ਦੋਸਤੋ ਪੰਜਾਬੀ ਸਾਹਿੱਤ, ਕਲਾ ਅਤੇ ਪੱਤਰਕਾਰੀ ਖ਼ਾਸ ਤੇ ਜ਼ਹੀਨ ਸ਼ਖਸੀਅਤਾਂ ਨਾਲ ਨਿਵਾਜੀ ਗਈ ਹੈ, ਜਿਨ੍ਹਾਂ ਨੇ ਪੰਜਾਬੀ ਬੋਲੀ ਅਤੇ ਸਭਿੱਆਚਾਰ ਦੀ ਦੁਨੀਆਂ ਭਰ ਵਿੱਚ ਬੱਲੇ ਬੱਲੇ ਕਰਾਉਣ ਵਿੱਚ ਯੋਗਦਾਨ ਦਿੱਤਾ ਹੈ। ਜਲੰਧਰ ਰਹਿੰਦੇ ਬਖ਼ਸ਼ਿੰਦਰ ਜੀ ਉਨ੍ਹਾਂ ਹੀ ਜ਼ਹੀਨ ਹਸਤੀਆਂ ਵਿੱਚੋਂ ਇੱਕ ਹਨ। ਸਾਢੇ ਤਿੰਨ ਦਹਾਕੇ ਤੋਂ ਜਿਆਦਾ ਪੰਜਾਬੀ ਪੱਤਰਕਾਰੀ, ਟੀਵੀ, ਫਿਲਮ ਅਤੇ ਰੇਡਿਓ ਰਾਹੀਂ ਉਨ੍ਹਾਂ ਆਪਣੀ ਲੇਖਣੀ ਦਾ ਡੰਕਾ ਵਜਾਇਆ ਹੈ। ਪੰਜਾਬੀ ਟ੍ਰਿਬਿਊਨ ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਤਿੰਨ ਬਲੋਗ (ਰੰਗ-ਸੁਰ, ਕਲਮਿਸਤਾਨ ਅਤੇ ਬਖ਼ਸ਼ਿੰਦਰੀਆ) ਰਾਹੀਂ ਪਾਠਕਾਂ ਦੇ ਰੂ-ਬ-ਰੂ ਹੇਣ ਦਾ ਫੈਸਲਾ ਕੀਤਾ ਹੈ। ਇਹ ਬਲੋਗ ਤੁਸੀ ਸਾਡੇ ਪੰਜਾਬੀ ਬਲੋਗ ਸੈਕਸ਼ਨ ਵਿੱਚ ਪੜ੍ਹ ਸਕਦੇ ਹੋ। ਨਾਲ ਹੀ ਉਨ੍ਹਾਂ ਪੰਜਾਬੀ ਮਾਂ-ਬੋਲੀ ਨੂੰ ਤਕਨੀਕ ਦੇ ਹਾਣ ਦਾ ਬਣਾਉਣ ਲਈ ਕੀਤੇ ਜਾ ਰਹੇ ਲਫ਼ਜ਼ਾਂ ਦਾ ਪੁਲ ਦੇ ਕਾਰਜਾਂ ਤੋਂ ਖ਼ੁਸ਼ ਹੋ ਕੇ ਇਸ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ, ਜਿਸਦੇ ਲਈ ਅਸੀ ਉਨ੍ਹਾਂ ਦੇ ਸਦਾ ਰਿਣੀ ਰਹਾਂਗੇ। ਜਲਦ ਹੀ ਸ਼ਖ਼ਸੀਅਤ ਸੈਕਸ਼ਨ ਵਿੱਚ ਪਾਠਕ ਬਖ਼ਸ਼ਿੰਦਰ ਜੀ ਦੇ ਰੂ-ਬ-ਰੂ ਹੋਣਗੇ। ਉਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਬੇਹੱਦ ਖ਼ੂਬਸੂਰਤ ਗ਼ਜ਼ਲ ਨਾਲ ਨਿਵਾਜਿਆ ਹੈ। ਇਸ ਗ਼ਜ਼ਲ ਨੂੰ ਆਪ ਸਭ ਦੇ ਨਜ਼ਰ ਕਰ ਰਹੇ ਹਾਂ ।ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ-
ਗ਼ਜ਼ਲ
ਮੇਰੀ ਤਾਂ ਰੂਹ ਸੀ, ਤੇਰਾ ਬਦਨ ਸੀ ਸ਼ਾਇਦ।
ਦੋਹਾਂ ’ਚੋਂ ਇਕ ਤਾਂ ਪੂਰਾ ਨਗਨ ਸੀ ਸ਼ਾਇਦ।
ਹੁੰਦੀਆਂ ਰਹੀਆਂ ਸਰਗੋਸ਼ੀਆਂ ਰਾਤ ਭਰ,
ਹੋਂਠ ਤੇਰੇ ਸਨ, ਮੇਰਾ ਕੰਨ ਸੀ ਸ਼ਾਇਦ।
ਤੂੰ ਫੈਲ ਕੇ ਕਾਇਨਾਤ ਬਣ ਜਾਂਦੋਂ,
ਮੇਰੀ ਤਾਂ ਏਨੀ ਹੀ ਲਗਨ ਸੀ ਸ਼ਾਇਦ।
ਗੱਲ ਤੋੜਦਾ, ਮਰੋੜਦਾ ਤੇ ਪੇਸ਼ ਕਰ ਦਿੰਦਾ,
ਮੈਨੂੰ ਆਉਂਦਾ ਨਹੀਂ ਇਹ ਫ਼ਨ ਸੀ ਸ਼ਾਇਦ।
ਤੂੰ ਨਾ ਆਇਆ, ਰਿਹਾ ਨਾ ਪਰਤਿਆ,
ਤੇਰਾ ਨਾ ਮਿਲਣਾ ਵੀ ਤਾਂ ਸ਼ਗਨ ਸੀ ਸ਼ਾਇਦ।
ਮਿਲ ਵੀ ਲੈਂਦੇ ਜਗ੍ਹਾ ਹੀ ਸਾਉੜੀ ਸੀ,
ਰਤਾ ਕੁ ਧਰਤੀ, ਰਤਾ ਗਗਨ ਸੀ ਸ਼ਾਇਦ।
ਦਿਲ ਦੇ ਵਿਹੜੇ ਵੀਰਾਨੀਆਂ ਖੇਡਣ,
ਇੱਥੇ ਉੱਤਰੀ ਗ਼ਮਾਂ ਦੀ ਜੰਨ ਸੀ ਸ਼ਾਇਦ।
‘ਬਖ਼ਸ਼’ ਏਨਾ ਕਦੇ ਨਹੀਂ ਰੋਇਆ ਸੀ,
ਟੁੱਟ ਗਿਆ ਸਬਰ ਦਾ ਬੰਨ੍ਹ ਸੀ ਸ਼ਾਇਦ।
-ਬਖ਼ਸ਼ਿੰਦਰ
Leave a Reply