ਧੀਆਂ ਰੁੱਖ ਤੇ ਪਾਣੀ: ਮਲਕੀਅਤ ਸੁਹਲ


ਮਰਦਾ ਬੰਦਾ ਯਾਦ ਹੈ ਕਰਦਾ ,
ਮੰਗੇ ਮਾਂ ਤੋਂ ਪਾਣੀ ।
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ ।

ਭੈਣਾਂ ਦਾ ਜੋ ਪਿਆਰ ਭੁਲਾਵੇ ,
ਕਹਿੰਦੇ ਹੈ ਮੱਤ ਮਾਰੀ ।
ਘਰ ‘ਚ ਬੂਟਾ ਅੰਬੀ ਦਾ ਇਕ ,
ਫੇਰੀਂ ਨਾ ਤੂੰ ਆਰੀ ।
 ਸੱਭ ਦੀ ਕੁੱਲ ਵਧਾਵਣ ਵਾਲੀ ;
ਧੀ ਹੈ ਬਣੀ ਸੁਆਣੀ ;
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ ।
ਮਰਦਾ ਬੰਦਾ ਯਾਦ ਹੈ ਕਰਦਾ ,
ਮਾਂ ਤੋਂ ਮੰਗੇ ਪਾਣੀ ।

ਜੇ ਰੁੱਖਾਂ ਨੂੰ ਵੀ ਪਾਉਗੇ ਪਾਣੀ ,
ਸਾਡਾ ਸਾਥ ਨਿਭਾਵਣਗੇ।
ਭੁੱਲ ਕੇ ਰੁੱਖਾਂ ਤਾਈਂ ਨਾ ਵਢ੍ਹੋ ,
ਸਾਡੇ ਹੀ ਕੰਮ ਆਵਣਗੇ।
ਚਿੱਖ਼ਾ ਤੇ ਲੱਕੜ ਸਾਥ ਨਿਭਾਵੇ;
ਝੂੱਠ ਰਤਾ ਨਾ ਜਾਣੀ ;
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ ।
ਮਰਦਾ ਬੰਦਾ ਯਾਦ ਹੈ ਕਰਦਾ ,
ਮੰਗੇ ਮਾਂ ਤੋਂ ਪਾਣੀ ।

ਪੌਣ , ਪਾਣੀ ਹੀ ਰਹਿਣ ਪਵਿਤੱਰ ,
ਇਹ ਸਾਡੀ ਜ਼ਿੰਦਗਾਨੀ।
ਵਸਦਾ ਰਹੇ ਅੰਮੜੀ ਦਾ ਵਿਹੜਾ ,
ਧੀਆਂ ਧਰਮ ਨਿਸ਼ਾਨੀ।

ਧੀ-ਪੁਤਾਂ ਵਿਚ ਫਰਕ ਨਾ ਪਾਇਉ ,
ਕਰਿਓ ਨਾ ਵੰਡ ਕਾਣੀਂ;
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ।
ਮਰਦਾ ਬੰਦਾ ਯਾਦ ਹੈ ਕਰਦਾ ,
ਮੰਗੇ ਮਾਂ ਤੋਂ ਪਾਣੀ ।

ਆਓ! ਰਲ ਕੇ ਕਸਮਾਂ ਖਾਈਏ,
ਪਾਪ ਨਾ ਹੱਥੀਂ ਹੋਵੇ ।
ਕੋਈ ਮਰੇ ਨਾ ਰੱਬਾ , ਧੀ ਵਿਚਾਰੀ,
ਮਾਂ ਨਾ ਬਹਿ ਕੇ ਰੋਵੇ ।
ਹੁਣ ਵਾਤਾਵਰਨ ਸੁਖਾਂਵਾਂ ਕਰੀਏ ,
ਬਣ ਕੇ ਹਾਣੀ ਹਾਣੀ ;
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ।
ਮਰਦਾ ਬੰਦਾ ਯਾਦ ਹੈ ਕਰਦਾ ,
ਮੰਗੇ ਮਾਂ ਤੋਂ ਪਾਣੀ ।

ਅਕਲਾਂ ਵਾਲਿਓ ! ਰੱਬ ਦੇ ਬੰਦਿਉ,
ਆਸਾਂ ਨਾਲ ਸੁਆਸਾਂ ।
ਧੀਆਂ , ਰੁੱਖ ਬਚਾ ਲਉ ਪਾਣੀ ,
“ਸੁਹਲ” ਦੀਆਂ ਅਰਦਾਸਾਂ।
ਗੁਰੂਆਂ , ਪੀਰਾਂ , ਅਵਤਾਰਾਂ ਦੀ ,
ਕਹਿੰਦੀ ਹੈ ਗੁਰਬਾਣੀ ;
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ।
ਮਰਦਾ ਬੰਦਾ ਯਾਦ ਹੈ ਕਰਦਾ ,
ਮੰਗੇ ਮਾਂ ਤੋਂ ਪਾਣੀ ।

– ਮਲਕੀਅਤ “ਸੁਹਲ”,  ਗੁਰਦਾਸਪੁਰ

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: