ਵੀਰ ਮੇਰਿਓ
ਨਾ ਆਮ ਹੈ ਨਾ ਖ਼ਾਸ ਹੈ ਜੁਗਨੀ ਅੱਜ-ਕੱਲ੍ਹ
ਬਹੁਤ ਉਦਾਸ ਹੈ ਜੁਗਨੀ ਅੱਜ-ਕੱਲ੍ਹ
ਕੋਈ ਸਾਰ ਨਈਂ ਲੈਂਦਾ ਜੁਗਨੀ ਦੀ ਹੁਣ
ਦਿਨ-ਖੜ੍ਹੇ ਹੀ ਬੂਹੇ ਢੋਅ ਲੈਂਦੀ ਏ
ਘਰ ਵੱਢ-ਵੱਢ ਖਾਣ ਆਉਂਦੈ ਜੁਗਨੀ ਨੂੰ
ਹਾਲੋਂ ਬੇਹਾਲ ਹੋਈ ਜਾ ਰਹੀ ਏ ਜੁਗਨੀ
ਤਾਲੋਂ ਬੇਤਾਲ ਹੋਈ ਜਾ ਰਹੀ ਏ ਜੁਗਨੀ
ਕੰਧ ਦੀ ਕੀਲੀ ’ਤੇ ਟੰਗੇ ਅਲਗੋਜ਼ੇ
ਜੁਗਨੀ ਨੂੰ ਬਹੁਤ ਯਾਦ ਕਰਦੇ ਨੇ
ਉਹਦੇ ਨਾਲ ਬਿਤਾਏ ਸੰਦਲੀ ਦਿਨ ਯਾਦ ਕਰਕੇ
ਸਰਦ ਹਉਕੇ ਭਰਦੇ ਨੇ
ਮਦਰੱਸੇ ਜਾ ਕੇ ਵੀ ਕੀ ਕਰਨੈ ਹੁਣ
ਸੋਚਦੀ ਹੈ ਜੁਗਨੀ
ਨਾ ਮਾਸਟਰਾਂ ਕੋਲ ਸਿੱਖਿਆ ਰਹੀ
ਨਾ ਮੁੰਡਿਆਂ ਕੋਲ ਕਿਤਾਬਾਂ
ਕਦੇ ਕਦੇ ਸੋਚਦੀ ਹੈ ਜੁਗਨੀ
ਦੋ ਮਹੀਨੇ ਪਾਕਿਸਤਾਨ ਹੀ ਲਾ ਆਵਾਂ
ਸਜਦਾ ਕਰ ਆਵਾਂ ਆਲਮ ਲੁਹਾਰ ਦੀ ਕਬਰ ਨੂੰ
ਪਰ ਹੌਸਲਾ ਨਹੀਂ ਫੜਦੀ
ਨਾ ਪਾਸਪੋਰਟ, ਨਾ ਵੀਜ਼ਾ
ਮਤੇ ਸਰਹੱਦ ’ਤੇ ਹੀ ਮੁਕਾਬਲੇ ’ਚ ਮਾਰੀ ਜਾਵਾਂ…
ਵੀਰ ਮੇਰਿਓ
ਜੁਗਨੀ ਹੁਣ ਨਾ ਕਲਕੱਤੇ ਜਾਂਦੀ ਹੈ ਨਾ ਬੰਬਈ
ਉਹ ਤਾਂ ਦਿੱਲੀ ਜਾਣ ਤੋਂ ਵੀ
ਕੰਨੀ ਕਤਰਾਉਂਦੀ ਹੈ
ਕੱਲੀ-ਕੱਤਰੀ ਨੂੰ ਪਤਾ ਨਈਂ
ਕਿੱਥੇ ਕਦੋਂ ਘੇਰ ਲੈਣ ਗੁੰਡੇ
ਜਮਾਲੋ ਨੂੰ ਬਹੁਤ ਓਦਰ ਗਈ ਹੈ ਜੁਗਨੀ
ਚਿੱਠੀਆਂ ’ਚ ਕਹਿੰਦੀ ਹੈ-
ਭੈਣੇ ਵਲੈਤ ’ਚ ਹੀ ਵੱਸ ਜਾ
ਵਾਪਸ ਨਾ ਆਈਂ ਪੰਜਾਬ
ਐਥੇ ਹੀ ਕਿਸੇ ਹੋਟਲ ’ਚ ਭਾਂਡੇ ਮਾਂਜ ਲਈਂ
ਜਾਂ ਬੇਕਰੀ ’ਤੇ ਆਟਾ ਗੁੰਨ੍ਹ ਲਈਂ
ਵਾਪਸ ਨਾ ਆਈਂ ਪੰਜਾਬ
ਭੈਣੇ, ਪੰਜਾਬ ਹੁਣ ਪਹਿਲਾਂ ਵਾਲਾ ਨਹੀਂ ਰਿਹਾ
ਦਿਨੋ-ਦਿਨ ਹੋਰ ਵਿਗੜ ਰਿਹੈ ਪੰਜਾਬ
ਇਹਦੇ ਵਿਗਾੜ ਲਈ ਭੈਣੇ, ਬਹੁਤ ਨੇ ਜ਼ਿੰਮੇਵਾਰ
ਲੱਚਰ ਕਲਾਕਾਰ
ਭ੍ਰਿਸ਼ਟ ਪੱਤਰਕਾਰ
ਚਾਲੂ ਫ਼ਿਲਮਕਾਰ
ਗੱਲਾਂ ਦੀ ਜੁਗਾਲੀ ਕਰਦੇ ਬੁੱਧੀਜੀਵੀ
ਮਾਨਸਿਕ ਬੀਮਾਰ ਅਫ਼ਸਰਸ਼ਾਹੀ
ਪੱਥਰ ਦਿਲ ਸਰਕਾਰ
ਕੀ ਕੀ ਦੱਸਾਂ ਭੈਣੇ, ਕੌਣ ਕੌਣ ਨੇ ਜ਼ਿੰਮੇਵਾਰ
ਮੰਜੇ ਉੱਤੇ ਸੌਂਦੀ ਹੈ ਤਾਂ
ਡਰੇ ਹੋਏ ਬਾਲ ਵਾਂਗ ਅੱਭੜਵਾਹੇ ਉੱਠਦੀ ਹੈ
ਜੁਗਨੀ ਨੂੰ ਖ਼ਦਸ਼ਾ ਹੈ ਕਿ ਉਸਦੀ
ਹੁਣ ਕਦੇ ਨਹੀਂ ਚੜ੍ਹਨੀ
ਟੁੱਟੀ ਹੋਈ ਪੱਸਲੀ
ਉਹ ਨੱਚ ਨਹੀਂ ਸਕਦੀ
ਉਹ ਟੱਪ ਨਹੀਂ ਸਕਦੀ
ਤੇ ਲੁਕ-ਛਿਪ ਕੇ ਦਿਨ-ਕਟੀਆਂ ਕਰਦੀ ਹੈ ਜੁਗਨੀ
ਵੀਰ ਮੇਰਿਓ…।
-ਸ਼ਮਸ਼ੇਰ ਸਿੰਘ ਸੰਧੂ
(ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ)
Leave a Reply