ਲੇਖ । ਭਵਿੱਖ ਦੇ ਨਿਰਮਾਤਾ । ਪਰਮਬੀਰ ਕੌਰ
ਅਧਿਆਪਕ ਦਿਵਸ ਦੀ ਪੂਰਬ ਸੰਧਿਆ ਤੇ ਮੇਰੀ ਨੂੰਹ, ਜੋ ਅਧਿਆਪਿਕਾ ਹੈ, ਨੇ ਦੱਸਿਆ, “ਮੰਮੀ, ਕੱਲ੍ਹ ਅਸੀਂ ਖਾਣਾ ਨਹੀਂ ਲੈ ਕੇ ਜਾਣਾ। ਅਧਿਆਪਕ ਦਿਵਸ ਹੋਣ ਕਰਕੇ ਸਾਡੀ ਪਾਰਟੀ ਹੋਵੇਗੀ ਤੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ।” ਮੈਂ ਆਖਿਆ, “ਕੱਲ੍ਹ ਤੇ ਬਈ ਤੁਹਾਡਾ ਦਿਨ ਹੈ, ਕੁਝ ਖ਼ਾਸ ਹੋਣਾ ਵੀ ਚਾਹੀਦਾ ਹੈ!” ਉਹ ਹੱਸ ਪਈ। ਪਰਮਬੀਰ ਕੌਰਅਗਲੇ ਦਿਨ ਸਵੇਰੇ ਉਠਦੇ ਸਾਰ ਆਪਣੇ ਪਤੀ ਨੂੰ ਅਧਿਆਪਕ ਦਿਵਸ ਦੀ ਮੁਬਾਰਕ ਦਿੱਤੀ ਤਾਂ ਆਖਦੇ, “ਤੁਹਾਨੂੰ ਵੀ ਮੁਬਾਰਕ!” ਪੁੱਤਰ ਤੇ ਨੂੰਹ ਨੂੰ ਆਖਿਆ, “ਬੇਟੇ, ਅਧਿਆਪਕ ਦਿਵਸ ਦੀ ਵਧਾਈ ਹੋਵੇ!” ਉਹਨਾਂ ਦਾ ਉੱਤਰ ਸੀ, “ਤੁਹਾਨੂੰ ਵੀ ਮੰਮੀ!” ਸ਼ਹਿਰੋਂ ਬਾਹਰ ਰਹਿੰਦੀ ਬੇਟੀ ਨੂੰ ਫ਼ੋਨ ਕੀਤਾ, “ਪੁੱਤਰ, ਅਧਿਆਪਕ ਦਿਵਸ ਦੀਆਂ ਸ਼ੁਭ ਕਾਮਨਾਵਾਂ!” ਅੱਗੋਂ ਧੀ ਆਖਦੀ, “ਮੰਮੀ ਤੁਹਾਨੂੰ ਵੀ, ਮੇਰੇ ਸਭ ਤੋਂ ਪਹਿਲੇ ਅਧਿਆਪਕ ਤਾਂ ਤੁਸੀਂ ਓ!” ਇਹਨਾਂ ਸਾਰੀਆਂ ਗੱਲਾਂ-ਬਾਤਾਂ ਨੇ ਮੇਰੀ ਰੂਹ 'ਤੇ ਖੇੜਾ ਲਿਆ ਕੇ ਮੇਰਾ ਦਿਨ ਬਣਾ ਦਿੱਤਾ! ਸਾਰੇ ਕਿੱਤਿਆਂ ਵਿੱਚੋਂ ਅਧਿਆਪਨ ਦਾ ਦਰਜਾ ਉਂਜ ਵੀ ਨਿਵੇਕਲਾ ਪਰਤੀਤ ਹੁੰਦਾ ਹੈ। ਹੋਰ ਸਾਰੇ ਪੇਸ਼ਿਆਂ ਦੇ ਯੋਗ ਬਣਨ ਅਤੇ ਮੁਹਾਰਤ ਹਾਸਲ ਕਰਨ ਲਈ ਅਧਿਆਪਕਾਂ ਦੀ ਰਾਹਨੁਮਾਈ ਜ਼ਰੂਰੀ ਹੈ। ਇਸ ਤੋਂ ਬਗ਼ੈਰ ਬੰਦਾ ਕਿਤੇ ਨਹੀਂ ਪਹੁੰਚ ਸਕਦਾ। ਮਾਤਾ-ਪਿਤਾ ਤੋਂ ਬਾਅਦ ਅਧਿਆਪਕ ਹੀ ਹੁੰਦੇ ਹਨ ਜਿਹੜੇ ਬੱਚੇ ਨੂੰ ਸੁਚੱਜੀ ਜਿਊਣ-ਜਾਚ ਦਾ ਢੰਗ ਸਿਖਾਉਂਦੇ ਹਨ। ਆਪਣੇ ਕਿੱਤੇ ਨੂੰ ਸਮਰਪਿਤ ਅਧਿਆਪਕ ਕਿਸੇ ਵੀ ਸਮਾਜ ਅਤੇ ਸੰਸਥਾ ਦੀ ਸ਼ਾਨ ਹੁੰਦੇ ਨੇ। ਇਹ ਆਪਣੇ ਵਿਦਿਆਰਥੀਆਂ ਦੇ ਲਈ ਆਦਰਸ਼ ਬਣਨ ਦਾ ਮਾਣ ਪ੍ਰਾਪਤ ਕਰ ਲੈਂਦੇ ਹਨ। ਉਹਨਾਂ ਨੂੰ ਜਿਗਿਆਸਾ ਦੇ ਰਾਹ ਤੇ ਤੋਰ ਕੇ ਇਕ ਅਰਥਪੂਰਨ ਜੀਵਨ ਦੀ ਨੀਂਹ ਰੱਖ ਦੇਂਦੇ ਹਨ। ਇਹਨਾਂ ਨੂੰ ਸਹਿਜੇ ਹੀ ਭਵਿੱਖ ਦੇ ਉੱਸਰਈਏ ਕਿਹਾ ਜਾ ਸਕਦਾ ਹੈ। ਭਾਵੇਂ ਹੈ ਇਹ ਇਕ ਰੋਜ਼ਗਾਰ ਦਾ ਵਸੀਲਾ ਹੀ, ਪਰ ਅਸਲ ਵਿਚ ਅਧਿਆਪਨ ਇਕ ਮਿਸ਼ਨ ਵੀ ਹੈ; ਸਮਾਜ ਸੇਵਾ ਕਰਨ ਦਾ ਇਕ ਉੱਤਮ ਜ਼ਰੀਆ! ਮੈਨੂੰ ਇਹ ਆਪਣੀ ਖ਼ੁਸ਼ਕਿਸਮਤੀ ਭਾਸਦੀ ਹੈ ਕਿ ਮੇਰੇ ਪੇਕੇ ਪਰਿਵਾਰ ਵਿਚ ਵੀ ਮੇਰੇ ਪਿਤਾ ਜੀ ਅੰਗਰੇਜ਼ੀ ਦੇ ਮਾਹਰ ਅਤੇ ਬਹੁਤ ਸਤਿਕਾਰਤ ਅਧਿਆਪਕ ਸਨ, ਮੇਰੇ ਵੱਡੇ ਵੀਰ ਜੀ ਵੀ ਇਸੇ ਕਿੱਤੇ ਨੂੰ ਸਮਰਪਿਤ ਹਨ। ਦੂਜੇ ਵੀਰ ਜੀ ਦੀ ਪਤਨੀ, ਭਾਵ ਮੇਰੇ ਭਾਬੀ ਜੀ ਵੀ ਆਪਣੀ ਜ਼ਿੰਦਗੀ ਦੇ ਬਿਹਤਰੀਨ ਵਰ੍ਹੇ ਇਸੇ ਪੇਸ਼ੇ ਦੀ ਨਜ਼ਰ ਕਰਕੇ ਪਿੱਛੇ ਜਿਹੇ ਸੇਵਾਮੁਕਤ ਹੋਏ ਹਨ। ਆਪਣੇ ਵਿਦਿਆਰਥੀ ਜੀਵਨ ਦੌਰਾਨ ਮੈਨੂੰ ਕਈ ਕਾਬਿਲ ਅਧਿਆਪਕ ਸਾਹਿਬਾਨ ਤੋਂ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਇਸ ਸਮੇਂ ਨਾਲ ਸਬੰਧਤ ਮੇਰੇ ਚੇਤਿਆਂ ਦੀ ਚੰਗੇਰ ਵਿਚ ਕਈ ਅਭੁੱਲ ਘਟਨਾਵਾਂ ਸਾਂਭੀਆਂ ਪਈਆਂ ਹਨ, ਜਿਹਨਾਂ ਨੂੰ ਚਿਤਾਰ ਕੇ ਅੱਜ ਵੀ ਧੁਰ ਅੰਦਰ ਤਕ ਪ੍ਰਸੰਨਤਾ ਦਾ ਅਹਿਸਾਸ ਹੋ ਜਾਂਦਾ ਹੈ। ਇੱਥੇ ਮੈਂ ਆਪਣੀ ਅੰਗਰੇਜ਼ੀ ਦੀ ਅਧਿਆਪਕਾ, ਸ੍ਰੀਮਤੀ ਵੀਨਾ ਚੌਧਰੀ ਨਾਲ ਜੁੜੀ ਹੋਈ ਇਕ ਘਟਨਾ ਸਾਂਝੀ ਕਰਨਾ ਚਾਹ