ਬੜਾ ਦੁਸ਼ਵਾਰ ਹੁੰਦਾ ਹੈ ਖ਼ੁਦੀ ਤੋਂ ਸੁਰਖ਼ਰੂ ਹੋਣਾ।
ਮੁਕੱਦਰ ਨੇ ਸਫ਼ਰ ਕੈਸਾ ਮੇਰੇ ਮੱਥੇ ‘ਤੇ ਖੁਣਿਆ ਹੈ,
ਤੇਰੇ ‘ਤੇ ਖ਼ਤਮ ਕਰਨਾ ਫੇਰ ਤੈਥੋਂ ਹੀ ਸ਼ੁਰੂ ਹੋਣਾ।
ਨਿਗਲ ਚੱਲਿਆ ਹੈ ਉਸਨੂੰ ਸ਼ਹਿਰ ਦੇ ਬਾਜ਼ਾਰ ਦਾ ਰੌਲ਼ਾ,
ਜਿਦ੍ਹੀ ਖ਼ਾਹਿਸ਼ ਸੀ ਕੋਇਲ ਦੀ ਸੁਰੀਲੀ ਕੂ-ਹਕੂ ਹੋਣਾ।
ਮੈਂ ਚੁਣੀਆਂ ਮਰਮਰੀ ਸੜਕਾਂ ਦੀ ਥਾਂ ਪਥਰੀਲੀਆਂ ਰਾਹਾਂ,
ਸੀ ਨਾਮਨਜ਼ੂਰ ਮੈਨੂੰ ਰਹਿਬਰਾਂ ਦਾ ਪਾਲਤੂ ਹੋਣਾ।
ਇਨ੍ਹਾਂ ਬੇਜਾਨ ਬੁੱਤਾਂ ਨੇ ਹੁੰਗਾਰਾ ਹੀ ਨਹੀਂ ਭਰਿਆ,
ਨਹੀਂ ਤਾਂ ਮੇਰਿਆਂ ਬੋਲਾਂ ਨੇ ਵੀ ਸੀ ਗੁਫ਼ਤਗੂ ਹੋਣਾ।
ਮੈਂ ਅਪਣਾ ‘ਕੁਝ ਵੀ’ ਵੇਚਣ ਤੋਂ ਜਦੋਂ ਇਨਕਾਰ ਕਰ ਦਿੱਤਾ,
ਕਿਹਾ ਮੰਡੀ ਨੇ ਤੇਰੇ ਕੋਲ ‘ਸਭ ਕੁਝ’ ਫ਼ਾਲਤੂ ਹੋਣਾ।
-ਜਗਵਿੰਦਰ ਜੋਧਾ, ਜਲੰਧਰ
Leave a Reply