ਫੁੱਲਾਂ ਦੀ ਖੁਸ਼ਬੋਈ ਇਕੋ, ਇਕੋ ਰੰਗ ਬਹਾਰਾਂ ਦਾ… |
ਨਾ ਪੰਛੀ ਸਰਹੱਦਾਂ ਮੰਨਦੇ, ਨਾ ਪੌਣਾਂ ਨੇ ਬਦਲੇ ਰਾਹ ।
ਨਾ ਦਰਿਆ ਦੇ ਪਾਣੀ ਰੁਕਦੇ, ਨਾ ਬੱਦਲਾਂ ਨੇ ਬਦਲੇ ਰਾਹ ।
ਇਕੋ ਰੰਗ ਹੈ ਹਾਸੇ ਦਾ ਤੇ ਇਕੋ ਦਰਦ ਜੁਦਾਈ ਦਾ ।
ਸਭ ਦੇ ਹੰਝੂ ਇਕੋ ਰੰਗ ਦੇ, ਇਕੋ ਰੰਗ ਤਨਹਾਈ ਦਾ ।
ਮਾਂ ਦੀ ਲੋਰੀ ਇਕੋ ਜਿਹੀ, ਨਹੀਉਂ ਵੱਖਰਾ ਬਾਪੂ ਦਾ ਚਾਅ ।
ਨਾ ਦਰਿਆ ਦੇ ਪਾਣੀ ਰੁਕਦੇ, ਨਾ ਬੱਦਲਾਂ ਨੇ ਬਦਲੇ ਰਾਹ ।
ਫੁੱਲਾਂ ਦੀ ਖੁਸ਼ਬੋਈ ਇਕੋ, ਇਕੋ ਰੰਗ ਬਹਾਰਾਂ ਦਾ ।
ਬੋਲੀ ਇੱਕ ਪਰਿੰਦਿਆਂ ਦੀ ਤੇ ਇਕੋ ਗੀਤ ਗੁਟਾਰਾਂ ਦਾ ।
ਦੂਰ ਦੁਰਾਡੋਂ ਕੂੰਜਾਂ ਆਵਣ, ਅੱਜ ਤਕ ਵੀ ਨਾ ਭੁੱਲੀਆਂ ਰਾਹ ।
ਨਾ ਦਰਿਆ ਦੇ ਪਾਣੀ ਰੁਕਦੇ, ਨਾ ਬੱਦਲਾਂ ਨੇ ਬਦਲੇ ਰਾਹ ।
ਇਨਸਾਨਾਂ ਨੇ ਧਰਤੀ ਵੰਡ ਲਈ, ਬਣ ਗਏ ਵੱਖੋ ਵੱਖਰੇ ਦੇਸ਼ ।
ਭਾਂਤ-ਭਾਂਤ ਦੀ ਬੋਲੀ ਹੋ ਗਈ, ਰੰਗ ਬਰੰਗੇ ਹੋ ਗਏ ਵੇਸ ।
ਭਾਵੇ ਰੱਬ ਹੈ ਇਕੋ ਸੱਭ ਦਾ, ਫਿਰ ਵੀ ਵੱਖਰੇ ਵੱਖਰੇ ਰਾਹ ।
ਨਾ ਦਰਿਆ ਦੇ ਪਾਣੀ ਰੁਕਦੇ , ਨਾ ਬੱਦਲਾਂ ਨੇ ਬਦਲੇ ਰਾਹ ।
ਮਿਹਰ ਕਰੀ ਉਹ ਉੱਪਰ ਵਾਲੇ, ਪਿਆਰ ਮੁਹੱਬਤ ਵਧਦੀ ਰਹੇ ।
ਨਫ਼ਰਤ ਵਾਲੀ ਇਹ ਚੰਗਿਆੜੀ, ਅਮਨਾਂ ਹੇਠਾਂ ਦੱਬਦੀ ਰਹੇ ।
ਹਰ ਇਨਸਾਨ ਦੇ ਸੀਨੇ ਅੰਦਰ, ਪਿਆਰ ਸਬਰ ਦਾ ਬੂਟਾ ਲਾ ।
ਨਾ ਦਰਿਆ ਦੇ ਪਾਣੀ ਰੁਕਦੇ, ਨਾ ਬੱਦਲਾਂ ਨੇ ਬਦਲੇ ਰਾਹ ।
ਨਾ ਪੰਛੀ ਸਰਹੱਦਾਂ ਮੰਨਦੇ, ਨਾ ਪੌਣਾਂ ਨੇ ਬਦਲੇ ਰਾਹ ।
ਨਾ ਦਰਿਆ ਦੇ ਪਾਣੀ ਰੁਕਦੇ, ਨਾ ਬੱਦਲਾਂ ਨੇ ਬਦਲੇ ਰਾਹ ।
-ਅਵਤਾਰ ਸਿੰਘ ਸੰਧੂ
Leave a Reply