Gagandeep Singh । ਗਗਨਦੀਪ ਸਿੰਘ |
ਲਓ ਜੀ
ਅਸੀਂ ਹਾਜਰ ਹਾਂ
ਤੁਹਾਡੇ ਮੁਜਰਿਮ, ਤੁਹਾਡੇ ਗੁਨਾਹਗਾਰ
ਸਾਥੋਂ ਹੀ ਕਤਲ ਹੋਈਆਂ ਨੇ ਉਹ ਆਸਾਂ,
ਜੋ ਗ਼ੁਲਾਮ ਭਾਰਤ ਦੇ ਆਜ਼ਾਦ ਯੋਧਿਆਂ ਦੇ
ਮਨਾਂ ਵਿੱਚ ਪੁੰਗਰੀਆਂ ਸਨ,
ਅਸੀ ਹੀ ਗਲਾ ਘੋਟਿਆ ਏ ਉਨ੍ਹਾਂ ਇੱਛਾਵਾਂ ਦਾ
ਜਿਨ੍ਹਾਂ ਦੀਆਂ ਮਚਦੀਆਂ ਲਾਟਾਂ ’ਤੇ
ਭਾਰਤ ਮਾਤਾ ਦੇ ਸਪੂਤਾਂ ਨੂੰ
ਬਰਤਾਨਵੀ ਸਰਕਾਰ ਨੇ ਬਲੀ ਚਾੜ੍ਹ ਦਿੱਤਾ ਸੀ,
ਅਸੀਂ ਹੀ ਘਾਣ ਕੀਤਾ ਏ ਉਨ੍ਹਾਂ ਨਾਅਰਿਆਂ ਦਾ,
ਜੋ ਸਾਡੇ ਦਿਲਾਂ ਵਿੱਚੋ ਤਾਂ ਬੜੇ ਜੋਸ਼ ਨਾਲ ਨਿਕਲਦੇ ਨੇ,
ਪਰ ਜ਼ੁਬਾਨ ’ਤੇ ਪਹੁੰਚਣ ਤੋਂ ਪਹਿਲਾਂ
ਸਾਡੇ ਮਰ ਚੁੱਕੇ ਜ਼ਮੀਰ ਦੀ ਕਬਰ ਵਿੱਚ ਦਫ਼ਨ ਹੋ ਜਾਂਦੇ ਨੇ,
ਤੁਸੀਂ ਸਾਡੇ ’ਤੇ ਮੁਕੱਦਮੇ ਨਾ ਚਲਾਓ,
ਸਾਨੂੰ ਰਹਿਮ ਦੀ ਨਿਗ੍ਹਾ ਨਾਲ ਨਾ ਵੇਖੋ,
ਸਾਨੂੰ ਜੇਲ੍ਹਾਂ ਵਿੱਚ ਵਿਹਲਿਆਂ ਬਿਠਾ ਕੇ ਨਾ ਖਵਾਓ,
ਸਾਨੂੰ ਤਾਂ ਚਾਹੀਦੀ ਏ ‘ਸਿੱਧ ਪੱਧਰੀ’ ਆਜ਼ਾਦੀ,
ਜੋ ਅੰਬਰਾਂ ਦੀ ਹਿੱਕ ਚੀਰ ਕੇ
ਸੂਰਜ ਦੀਆਂ ਕਿਰਨਾਂ ਵਾਂਗ
ਸਾਡੇ ਜਿਸਮਾਨੀ ਦੁਆਰ ਤੋਂ ਹੁੰਦੀ ਹੋਈ
ਸਾਡੀਆਂ ਰੂਹਾਂ ਤੱਕ ਪਹੁੰਚ ਜਾਵੇ
ਹੁਣ ਅਸੀ ਅੰਬਰਾਂ ’ਤੇ ਨਹੀ ਉੱਡਣਾ,
ਸਾਨੂੰ ਤਾਂ ਅਜ਼ਾਦ ਧਰਤੀ ਦਾ ਉਹ ਟੁਕੜਾ ਚਾਹੀਦਾ ਏ
ਜਿਸ ’ਤੇ ਬੀਜਿਆ ਹਰ ਬੀਜ
ਫੁੱਲ ਬਣਨ ਤੱਕ ਦਾ ਸਫਰ
ਸਿਰਫ ਮਹਿਕਾਂ ਵੰਡਣ ਲਈ ਕਰੇ
ਧਰਮ ਜਾਂ ਜ਼ਾਤ ਦਾ ਰੁਤਬਾ ਪੁੱਛਣ ਲਈ ਨਹੀ,
ਜਿੱਥੇ ਪਸੀਨਾ ਸੁੱਕਣ ਤੋਂ ਪਹਿਲਾਂ ਇਸ ਦਾ ਹੱਕ ਅਦਾ ਹੋ ਜਾਵੇ,
ਤੇ ਗਰੀਬ ਅੱਖ ਦਾ ਉਨੀਂਦੀ ਰਾਤ ਦਾ ਸੁਪਨਾ
‘ਮੋਤੀਆ ਬਿੰਦ’ ਵਿੱਚ ਤਬਦੀਲ ਹੋਣ ਤੋਂ ਪਹਿਲਾਂ
ਹਕੀਕਤ ਬਣ ਜਾਵੇ,
ਤੇ ਜੇ ਕਿਧਰੇ ਇਹ ਅਜ਼ਾਦੀ ਸਾਡੇ ਨਸੀਬਾਂ ਵਿੱਚ ਨਹੀਂ
ਤਾਂ ਸਾਨੂੰ ਸ਼ਹੀਦ ਹੋਣ ਦਾ ਰੁਤਬਾ ਦਿਓ
ਫਿਰ ਅਸੀਂ ਭਲਾ ਜਿਸਮਾਂ ਦੀ ਕੈਦ ਵੀ ਕਿਉਂ ਕੱਟੀਏ?
-ਗਗਨਦੀਪ ਸਿੰਘ, ਬਸੀ ਪਠਾਣਾਂ, ਜ਼ਿਲਾ ਫਤਹਿਗੜ੍ਹ ਸਾਹਿਬ
Leave a Reply