ਆਪਣੀ ਬੋਲੀ, ਆਪਣਾ ਮਾਣ

ਨਜ਼ਮ ਕਦੇ ਮਰਦੀ ਨਹੀਂ । ਸੀਮਾਂ ਸੰਧੂ

ਅੱਖਰ ਵੱਡੇ ਕਰੋ+=
punjabi writer seema sandhu
ਸੀਮਾਂ ਸੰਧੂ

ਇਸ ਵਾਰ ਵੀ ਅਣਕਿਹਾ ਸਮਝ ਲੈਂਦੀ ਤਾਂ
ਸ਼ਾਇਦ ਇਹ ਮੰਜਰ ਨਾ ਹੁੰਦਾ
ਜਾਣਦੀ ਤਾਂ  ਉਦੋਂ  ਵੀ ਸੀ
ਸਭ ਕੁਛ ਇਸ ਤਰ੍ਹਾਂ ਵਾਪਰੇਗਾ
ਪਰ ਤੇਰੀ ਜ਼ਿੱਦ ਅੱਗੇ ਮੇਰਾ ਜ਼ੋਰ  ਨਹੀਂ ਸੀ
ਤੇਰਾ ਤੁਰ ਜਾਣਾ ਸੌਖਾ ਤਾਂ ਨਹੀਂ ਸੀ
ਪਰ ਮੈਂ ਜਰ ਲਿਆ ਸੀ
ਮੈਂ ਸ਼ਬਦਾਂ ਦੇ ਜੰਗਲ ਵਿਚ ਭਟਕਦੀ ਰਹੀ
ਤੂੰ ਅੱਖਰ ਅੱਖਰ ਹੋ
ਮੇਰੀ ਚੁੰਨੀ ਦੇ ਸਿਤਾਰਿਆ ਵਿੱਚ ਚਮਕਦੀ ਰਹੀ
ਮੇਰੀ ਪਿਆਸ ਤਾਂ ਸੀ ਨਰਮ ਜਿਹੇ ਵਿਸ਼ੇਸ਼ਣ
ਕੂਲੇ ਅਲਫਾਜ਼ ,ਮੁਹੱਬਤ ਦੇ ਦੈਵੀ ਗੀਤ
ਵਿਰਲਾਂ ਵਿਚੋਂ ਛਣ ਕੇ ਆਉਂਦੀ ਕੋਸੀ ਧੁੱਪ
ਮਹਿਕਦੇ ਬਗੀਚੇ , ਫਲਾਂ ਨਾਲ ਝੁਕੇ ਟਹਿਣ
ਅਮਲਤਾਸ ਦੀ ਸੰਘਣੀ ਛਾਂ !!!
ਪਰ ਅਚਾਨਕ !
ਤੂੰ  ਮੇਰੇ ਸਾਰੇ ਜ਼ਜਬਾਤ ਗਹਿਣੇ ਧਰ
ਵਾਵਰੋਲਿਆਂ ਹਵਾਲੇ ਕਰ ਦਿੱਤੇ
ਮੇਰੀ ਅਜ਼ਲਾਂ ਦੀ ਤ੍ਰਿਹਾਈ ਕਲਮ ਨੂੰ
ਤੂੰ  ਭਟਕਨਾ ਦੀ ਵਲਗਣ ਵਿਚ ਕੈਦ ਕਰ ਦਿਤਾ
ਬੜਾ ਔਖਾ ਸੀ ਪਲ ਪਲ ਸੁਲਗਣਾ
ਖਿੱਝ, ਉਦਾਸੀ, ਸਹਿਮ ਖਫ਼ਾ ਜਿਹੀ ਫਿਜ਼ਾ ਸੀ
ਪਰ ਅੱਜ ਫਿਰ ਤੇਰਾ
ਸਰਦ ਪੌਣਾ ਹੱਥ ਸੁਨੇਹਾ ਮਿਲਿਆ
ਕਿ ਬਰਫਾਂ ਦੇ ਦੇਸ਼ ਤੋਂ ਤੂੰ ਪਰਤਣਾ ਹੈ
ਬੇਸ਼ਕ ਹੰਝ ਦੀ ਜੂਨੇ ਪਈ ਨੂੰ
ਮੈ ਵਰਾ ਲਵਾਂਗੀ
ਪਿਘਲ ਜਾਵੇਗੀ ਤੇਰੀ ਅੱਖ ਦੀ ਪਥਰਾਈ ਗੰਗਾ
ਕਰੂੰਬਲਾਂ ਫੁੱਟ ਪੈਣਗੀਆਂ
ਰੰਗਲੇ ਸੁਪਨੇ ਜੀ ਉੱਠਣਗੇ
ਫਿਰ ਕਿੰਝ ਮੰਨ ਲਵਾਂ
ਕਿ ਨਜ਼ਮ ਮਰ ਜਾਂਦੀ ਹੈ
ਸੱਚ ਇਹ ਹੈ ਕਿ
ਨਜ਼ਮ ਚੁੱਪ ਹੋ ਜਾਂਦੀ ਹੈ
ਰੁੱਸ ਜਾਂਦੀ ਹੈ
ਨਜ਼ਮ ਕਦੇ ਮਰਦੀ ਨਹੀ !!!!

-ਸੀਮਾਂ ਸੰਧੂ

Comments

Leave a Reply

This site uses Akismet to reduce spam. Learn how your comment data is processed.


Posted

in

Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com