ਆਜ਼ਾਦ ਹੈਂ। ਕੋਈ ਹੋਰ ਹੁੰਦਾ ਤਾਂ ਬੌਖਲਾ ਜਾਂਦਾ, ਪਰ ਆਪ ਸ਼ਾਂਤ ਰਹੇ ਤੇ ਕਹਿਣ ਲੱਗੇ ਸਾਧ ਤਾਂ ਆਜ਼ਾਦ ਹੀ ਹੁੰਦੇ ਹਨ, ਬੰਧਨਾ ਨਾਲ ਕੀ ਵਾਸਤਾ। ਜਦ ਪੁਲਿਸ ਵਾਲੇ ਥਾਣੇ ਜਾਣ ਲਈ ਕਹਿਣ ਲੱਗ ਪਏ ਤਾਂ ਆਪ ਹੁਸ਼ਿਆਰੀ ਨਾਲ ਸਵਾਲ ਜਵਾਬ ਕਰਦੇ ਉਥੋਂ ਬਚ ਨਿਕਲੇ। ਅਜਿਹੀਆਂ ਹੋਰ ਅਨੇਕਾਂ ਗੱਲਾਂ ਹਨ ਜੋ ਆਜ਼ਾਦ ਦੀ ਸੂਝ ਅਤੇ ਹੁਸ਼ਿਆਰੀ ਨਾਲ ਸਬੰਧਿਤ ਹਨ।

ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦਾ ਗਠਨ
8 ਸਿਤੰਬਰ 1928, ਫਿਰੋਜ਼ਸ਼ਾਹ ਕੋਟਲਾ ਵਿਖੇ ਦਲ ਦੀ ਮੀਟਿੰਗ ਹੋਈ। ਇਸ ਮੀਟਿੰਗ ਬਾਰੇ ਪਹਿਲਾਂ ਹੀ ਚੰਦਰ ਸ਼ੇਖਰ ਆਜ਼ਾਦ ਨਾਲ ਵਿਚਾਰ ਕਰ ਲਿਆ ਗਿਆ ਸੀ ਤੇ ਵਿਚਾਰ ਅਧੀਨ ਮੁੱਦਿਆਂ ਅਤੇ ਪਾਰਟੀ ਦੇ ਨਾਂਅ ਦੇ ਨਾਲ ਸੋਸ਼ਲਿਸਟ ਜੋੜਨ ਬਾਰੇ ਆਜ਼ਾਦ ਕੋਲੋਂ ਮੰਜ਼ੂਰੀ ਲੈ ਲਈ ਗਈ ਸੀ। ਚੰਦਰ ਸ਼ੇਖਰ ਆਜ਼ਾਦ ਦੀ ਸੁਰੱਖਿਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ। ਇਸੇ ਕਾਰਨ ਹੀ ਉਹ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਸਨ ਹੋਏ। ਭਗਤ ਸਿੰਘ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਪੂਰੀ ਤਰ੍ਹਾਂ ਸਮਾਜਵਾਦੀ ਲੀਹਾਂ ਉੱਤੇ ਦਲ ਚਲਾਉਣ ਦਾ ਫੈਸਲਾ ਕੀਤਾ ਗਿਆ ਅਤੇ ਪਾਰਟੀ ਦੇ ਨਾਂਅ ਨਾਲ ਸਮਾਜਵਾਦੀ ਸ਼ਬਦ ਜੋੜਿਆ ਗਿਆ। ਦੂਜਾ ਅਹਿਮ ਫੈਸਲਾ ਜੱਥੇਬੰਦੀ ਦੇ ਜਮੂਹਰੀਕਰਨ ਦਾ ਸੀ। ਇਸ ਲਈ ਕੇਂਦਰੀ ਕਮੇਟੀ ਅਤੇ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ। ਇਸ ਵਿੱਚ ਦੇਸ਼ ਦੇ ਵੱਖ- ਵੱਖ ਹਿੱਸਿਆਂ ਤੋਂ 10 ਕ੍ਰਾਂਤੀਕਾਰੀਆਂ ਨੇ ਹਿੱਸਾ ਲਿਆ, ਪਰ ਬੰਗਾਲ ਦੇ ਇਨਕਲਾਬੀਆਂ ਨਾਲ ਸੰਪਰਕ ਨਹੀਂ ਸੀ ਹੋ ਸਕਿਆ।ਇਸ ਦੌਰਾਨ ਚੰਦਰ ਸ਼ੇਖਰ ਆਜ਼ਾਦ, ਆਮ ਸਹਿਮਤੀ ਨਾਲ, ਪਾਰਟੀ ਦੇ ਆਰਮੀ ਵਿੰਗ ਦੇ ਸੈਨਾਪਤੀ ਚੁਣੇ ਗਏ। ਇਸ ਤੋਂ ਪਹਿਲਾਂ 1926 ਵਿੱਚ ਨੌਜਵਾਨ ਭਾਰਤ ਸਭਾ ਦਾ ਵੀ ਗਠਨ ਕੀਤਾ ਜਾ ਚੁੱਕਿਆ ਸੀ।ਅਜਿਹੇ ਐਕਸ਼ਨ ਕਰਨ ਦਾ ਵੀ ਫੈਸਲਾ ਲਿਆ ਗਿਆ, ਜਿਨ੍ਹਾਂ ਨਾਲ ਵੱਧ ਤੋਂ ਵੱਧ ਲੋਕ ਆਪਣੇ ਨਾਲ ਜੋੜੇ ਜਾ ਸਕਣ ਅਤੇ ਆਮ ਜਨਤਾ ਤੀਕ ਪਹੁੰਚ ਬਣਾਈ ਜਾ ਸਕੇ।

ਸਾਈਮਨ ਕਮਿਸ਼ਨ ਭਾਰਤ ‘ਚ
ਦੁਨੀਆ ਵਿੱਚ ਆਰਥਿਕ ਮੰਦਵਾੜਾ ਚੱਲ ਰਿਹਾ ਸੀ। ਭਾਰਤ ‘ਤੇ ਵੀ ਪੂੰਜੀਵਾਦ ਦੇ ਆਰਥਿਕ ਸੰਕਟ ਦਾ ਕਾਲਾ ਪਰਛਾਵਾਂ ਪੈ ਚੁੱਕਿਆ ਸੀ।ਹਰੇਕ ਵਰਗ ਦੇ ਲੋਕ ਪ੍ਰੇਸ਼ਾਨ ਸਨ। ਇਸ ਦੇਸ਼ ਵਿਆਪੀ ਬੇਚੈਨੀ ਦੇ ਵਿਰੁੱਧ ਮਲ੍ਹਮ ਪੱਟੀ ਦੇ ਤੌਰ ‘ਤੇ ਸੁਧਾਰਾਂ ਦਾ ਵਿਸ਼ਵਾਸ ਦੇ ਕੇ ਸਰ ਜੌਹਨ ਅਲਜਬਰਕ ਸਾਈਮਨ ਦੀ ਅਗਵਾਈ ਹੇਠ ਇੱਕ ਕਮਿਸ਼ਨ ਭਾਰਤ ਭੇਜਣ ਦਾ ਸਰਕਾਰ ਨੇ ਫੈਸਲਾ ਲਿਆ।ਇਸ ਕਮਿਸ਼ਨ ਦਾ ਮਕਸਦ 1919 ਤੋਂ ਬਾਅਦ ਭਾਰਤ ‘ਚ ਹੋਏ ਸੁਧਾਰਾਂ ਦਾ ਜਾਇਜ਼ਾ ਲੈਣਾ ਵੀ ਸੀ, ਪਰ ਸੁਧਾਰ ਤਾਂ ਭਾਰਤ ਵਿਚ ਨਾ-ਮਾਤਰ ਹੀ ਹੋਏ ਸਨ। ਸਰਕਾਰ ਚਾਹੁੰਦੀ ਹੀ ਨਹੀਂ ਸੀ ਕਿ ਸੁਧਾਰ ਹੋਣ। ਇਹ ਤਾਂ ਬਸ ਸੁਧਾਰਾਂ ਦੇ ਨਾਂਅ ‘ਤੇ ਢੌਂਗ ਹੀ ਰਚਿਆ ਜਾ ਰਿਹਾ ਸੀ। ਹਰੇਕ ਥਾਂ ਕਮਿਸ਼ਨ ਦਾ ਵਿਰੋਧ ਹੋਇਆ। ਪੂਰਾ ਭਾਰਤ ਸਾਈਮਨ ‘ਗੋ ਬੈਕ’ ਦੇ ਨਾਅਰਿਆਂ ਨਾਲ ਗੂੰਜ ਉਠਿੱਆ ਤੇ ਹਰ ਥਾਂ ਇਸਦਾ ਬਾਈਕਾਟ ਕੀਤਾ ਗਿਆ। 30÷10÷1928 ਇਹ ਲਾਹੌਰ ਪੁੱਜਾ ਤਾਂ ਲੋਕਾਂ ਦੇ ਭਾਰੀ ਹਜੂਮ ਨੇ ਲਾਲਾ ਲਾਜਪਤ ਰਾਏ ਦੀ ਅਗਵਾਈ ‘ਚ ਵਿਰੋਧ ਕੀਤਾ।ਅੰਦੋਲਨਕਾਰੀਆਂ ਨੇ ਕਮਿਸ਼ਨ ਨੂੰ ਅੱਗੇ ਵਧਣ ਤੋਂ ਰੋਕਿਆ ਤਾਂ ਸਕਾਟ (ਸੂਪਰਿਟੈਡੈਂਟ ਆਫ ਪੁਲਿਸ) ਨੇ ਲਾਠੀਚਾਰਜ ਦਾ ਹੁਕਮ ਦਿੱਤਾ ਤੇ ਜੀ•ਪੀ•ਸਾਂਡਰਸ (ਡਿਪਟੀ ਸੂਪਰਿਟੈਡੈਂਟ) ਨੇ ਲਾਠੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਸਕਾਟ ਨੇ ਖ਼ੁਦ ਵੀ ਲਾਠੀਚਾਰਜ ਕੀਤਾ, ਜਿਸ ਦੌਰਾਨ ਲਾਲਾ ਜੀ ਗੰਭੀਰ ਜ਼ਖਮੀ ਹੋਏ ਤੇ 17÷11÷1928 ਲਾਲਾ ਲਾਜਪਤ ਰਾਏ ਜੀ ਦੀ ਮੌਤ ਹੋ ਗਈ।

ਖ਼ੂਨ ਦਾ ਬਦਲਾ ਖ਼ੂਨ
ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ ਚੰਦਰ ਸ਼ੇਖਰ ਆਜ਼ਾਦ ਲਾਹੌਰ ਸੱਦਿਆ ਗਿਆ, ਜਿੱਥੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਦੁਰਗਾ ਭਾਬੀ (ਭਗਵਤੀ ਚਰਨ ਵੋਹਰਾ ਦੀ ਪਤਨੀ), ਜੈ ਗੋਪਾਲ ਆਦਿ ਪਹਿਲਾਂ ਤੋਂ ਹੀ ਮੌਜੂਦ ਸਨ। ਭਗਤ ਸਿੰਘ ਨੇ ਕਿਹਾ ਇੱਕ ਭਾਰਤੀ ਦੀ ਮੌਤ ਦਾ ਬਦਲਾ 10 ਗੋਰੇ ਮਾਰ ਕੇ ਲਵਾਂਗੇ। ਚੰਦਰ ਸ਼ੇਖਰ ਆਜ਼ਾਦ ਨੇ ਮੌਜਾਂਗ ਘਰ, ਲਾਹੌਰ ਵਿੱਚ ਹੋਈ ਇਸ ਮੀਟਿੰਗ ਵਿੱਚ ਆਪਣੇ ਵਿਚਾਰ ਰੱਖਦਿਆਂ ਕਿਹਾ, ‘ਸਾਥੀਓ, ਅਸੀਂ ਬਰਤਾਨਵੀ ਸਾਮਰਾਜ ਵਿਰੁੱਧ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ। ਵੈਰੀ ਪਾਸ ਬੇਓੜਕ ਫੌਜ ਤੇ ਹਥਿਂਆਰ ਹਨ, ਪਰ ਉਸ ਦੇ ਟਾਕਰੇ ਲਈ ਸਾਡੇ ਪਾਸ ਕੁਰਬਾਨੀ ਦਾ ਜਜ਼ਬਾ ਅਤੇ ਲੋਕ ਰਾਏ ਦੀ ਮਹਾਨ ਸ਼ਕਤੀ ਹੈ।’ ਅੰਤ ਸਕਾਟ ਮਾਰਨ ਦਾ ਫੈਸਲਾ ਕਰ ਲਿਆ ਗਿਆ।ਚੰਦਰ ਸ਼ੇਖਰ ਆਜ਼ਾਦ ਦਾ ਕੰਮ ਸੀ ਪਿੱਛਾ ਕਰਨ ਵਾਲਿਆਂ ਦਾ ਰਸਤਾ ਰੋਕ ਕੇ ਸਾਥੀਆਂ ਨੂੰ ਭੱਜਣ ਦਾ ਮੌਕਾ ਦੇਣਾ। 17÷12÷1928 ਸ਼ਾਮ 4:20 ਵਜੇ ਗੋਰਾ ਅਫ਼ਸਰ ਥਾਣੇ ‘ਚੋਂ ਬਾਹਰ ਨਿਕਲਿਆ ਤਾਂ ਜੈ ਗੋਪਾਲ ਨੇ ਸਕਾਟ ਸਮਝ ਕੇ ਇਸ਼ਾਰਾ ਦੇ ਦਿੱਤਾ। ਰਾਜਗੁਰੂ ਦੀ ਗੋਲੀ ਉਸ ਦੇ ਸਿਰ ‘ਚ ਜਾ ਵੱਜੀ, ਭਗਤ ਸਿੰਘ ਨੇ ਹੋਰ 3 ਗੋਲੀਆਂ ਮਾਰੀਆਂ। ਚੰਦਰ ਸ਼ੇਖਰ ਆਜ਼ਾਦ ਨੇ ਮੋਰਚਾ ਸੰਭਾਲਿਆ। ਚੰਨਣ ਸਿੰਘ ਨਾਂਅ ਦੇ ਹੈੱਡ ਕਾਂਸਟੇਬਲ ਨੇ ਜਦ ਪਿੱਛਾ ਕੀਤਾ ਤਾਂ ਆਜ਼ਾਦ ਨੇ ਉਸ ਨੂੰ ਰੋਕਿਆ, ਜਦ ਉਹ ਨਾ ਰੁਕਿਆ ਤਾਂ ਗੋਲੀ ਉਸ ਦੀ ਲੱਤ ‘ਚ ਮਾਰੀ। ਫਿਰ ਵੀ ਉਹ ਪਿੱਛਾ ਕਰਨੋਂ ਨਾ ਹਟਿਆ ਤਾਂ ਆਜ਼ਾਦ ਨੇ ਦੂਜੀ ਗੋਲੀ ਮਾਰੀ ਤੇ ਉਹ ਮੂੰਹ ਦੇ ਭਾਰ ਜਾ ਡਿੱਗਾ। ਇਸ ਤੋਂ ਅਗਲੇ ਦਿਨ ਸ਼ਹਿਰ ਦੀਆਂ ਕੰਧਾਂ ‘ਤੇ ਇਸ਼ਤਿਹਾਰ ਲਗਾ ਕੇ ਅਤੇ ਪਰਚੇ ਵੰਡ ਕੇ ਲੋਕਾਂ ਨੂੰ ਪਾਰਟੀ ਦੇ ਕੰਮ ਤੋਂ ਜਾਣੂੰ ਕਰਾਇਆ ਗਿਆ।

ਆਜ਼ਾਦ ਭੇਸ ਬਦਲਣ ਵਿੱਚ ਮਾਹਿਰ
ਆਜ਼ਾਦ ਜਨੇਊ, ਧੋਤੀ, ਟੋਪੀ ਪਾ ਕੇ, ਹੱਥ ਵਿਚ ਭਗਵਤ ਗੀਤਾ ਫੜ ਲੈਂਦਾ ਤੇ ਕਥਾਵਾਚਕ ਲੱਗਦਾ, ਸਾਦੀ ਧੋਤੀ ਅਤੇ ਸਾਧਾਰਨ ਕੁੜਤੀ ਧੋਤੀ ਵਿੱਚ ਖਾਂਦਾ ਪੀਂਦਾ ਬਾਣੀਆ ਬਣ ਸਕਦਾ ਸੀ ਅਤੇ ਮੈਲੀ ਬਨੈਣ ਅਤੇ ਮੋਟੀ ਧੋਤੀ ਪਾ ਕੇ ਕਿਸੇ ਚੰਗੇ ਘਰ ਦਾ ਨੌਕਰ ਲੱਗਦਾ ਸੀ, ਖਾਕੀ ਵਰਦੀ ਅਤੇ ਬੈਲਟ ਲਗਾ ਕੇ ਪੁਲਿਸ ਦਾ ਦਰੋਗਾ ਬਣ ਸਕਦਾ ਸੀ।ਸਾਂਡਰਸ ਦੇ ਕਤਲ ਤੋਂ ਬਾਦ ਜਦੋਂ ਬਚ ਨਿਕਲਣਾ ਮੁਸ਼ਕਿਲ ਸੀ, ਤਦ ਆਜ਼ਾਦ ਆਪਣੀ ਸ਼ਕਲ ਦੀਆਂ ਇਨ੍ਹਾਂ ਖੂਬੀਆਂ ਕਰਕੇ ਹੀ ਬਚ ਨਿਕਲੇ ਸਨ।

ਅਸੈਂਬਲੀ ਬੰਬ ਕਾਂਡ ਤੋਂ ਬਾਅਦ
ਬੋਲੀ ਸਰਕਾਰ ਦੇ ਕੰਨੀਂ ਗੂੰਜ ਪਾਉਣ, ਪਬਲਿਕ ਸੇਫਟੀ ਬਿੱਲ ਅਤੇ ਟਰੇਡ ਡਿਸਪਿਊਟ ਬਿੱਲ ਵਿਰੁੱਧ ਜਨਤਾ ਦੀ ਆਵਾਜ਼ ਸਰਕਾਰ ਦੇ ਕੰਨੀਂ ਪਾਉਣ ਲਈ ਭਗਤ ਸਿੰਘ ਦੇ ਸੁਝਾਅ ‘ਤੇ ਅਸੈਂਬਲੀ ‘ਚ ਬੰਬ ਸੁੱਟਣ ਦਾ ਫੈਸਲਾ ਕੀਤਾ ਗਿਆ, ਪਰ ਆਜ਼ਾਦ, ਭਗਤ ਸਿੰਘ ਦੁਆਰਾ ਬੰਬ ਸੁੱਟਣ ਦੇ ਹੱਕ ਵਿੱਚ ਨਹੀਂ ਸੀ, ਕਿਉਂ ਕਿ ਉਹ ਜਾਣਦੇ ਸਨ ਕਿ ਜਦ ਬੰਬ ਸੁੱਟਣ ਤੋਂ ਬਾਅਦ ਗ੍ਰਿਫ਼ਤਾਰੀ ਦਿੱਤੀ ਜਾਵੇਗੀ ਤਾਂ ਸਰਕਾਰ ਸਾਂਡਰਸ ਦਾ ਕਤਲ ਕੇਸ ਖੋਲ੍ਹ ਦੇਵੇਗੀ ਤੇ ਉਸ ਵਿੱਚ ਭਗਤ ਸਿੰਘ ਨੂੰ ਯਕੀਨਨ ਫਾਂਸੀ ਹੀ ਦਿੱਤੀ ਜਾਵੇਗੀ। ਉਹ ਏਨੀ ਛੇਤੀ ਭਗਤ ਸਿੰਘ ਗਵਾਓਣਾ ਨਹੀਂ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਇੱਕ ਵਾਰ ਤਾਂ ਭਗਤ ਸਿੰਘ ਦਾ ਬੰਬ ਸੁੱਟਣ ਦਾ ਸੁਝਾਅ ਰੱਦ ਹੀ ਕਰ ਦਿੱਤਾ ਸੀ, ਪਰ ਸੁਖਦੇਵ ਅਤੇ ਭਗਤ ਸਿੰਘ ਦੇ ਦਬਾਅ ਪਾਉਣ ‘ਤੇ ਉਨ੍ਹਾਂ ਨੂੰ ਝੁਕਣਾ ਪਿਆ। 8 ਅਪ੍ਰੈਲ 1929 ਖਾਲੀ ਜਗ੍ਹਾ ‘ਤੇ ਭਗਤ ਸਿੰਘ ਅਤੇ ਬੱਟੂਕੇਸ਼ਵਰ ਦੱਤ ਦੁਆਰਾ ਬੰਬ ਸੁੱਟੇ ਗਏ ਅਤੇ ਇਨਕਲਾਬ ਦੇ ਨਾਅਰੇ ਲਗਾਉਂਦਿਆਂ ਆਪਣੀ ਗੱਲ ਆਖਣ ਲਈ ਇਸ਼ਤਿਹਾਰ ਵੀ ਸੁੱਟੇ। ਇਸ ਤੋਂ ਬਾਅਦ ਆਜ਼ਾਦ ਨੇ ਇਨ੍ਹਾਂ ਦੇ ਫੋਟੋ ਅਖ਼ਬਾਰ ‘ਚ ਦੇਖ ਕੇ ਕਿਹਾ, ‘ਹੁਣ ਇਹ ਦੇਸ਼ ਦੀ ਸੰਪੱਤੀ ਹਨ, ਸ਼ਹੀਦ ਹਨ। ਦੇਸ਼ ਇਨ੍ਹਾਂ ਦੀ ਪੂਜਾ ਕਰੇਗਾ। ਹੁਣ ਇਨ੍ਹਾਂ ਦਾ ਦਰਜਾ ਸਾਡੇ ਸਾਰਿਆਂ ਤੋਂ ਉੱਚਾ ਹੋ ਗਿਆ ਹੈ’

ਲਾਹੌਰ ਸਾਜਿਸ਼ ਕੇਸ
ਹੁਣ ਦਲ ਦਾ ਭਾਰ ਮੁੜ ਸਾਂਭਣ ਦਾ ਸਮਾਂ ਆ ਗਿਆ। 10÷7÷1929, ਸਾਂਡਰਸ ਕਤਲ ਕੇਸ ਦੀ ਸੁਣਵਾਈ ਸ਼ੁਰੂ ਹੋਈ। ਹੁਣ ਤੱਕ ਬਹੁਤ ਸਾਰੇ ਸਾਥੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਸਨ ਅਤੇ ਇਸ ਕਤਲ ਕੇਸ ਵਿੱਚੋਂ ਵੀ ਚੰਦਰ ਸ਼ੇਖਰ ਆਜ਼ਾਦ ਹੀ ਬਚ ਕੇ ਫਰਾਰ ਹੋ ਸਕੇ ਸਨ। ਇਹ ਕੇਸ ਲਾਹੌਰ ਸਾਜਿਸ਼ ਕੇਸ’ ਦੇ ਨਾਂਅ ਨਾਲ ਮਸ਼ਹੂਰ ਹੋਇਆ। ਇਸ ਵਿੱਚ 28 ਕ੍ਰਾਂਤੀਕਾਰੀਆਂ ਉੱਤੇ ਮੁਕੱਦਮਾ ਬਣਿਆ, ਜਿਸ ਵਿੱਚੋ 15 ‘ਤੇ ਮੁਕੱਦਮਾ ਚੱਲਿਆ, ਉਸ ਵਿੱਚੋਂ 3 ਰਿਹਾਅ ਕਰ ਦਿੱਤੇ ਗਏ, 5 ਵਾਅਦਾ ਮੁਆਫ਼ ਗਵਾਹ ਬਣ ਗਏ ਅਤੇ 5 ਫਰਾਰ ਰਹੇ।

ਇੱਕ ਵਾਰ ਫਿਰ ਦਲ ਦਾ ਭਾਰ ਆਜ਼ਾਦ ਉੱਪਰ
ਇੱਕ ਵਾਰ ਦਲ ਸਾਂਭਣ ਦੀ ਜਿੰਮੇਵਾਰੀ ਆਜ਼ਾਦ ਦੇ ਸਿਰ ਆ ਗਈ। ਉਨ੍ਹਾਂ ਮਹਾਤਮਾ ਗਾਂਧੀ ਨਾਲ ਮੁਲਾਕਾਤ ਕਰਨ ਜਾ ਰਹੇ ਵਾਇਸਰਾਏ ਦੀ ਗੱਡੀ 23÷12÷1929 ਨੂੰ ਬੰਬ ਨਾਲ ਉਡਾਉਣ ਦੀ ਯੋਜਨਾ ਬਣਾਈ, ਪਰ ਵਾਇਸਰਾਏ ਵਾਲ ਵਾਲ ਬਚ ਗਿਆ। ਇਸ ਬਾਰੇ ਮਹਾਤਮਾ ਗਾਂਧੀ ਨੇ ਬੰਬ ਪੂਜਾ ਲੇਖ ਲਿਖਿਆ, ਜਿਸਦਾ ਆਜ਼ਾਦ ਨੇ ਵਿਰੋਧ ਕੀਤਾ। ਆਜ਼ਾਦ ਅਤੇ ਭਗਵਤੀ ਚਰਨ ਵੋਹਰਾ ਨੇ ਮਿਲ ਕੇ ਲੇਖ ਦੇ ਜਵਾਬ ‘ਚ ਬੰਬ ਦਾ ਫਲਸਫਾ ਅਤੇ ਐਚ•ਐਸ•ਆਰ•ਏ• ਦਾ ਮੈਨੀਫੈਸਟੋ ਲਿਖੇ। ਇਹ ਪੂਰੇ ਭਾਰਤ ‘ਚ 26÷1÷1930 ਨੂੰ ਵੰਡਿਆ ਗਿਆ ਸੀ। ਆਪ ਨੇ ਭਗਤ ਸਿੰਘ ਤੇ ਸਾਥੀਆਂ ਨੂੰ ਛੁਡਾਉਣ ਦੀ ਯੋਜਨਾ ਬਣਾਈ, ਪਰ ਨਾ-ਕਾਮਯਾਬ ਰਹੀ। ਲਾਹੌਰ ਸਾਜਿਸ਼ ਕੇਸ ਵਿੱਚ 7÷10÷1930 ਸਜ਼ਾਵਾਂ ਦੇ ਦਿੱਤੀਆਂ ਗਈਆਂ। ਭਗਤ ਸਿੰਘ, ਸੁਖਦੇਵ ਤੇ ਸ਼ਿਵਰਾਮ ਰਾਜਗੁਰੂ ਨੂੰ ਫ਼ਾਂਸੀ ਦੀ ਸਜ਼ਾ ਹੋਈ।ਬਾਕੀ ਸਾਥੀਆਂ ਵਿਚੋਂ 7 ਨੂੰ ਕਾਲੇਪਾਣੀ ਦੀ ਸਜ਼ਾ, 2 ਨੂੰ ਛੋਟੀਆਂ ਕੈਦਾਂ ਤੇ 3 ਨੂੰ ਰਿਹਾਅ ਕਰ ਦਿੱਤਾ ਗਿਆ। ਦਲ ਦੇ ਇਨ੍ਹਾਂ ਵੱਡੇ ਥੰਮ੍ਹਾਂ ਬਿਨ੍ਹਾ ਹੁਣ ਆਜ਼ਾਦ ਫਿਰ ਇਕੱਲੇ ਲੜਾਈ ਲੜ ਰਹੇ ਸਨ।

ਸ਼ਹਾਦਤ
ਆਜ਼ਾਦ ਆਪਣੀ ਪ੍ਰਤਿੱਗਆ ਉੱਪਰ ਪੂਰੇ ਉੱਤਰੇ। ਉਹ ਕਿਹਾ ਕਰਦੇ ਸੀ ਕਿ ਕੋਈ ਮੇਰੇ ਜਿਊਂਦੇ ਜੀਅ ਮੈਨੂੰ ਗਿਫ਼੍ਰਤਾਰ ਨਹੀਂ ਕਰ ਸਕਦਾ। ਮੈਂ ਆਜ਼ਾਦ ਹਾਂ ਤੇ ਕਦੇ ਪੁਲਿਸ ਦੇ ਹੱਥ ਨਹੀ ਚੜ੍ਹਾਂਗਾ। ਉਨ੍ਹਾਂ ਆਪਣਾ ਕਿਹਾ ਸੱਚ ਕਰ ਦਿਖਾਇਆ। 27÷02÷1931 ਦੇ ਦਿਨ ਆਪ ਐਲਫ਼ਰਡ ਪਾਰਕ, ਇਲਾਹਾਬਾਦ ਆਪਣੇ ਕਿਸੇ ਸਾਥੀ ਨੂੰ ਮਿਲਣ ਆਏ ਸਨ ਕਿ ਪੁਲਿਸ ਨੇ ਚੁਫੇਰਿਓਂ ਘੇਰ ਲਿਆ।ਆਪ ਇਕੱਲੇ ਹੀ ਮੁਕਾਬਲਾ ਕਰਦੇ ਰਹੇ, ਪਰ ਪੁਲਿਸ ਭਾਰੀ ਗਿਣਤੀ ਵਿੱਚ ਸੀ। ਅੰਤ, ਆਪ ਨੇ ਆਪਣਾ ਪ੍ਰਣ ਪੁਗਾਉਂਦਿਆਂ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਪੁਲਿਸ ਆਪ ਨੂੰ ਜਿਉਦੇ ਜੀਅ ਨਾ ਫੜ ਸਕੀ। ਉਹ ਦਰਖ਼ਤ, ਜਿਸ ਦੀ ਆੜ ਵਿੱਚ ਆਜ਼ਾਦ ਨੇ ਪੁਲਿਸ ਨਾਲ ਮੁਕਾਬਲਾ ਕੀਤਾ ਸੀ, ਸਰਕਾਰ ਨੇ ਬਾਅਦ ਵਿੱਚ ਕਟਵਾ ਦਿੱਤਾ ਕਿਉਂ ਕਿ ਲੋਕ ਭਾਰੀ ਮਾਤਰਾ ‘ਚ ਉਸ ਨੂੰ ਦੇਖਣ ਆਉਂਦੇ ਸਨ।ਆਜ਼ਾਦ ਦੀ ਸ਼ਹਾਦਤ ਨਾਲ ਹੀ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਖਿੰਡ-ਪੁੰਡ ਗਈ। ਆਪ ਇਕੱਲੇ ਹੀ ਕ੍ਰਾਂਤੀਕਾਰੀ ਸਨ, ਜੋ ਸ਼ੁਰੂ ਤੋਂ ਅੰਤ ਤੀਕ ਸਰਕਾਰ ਨੂੰ ਲੋਹੇ ਦੇ ਛੋਲੇ ਚੱਬਣ ਲਈ ਮਜ਼ਬੂਰ ਕਰਦੇ ਰਹੇ।

-ਇੰਦਰਜੀਤ ਨੰਦਨ, ਹੁਸ਼ਿਆਰਪੁਰ

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: