ਮੇਰੇ ਵਿਚਾਰਾਂ ਨੂੰ ਫੜਨ ਦੀ ਕੋਸ਼ਿਸ਼ ਨਾ ਕਰਿਓ,
ਹੈ ਕੋਸ਼ਿਸ਼ ਕਰਨੀ ਤਾਂ ਵਿਚਾਰਾਂ ਤੇ ਚੱਲਣ ਦੀ ਕਰਿਓ।
ਅੱਜ ਕਲਮ ਨਾਲ ਹੀ
ਕਾਗਜ਼ ਦੀ ਹਿੱਕ ਤੇ ਉਲੀਕ ਰਿਹਾਂ ਇਤਿਹਾਸ,
ਗੱਲ ਬਣੀ ਤਾਂ ਠੀਕ
ਨਹੀਂ…………………
ਉਗਾਉਣੀਆਂ ਮੈਨੂੰ ਅਜੇ ਵੀ ਆਉਂਦੀਆਂ ਨੇ,
ਧਰਤੀ ਚੋਂ ਦਮੂੰਕਾਂ
ਮੈਂ ਜੀਣਾ ਨਹੀਂ ਚਾਹੁੰਦਾ ਪਾਲਤੂ ਕੁੱਤੇ ਦੀ ਤਰ੍ਹਾਂ,
ਗਲ ਪਟਾ ਪਵਾ ਕੇ ਪੂਛ ਹਿਲਾਉਂਦਾ-ਹਿਲਾਉਂਦਾ।
ਮੈਂ ਤਾਂ ਜੀਵਾਂਗਾ
ਖੁੱਲੇ ਸ਼ੇਰ ਵਾਂਗ
ਨਿਡਰ ਹੋ ਕੇ
‘ਤੇ ਮਰਾਂਗਾ ਅਜਿਹੀ ਸੁਨਹਿਰੀ ਮੌਤ
ਕਿ ਯੁੱਗੜਿਆਂ ਤੱਕ ਮੇਰੀ ਜਿੰਦਗੀ ਦੇ ਫਲਸਫੇ ਪੜੇ ਜਾਣਗੇ।
ਅੱਜ ਤਾਂ ਇਹ ਚੁਟਕਲਾ ਹੈ ਤੁਹਾਡੇ ਹੱਸਣ ਲਈ,
ਪਰ ਜਦੋਂ ਕੱਲ੍ਹ ਆਵੇਗੀ ਤਾਂ ਰੋਣੋ ਵੀ ਮੁਨਕਰ ਹੋਵੋਂਗੇ।
ਜੇ ਚਾਹੁੰਦੇ ਹੋ ਇਕ ਮਹਾਨ ਜਿੰਦਗੀ ਜੀਣਾ,
ਗੁਲਾਮੀ ਦੇ ਜੂਲ਼ੇ ਨੂੰ ਲਾਹੁਣਾ,
ਬੱਚਿਆਂ ਲਈ ਉੱਜਲਾ ਭਵਿੱਖ,
ਢਿੱਡ ਦੀਆਂ ਸੁੱਕ ਚੁੱਕੀਆਂ ਆਂਦਰਾਂ ਲਈ,
ਗਿੱਲੀ ਰੋਟੀ,
ਸਿਰ ਤੇ ਬੱਠਲ ਚੁੱਕਦਿਆਂ,
ਕੜ-ਕੜ ਕਰਦੀਆਂ ਹੱਡੀਆਂ ਨੂੰ ਸੁਰ ‘ਚ ਪਿਰੌਣਾ,
ਸੁੱਖ ਦੇ ਵਿਯੋਗ ‘ਚ ਨਿਕਲੇ ਹੰਝੂਆਂ ਨਾਲ,
ਖੇਤਾਂ ਨੂੰ ਸਿੰਜਣਾ,
ਤਾਂ ਕਰਨੇ ਪੈਣਗੇ ਉੱਚੇ ਕੰਮ
ਸਿਰ ਉੱਚਾ,
ਬਾਂਹ ਉੱਚੀ,
ਆਵਾਜ ਉੱਚੀ,
ਸੋਚ ਉੱਚੀ,
ਤੇ ਹੋਣਾ ਪਵੇਗਾ ਇਕ ਝੰਡੇ ਥੱਲੇ ਇਕੱਠਾ,
ਇਕ ਝੰਡੇ ਥੱਲੇ
-ਬਿੰਨੀ ਬਰਨਾਲਵੀ
Leave a Reply