ਦਸਤਾਰ |
ਪਿਤਾ ਨੇ ਇੱਕੋ ਬਚਨ ਮੰਗਿਆ —
‘ ਸਿਰ ਸਦਾ ਦਸਤਾਰ ਰੱਖੀਂ ‘
ਮੈਂ ਦਸਤਾਰ ਬੰਨ੍ਹ ਕੇ
ਗਲੀ ਕੂਚੇ ਪਿੰਡ ਸ਼ਹਿਰ
ਦੇਸ ਬਦੇਸ ਘੁੰਮਦਾ ਹਾਂ
ਦਸਤਾਰ ਦੇ ਨਾਲ ਨਾਲ ਚਲਦੇ ਹਨ
ਪਿਤਾ ਅਤੇ ਪੁਰਖੇ
ਸੈਂਕੜੇ ਸਾਲਾਂ ਦੀ ਰਵਾਇਤ
ਹਜ਼ਾਰਾਂ ਲੱਖਾਂ ਦਾ ਮਾਣ
ਤੇ ਉਹ ਸੰਘਰਸ਼
ਜੋ ਲੋਕਾਂ ਦਸਤਾਰ ਲਈ ਕੀਤਾ
ਦਸਤਾਰ ਵੇਖ ਕੇ
ਨਸਲੀ ਮੁੰਡਾ ਧਰਤੀ ‘ਤੇ ਥੁੱਕਦਾ ਹੈ
‘ ਓਏ ਬਿਨ ਲਾਦਨ !’
ਮੇਰੇ ਨਾਲ ਕੰਮ ਕਰਦਾ ਗੋਰਾ ਸਾਥੀ
ਮਾਫ਼ੀ ਮੰਗ ਕੇ ਡਰਦਿਆਂ ਡਰਦਿਆਂ ਪੁੱਛਦਾ ਹੈ
ਦਸਤਾਰ ਦੇ ਰੰਗ ਦਾ ਕੀ ਮਤਲਬ ਹੈ ?
ਦਸਤਾਰ ਬੰਨ੍ਹ ਕੇ ਮੈਂ ਝਿਜਕਦਾ ਹਾਂ
ਮੰਦਾ ਬੋਲਣ ਤੋਂ ਕਾਨੂੰਨ ਤੋੜਨ ਤੋਂ
ਡਰਦਾ ਹਾਂ
ਮੇਰੇ ਹੱਥੋਂ ਮੈਲ਼ੀ ਹੋਈ ਦਸਤਾਰ
ਸਭਨਾਂ ਸਿਰੀਂ ਬੰਨ੍ਹੀ ਜਾਵੇਗੀ
ਓਪਰੇ ਸ਼ਹਿਰ ਕੋਈ ਸੱਤ ਪਰਾਇਆ
ਦਸਤਾਰ ਵੇਖ ਕੇ ਮੈਨੂੰ ਜੱਫੀ ਪਾ ਲੈਂਦਾ ਹੈ
ਕੁਝ ਹੋਰਨਾਂ ਲਈ ਓਪਰਾ ਹੋ ਜਾਂਦਾ ਹਾਂ
ਕਿਸੇ ਧਰਮ ਅਸਥਾਨ ਦਾ ਦਰ ਖੁੱਲ੍ਹ ਜਾਂਦਾ ਹੈ
ਕਿਸੇ ਕੰਮ ਕਾਰ ਦਾ ਬੂਹਾ ਬੰਦ ਹੋ ਜਾਂਦਾ ਹੈ
ਇਹ ਦਸਤਾਰ
ਕਿਸੇ ਥਾਉਂ ਕਿਸੇ ਸਮੇਂ
ਰੱਖਿਆ ਦਾ ਹਥਿਆਰ ਹੈ
ਕਿਸੇ ਥਾਉਂ ਕਿਸੇ ਸਮੇਂ
ਮਾਰੇ ਜਾਣ ਦਾ ਇਸ਼ਤਿਹਾਰ ਹੈ
ਦਸਤਾਰ ਖ਼ਾਤਰ ਲੜਣ ਵਾਲਾ
ਇਸ ਹੱਕ ਲਈ ਲੜਦਾ ਹੈ–
‘ ਉਹ ਜਿਵੇਂ ਚਾਹੇ ਜੀਅ ਸਕੇ ‘
ਪਰ ਪੁੱਤਰ ਨੂੰ ਕੋਸਦਾ ਹੈ
ਉਹ ਦਸਤਾਰ ਕਿਉਂ ਨਹੀਂ ਬੰਨ੍ਹਦਾ ?
ਚਰਚ ਵਿੱਚ ਜਾਣ ਵੇਲੇ
ਮੈਂ ਦਸਤਾਰ ਨਹੀਂ ਲਾਹੁੰਦਾ
ਆਖਦਾ ਹਾਂ —
ਤੁਹਾਡੇ ਅਸਥਾਨ ਦਾ ਆਦਰ
ਆਪਣੀ ਰਹੁ ਰੀਤ ਨਾਲ ਕਰਾਂਗਾ
ਗੁਰਦਵਾਰੇ ਆਉਂਦੇ ਗੋਰੇ ਨੂੰ
ਸਿਰ ਢੱਕਣ ਲਈ ਮਜਬੂਰ ਕਰਦਾ ਹਾਂ
ਭੁੱਲ ਜਾਂਦਾ ਹਾਂ– ਉਸਦੀ ਰਹੁ ਰੀਤ
ਸਿਰ ਨੰਗਾ ਕਰਕੇ ਆਦਰ ਦੇਣ ਦੀ ਹੈ
ਭੁੱਲ ਜਾਂਦੀ ਹੈ ਉਹ ਕੀਮਤ
ਜਿਸਦਾ ਚਿੰਨ੍ਹ ਇਹ ਦਸਤਾਰ ਹੈ
ਮੈਂ ਸਿਰਫ਼ ਚਿੰਨ੍ਹ ਯਾਦ ਰਖਦਾ ਹਾਂ
ਦਸਤਾਰ ਵੇਖ ਕੇ ਨੰਨ੍ਹਾ ਬੱਚਾ ਪੁੱਛਦਾ ਹੈ
ਤੂੰ ਅਲਾਦੀਨ ਵਾਲਾ ਜਿੰਨ ਹੈਂ ?
ਸ਼ਿਕਾਗੋ ਦੇ ਅਜਾਇਬ ਘਰ ਵਿੱਚ
ਕੋਈ ਬੱਚਾ ਪੁੱਛਦਾ ਹੈ
ਤੇਰੇ ਸਿਰ ਵਿੱਚ ਕੰਪਿਊਟਰ ਲੱਗਾ ਹੋਇਆ ਹੈ ?
ਇੱਕ ਹੋਰ ਕਹਿੰਦਾ ਹੈ
ਹਰ ਵੇਲੇ ਕੱਪੜਾ ਕਿਉਂ ਬੰਨ੍ਹੀ ਰਖਦਾ ਹੈਂ
ਤੇਰੇ ਸਿਰ ਵਿੱਚ ਦਰਦ ਰਹਿੰਦਾ ਹੈ ?
ਸ਼ਾਮੀਂ ਕੰਮ ਤੋਂ ਪਰਤ ਕੇ
ਮੈਂ ਥੱਕੇ ਟੁੱਟੇ ਸਿਰ ਤੋਂ
ਦਸਤਾਰ ਦਾ ਬੋਝ
ਲਾਹੁੰਦਾ ਹਾਂ
ਪਿਤਾ ਸਿਰ ਤੋਂ ਦਸਤਾਰ ਦੀ
ਇੱਕ ਇੱਕ ਤਹਿ ਲਾਹੁੰਦੇ ਹਨ
ਮੱਥੇ ਨਾਲ ਛੁਹਾਉਂਦੇ ਹਨ
ਫਿਰ ਸੁਖਾਸਨ ਕਰਦੇ ਹਨ
ਹਰ ਸਵੇਰ ਦਸਤਾਰ
ਇਉਂ ਸਜਾਉਂਦੇ ਹਨ
ਜਿਵੇਂ ਇਹ
ਉਨ੍ਹਾਂ ਦਾ ਸੀਸ ਹੋਵੇ
-ਸੁਖਪਾਲ
Leave a Reply