Jasvinder Singh Rupal ਜਸਵਿੰਦਰ ਸਿੰਘ ਰੁਪਾਲ |
ਖਿਜਾਂ ਦੀ ਰੁੱਤ ‘ਚ ਮੈਂ ਵੇਖਾਂ, ਸਦਾ ਗੁਲਜ਼ਾਰ ਦੇ ਸੁਪਨੇ।
ਬੜੇ ਮਿੱਠੇ, ਬੜੇ ਪਿਆਰੇ, ਨਵੇਂ ਸੰਸਾਰ ਦੇ ਸੁਪਨੇ।
ਦਿਲਾ ਤੇਰੀ ਉਦਾਸੀ ਦਾ, ਕੋਈ ਹੱਲ ਹੀ ਨਹੀਂ ਦਿਸਦਾ,
ਦੁਬਾਰਾ ਮਿਲ ਨਹੀਂ ਸਕਦੇ, ਗਵਾਚੇ ਪਿਆਰ ਦੇ ਸੁਪਨੇ।
ਕਿਨਾਰਾ ਵੀ ਨਹੀਂ ਦਿਸਦਾ, ਪਿਛਾਂਹ ਵੀ ਮੁੜ ਨਹੀਂ ਸਕਦਾ,
ਪੁਕਾਰਾਂ ਅੱਧ ਵਿੱਚ ਫਸਿਆ, ਲਵਾਂ ਉਸ ਪਾਰ ਦੇ ਸੁਪਨੇ।
ਮੈਂ ਉਸ ਦੁਨੀਆਂ ਸੁਹਾਣੀ ਤੋਂ, ਕਿਵੇਂ ਮੂੰਹ ਮੋੜ ਲਾਂ ਯਾਰੋ,
ਦਿਖਾ ਮੈਨੂੰ ਰਹੀ ਜਿਹੜੀ, ਮਿਰੇ ਦਿਲਦਾਰ ਦੇ ਸੁਪਨੇ।
ਨਹੀਂ ਫ਼ਰਿਆਦ ਜਿਸ ਦਰਬਾਰ ਵਿੱਚ ਤੇਰੀ ਸੁਣੀ ਜਾਣੀ,
ਤੂੰ ਕਿਉਂ ਦਿਨ ਰਾਤ ਲੈਨੈਂ ਓਸ ਦੇ ਦਰਬਾਰ ਦੇ ਸੁਪਨੇ?
ਤੂੰ ਪੱਥਰ ਦਿਲ ਏਂ ਤੇਰੇ ਦਿਲ ‘ਚ ਭੋਰਾ ਦਰਦ ਨਹੀਂ ਸੱਜਣਾ,
ਤਦੇ ਆਉਂਦੇ ਨਹੀਂ ਤੈਨੂੰ, ਤੇਰੇ ਬੀਮਾਰ ਦੇ ਸੁਪਨੇ।
ਸਮਾਂ ਉਹ ਦੂਰ ਨਹੀਂ ਹਰ ਸਖ਼ਸ਼ ਜਦ ਮਨਸੂਰ ਬਣ ਜਾਣੈ,
‘ਰੁਪਾਲ’ ਆਉਣੇ ਕਿਸੇ ਨੂੰ ਵੀ ਨਹੀਂ ਘਰ-ਬਾਰ ਦੇ ਸੁਪਨੇ।
-ਜਸਵਿੰਦਰ ਸਿੰਘ ਰੁਪਾਲ, ਲੁਧਿਆਣਾ।
Leave a Reply