ਫ਼ੁੱਲ ਇਕ ਦਿਨ ਫੁੱਲ ਕੇ ਕਹਿਣ ਲੱਗਾ, ਮਹਿਕਾਂ ਵੰਡਦਾਂ ਮੈਂ ਗ਼ੁਲਜ਼ਾਰ ਅੰਦਰ ।
ਕਰਨਾ ਕਿਸੇ ਦਾ ਮਾਣ ਸਤਿਕਾਰ ਹੋਵੇ, ਲੋਕੀ ਮੈਨੂੰ ਪਰੋਂਦੇ ਨੇ ਹਾਰ ਅੰਦਰ ।
ਭੌਰੇ, ਤਿਤਲੀਆਂ, ਚੂਸਦੇ ਰਸ ਮੇਰਾ, ਬੁਲਬੁਲ ਚਹਿਕਦੀ ਮੇਰੇ ਪਿਆਰ ਅੰਦਰ ।
ਕੌਣ ਪੁੱਛਦੈ ਟਹਿਣੀਆਂ ਪੱਤਿਆਂ ਨੂੰ, ਕੀਮਤ ਪੈਂਦੀ ਹੈ ਮੇਰੀ ਬਾਜ਼ਾਰ ਅੰਦਰ ।
ਫ਼ੇਰ ਆਣ ਕੇ ਫ਼ਲ ਨੇ ਫ਼ੜ੍ਹ ਮਾਰੀ, ਯਾਰੋ ਆਸ਼ਕ ਜ਼ਮਾਨਾ ਹੈ ਕੁੱਲ ਮੇਰਾ ।
ਮੈਨੂੰ ਖਾਂਦੇ ਨੇ ਸਿਰਫ਼ ਅਮੀਰ ਲੋਕੀ, ਕੀ ਜਾਣ ਸਕਦੈ ਰੁਤਬਾ ਫ਼ੁੱਲ ਮੇਰਾ ।
ਮੈਨੂੰ ਖਾਧਿਆਂ ਜਿਸਮ ਨੂੰ ਮਿਲੇ ਤਾਕਤ, ਮਿੱਠਾ ਰਸ ਹੈ ਅੰਮ੍ਰਿਤ ਦੇ ਤੁੱਲ ਮੇਰਾ ।
ਕੀਹ ਔਕਾਤ ਹੈ ਫ਼ੁੱਲਾਂ ਤੇ ਪੱਤਿਆਂ ਦੀ, ਜਿੰਨਾ ਪੈਂਦੈ ਬਾਜ਼ਾਰ ਵਿਚ ਮੁੱਲ ਮੇਰਾ ।
ਫ਼ੇਰ ਉਠਿੱਆ ਤਨਾ ਤੇ ਕਹਿਣ ਲੱਗਾ, ਕਿਸੇ ਮੇਰੀ ਵੀ ਸੁਣੀ ਤਕਰੀਰ ਹੁੰਦੀ ।
ਪੈਂਦਾ ਮੁੱਲ ਬਾਜ਼ਾਰ ਵਿਚ ਉਦੋਂ ਮੇਰਾ, ਆਰੇ ਨਾਲ ਛਾਤੀ ਜਦੋਂ ਚੀਰ ਹੁੰਦੀ।
ਮੇਰੇ ਈ ਬੱਲੀਆਂ ਤੇ ਫ਼ੱਟੇ ਕੰਮ ਆਉਂਦੇ, ਜਦ ਵੀ ਕੋਈ ਇਮਾਰਤ ਤਾਮੀਰ ਹੁੰਦੀ ।
ਮੇਰੀ ਲੱਕੜ ਦੇ ਸੋਫ਼ੇ ਜਦ ਸਜਣ ਘਰ ਵਿਚ, ਓਦੋਂ ਘਰ ਦੀ ਬਦਲ ਤਸਵੀਰ ਹੁੰਦੀ ।
ਚੁਪ ਜਿਹੇ ਸਭ ਸੁਣ ਲਿਆ ਪੱਤਿਆਂ ਨੇ, ਉਹ ਵੀ ਆ ਗਏ ਮੁੱਛਾਂ ਨੂੰ ਤਾਅ ਦਿੰਦੇ ।
ਕਹਿੰਦੇ ਸਾਡਾ ਮੁਕਾਬਲਾ ਕਿੰਨ੍ਹੇ ਕਰਨੈ, ਅਸੀਂ ਧਰਤੀ ਨੂੰ ਸਵਰਗ ਬਣਾ ਦਿੰਦੇ ।
ਅੱਖਾਂ ਸਾਡੀ ਹਰਿਆਲੀ ਤੋਂ ਲੈਣ ਜੋਤੀ, ਆਕਸੀਜ਼ਨ ਦੀ ਭਰੀ ਹਵਾ ਦਿੰਦੇ ।
ਅਸੀਂ ਪੱਤੇ ਦੁਅਈਆਂ ਦੇ ਵਿਚ ਪੈ ਕੇ, ਮੁੜਕੇ ਮੁਰਦਿਆਂ ਵਿਚ ਜਾਨਾਂ ਪਾ ਦਿੰਦੇ ।
ਸਭਨੂੰ ਸੁਨਣ ਪਿੱਛੋ ਆਖਿਰ ਜੜ੍ਹ ਬੋਲੀ, ਕਾਹਨੂੰ ਬੰਨੀ ਤਾਰੀਫ਼ਾਂ ਦੇ ਪੁਲ ਜਾਂਦੇ ।
ਫੁੱਲ, ਫ਼ਲ, ਪੱਤੇ ਜਾਂਦੇ ਝੜ ਸਾਰੇ, ਝੱਖੜ ਜਦੋਂ ਜ਼ਮਾਨੇ ਦੇ, ਝੁੱਲ ਜਾਂਦੇ ।
ਕਰਦੇ ਮਾਣ ਜੋ ਆਪਣੇ ਗੁਣਾਂ ਉੱਤੇ, ਆਖ਼ਿਰ ਇਕ ਦਿਨ ਮਿੱਟੀ ’ਚ ਰੁਲ ਜਾਂਦੇ ।
ਜੁੜੇ ਰਹਿੰਦੇ ਨੇ ਜੜ੍ਹ ਦੇ ਨਾਲ ਜਿਹੜੇ, ਉਹ ਸਭ ਤੋਂ ਵੱਧ ਪੁਆ ਕੇ ਮੁੱਲ ਜਾਂਦੇ ।
ਇਹ ਕਿਰਦਾਰ ਹੁੰਦੈ ਹੋਛੇ ਬੰਦਿਆਂ ਦਾ, ਐਂਵੇਂ ਨਿੱਕੀ ਜਹੀ ਗੱਲ ਤੇ ਫੁੱਲ ਜਾਂਦੇ ।
‘ਨੂਰ’ ਜਗ ਤੇ ਜਿਉਂਦੇ ਨਹੀਂ ਰਹਿ ਸਕਦੇ, ਜਿਹੜੇ ਆਪਣੇ ਮੂਲ ਨੂੰ ਭੁੱਲ ਜਾਦੇ।
-ਕਰਮਜੀਤ ਸਿੰਘ ‘ਨੂਰ’
Leave a Reply