ਜੰਮੂ ਕਸ਼ਮੀਰ ਦੇ ਪੰਜਾਬੀ ਸਾਹਿਤ ਬਾਰੇ ਰਾਸ਼ਟਰੀ ਸੈਮੀਨਾਰ 12-13 ਨਵੰਬਰ ਨੂੰ

ਲੁਧਿਆਣਾ/ਜੰਮੂ। ਪੰਜਾਬੀ  ਸਾਹਿਤ ਅਕਾਡਮੀ ਲੁਧਿਆਣਾ, ਜੇ· ਕੇ· ਕਲਾ, ਸੰਸਕ੍ਰਿਤੀ ਤੇ ਭਾਸ਼ਾ ਅਕਾਡਮੀ ਜੰਮੂ ਅਤੇ ਪੰਜਾਬੀ ਅਦਬੀ ਸੰਗਤ ਜੰਮੂ ਦੇ ਵੱਲੋਂ 12-13 ਨਵੰਬਰ ਨੂੰ ਕੇ· ਐਲ· ਸਹਿਗਲ ਹਾਲ, ਕਲਚਰ ਅਕਾਡਮੀ ਜੰਮੂ  ਵਿਖੇ ਜੰਮੂ ਕਸ਼ਮੀਰ : ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਵਿਸ਼ੇ ‘ਤੇ ਦੋ ਰੋਜ਼ਾ ਕੌਮਾਂਤਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਵਿਚ ਜੰਮੂ ਕਸ਼ਮੀਰ ਖਿੱਤੇ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ, ਸਾਹਿਤ ਅਤੇ ਸਭਿਆਚਾਰ ਦੇ ਮੁਲਾਂਕਣ ਲਈ 15 ਵਿਦਵਾਨਾਂ ਵੱਲੋਂ ਖੋਜ-ਪੱਤਰ ਪੜ੍ਹੇ ਜਾਣਗੇ। ਇਸ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿਚ ਕੁੰਜੀਵਤ ਭਾਸ਼ਨ ਜਨਾਬ ਖ਼ਾਲਿਦ ਹੁਸੈਨ ਦੇਣਗੇ ਅਤੇ ਉਦਘਾਟਨੀ ਭਾਸ਼ਨ ਡਾ· ਰਜਨੀਸ਼ ਬਹਾਦਰ ਸਿੰਘ ਦੇਣਗੇ। ਇਸ ਸੈਸ਼ਨ ਦੀ ਪ੍ਰਧਾਨਗੀ ਡਾ· ਜਗਬੀਰ ਸਿੰਘ ਕਰਨਗੇ। ਸੈਮੀਨਾਰ ਦੀ ਰੂਪ-ਰੇਖਾ ਅਤੇ ਅਕਾਡਮੀ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਪ੍ਰੋ· ਗੁਰਭਜਨ ਸਿੰਘ ਗਿੱਲ ਜਾਣਕਾਰੀ ਦੇਣਗੇ। 12 ਨਵੰਬਰ ਨੂੰ 12·30 ਵਜੇ ਪਹਿਲਾ ਸੈਸ਼ਨ ਹੋਵੇਗਾ ਜਿਸ ਦੀ ਪ੍ਰਧਾਨਗੀ ਡਾ· ਦੀਪਕ ਮਨਮੋਹਨ ਸਿੰਘ ਕਰਨਗੇ ਅਤੇ ਪ੍ਰਧਾਨਗੀ ਮੰਡਲ ਵਿਚ ਪ੍ਰੋ· ਸੇਵਾ ਸਿੰਘ, ਸ· ਸ਼ਮਸ਼ੇਰ ਸਿੰਘ ਚੌਹਾਲਵੀ, ਪ੍ਰੋ· ਰਵਿੰਦਰ ਭੱਠਲ, ਡਾ· ਗੁਰਇਕਬਾਲ ਸਿੰਘ ਹੋਣਗੇ। ਇਸ ਮੌਕੇ ਜੰਮੂ ਕਸ਼ਮੀਰ ਦੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਬਾਰੇ ਡਾ· ਸੁਸ਼ੀਲ ਸ਼ਰਮਾ, ਜੰਮੂ ਕਸ਼ਮੀਰ ਦੀ ਭਾਸ਼ਾਈ ਸਥਿਤੀ ਤੇ ਪੰਜਾਬੀ ਬਾਰੇ ਡਾ· ਗੁਰਚਰਨ ਸਿੰਘ ਗੁਲਸ਼ਨ, ਜੰਮੂ ਕਸ਼ਮੀਰ ਦੀ ਪੰਜਾਬੀ ਲੋਕਧਾਰਾ ਬਾਰੇ ਡਾ· ਜੋਗਿੰਦਰ ਸਿੰਘ ਕੈਰੋਂ ਆਪਣਾ ਖੋਜ ਪੱਤਰ ਪੜ੍ਹਨਗੇ। ਦੁਪਹਿ 3·00 ਵਜੇ ਹੋਣ ਵਾਲੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ· ਸੁਖਦੇਵ ਸਿੰਘ ਸਿਰਸਾ ਕਰਨਗੇ, ਜਦਕਿ ਪ੍ਰਧਾਨਗੀ ਮੰਡਲ ਵਿਚ ਸੁਰਿੰਦਰ ਨੀਰ, ਡਾ· ਅਰਵਿੰਦਰ ਅਮਨ, ਸਰਨ ਸਿੰਘ, ਸੁਰਿੰਦਰ ਕੈਲੇ, ਡਾ· ਅਨੂਪ ਸਿੰਘ ਹੋਣਗੇ। ਇਸ ਸੈਸ਼ਨ ਦੌਰਾਨ ਜੰਮੂ ਕਸ਼ਮੀਰ ਦਾ ਪੰਜਾਬੀ ਨਾਵਲ ਬਾਰੇ ਡਾ· ਰਜਨੀਸ਼ ਬਹਾਦਰ ਸਿੰਘ, ਜੰਮੂ ਕਸ਼ਮੀਰ ਦੀ ਸੂਫ਼ੀ ਪਰੰਪਰਾ ਤੇ ਕਵਿਤਾ ਬਾਰੇ ਜਨਾਬ ਖ਼ਾਲਿਦ ਹੁਸੈਨ, ਜੰਮੂ ਕਸ਼ਮੀਰ ਵਿਚ ਪੰਜਾਬੀ ਖੋਜ ਦੀ ਸਥਿਤੀ ਬਾਰੇ ਡਾ· ਧਰਮ ਸਿੰਘ, ਜੰਮੂ ਕਸ਼ਮੀਰ ਵਿਚ ਪੰਜਾਬੀ ਆਲੋਚਨਾ ਬਾਰੇ ਕੰਵਲ ਕਸ਼ਮੀਰੀ ਆਪਣਾ ਖੋਜ ਪੱਤਰ ਪੇਸ਼ ਕਰਨਗੇ। ਸ਼ਾਮ 7 ਵਜੇ ਕਵੀ ਦਰਬਾਰ ਹੋਵੇਗਾ।

      13 ਨਵੰਬਰ, ਸ਼ਨਿੱਚਰਵਾਰ ਨੂੰ ਤੀਜਾ ਸੈਸ਼ਨ 10 ਵਜੇ ਸ਼ੁਰੂ ਹੋਵੇਗਾ ਜਿਸ ਦੀ  ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ  ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਕਰਨਗੇ ਜਦਕਿ ਪ੍ਰਧਾਨਗੀ ਮੰਡਲ ਵਿਚ ਡਾ· ਮੋਨੋਜੀਤ, ਡਾ· ਹਰਭਜਨ ਸਿੰਘ ਸਾਗਰ, ਡਾ· ਲਾਭ ਸਿੰਘ ਖੀਵਾ, ਸ· ਹਰਭਜਨ ਸਿੰਘ ਬਾਜਵਾ ਹੋਣਗੇ। ਇਸ ਮੌਕੇ ਜੰਮੂ ਕਸ਼ਮੀਰ ਦੀ ਪੰਜਾਬੀ ਕਹਾਣੀ ਬਾਰੇ ਡਾ· ਗੁਰਪਾਲ ਸਿੰਘ ਸੰਧੂ, ਜੰਮੂ ਕਸ਼ਮੀਰ ਦੀ ਪੰਜਾਬੀ ਵਾਰਤਕ ਬਾਰੇ ਸ੍ਰੀ ਇੱਛੂਪਾਲ, ਜੰਮੂ ਕਸ਼ਮੀਰ ਦੀ ਸਾਹਿਤਕ ਪੱਤਰਕਾਰੀ ਬਾਰੇ ਡਾ· ਮਹਿੰਦਰਪਾਲ ਸਿੰਘ ਖੋਜ ਪੱਤਰ ਪੜ੍ਹਨਗੇ। ਚੌਥਾ ਸੈਸ਼ਨ 12 ਵਜੇ ਸ਼ੁਰੂ ਹੋਵੇਗਾ ਜਿਸ ਦੀ ਪ੍ਰਧਾਨਗੀ ਡਾ· ਧਰਮ ਸਿੰਘ ਕਰਨਗੇ ਜਦਕਿ ਪ੍ਰਧਾਨਗੀ ਮੰਡਲ ਵਿਚ ਸ੍ਰੀ ਕੰਵਲ ਕਸ਼ਮੀਰੀ, ਡਾ· ਗੁਰਚਰਨ ਸਿੰਘ ਗੁਲਸ਼ਨ, ਡਾ· ਉਪਦੇਸ਼ ਕੌਰ, ਸ੍ਰੀ ਬਲਜੀਤ ਰੈਣਾ ਸ਼ਾਮਲ ਹੋਣਗੇ। ਇਸ ਸੈਸ਼ਨ ਵਿਚ ਜੰਮੂ ਕਸ਼ਮੀਰ ਦੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਬਾਰੇ ਜੋਤੀ ਮਹਾਜਨ, ਜੰਮੂ ਕਸ਼ਮੀਰ ਦੀ ਪੰਜਾਬੀ ਕਵਿਤਾ ਬਾਰੇ ਡਾ· ਸਨੋਬਰ, ਜੰਮੂ ਕਸ਼ਮੀਰ ਦਾ ਪੰਜਾਬੀ ਨਾਟਕ ਤੇ ਰੰਗ ਮੰਚ ਬਾਰੇ ਡਾ· ਹਰਜੀਤ ਕੌਰ ਆਪਣਾ ਖੋਜ ਪੱਤਰ ਪੜ੍ਹਨਗੇ।

      ਵਿਦਾਇਗੀ  ਸੈਸ਼ਨ 3 ਵਜੇ ਹੋਵੇਗਾ। ਇਸ ਸੈਸ਼ਨ ਦੇ ਮੁੱਖ ਮਹਿਮਾਨ ਸ੍ਰੀ ਟੀ· ਐਸ· ਵਜ਼ੀਰ (ਐਮ·ਐਲ·ਸੀ) ਹੋਣਗੇ।  ਧੰਨਵਾਦ, ਜਨਾਬ ਜ਼ਫ਼ਰ ਇਕਬਾਲ ਮਿਨਹਾਸ, ਸ· ਪ੍ਰਿਤਪਾਲ ਸਿੰਘ ਬੇਤਾਬ, ਜਨਾਬ ਖ਼ਾਲਿਦ ਹੁਸੈਨ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ· ਗੁਰਭਜਨ ਸਿੰਘ ਗਿੱਲ ਕਰਨਗੇ। ਸੈਮੀਨਾਰ ਦੇ ਅੰਤ ਵਿਚ ਜੰਮੂ ਕਸ਼ਮੀਰ ਦੇ ਅੱਠ ਪੰਜਾਬੀ ਲੇਖਕਾਂ ਦਾ ਸਨਮਾਨ ਕੀਤਾ ਜਾਵੇਗਾ।


Posted

in

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com