ਮਿੱਤਰੋ!!! 8 ਮਾਰਚ (ਨਾਰੀ ਦਿਵਸ) ਨੂੰ ਲਫ਼ਜ਼ਾਂ ਦਾ ਪੁਲ ਨੇ ਇੱਕ ਸਿਲਸਿਲਾ ਸ਼ੂਰੂ ਕੀਤਾ ਸੀ। ਜਿਸ ਰਾਹੀਂ ਅਸੀ ਕੁੱਖਾਂ ‘ਚ ਮਾਰੀਆਂ ਜਾਂਦੀਆਂ, ਦਾਜ ਲਈ ਸਾੜੀਆਂ ਜਾਂਦੀਆਂ ‘ਤੇ ਸਮਾਜ ਦੀ ਸੌੜੀ ਸੋਚ ਦਾ ਸ਼ਿਕਾਰ ਬਣਾਈਆਂ ਜਾਂਦੀਆਂ ਔਰਤਾਂ ਦੇ ਹੱਕ ਵਿੱਚ ਕਲਮਾਂ ਦਾ ਇੱਕ ਕਾਫ਼ਲਾ ਤੋਰਿਆ ਸੀ ਜਿਸ ਵਿੱਚ ਦੁਨੀਆਂ ਭਰ ਦੇ ਕਲਮਕਾਰਾਂ ਨੇ ਆਪਣੀ ਸੰਵੇਦਨਾਵਾਂ ਦੇ ਹਮਸਫ਼ਰ ਤੋਰੇ। ਉਸੇ ਲੜੀ ਵਿੱਚ ਗੁਵਾਹਾਟੀ (ਆਸਾਮ) ‘ਚ ਪੰਜਾਬੀ ਦੀ ਅਲਖ ਜਗਾ ਰਹੀ ਕਵਿੱਤਰੀ ਹਰਕੀਰਤ ਹਕੀਰ ਨੇ ਧੀਆਂ ਦੇ ਕੁਝ ਉਲ੍ਹਾਮੇ ਕਵਿਤਾ ਦੇ ਰੂਪ ਵਿੱਚ ਭੇਜੇ ਹਨ। ਨਾਰੀ ਸੰਵੇਦਨਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਇਹ ਕਵਿਤਾ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ। ਸਾਡਾ ਮੰਨਣਾ ਹੈ ਨਾਰੀ ਦਿਵਸ ਇੱਕ ਦਿਨ ਜਾਂ ਮਹੀਨੇ ਨਹੀਂ ਪੂਰਾ ਸਾਲ ਮਨਾਉਣਾ ਚਾਹੀਦਾ ਹੈ। ਹੋਰ ਵੀ ਢੇਰ ਸਾਰੀਆਂ ਰਚਨਾਵਾਂ ਇਸ ਵਿਸ਼ੇ ਤੇ ਸਾਨੂੰ ਮਿਲਿਆਂ ਹਨ ਤੇ ਅਸੀ ਹਰ ਰਚਨਾ ਨੂੰ ਢੁਕਵੀਂ ਥਾਂ ਦੇਣ ਦੀ ਭਰਪੂਰ ਕੋਸ਼ਿਸ਼ ਕਰਾਂਗੇ। ਜੇਕਰ ਤੁਸੀ ਇਸ ਲੜੀ ਵਿੱਚ ਰਚਨਾ ਨਹੀਂ ਭੇਜੀ ਤਾਂ ਜਲਦੀ ਕਰੋ ਸਾਨੂੰ ਤੁਹਾਡੇ ਯੋਗਦਾਨ ਦਾ ਇੰਤਜ਼ਾਰ ਰਹੇਗਾ। ਇਸ ਰਚਨਾ ‘ਤੇ ਤੁਹਾਡੇ ਵੱਡਮੁੱਲੇ ਵਿਚਾਰਾਂ ਦੀ ਉਡੀਕ ਰਹੇਗੀ।
ਉਲ੍ਹਾਮੇ
ਕਿਧਰੇ ਖੰਭ ਵਿਕਦੇ ਹੋਣ ਤਾਂ ਦੱਸ
ਉੱਡ ਕੇ ਜਾ ਬੈਠਾਂ ਖ਼ੁਦਾ ਦੀ ਮੁੰਡੇਰ ਉੱਤੇ
ਗਾ-ਗਾ ਕੇ ਗੀਤ ਬਰਬਾਦੀਆਂ ਦੇ
ਸਜਦਾ ਕਰਾਂ ਮੈਂ ਰੋ-ਰੋ ਕੇ
ਰੱਬਾ ਸੱਚਿਆ ਤੂੰ ਕਾਹਨੂੰ ਜੰਮੀਆਂ ਸੀ
ਧੀਆਂ ਬਲਦੇ ਤੰਦੂਰਾਂ ਵਿਚ ਝੋਕਣ ਨੂੰ
ਜਾਂ ਬੇੜੀਆਂ ਪੈਰਾਂ ਵਿਚ ਪਾ ਕਿਧਰੇ
ਬੰਨਣੀਆਂ ਸੀ ਕਿੱਲੇ ਨਾਲ ਗਊ ਵਾਂਗੂ
ਕੱਲ ਤੱਕ ਰੱਖਿਆ ਜਿਹੜੇ ਬਾਬੁਲ ਨੇ ਹਿੱਕ ਨਾਲ ਲਾ
ਸੱਤੇ ਖੈਰਾਂ ਮੰਗੀਆਂ ਤੱਤੀ ‘ਵਾ ਨਾ ਲੱਗ ਜਾਏ
ਅੱਜ ਵੇਖ ਕਿਵੇਂ ਬੁੱਤ ਬਣ ਚੁੱਕ ਰਿਹਾ
ਧੀ ਦੀ ਸੜੀ ਹੋਈ ਲਾਸ਼ ਮੋਢੇ ਉੱਤੇ
ਤੇਰੀ ਰਹਿਮਤ ਦੇ ਨਾਲ ਚੱਲੇ ਦੁਨੀਆਂ ਸਾਰੀ
ਤੇਰੀ ਰਹਿਮਤ ਦੇ ਨਾਲ ਹੀ ਚੰਨ ਤਾਰੇ
ਦੱਸ ਫੇਰ ਕਿਓਂ ਦੁੱਖਾਂ ਵਿਚ ਪਲਦੀ ਧੀ ਰੱਬਾ
ਕਿਓਂ ਦਹੇਜ਼ ਦੇ ਵਾਸਤੇ ਨਿੱਤ ਜਾਂਦੀ ਮਾਰੀ
ਅੱਜ ਲਾਹ ਉਲ੍ਹਾਮੇ ਦੇਣੇ ਸਾਰੇ
ਤੈਨੂੰ ਕਰਨਾ ਪੈਣਾ ਨਿਆਂ ਰੱਬਾ
ਰਾਤ ਮੁੱਕਣ ਤੋਂ ਪਹਿਲਾਂ ਦੇਣਾ ਹੈ ਤੂੰ
ਮੇਰੇ ਹਰ ਇੱਕ ਸਵਾਲ ਦਾ ਜਵਾਬ ਰੱਬਾ!!!
ਹਰਕੀਰਤ ਹਕੀਰ
Leave a Reply