ਲੁਧਿਆਣਾ ‘ਚ ਸਰਤਾਜ ਦੀ ਮਹਿਫ਼ਿਲ

ਵਿਦੇਸ਼ਾਂ ਚ ਵਸੇ ਸਰੋਤਿਆਂ ਨੂੰ ਆਪਣੀ ਸ਼ਾਇਰੀ, ਵਖਰੇ ਅੰਦਾਜ਼ ਅਤੇ ਸੂਫ਼ੀ ਰੰਗ ਵਿਚ ਰੰਗੀ ਗਾਇਕੀ ਰਾਹੀਂ ਪੰਜਾਬੀਅਤ ਦੇ ਰੰਗ ਵਿਚ ਰੰਗਣ ਤੋਂ ਬਾਅਦ ਨੌਜਵਾਨ ਗਾਇਕ ਸਤਿੰਦਰ ਸਰਤਾਜ ਨੇ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿਖੇ ਆਪਣੇ ਗਾਇਕੀ ਦੇ ਜਾਦੂ ਨਾਲ ਸਰੋਤਿਆਂ ਨੂੰ ਕੀਲ ਲਿਆ।

ਇਸ ਮੌਕੇ ਸੰਬੋਧਿਤ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ· ਮਨਜੀਤ ਸਿੰਘ ਕੰਗ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬੀ ਲੋਕ ਸੰਗੀਤ ਕਦੇ ਵੀ ਸ਼ੋਰ ਨਹੀਂ ਸੀ ਹੁੰਦਾ ਸਗੋਂ ਰੂਹ ਦੀਆਂ ਤਰਬਾਂ ਛੇੜਨ ਵਾਲਾ ਅੰਦਾਜ਼ ਸੀ, ਪਰ ਪਿਛਲੇ ਕੁਝ ਵਰ੍ਹਿਆਂ ਤੋਂ ਮਨ ਅੰਦਰਲੇ ਸ਼ੋਰ ਦਾ ਪ੍ਰਗਟਾਵਾ ਸੰਗੀਤ ਰਾਹੀਂ ਭੜਕੀਲੇ ਰੂਪ ਵਿੱਚ ਹੋ ਰਿਹਾ ਹੈ ਜਿਸ ਨੂੰ ਰੋਕਣ ਲਈ ਸਤਿੰਦਰ ਸਰਤਾਜ ਵਰਗੇ ਅਨੇਕਾਂ ਨੌਜਵਾਨ ਗਾਇਕਾਂ ਦੀ ਜ਼ਰੂਰਤ ਹੈ । ਡਾ· ਕੰਗ ਨੇ ਆਖਿਆ ਕਿ ਅਲਾਈਵ ਆਰਟਿਸਟ ਗਰੁੱਪ ਲੁਧਿਆਣਾ ਪ੍ਰੋ· ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ, ਪੰਜਾਬੀ ਸਭਿਆਚਾਰ ਅਕਾਦਮੀ, ਸੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਅਤੇ ਸਭਿਆਚਾਰਕ ਸੱਥ ਪੰਜਾਬ ਲੁਧਿਆਣਾ ਨੂੰ ਏਨਾ ਸੁਰੀਲਾ ਅਤੇ ਅਰਥਵਾਨ ਬੋਲਾਂ ਵਾਲਾ ਗਾਇਕ ਸੁਣਾਉਣ ਲਈ ਮੁਬਾਰਕ ਦੇਣੀ ਬਣਦੀ ਹੈ । ਡਾ· ਕੰਗ ਨੇ ਆਖਿਆ ਕਿ ਪੰਜਾਬ ਦਾ ਸਮੁੱਚਾ ਸਭਿਆਚਾਰ ਫ਼ਸਲਾਂ, ਖੇਤਾਂ, ਫੁੱਲਾਂ ਬੂਟਿਆਂ ਅਤੇ ਕੁਦਰਤ ਦੇ ਹੁਸੀਨ ਨਜ਼ਾਰਿਆਂ ਦੀ ਹੀ ਪੇਸ਼ਕਾਰੀ ਹੈ ਅਤੇ ਇਨ੍ਹਾਂ ਸਾਰੇ ਨਜ਼ਾਰਿਆਂ ਨੂੰ ਸਤਿੰਦਰ ਸਰਤਾਜ ਦੇ ਗੀਤਾਂ ਵਿੱਚ ਬੜੇ ਵਧੀਆ ਢੰਗ ਨਾਲ ਪਰੋਇਆ ਹੈ ।

ਮੋਹਨ ਸਿੰਘ ਮੇਲੇ ਦੀ ਸ਼ੁਰੂਆਤ ‘ਸਰਤਾਜ’ ਦੀ ਗਾਇਕੀ ਨਾਲ, ਮੇਲਾ ਅਕਤੂਬਰ ਵਿਚ
ਇਸ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਸਾਬਕਾ ਵਿਧਾਇਕ ਅਤੇ ਪ੍ਰੋ· ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਬਾਨੀ ਚੇਅਰਮੈਨ ਸ· ਜਗਦੇਵ ਸਿੰਘ ਜੱਸੋਵਾਲ ਨੇ ਆਖਿਆ ਕਿ ਪਿਛਲੇ 32 ਸਾਲਾਂ ਤੋਂ ਜਿਸ ਸਰੋਦੀ ਸੰਗੀਤ ਦੀ ਮੈਨੂੰ ਮੇਲਿਆਂ ਵਿਚੋਂ ਭਾਲ ਸੀ ਉਹ ਇਕਬਾਲ ਮਾਹਲ ਦੇ ਯਤਨਾਂ ਨਾਲ ਅੱਜ ਪੂਰੀ ਹੋਈ ਹੈ । ਉਨ੍ਹਾਂ ਆਖਿਆ ਕਿ ਜਿਵੇਂ ਕੋਲੰਬਸ ਨੇ ਅਮਰੀਕਾ ਲੱਭਿਆ ਸੀ ਉਵੇਂ ਇਕਬਾਲ ਮਾਹਲ ਨੇ ਸਾਡੇ ਲਈ ਨੌਜਵਾਨ ਸੂਫੀ ਅੰਦਾਜ ਵਾਲਾ ਗਾਇਕ ਸਤਿੰਦਰ ਸਰਤਾਜ ਲੱਭਿਆ ਹੈ । ਉਨ੍ਹਾਂ ਆਖਿਆ ਕਿ ਇਸ ਨੌਜਵਾਨ ਗਾਇਕ ਨੂੰ 19-20 ਅਕਤੂਬਰ ਨੂੰ ਸ਼ਾਮ ਚੁਰਾਸੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਣ ਵਾਲੇ ਮੋਹਨ ਸਿੰਘ ਮੇਲੇ ਵਿੱਚ ਵੀ ਸਰੋਤਿਆਂ ਦੇ ਰੁ-ਬ-ਰੂ ਕਰਕੇ ਮੇਲੇ ਦਾ ਆਰੰਭ ਕੀਤਾ ਜਾਵੇਗਾ ।

ਪ੍ਰੋ· ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਸਕੱਤਰ ਜਨਰਲ ਗੁਰਭਜਨ ਗਿੱਲ ਨੇ ਕਲਾਕਾਰ ਸਤਿੰਦਰ ਸਰਤਾਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੰਗੀਤ ਵਿਭਾਗ ਵਿਚੋਂ ਸੂਫੀ ਸੰਗੀਤ ਬਾਰੇ ਪੀ ਐਚ ਡੀ ਪੱਧਰ ਦੀ ਪੜ੍ਹਾਈ ਕਰਨ ਵਾਲਾ ਇਹ ਗਾਇਕ ਡਾ· ਮਹਿੰਦਰ ਸਿੰਘ ਰੰਧਾਵਾ ਦੇ ਜੱਦੀ ਜ਼ਿਲ੍ਹੇ ਹੁਸ਼ਿਆਰਪੁਰ ਦੇ ਚੂਸਣ ਵਾਲੇ ਅੰਬਾਂ ਵਾਂਗ ਹੀ ਨਿਰੋਲ ਰਸੀਲੀ ਅਤੇ ਪਿਆਰੀ ਪੰਜਾਬੀ ਗਾਇਕੀ ਦਾ ਸੱਜਰਾ ਪ੍ਰਗਟਾਵਾ ਹੈ । ਸਤਿੰਦਰ ਸਰਤਾਜ ਨੂੰ ਉਤਰੀ ਅਮਰੀਕਾ ਵਿੱਚ ਕਾਮਯਾਬੀ ਦਿਵਾਉਣ ਵਾਲੀ ਹਸਤੀ ਇਕਬਾਲ ਮਾਹਲ ਬਾਰੇ ਵੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਕਬਾਲ ਮਾਹਲ ਹੁਣ ਤੀਕ ਗਜ਼ਲ ਗਾਇਕ ਜਗਜੀਤ ਸਿੰਘ, ਪੰਜਾਬੀ ਗੀਤਾਂ ਦੀ ਕੋਇਲ ਸੁਰਿੰਦਰ ਕੌਰ, ਮਹਿੰਦੀ ਹਸਨ, ਸ਼ੌਕਤ ਅਲੀ, ਗੁਰਦਾਸ ਮਾਨ ਅਤੇ ਕਮਲਜੀਤ ਨੀਲੋਂ ਵਰਗੇ ਗਾਇਕਾਂ ਨੂੰ ਉਤਰੀ ਅਮਰੀਕਾ ਦੇ ਸਰੋਤਿਆਂ ਨਾਲ ਜਾਣੂੰ ਕਰਵਾ ਚੁੱਕਿਆ ਹੈ । ਇਸ ਮੌਕੇ ਸਤਿੰਦਰ ਸਰਤਾਜ ਨੂੰ ਗਿਆਨੀ ਭਗਤ ਸਿੰਘ ਯਾਦਗਾਰੀ ਪੁਰਸਕਾਰ ਨਾਲ ਸ· ਰਣਯੋਧ ਸਿੰਘ ਚੇਅਰਮੈਨ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਅਤੇ ਵਾਈਸ ਚਾਂਸਲਰ ਡਾ· ਮਨਜੀਤ ਸਿੰਘ ਕੰਗ ਨੇ ਸਨਮਾਨਤ ਕੀਤਾ । ਇਸ ਸਨਮਾਨ ਵਿੱਚ ਸਨਮਾਨ ਚਿੰਨ੍ਹ ਤੋਂ ਇਲਾਵਾ 21,000/- ਰੁਪਏ ਦੀ ਧਨ ਰਾਸ਼ੀ ਸ਼ਾਮਲ ਸੀ । ਸ· ਸੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਉਤਰੀ ਅਮਰੀਕਾ ਵਿੱਚ ਗੀਤ ਸੰਗੀਤ ਅਤੇ ਨਾਟ ਸਰਗਰਮੀਆਂ ਨੂੰ ਪ੍ਰਫੁਲਤ ਕਰਨ ਵਾਲੇ ਪਹਿਲ ਪਲੇਠੇ ਪੰਜਾਬੀ ਸ੍ਰੀ ਇਕਬਾਲ ਮਾਹਲ ਨੂੰ ਭਾਈ ਘਨਈਆ ਜੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ । ਇਹ ਸਨਮਾਨ ਸ· ਪ੍ਰਿਥੀਪਾਲ ਸਿੰਘ ਬਟਾਲਾ ਅਤੇ ਸ· ਜਗਦੇਵ ਸਿੰਘ ਜੱਸੋਵਾਲ ਨੇ ਪ੍ਰਦਾਨ ਕੀਤਾ । ਉਤਰੀ ਅਮਰੀਕਾ ਦੀ ਸਭ ਤੋਂ ਛੋਟੀ ਉਮਰ ਦੀ ਟੀ ਵੀ ਬਰਾਡਕਾਸਟ ਮਿਸ ਨਤਾਸ਼ਾ ਮਾਹਲ ਨੂੰ ਸਭਿਆਚਾਰਕ ਸੱਥ ਪੰਜਾਬ ਵੱਲੋਂ ਹੋਣਹਾਰ ਧੀ ਪੰਜਾਬ ਦੀ ਐਵਾਰਡ ਨਾਲ ਸ· ਜਸਮੇਲ ਸਿੰਘ ਢੱਟ ਅਤੇ ਲੁਧਿਆਣਾ ਦੇ ਐਸ·ਐਸ·ਪੀ· ਡਾ· ਸੁਖਚੈਨ ਸਿੰਘ ਗਿੱਲ ਨੇ ਸਨਮਾਨਤ ਕੀਤਾ ।

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਕਾਸ ਗਰਗ ਨੇ ਵੀ ਇਸ ਮੌਕੇ ਅਲਾਈਵ ਆਰਟਿਸਟ ਗਰੁੱਪ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹੋ ਜਿਹੇ ਸੰਜੀਦਾ ਪ੍ਰੋਗਰਾਮ ਲਗਾਤਾਰ ਕਰਵਾਉਣ ਲਈ ਪ੍ਰੇਰਨਾ ਦਿੱਤੀ । ਹੋਰਨਾਂ ਤੋਂ ਇਲਾਵਾ ਇਸ ਮੌਕੇ ਲੁਧਿਆਣਾ ਦੇ ਐਸ· ਐਸ·ਪੀ· ਡਾ· ਸੁਖਚੈਨ ਸਿੰਘ ਗਿੱਲ, ਐਸ·ਐਸ·ਪੀ· ਵਿਜ਼ੀਲੈਂਸ ਲੁਧਿਆਣਾ ਸ· ਸੁਰਿੰਦਰਜੀਤ ਸਿੰਘ ਮੰਡ, ਪੁਲਿਸ ਕਪਤਾਨ ਸ· ਗੁਰਪ੍ਰੀਤ ਸਿੰਘ ਤੂਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡੀਨ ਪੋਸਟਗ੍ਰੈਜੂਏਟ ਸਟੱਡੀਜ਼ ਡਾ· ਸਤਵਿੰਦਰ ਕੌਰ ਮਾਨ, ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਡਾ· ਜਗਤਾਰ ਸਿੰਘ ਧੀਮਾਨ, ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ· ਹਰਜੀਤ ਸਿੰਘ ਧਾਲੀਵਾਲ, ਯੂਨੀਵਰਸਿਟੀ ਦੇ ਸੇਵਾ ਮੁਕਤ ਵਿਗਿਆਨੀ ਅਤੇ ਨਿਰਦੇਸ਼ਕ ਪਸਾਰ ਸਿਖਿਆ ਡਾ· ਨਛੱਤਰ ਸਿੰਘ ਮੱਲ੍ਹੀ, ਬੜੂ ਸਾਹਿਬ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਪੀ ਏ ਯੂ ਦੇ ਸਾਬਕਾ ਡੀਨ ਪੋਸਟਗ੍ਰੈਜੂਏਟ ਸਟੱਡੀਜ਼ ਡਾ· ਕਸ਼ਮੀਰਾ ਸਿੰਘ ਸੇਖੋਂ, ਬੇਸਿਕ ਸਾਇੰਸਜ਼ ਕਾਲਜ ਦੇ ਸਾਬਕਾ ਡੀਨ ਡਾ· ਅੰਮ੍ਰਿਤਪਾਲ ਸਿੰਘ ਮਾਨ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਲੇਖਕ ਪ੍ਰੋ· ਰਵਿੰਦਰ ਭੱਠਲ, ਸਵਰਨਜੀਤ ਸਵੀ, ਜਸਵੰਤ ਜ਼ਫ਼ਰ, ਸਤੀਸ਼ ਗੁਲਾਟੀ, ਨ·ਸ· ਨੰਦਾ, ਜਸਵਿੰਦਰ ਗਜ਼ਲਗੋ ਰੋਪੜ, ਪ੍ਰੋ· ਜਸਵਿੰਦਰ ਧਨਾਨਸੂ, ਕਵਿਤਰੀ ਮਨਜੀਤ ਧੀਮਾਨ, ਡਾ· ਸੁਰਿੰਦਰ ਕੌਰ ਭੱਠਲ, ਬੁਧ ਸਿੰਘ ਨੀਲੋਂ, ਕਮਲਜੀਤ ਨੀਲੋਂ ਆਦਿ ਹਾਜ਼ਰ ਸਨ ।

-ਗੁਰਭਜਨ ਗਿੱਲ


Posted

in

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com