ਕਵਿਤਾ । ਗਿੱਲੀ ਮਿੱਟੀ । ਰਵਿੰਦਰ ਭੱਠਲ |
ਲੋਕਾਂ ਦਾ ਕਾਹਦਾ ਭਰੋਸਾ
ਉਹ ਤਾਂ ਜਿੱਧਰ ਚਾਹੋ
ਜਿਵੇਂ ਚਾਹੋ
ਜਦੋਂ ਚਾਹੋ
ਉਵੇਂ ਢਲ ਜਾਂਦੇ ਹਨ
ਲੋਕ ਤਾਂ
ਗਿੱਲੀ ਮਿੱਟੀ ਹੁੰਦੇ ਹਨ
ਬਸ ਤੁਹਾਡੇ ਹੱਥਾਂ ‘ਚ
ਜੁਗਤ ਹੋਵੇ,ਕਲਾ ਹੋਵੇ
ਬੋਲਾਂ ‘ਚ ਜਾਦੂ ਹੋਵੇ
ਛਲ ਫਰੇਬ ਜਿਹਾ
ਫਿਰ ਗਿੱਲੀ ਮਿੱਟੀ
ਜਿਵੇਂ ਚਾਹੋ
ਉਵੇਂ ਆਕਾਰ ਧਾਰ ਲੈਂਦੀ ਹੈ।
ਜੇਕਰ ਸੁੱਕਣ ‘ਤੇ ਆਵੇ
ਥੋੜ੍ਹਾ ਜਿਹਾ
ਪਾਣੀ ਦਾ ਤਰੌਂਕਾ ਦਿਓ
ਉਹ ਢਲ ਜਾਏਗੀ
ਨਰਮ ਪੈ ਜਾਏਗੀ
ਤੁਹਾਡਾ ਮਨ ਚਾਹਿਆ
ਰੂਪ ਧਾਰ ਲਵੇਗੀ
ਲੋਕਾਂ ਦਾ ਕੀ ਹੈ
ਉਹ ਤਾਂ ਗਿੱਲੀ ਮਿੱਟੀ ਹਨ
ਹੱਥ ਦੇ ਸਹਾਰੇ
ਤੇ ਅੱਖ ਦੇ ਇਸ਼ਾਰੇ ਨਾਲ ਹੀ
ਬਦਲ ਜਾਂਦੇ ਹਨ
ਲੋਕ ਤਾਂ ਗਿੱਲੀ ਮਿੱਟੀ ਹਨ।
-ਰਵਿੰਦਰ ਭੱਠਲ, ਲੁਧਿਆਣਾ
Leave a Reply