ਪਿੰਡ ਖੇੜੀ ਨੌਧ ਸਿੰਘ ਜਿਲਾ ਫਤਿਹਗੜ੍ਹ ਸਾਹਿਬ ਦਾ ਗੁਲਸ਼ਨ ਕੁਮਾਰ, ਨਵਾਂ ਸਮਰੱਥ ਕਹਾਣੀਕਾਰ ਹੈ। ਅੱਜ ਕੱਲ੍ਹ ਉਹ ਦਿੱਲੀ ਵਿਚ ਟੀ.ਵੀ. ਲਈ ਕਥਾਕਾਰੀ ਕਰਨੀ ਸਿੱਖ ਰਿਹਾ ਹੈ। ਬੰਦੇ ਦੀ ਮਾਨਸਿਕਤਾ ਅਤੇ ਸਮਾਜਕ ਮਸਲਿਆਂ ਨੂੰ ਡੂੰਘਾਈ ਨਾਲ ਦੇਖਣ ਦੀ ਨੀਝ ਉਸ ਕੋਲ ਹੈ। ਕਥਾਕਾਰੀ ਵੱਲ ਉਸ ਨੇ ਹਾਲੇ ਆਪਣੀ ਪਹਿਲੀ ਪੁਲਾਂਘ ਹੀ ਪੁੱਟੀ ਹੈ, ਪਰ ਇਹ ਪਹਿਲੀ ਨਿੱਕੀ ਅਤੇ ਤਿੱਖੀ ਕਹਾਣੀ ਉਸ ਦੀ ਸੱਮਰਥਾ ਦੀ ਆਪ ਗਵਾਹ ਹੈ। ਲਫ਼ਜ਼ਾਂ ਦਾ ਪੁਲ ਗੁਲਸ਼ਨ ਦੀ ਕਥਾਕਾਰੀ ਨੂੰ ਖੁਸ਼ਆਮਦੀਦ ਕਹਿੰਦਾ ਹੋਇਆ, ਉਸ ਦੀ ਪਹਿਲੀ ਰਚਨਾ ਨੂੰ ਪਾਠਕਾਂ ਦੇ ਰੂ-ਬ-ਰੂ ਕਰਨ ਦੀ ਖੁਸ਼ੀ ਲੈ ਰਿਹਾ ਹੈ। -ਸੰਪਾਦਕ
ਲਿਖਣ ਵਾਲੇ ਮੇਜ਼ ਦੇ ਮੂਹਰੇ ਬੈਠਾ ਕਾਮਰੇਡ ਫੂੰਮਣ ਸਿੰਘ ਸਵੇਰੇ ਹੋਣ ਵਾਲੀ ਤਰਕਸ਼ੀਲ ਸਭਾ ਦੀ ਮੀਟਿੰਗ ਦੀ ਤਿਆਰੀ ਕਰ ਰਿਹਾ ਸੀ। ਟੂਣੇ ਟੋਟਕਿਆਂ ਬਾਰੇ ਭਾਸ਼ਣ ਲਿਖਦਿਆਂ ‘ਟੂਣਾ’ ਸ਼ਬਦ ਤੇ ਆ ਕੇ ਉਸਦਾ ਹੱਥ ਅਚਾਨਕ ਰੁਕ ਗਿਆ। ਇਕ ਵਾਰ ਤਾਂ ਉਸ ਨੂੰ ਆਪਣਾ ਸਾਹ ਵੀ ਰੁਕਦਾ ਮਹਿਸੂਸ ਹੋਇਆ। ਵਿਆਹ ਦੇ ਬਾਰਾਂ ਸਾਲ ਬਾਅਦ ਵੀ ਘਰ ਬੱਚਾ ਨਾ ਹੋਣ ਕਰ ਕੇ ਬੀਤੀ ਰਾਤ ਘਰਵਾਲੀ ਦੇ ਜੋਰ ਪਾਉਣ ਤੇ ਪਿੰਡ ਦੇ ਚੁਰਸਤੇ ‘ਚ ਆਪਣੇ ਹੱਥੀਂ ਬਾਲ ਕੇ ਰੱਖੇ ਟੂਣੇ ਵਾਲੇ ਦੀਵੇ ਦੀ ਲਾਟ ਉਹਦੀਆਂ ਅੱਖਾਂ ਅਗੇ ਘੁੰਮਣ ਲਗੀ। ਉਹਨੇ ਕੋਲ ਪਈ ਦੇਸੀ ਦੀ ਬੋਤਲ ਵਿੱਚੋਂ ਦੋ-ਤਿੰਨ ਮੋਟੇ-ਮੋਟੇ ਹਾੜੇ ਖਿੱਚੇ। ਭਾਸ਼ਣ ਵਾਲੇ ਕਾਗਜ਼ ਨੂੰ ਇਕ ਵਾਰ ਕੌੜਾ ਜਿਹਾ ਘੂਰਿਆ ਤੇ ਪਾੜ ਕੇ ਰੱਦੀ ਵਾਲੀ ਟੋਕਰੀ ਵਿੱਚ ਸੁੱਟਦਿਆਂ ਘਰਵਾਲੀ ਨੂੰ ਰੋਟੀ ਲੈ ਆਉਣ ਲਈ ਵਾਜ ਮਾਰ ਦਿੱਤੀ।
-ਗੁਲਸ਼ਨ ਕੁਮਾਰ, ਨਵੀਂ ਦਿੱਲੀ
Leave a Reply