ਆਪਣੀ ਬੋਲੀ, ਆਪਣਾ ਮਾਣ

ਪੰਜਾਬ ਦੇ ਪਰੰਪਰਕ ਸੰਗੀਤ ਉਤਸਵ ਵਿਚ ਸ਼ਾਸਤਰੀ ਗਾਇਕਾਂ ਨੇ ਪੇਸ਼ ਕੀਤੇ ਪੰਜਾਬੀ ਗਾਇਕੀ ਦੇ ਵਿਰਾਸਤੀ ਰੰਗ

ਅੱਖਰ ਵੱਡੇ ਕਰੋ+=
ਨਵੀਂ ਦਿੱਲੀ। ਪਿਛਲੇ ਦਿਨੀਂ ਪੰਜਾਬੀ ਅਕਾਦਮੀ, ਦਿੱਲੀ ਵੱਲੋਂ ਦੋ ਰੋਜ਼ਾ ‘ਪੰਜਾਬ ਦੇ ਪਰੰਪਰਕ ਸੰਗੀਤ ਦਾ ਉਤਸਵ’ ਦਾ ਆਯੋਜਨ, ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਕੀਤਾ ਗਿਆ। ਉਤਸਵ ਦੇ ਪਹਿਲੇ ਦਿਨ ਭਾਈ ਮੋਹਨ ਸਿੰਘ ਅਤੇ ਭਾਈ ਸੁਖਦੇਵ ਸਿੰਘ ਭੈਣੀ ਸਾਹਿਬ ਵਾਲਿਆਂ ਨੇ ਪਰੰਪਰਕ ਬੰਦਿਸ਼ਾਂ ਦਾ ਗਾਇਨ ਕੀਤਾ। ਇਸ ਜੋੜੀ ਨੇ ਰਾਗ ਮਾਲਕੌਂਸ ਵਿਚ ‘ਯਾ ਰੱਬਾ ਮੇਰੀ ਬੇੜੀ ਨੂੰ ਪਾਰ ਲੰਘਾ’, ਰਾਗ ਕੇਦਾਰ ਵਿਚ ‘ਦੇਖੇ ਹੋ ਤੁਮ ਏ ਰੀ, ਰਾਗ ਕੇਦਾਰ-ਛੋਟਾ ਖ਼ਯਾਲ ਵਿਚ ‘ਇਕੋ ਧਰ ਕਰ ਲਿਲਾਟ’ ਖੂਬਸੂਰਤ ਅੰਦਾਜ਼ ਵਿਚ ਗਾਇਆ। ਇਸ ਜੋੜੀ ਨੇ ਜਦੋਂ ਰਾਗ ਮਾਲਕੌਂਸ ਵਿਚ ‘ਨਾਨਕ ਬਿਜਲੀਆਂ ਚਮਕਣ’ ਦਾ ਗਾਇਨ ਸ਼ੁਰੂ ਕੀਤਾ ਤਾਂ ਸਾਰੰਗੀ ਤੇ ਤਬਲੇ ਦੀ ਸੰਗਤ ਨਾਲ ਮੇਘ ਦੇ ਗਰਜਣ ਵਾਂਗ ਖੂਬਸੂਰਤ ਮਾਹੌਲ ਪੈਦਾ ਹੋ ਗਿਆ। ਇਸ ਜੋੜੀ ਨਾਲ ਤਬਲੇ ਦੀ ਸੰਗਤ ਭਾਈ ਗਿਆਨ ਸਿੰਘ ਨੇ ਕੀਤੀ। ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਗੁਲਦਸਤੇ ਨਾਲ ਇਸ ਜੋੜੀ ਅਤੇ ਸਹਾਇਕ ਸਾਜ਼ੀਆਂ ਦਾ ਸਵਾਗਤ ਕੀਤਾ। ਕੋਲਕਾਤਾ ਤੋਂ ਆਏ ਤੁਸ਼ਾਰ ਦੱਤਾ ਨੇ ਪੰਜਾਬੀ ਖ਼ਯਾਲ ਗਾਇਕੀ ਦੇ ਅੰਤਰੇ ਤੇ ਸਥਾਈਆਂ ਨੂੰ ਆਪਣੇ ਵਿਲੱਖਣ ਅੰਦਾਜ਼ ਵਿਚ ਗਾਇਆ। ਤੁਸ਼ਾਰ ਨੇ ‘ਸੋਹਣੀ ਸੂਰਤ ਤੇਰੀ ਯਾਰ ਵੇ’ ਅਤੇ ‘ਤੈਂਡੜੀ ਯਾਦ ਸਤਾਵੇ ਵੇ ਮੀਆਂ’ ਲੰਮਾ ਸਾਹ ਖਿੱਚ ਕੇ ਅਲਾਪ ਨਾਲ ਗਾਇਆ। ਇਸ ਨੌਜਵਾਨ ਦੀ ਗਾਇਕੀ ਜ਼ਜਬਾਤ ਅਤੇ ਅਲਾਪ ਦਾ ਸੁਮੇਲ ਸੀ। ਦਰਸ਼ਕਾਂ ਨੇ ਇਸ ਅੰਦਾਜ਼ ਨੂੰ ਖੂਬ ਪਸੰਦ ਕੀਤਾ।

ਸੰਗੀਤ ਉਤਸਵ ਦੇ ਦੂਸਰੇ ਦਿਨ ਗਵਾਲੀਅਰ ਸੰਗੀਤ ਘਰਾਣੇ ਦੇ ਮੀਤਾ ਪੰਡਿਤ ਨੇ ਆਪਣੀ ਹਾਜ਼ਰੀ ਲਵਾਈ। ਮੀਤਾ ਪੰਡਿਤ ਨੇ ਰਾਗ ਭੁਪਾਲੀ ਇਕ ਤਾਲ ਵਿਚ ‘ਮੈਨੂੰ ਮਿਲਣ ਦਾ ਗਰੇ ਲਗਨ ਦਾ ਵੇ’ ਅਤੇ ਰਾਗ ਬਿਹਾਗ ਝੱਪ ਤਾਲ ਵਿਚ ‘ਦਿਲ ਦੀ ਗੱਲਾਂ ਕਿਸ ਨੂੰ ਆਖਾਂ ਮੈਂਡਾ ਰੱਬ ਜਾਵੇ ਵੇ ਮੀਆਂ ਵੇ’ ਆਪਣੀ ਨਫ਼ੀਸ ਆਵਾਜ਼ ਵਿਚ ਗਾਇਆ। ਮੀਤਾ ਪੰਡਿਤ ਨੇ ਖੂਬਸੂਰਤ ਅਦਾਇਗੀ ਵਿਚ ਟੱਪਾ ਕਾਫੀ ‘ਦਿਲ ਲੈ ਜਾਂਦਾ ਵੇ ਮੀਆਂ ਚਿਰ ਵਾਲੇ, ਜ਼ੁਲਫ਼ੀ ਵਾਲੇ’ ਵੀ ਗਾਇਆ ਜਿਸ ਨੂੰ ਦਰਸ਼ਕਾਂ ਨੇ ਤਾੜੀਆਂ ਮਾਰ ਕੇ ਕਬੂਲ ਕੀਤਾ। ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਦੀ ਸਾਬਕਾ ਸਕੱਤਰ ਰੀਨਾ ਰੰਜਨ ਨੇ ਮੀਤਾ ਪੰਡਿਤ ਅਤੇ ਉਸ ਦੇ ਸਾਥੀਆਂ ਦਾ ਗੁਲਦਸਤਿਆਂ ਨਾਲ ਸਨਮਾਨਤ ਕੀਤਾ। ਕਸੂਰ ਪਟਿਆਲਾ ਘਰਾਣੇ ਦੇ ਮਹਾਨ ਗਾਇਕ ਬੜੇ ਗੁਲਾਮ ਅਲੀ ਖ਼ਾਨ ਸਾਹਿਬ ਦੇ ਪੋਤਰੇ ਰਜ਼ਾ ਅਲੀ ਖ਼ਾਂ ਨੇ ਠੇਠ ਅਤੇ ਖੂਬਸੂਰਤ ਪੰਜਾਬੀ ਬੋਲਦਿਆਂ ਸ਼ਾਸਤਰੀ ਸੰਗੀਤ ਵਿਚ ਪੰਜਾਬ ਦੀ ਦੇਣ ਟੱਪਾ, ਖ਼ਯਾਲ ਗਾਇਕੀ ਬਾਰੇ ਮੁਖ਼ਤਸਰ ਗੱਲਾਂ ਕੀਤੀਆਂ। ਰਜ਼ਾ ਅਲੀ ਖ਼ਾਂ ਨੇ ਰਾਗ ਪੂਰਨੀਆ ਧਨਾਸ਼ੀ, ਵਿਲੰਬਿਤ ਇਕ ਤਾਲ ਵਿਚ ‘ਚਾਈਦਰਾ ਜਗਦਾ ਵੇ ਤੈਨੂੰ ਅੱਲ੍ਹਾ ਦੀ ਅਮਾਨੇ ਅਤੇ ਰਾਗ ਸੋਹਣੀ’, ਦਰੁਤ ਤਿੰਨ ਤਾਲ ਵਿਚ ‘ਹਾਂ ਵੇ ਮੀਆਂ ਕਿਆ ਕੀਤੀਆਂ ਸਾਡੇ ਨਾਲ ਬੁਰਾਈਆਂ। ਅਸਾਂ ਹੱਸ ਕੇ ਤੇਰੇ ਸੰਗ ਅੱਖੀਆਂ ਲਾਈਆਂ ਵੇ।’ ਆਦਿ ਰਾਗਾਂ ਨੂੰ ਸ਼ਾਸਤਰੀ ਤਾਨਾਂ ਨਾਲ ਗਾਇਆ। ਸਮੇਂ ਦਾ ਵਜ਼ਦ ਇਹ ਸੀ ਕਿ ਖ਼ਯਾਲ ਨੂੰ ਸਾਰੰਗੀ ਬੋਲ ਬੋਲ ਕੇ ਦੱਸ ਰਹੀ ਸੀ। ਰਜ਼ਾ ਅਲੀ ਖ਼ਾਂ ਨਾਲ ਸਾਰੰਗੀ ਦੀ ਸੰਗਤ ਗੁਲਾਮ ਅਲੀ ਨੇ ਨਿਭਾਈ। ਇੰਦਰਾ ਗਾਂਧੀ ਇੰਟਰਨੈਸ਼ਨਲ ਫਾਰ ਆਰਟਸ ਦੇ ਚੇਅਰਮੈਨ ਗਰੇ ਖ਼ਾਨ ਨੇ ਰਜ਼ਾ ਅਲੀ ਖ਼ਾਂ ਨੂੰ ਗੁਲਦਸਤਾ ਭੇਂਟ ਕੀਤਾ।

ਇਸ ਤਰ੍ਹਾਂ ਦੋ ਰੋਜ਼ਾ ਸੰਗੀਤ ਉਤਸਵ ਪੁਰਾਣੇ ਪੰਜਾਬ ਨੂੰ ਯਾਦ ਕਰਾ ਗਿਆ। ਪੰਜਾਬੀ ਅਕਾਦਮੀ ਦੇ ਸਕੱਤਰ ਡਾਕਟਰ ਰਵੇਲ ਸਿੰਘ ਨੇ ਦੋ-ਦਿਨਾਂ ਦੌਰਾਨ ਭਾਰੀ ਗਿਣਤੀ ਹਾਜ਼ਰ ਰਹਿਣ ਵਾਲੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਉਤਸਵ ਦੇ ਮੰਤਵ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਰਵੇਲ ਸਿੰਘ ਨੇ ਦੱਸਿਆ ਕਿ ਅਕਾਦਮੀ ਵੱਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਸੰਗੀਤ ਉਤਸਵ ਦਾ ਮੰਤਵ ਅੱਜ ਦੇ ਮਿਸ਼ਰਤ ਸਭਿਆਚਾਰ ਦੀ ਹਨੇਰੀ ਵਿਚ ਪਰੰਪਰਕ ਗਾਇਨ ਸ਼ੈਲੀਆਂ ਲੋਪ ਹੁੰਦੀਆਂ ਜਾ ਰਹੀਆਂ ਹਨ। ਸੰਗੀਤ ਵਿਚ ਪੌਪ ਅਤੇ ਰੈਪ ਦੇ ਫਿੳੂਜ਼ਨ ਨੇ ਪੰਜਾਬ ਦੀਆਂ ਪਰੰਪਰਕ ਗਾਇਨ ਸ਼ੈਲੀਆਂ ਖ਼ਯਾਲ ਅਤੇ ਟੱਪੇ ਤੇ ਪ੍ਰਭਾਵ ਪਾਇਆ ਹੈ। ਪੰਜਾਬੀ ਅਕਾਦਮੀ ਇਸ ਵਿਰਸੇ ਨੂੰ ਸੰਭਾਲਣ ਦੇ ਯਤਨ ਵਜੋਂ ਹੀ ਪਿਛਲੇ 18 ਸਾਲ ਤੋਂ ਪਰੰਪਰਕ ਸੰਗੀਤ ਉਤਸਵ ਕਰਦੀ ਆ ਰਹੀ ਹੈ। ਡਾਕਟਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਸੰਗੀਤ ਘਰਾਣਿਆਂ ਵਿਚ ਪ੍ਰਚੱਲਿਤ ‘ਖ਼ਯਾਲ ਗਾਇਕੀ’ ਅਤੇ ‘ਟੱਪਾ’ ਗਾਇਨ ਸ਼ੈਲੀ ਨੂੰ ਸੰਭਾਲਣ ਅਤੇ ਪ੍ਰਚਾਰਣ ਲਈ ਸੰਸਥਾਵਾਂ ਨਾਲ ਮਿਲ ਕੇ ਸ਼ਾਸਤਰੀ ਸੰਗੀਤ ਦੀਆਂ ਕਲਾਸਾਂ ਦਾ ਪ੍ਰਬੰਧ ਕਰਨ ਲਈ ਯਤਨਸ਼ੀਲ ਹੈ। ਇਸ ਸੰਗੀਤ ਉਤਸਵ ਵਿਚ ਦਿੱਲੀ ਦੀ ਮੁੱਖ ਮੰਤਰੀ ਸੀਮਤੀ ਸ਼ੀਲਾ ਦੀਕਸ਼ਿਤ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਉਦਘਾਟਨ ਕੀਤਾ, ਉਨ੍ਹਾਂ ਦੇ ਨਾਲ ਪਰਿਵਾਰ ਭਲਾਈ, ਸਿਹਤ, ਬਾਲ ਕਲਿਆਣ ਅਤੇ ਭਾਸ਼ਾਵਾਂ ਬਾਰੇ ਮੰਤਰੀ ਪ੍ਰੋਫੈਸਰ ਕਿਰਨ ਵਾਲੀਆ ਅਤੇ ਪੰਜਾਬੀ ਅਕਾਦਮੀ ਦੀ ਵਾਈਸ ਚੇਅਰਪਰਸਨ ਅਨੀਤਾ ਸਿੰਘ ਨੇ ਸ਼ਿਰਕਤ ਕੀਤੀ।

Comments

Leave a Reply

This site uses Akismet to reduce spam. Learn how your comment data is processed.


Posted

in

,

Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com