ਡਾ• ਦਲੀਪ ਕੌਰ ਟਿਵਾਣਾ ਨਾ ਕੇਵਲ ਬਹੁ-ਪੱਖੀ ਪ੍ਰਤਿਭਾ ਦੇ ਸੁਆਮੀ ਹਨ, ਸਗੋਂ ਆਪ ਨੇ ਰਚਨਾਤਮਿਕਤਾ ਅਤੇ ਗਹਿਰ ਗੰਭੀਰ ਚਿੰਤਨ ਦੀ ਸਿਖਰ ਨੂੰ ਛੋਹਿਆ ਹੈ। ਡਾ• ਟਿਵਾਣਾ ਦੀ ਸਿਰਜਣਾਤਮਿਕ ਊਰਜਾ ਨੂੰ ਇਕ ਤੋਂ ਵਧੇਰੇ ਖੇਤਰਾਂ ਵਿਚ ਵਿਗਸਣ ਤੇ ਮੌਲਣ ਦਾ ਮੌਕਾ ਵੀ ਮਿਲਿਆ ਹੈ। ਪੰਜਾਬੀ ਨਾਵਲ, ਨਿੱਕੀ ਕਹਾਣੀ, ਸਵੈ-ਜੀਵਨੀ, ਰੇਖਾ-ਚਿੱਤਰ ਅਤੇ ਵਾਰਤਕ ਦੇ ਖੇਤਰ ਵਿਚ ਆਪ ਨੇ ਸ਼ਾਹਸਵਾਰ ਹੋਣ ਦਾ ਪ੍ਰਮਾਣ ਦਿੱਤਾ ਹੈ। ਆਪ ਦੇ ਗਲਪ ਵਿਚਲੇ ਦਾਰਸ਼ਨਿਕ ਅੰਸ਼ ਨੂੰ ਰਾਸ਼ਟਰੀ ਪੱਧਰ ‘ਤੇ ਬਿਬੇਕ ਅਤੇ ਸੁਹਜਵੰਤ ਸ਼ੈਲੀ ਕਰਕੇ ਸਤਿਕਾਰ ਮਿਲਿਆ ਹੈ।
ਡਾ• ਦਲੀਪ ਕੌਰ ਟਿਵਾਣਾ ਦਾ ਗਲਪ ਸਾਹਿਤ ਅਨੇਕਾਂ ਭਾਰਤੀ ਜ਼ਬਾਨਾਂ ਵਿਚ ਅਨੁਵਾਦ ਹੋ ਕੇ ਵਿਸ਼ਾਲ ਜਨ-ਸਮੂਹ ਵਿਚ ਮਕਬੂਲ ਹੋਇਆ ਹੈ। ਰਚਨਾਤਮਕ ਸਾਹਿਤ-ਲੇਖਨ ਦੇ ਨਾਲ ਨਾਲ ਉਨ੍ਹਾਂ ਨੇ ਪੰਜਾਬੀ ਅਕਾਦਮਿਕਤਾ ਨੂੰ ਆਪਣੀ ਬੌਧਿਕਤਾ ਅਤੇ ਚਿੰਤਨ ਚੇਤਨਾ ਨਾਲ ਅਮੀਰ ਬਣਾਇਆ ਹੈ। ਉਹ ਜਿੰਨੇ ਮਕਬੂਲ ਰਚਨਾਤਮਕ ਲੇਖਕ ਹਨ ਓਨੇ ਹੀ ਹਰਮਨ ਪਿਆਰੇ ਅਧਿਆਪਕ ਹੋਣ ਦਾ ਸ਼ਰਫ਼ ਵੀ ਉਨ੍ਹਾਂ ਨੂੰ ਹਾਸਲ ਹੈ। ਡਾ• ਟਿਵਾਣਾ ਦੀਆਂ ਗਲਪ ਰਚਨਾਵਾਂ, ਰੇਖਾ-ਚਿੱਤਰ ਅਤੇ ਸਵੈ-ਜੀਵਨੀ-ਮੂਲਕ ਲਿਖਤਾਂ ਦੀ ਗਿਣਤੀ ਅਰਧ ਸੈਂਕੜੇ ਤੋਂ ਜਿਆਦਾ ਹੈ। ਡਾ• ਟਿਵਾਣਾ ਦਾ ਸ਼ੁਮਾਰ ਨਾਮਵਰ ਭਾਰਤੀ ਕਥਾਕਾਰਾਂ ਵਿਚ ਹੈ। ਭਾਰਤੀ ਔਰਤ ਦੇ ਅਵਚੇਤਨ ਦੀ ਜਿੰਨੀ ਸਮਝ ਉਨ੍ਹਾਂ ਨੂੰ ਹੈ ਉਹ ਵਿਰਲੇ ਕਥਾਕਾਰਾਂ ਦੇ ਹਿੱਸੇ ਆਈ ਹੈ।ਡਾ• ਦਲੀਪ ਕੌਰ ਟਿਵਾਣਾ ਦੀ ਰਚਨਾਤਮਿਕਤਾ ਨੂੰ ਸਾਹਿਤ ਅਕਾਦਮੀ ਦਿੱਲੀ ਅਤੇ ਸਰਸਵਤੀ ਸਨਮਾਨ ਜਹੇ ਪ੍ਰਤਿਸ਼ਠਿਤ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਡੀ•ਲਿੱਟ ਦੀ ਡਿਗਰੀ, ਪੰਜਾਬ ਸਰਕਾਰ ਵਲੋਂ ਪੰਜਾਬੀ ਸਾਹਿਤ ਰਤਨ ਅਤੇ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਦੀਆਂ ਉਪਾਧੀਆਂ ਨਾਲ ਉਨ੍ਹਾਂ ਨੂੰ ਆਲੰਕਰਿਤ ਕੀਤਾ ਗਿਆ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਸਾਬਕਾ ਪ੍ਰਧਾਨ ਰਹੀ ਡਾ. ਟਿਵਾਣਾ ਨੂੰ ਉਨ੍ਹਾਂ ਦੀ ਸਮੁੱਚੀ ਸਾਹਿਤਕ ਘਾਲਣਾ ਸਦਕਾ ਅਕਾਡਮੀ ਦਾ ਸਰਵੁੱਚ ਸਨਮਾਨ ‘ਫ਼ੈਲੋਸ਼ਿਪ’ ਪ੍ਰਦਾਨ ਕੀਤੀ ਗਈ।-ਸੁਖਦੇਵ ਸਿੰਘ

by
Tags:
Leave a Reply